HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਕੈਨੇਡਾ ਵਿੱਚ ਪਰਵਾਸ ਬਾਰੇ ਇਕ ਸੱਚੀ ਕਹਾਣੀ-ਵੀਜ਼ਾ ਨਾਨੀ ਦਾ


Date: Mar 16, 2014

ਗੁਰਮੀਤ ਪਨਾਗ
ਅੱਜ ਫੇਰ ਸਵੇਰੇ ਇੰਡੀਆ ਤੋਂ ਲਾਭੇ ਦਾ ਫ਼ੋਨ ਆ ਗਿਆ ਕਿ ਨਾਨੀ ਦਾ ਵਿਜ਼ਿਟਰ ਵੀਜ਼ਾ ਨਹੀਂ ਲੱਗਿਆ। ਇਹ ਤੀਜੀ ਵਾਰ ਰੱਦ ਹੋਇਆ ਸੀ। ਨਾਨੀ, ਜਿਸ ਦੀ ਪਰਮਾਨੈਂਟ ਇੰਮੀਗ੍ਰੇਸ਼ਨ ਦੀ ਅਰਜ਼ੀ ਭਰੇ ਮੁੱਦਤਾਂ ਹੋ ਗਈਆਂ ਸਨ ਤੇ ਜਦੋਂ ਵੀ ਮਹਿਕਮੇ ਨੂੰ ਫ਼ੋਨ ਕਰੋ ਤਾਂ ਜੁਆਬ ਮਿਲਦਾ, "ਅਸੀਂ ਤਾਂ ਹਾਲੇ ੨੦੦੮ ਦਾ ਹੀ ਬੈਕਲੌਗ ਕਲੀਅਰ ਕਰਨ ਲੱਗੇ ਹੋਏ ਹਾਂ, ਔਨਲਾਈਨ ਚੈੱਕ ਕਰਦੇ ਰਹੇ"।

ਨਾਨੀ ਵਿਚਾਰੀ ਆਪਣੇ ਪੇਕਿਆਂ ਦੇ ਦੂਰ ਦੇ ਰਿਸ਼ਤੇਦਾਰਾਂ ਦੇ ਘਰ ਦਿਨ ਕੱਟੀ ਕਰ ਰਹੀ ਸੀ। ਸਿਰਫ਼ ਇੱਕ ਮੱਧਮ ਜਿਹੀ ਆਸ ਤੇ ਕਿ ਇੱਕ ਦਿਨ ਉਹ ਆਪਣੀ ਧੀ ਤੇ ਦੋਹਤੀਆਂ ਕੋਲ ਪਹੁੰਚ ਜਾਵੇਗੀ ਤੇ ਆਪਣਾ ਅੰਤਿਮ ਸਾਹ ਉਹਨਾਂ ਦੀ ਬੁੱਕਲ ਵਿੱਚ ਲਵੇਗੀ। ਨੱਬਿਆਂ ਨੂੰ ਢੁਕੀ ਨਾਨੀ ਪਤਾ ਨਹੀਂ ਕੀ ਕੀ ਸੋਚਾਂ ਦੇ ਤਾਣੇ ਬਾਣੇ ਬੁਣਦੀ ਰਹਿੰਦੀ। ਬੱਸ ਇਸ ਘਰ 'ਚ ਉਸ ਨੂੰ ਇੱਕੋ ਤਸੱਲੀ ਸੀ ਕਿ ਸੇਵਾ ਸੋਹਣੀ ਹੁੰਦੀ ਸੀ ਕਿਉਂਕਿ ਪੈਸਾ ਧੇਲਾ ਕਨੇਡਾ ਤੇ ਅਮਰੀਕਾ ਤੋਂ ਆ ਜਾਂਦਾ ਸੀ। ਦੂਜਾ ਜੇ ਪ੍ਰਾਣ ਪੰਖੇਰੂ ਉੱਡ ਵੀ ਗਏ ਤਾਂ ਗਤੀ ਤਾਂ ਹੋਜੂ। ਫੇਰ ਵੀ ਮੇਰਾ ਇਹਨਾਂ ਪੇਕਿਆਂ ਨਾਲ ਖ਼ੂਨ ਦਾ ਰਿਸ਼ਤਾ ਹੈ, ਚਾਹੇ ਦੂਰ ਦਾ ਹੀ ਸਹੀ। ਕੋਈ ਮਿਹਣਾ ਤਾਂ ਨਹੀਂ ਦਊ ਮੇਰੀਆਂ ਦੋਹਤੀਆਂ ਨੂੰ ਬਈ ਬਿਗਾਨੇ ਘਰ ਮਰੀ। ਇਸ ਸੋਚ 'ਤੇ ਪਹਿਰਾ ਦਿੰਦੀ ਨਾਨੀ ਨੂੰ ਕੋਈ ਟੱਸ ਤੋਂ ਮੱਸ ਨਹੀਂ ਕਰ ਸਕਦਾ ਸੀ। ਉਹ ਕਿਤੇ ਵੀ ਦੋ ਦਿਨ ਰਹਿਣ ਲਈ ਨਾ ਜਾਂਦੀ ਕਿ ਪਤਾ ਨਹੀਂ ਕਦੋਂ ਬੁਲਾਵਾ ਆ ਜਾਵੇ।

ਕਨੇਡਾ ਬੈਠੀ ਉਹਦੀ ਦੋਹਤੀ ਪਿੰਕੀ ਜੋ ਹੁਣ ਪੰਜਾਹਾਂ ਨੂੰ ਢੁਕ ਚੁੱਕੀ ਸੀ, ਦੋ ਮਹੀਨਿਆਂ ਦੀ ਸੀ ਜਦੋਂ ਨਾਨੀ ਦੀ ਗੋਦ ਵਿੱਚ ਖੇਡੀ ਸੀ। ਮਾਂ ਧੀ ਵਰਗਾ ਪਿਆਰ ਸੀ ਦੋਹਾਂ 'ਚ। ਬਾਪ ਨੇ ਤਾਂ ਆਪਣੀ ਪਲੇਠੀ ਬੱਚੀ ਨੂੰ ਦੇਖ ਕੇ ਹੀ ਮੱਥੇ ਵੱਟ ਪਾ ਲਿਆ ਸੀ ਤੇ ਇਸ ਨਾਲ ਨਾਨੀ ਦੀ ਆਤਮਾ ਵਲੂੰਧਰੀ ਗਈ ਤੇ ਉਸ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, "ਕੋਈ ਨੀਂ ਸੁਰਜੀਤ ਸਿੰਆਂ, ਇਹ ਕੁੜੀ ਸਾਡੇ ਹੋਈ ਐ-ਤੇਰੇ ਨੀਂ। ਅਸੀਂ ਵਿਆਹ ਤੱਕ ਦੀ ਜਿੰਮੇਵਾਰੀ ਲੈਨੇ ਆਂ-ਪਾਲਾਂਗੇ, ਪੋਸਾਂਗੇ,ਪੜ੍ਹਾਵਾਂਗੇ"। ਬੱਸ ਉਸ ਮਾਂ ਦੇ ਪੁੱਤ ਦਾ ਤਾਂ ਮਣਾਂ ਮੂੰਹੀਂ ਭਾਰ ਹਲਕਾ ਕਰ ਦਿੱਤਾ ਨਾਨੀ ਨੇ।

ਪਰ ਰੱਬ ਨੇ ਨਹੀਂ ਸੀ ਉਸ ਨੂੰ ਐਨੀ ਅਸਾਨੀ ਨਾਲ ਹਲਕਾ ਕਰਨਾ ਅਪਣੀ ਜ਼ਿੰਮੇਵਾਰੀ ਤੋਂ। ਦੂਜੀ ਧੀ ਫੇਰ ਸਾਲ ਬਾਅਦ ਹੀ ਜੰਮ ਪਈ। ਬੱਸ ਫੇਰ ਤਾਂ ਉਸ ਨੇ ਅਪਣੀ ਘਰਵਾਲੀ ਸੀਤ 'ਤੇ ਜ਼ੁਲਮਾਂ ਦਾ ਪਹਾੜ ਹੀ ਢਾਹ ਦਿੱਤਾ। ਸੀਤ ਪੰਜ ਸਾਲ ਪੇਕੇ ਬੈਠੀ ਰਹੀ ਤੇ ਛੇਵੇਂ ਸਾਲ ਜਦੋਂ ਰਿਸ਼ਤੇਦਾਰਾਂ ਨੇ ਵਿਚ ਪੈ ਕੇ ਸੁਲਾਹ ਸਫ਼ਾਈ ਕਰਾਈ ਤਾਂ ਅਗਲੇ ਸਾਲ ਮੁੰਡਾ ਜੰਮਿਆ। ਥੋੜ੍ਹੀ ਦੇਰ ਲਈ ਰੋਜ਼ ਦੀ ਕੁੱਟ ਮਾਰ ਤੋਂ ਰਾਹਤ ਮਿਲੀ ਪਰ ਜਿਸ ਦਾ ਇੱਕ ਵਾਰ ਮੂੰਹ ਪੈ ਜਾਵੇ ਹੱਥ ਚੁੱਕਣ ਦਾ ਉਹ ਕਿੰਨਾ ਕੁ ਚਿਰ ਬਾਜ਼ ਆਉਂਦਾ ਹੈ।

ਹੁਣ ਉਸ ਬੰਦੇ ਨੇ ਨਵਾਂ ਮੁੱਦਾ ਲੱਭ ਲਿਆ ਕਿ ਅਪਣੇ ਪੇਕਿਆਂ ਤੋਂ ਸਾਰੀ ਜ਼ਮੀਨ ਮੇਰੇ ਨਾਂ ਕਰਵਾ। ਕਿਉਂਕਿ ਸੀਤ ਮਾਂ ਬਾਪ ਦੀ ਇੱਕੋ ਇੱਕ ਔਲਾਦ ਸੀ ਤੇ ਮਜਬੂਰ ਹੋਈ ਨੇ ਮਾਂ ਬਾਪ ਦੇ ਅੱਗੇ ਪ੍ਰਸਤਾਵ ਰੱਖਿਆ। ਉਹ ਭੜਕ ਪਏ ਕਿ ਇੱਕ ਤਾਂ ਅਸੀਂ ਕੁੜੀ ਨੂੰ ਪਾਲਦੇ ਹਾਂ ਉਪਰੋਂ ਤੁਸੀਂ ਸਾਡੇ ਚਾਰ ਸਿਆੜਾਂ ਤੇ ਅੱਖ ਰੱਖਦੇ ਓ। ਅਸੀਂ ਕਿਹੜੇ ਗੁਰਦੁਆਰੇ ਜਾ ਕੇ ਰੋਟੀ ਖਾਈਏ ਬਾਕੀ ਦੀ ਰਹਿੰਦੀ ਜ਼ਿੰਦਗੀ? ਇਹ ਵੀ ਸਾਨੂੰ ਦੱਸ ਜਾ। ਵਿਚਾਰੀ ਉਧਰੋਂ ਝਿੜਕਾਂ ਤਾਅਨੇ ਖਾਂਦੀ ਫੇਰ ਆ ਗਈ ਜ਼ਾਲਿਮ ਦੇ ਪਿੰਜਰੇ 'ਚ।

ਉਹ ਕਈ ਵਾਰੀ ਸੋਚਦੀ ਕਿ ਜੇ ਮੈਂ ਪੜ੍ਹੀ ਲਿਖੀ ਹੁੰਦੀ ਤਾਂ ਸ਼ਾਇਦ ਮੇਰੀ ਜ਼ਿੰਦਗੀ ਏਦਾਂ ਦੀ ਨਾ ਹੁੰਦੀ। ਮੈਂ ਇਕੱਲੀ ਰਹਿ ਕੇ ਵੀ ਬੱਚੇ ਪਾਲ ਸਕਦੀ। ਸ਼ਾਇਦ ਮੇਰਾ ਐਨਾ ਕੁੱਟ ਕੁਟਾਪਾ ਨਾ ਹੁੰਦਾ। ਫੇਰ ਇੱਕ ਲੰਮਾ ਹੌਕਾ ਭਰ ਕੇ ਚੁੱਪ ਹੋ ਜਾਂਦੀ ਕਿ ਹੁਣ ਤਾਂ ਕੁਝ ਨਹੀਂ ਬਣ ਸਕਦਾ ਤੇ ਅਪਣੇ ਮਨ ਨੂੰ ਕਿਸੇ ਕੰਮ ਕਾਰ 'ਚ ਲਾ ਕੇ ਸਭ ਕੁਝ ਭੁੱਲਣ ਦੀ ਕੋਸ਼ਿਸ਼ ਕਰਦੀ।

ਪਿੰਕੀ ਹੁਣ ਅਪਣੇ ਨਾਨਕੇ ਘਰ ਵੱਡੀ ਹੋ ਰਹੀ ਸੀ। ਮਾਂ ਨਾਲ ਤੇ ਦੋਹਾਂ ਭੈਣ ਭਰਾਵਾਂ ਨਾਲ ਜੋ ਕੁਝ ਹੁੰਦਾ ਸੀ, ਉਸ ਦਾ ਬਾਲ ਮਨ ਵੀ ਥੋੜ੍ਹਾ ਥੋੜ੍ਹਾ ਸਮਝਣ ਲੱਗ ਪਿਆ ਸੀ ਕਿਉਂਕਿ ਘਰ 'ਚ ਤੇ ਗਲੀ ਮੁਹੱਲੇ ਦੀਆਂ ਜ਼ਨਾਨੀਆਂ ਗੱਲਾਂ ਜੋ ਕਰਦੀਆਂ, ਅਖੇ "ਬਿਚਾਰੀ ਸੀਤ, ਗਊ ਬਰਗੀ ਕੁੜੀ, ਪਤਾ ਨਹੀਂ ਬਿਓ ਮਾਤਾ ਤੋਂ ਕੇਹੇ ਜਿਹੇ ਲੇਖ ਲਿਖਾ ਕੇ ਲਿਆਈ ਐ, ਚੰਦਰੀ। ਨਾ ਕੋਈ ਭਾਈ ਭੈਣ ਪ੍ਰਮਾਤਮਾ ਨੇ ਬਖ਼ਸ਼ਿਆ ਜਿਹੜਾ ਬਰਾਬਰ ਖੜ੍ਹਾ ਹੋ ਕੇ ਦੁਖ ਵੰਡਾਵੇ। ਗਾਹਾਂ ਪ੍ਰਾਹੁਣਾ ਨਿਰਾ ਕਸਾਈ ਜੁੜ ਗਿਆ। ਜਿੰਦਗੀ ਖਰਾਬ ਬਿਚਾਰੀ ਦੀ ਤੇ ਨਿਆਣਿਆਂ ਦੀæææ ਐਹੋ ਜਹੀ ਤਾਂ ਕਿਸੇ ਦੀ ਧੀ ਭੈਣ ਨਾਲ ਨਾ ਹੋਵੇææ æਬਾਖਰੂ, ਬਾਖਰੂ"।

ਉਹ ਅਪਣੇ ਆਪ ਨੂੰ ਸੁਆਲ ਕਰਦੀ ਕਿ ਇਹ ਤੀਵੀਆਂ ਐਦਾਂ ਦੀਆਂ ਗੱਲਾਂ ਕਿਉਂ ਕਰਦੀਆਂ ਨੇ ਸੀਤ ਬਾਰੇ। ਪਤਾ ਹੀ ਨਹੀਂ ਲੱਗਾ ਕਿ ਕਦੋਂ ਉਸ ਦੇ ਮਨ ਵਿੱਚ ਇਹ ਸੰਕਲਪ ਪਲਣ ਲੱਗਾ ਕਿ ਮੈਂ ਨਹੀਂ ਬਣਾਂਗੀ ਸੀਤ ਵਰਗੀ। ਮੈਂ ਨਹੀਂ ਕਦੇ ਸਹਾਂਗੀ ਇਹ ਸਭ ਕੁਝ। ਮੈਂ ਪੜ੍ਹਾਂਗੀ, ਖ਼ੂਬ ਪੜ੍ਹਾਂਗੀ ਇੰਦਰਾ ਗਾਂਧੀ ਵਾਂਗ। ਕਈ ਵਾਰ ਉਹ ਅਪਣੇ ਨਾਨੇ ਨੂੰ ਪੁੱਛਦੀ, *ਨਾਨਾ ਜੀ, ਵੱਧ ਤੋਂ ਵੱਧ ਜਮਾਤਾਂ ਕਿੰਨੀਆਂ ਹੁੰਦੀਆਂ ਨੇ?

"ਮੈਂ ਤਾਂ ਸੋਲਾਂ ਤੱਕ ਸੁਣੀਆਂ ਨੇ", ਉਹ ਆਖਦੇ।

"ਪਰ ਮੈਂ ਤਾਂ ਸੋਲਾਂ ਤੋਂ ਵੀ ਵੱਧ ਪੜ੍ਹਣਾ ਚਾਹੁੰਦੀ ਹਾਂ", ਉਹ ਅਪਣਾ ਮਨ ਖੋਲ੍ਹਦੀ।

"ਇਹ ਤਾਂ ਲੰਮੀ ਭਗਤੀ ਐ ਬੱਚੇ। ਸਾਰੀ ਉਮਰ ਵੀ ਪੜ੍ਹ ਸਕਦਾ ਹੈ ਇਨਸਾਨ", ਨਾਨਾ ਜੀ ਆਪ ਬਹੁਤੇ ਪੜ੍ਹੇ ਲਿਖੇ ਤਾਂ ਨਹੀਂ ਸੀ ਪਰ ਉਹ ਬੜੇ ਫਲਸਫ਼ੀ ਅੰਦਾਜ਼ 'ਚ ਉੱਤਰ ਦਿੰਦੇ। ਵਾਕਈ ਓਹੀ ਹੋਇਆ। ਪਿੰਕੀ ਨੇ ਐਮæਐਸ਼ਸੀ ਆਨਰਜ਼ ਕਰਨ ਤੋਂ ਬਾਅਦ ਪੀæਐੱਚæਡੀæ ਕੀਤੀ ਤੇ ਕਾਲਜ ਵਿੱਚ ਪੜ੍ਹਾਉਣ ਲੱਗ ਪਈ। ਫੇਰ ਅਪਣੇ ਹੀ ਕੌਲੀਗ ਇੰਗਲਿਸ਼ ਦੇ ਪ੍ਰੋਫੈਸਰ ਨਾਲ ਸ਼ਾਦੀ ਕਰ ਲਈ। ਛੋਟੀ ਭੈਣ ਰੋਜ਼ੀ ਨੇ ਵੀ ਬੜੇ ਔਖੇ ਹਾਲਾਤ 'ਚੋਂ ਲੰਘ ਕੇ ਫਾਰਮੇਸੀ ਦੀ ਡਿਗਰੀ ਕੀਤੀ ਤੇ ਹਸਪਤਾਲ ਵਿਚ ਜੌਬ/ਨੌਕਰੀ ਮਿਲ ਗਈ। ਜੋ ਫਾਡੀ ਰਿਹਾ ਪੜ੍ਹਾਈ 'ਚ ਉਹ ਪਿਓ ਦਾ ਲਾਡਲਾ ਪੁੱਤ ਬੰਟੀ ਜਿਸ ਦੇ ਦਿਮਾਗ 'ਚ ਪਿਓ ਨੇ ਸ਼ੁਰੂ ਤੋਂ ਹੀ ਕੁੱਟ ਕੁੱਟ ਕੇ ਭਰ ਦਿੱਤਾ ਸੀ ਕਿ ਉਹ ਤਾਂ ਦੋਨੋਂ ਪਾਸੇ ਦੀ ਜ਼ਮੀਨ ਦਾ ਮਾਲਕ ਹੈ, ਫੇਰ ਪੜ੍ਹਾਈ ਦਾ ਕੀ ਫ਼ਾਇਦਾ? ਛੋਟੀ ਉਮਰੇ ਸ਼ਰਾਬ ਦੀ ਲਤ ਲਾ ਦਿੱਤੀ ਸ਼ਰੀਕਾਂ ਨੇ। ਪਿਓ ਦੇ ਨਕਸ਼ੇ ਕਦਮ ਤੇ ਚੱਲਦਾ ਹੁਣ ਘਰ 'ਚ ਦੂਜਾ ਕਸਾਈ ਬਣ ਚੁੱਕਾ ਸੀ ਤੇ ਪਿਓ ਵੀ ਉਸ ਤੋਂ ਥਰ ਥਰ ਕੰਬਦਾ ਸੀ।

ਰਿਸ਼ਤੇ ਆਲਿਆਂ ਦੇ ਗੇੜੇ ਵੱਜਣੇ ਸ਼ੁਰੂ ਹੋ ਗਏ - ਇਕੱਲਾ ਮੁੰਡਾ, ਦੋਨੋਂ ਪਾਸੇ ਦੀ ਜ਼ਮੀਨ - ਬੱਸ ਦੋ ਹੀ ਤਾਂ ਸਭ ਤੋਂ ਵੱਡੀਆਂ ਯੋਗਤਾਵਾਂ ਮੰਨੀਆਂ ਜਾਂਦੀਆਂ ਨੇ ਜੱਟਾਂ 'ਚ। ਇਹਨਾਂ 'ਚੋਂ ਇੱਕ ਵੀ ਉਸ ਦੀ ਕਮਾਈ ਹੋਈ ਨਹੀਂ ਹੁੰਦੀ। ਆਖ਼ਰ 'ਚ ਰਮਨਦੀਪ ਦੀ ਕਿਸਮਤ ਫੁੱਟੀ ਕਿ ਉਹ ਘਰ 'ਚ ਬਹੂ ਬਣ ਕੇ ਆਈ।

ਬੱਸ ਵਿਆਹ ਹੁੰਦੇ ਈ ਰੋਜ਼ ਦੀਆਂ ਲੜਾਈਆਂ। ਸਾਰਾ ਪਿੰਡ ਮੁਹੱਲਾ ਇਕੱਠਾ ਹੋ ਜਾਂਦਾ ਜਦੋਂ ਬੰਟੀ ਅਪਣੀ ਵਹੁਟੀ ਦੀਆਂ ਚੀਜ਼ਾਂ ਵਗਾਹ ਵਗਾਹ ਕੇ ਗਲੀ 'ਚ ਸੁੱਟਦਾ ਤੇ ਉਸ ਦੇ ਮਾਂ ਬਾਪ ਨੂੰ ਗਾਲ੍ਹਾਂ ਕੱਢਦਾ। ਰਮਨਦੀਪ ਦੇ ਭਰਾ ਅਪਣੀ ਭੈਣ ਨੂੰ ਵਸਾਉਣ ਦੇ ਇਰਾਦੇ ਨਾਲ ਅਪਣੇ ਜੀਜੇ ਨੂੰ ਕੁਝ ਨਾ ਕਹਿੰਦੇ ਕਿ ਕਿਤੇ ਅਪਮਾਨਿਤ ਨਾ ਮਹਿਸੂਸ ਕਰੇ। ਆਖ਼ਰਕਾਰ, ਉਹਨਾਂ ਦੀ ਸ਼ਰਾਫ਼ਤ ਵੀ ਉਹਨਾਂ ਦਾ ਸਾਥ ਛੱਡ ਗਈ ਜਦੋਂ ਬੰਟੀ ਨੇ ਜ਼ਮੀਨ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਤੇ ਪੈਸੇ ਸਾਰੇ ਕੋਰਟਾਂ ਕਚਹਿਰੀਆਂ ਤੇ ਪੁਲਿਸ ਨੂੰ ਜਾਣ ਲੱਗੇ ਕਿਉਂਕਿ ਦਾਰੂ ਪੀ ਕੇ ਬਾਹਰ ਪੰਗੇ ਲੈਣਾ ਉਸ ਦਾ ਨਿੱਤ ਦਾ ਧੰਦਾ ਬਣ ਗਿਆ ਸੀ।

ਬਾਪ ਦੀ ਜ਼ਮੀਨ ਖੇਹ ਖਰਾਬ ਕਰ ਕੇ ਉਸ ਨੇ ਨਾਨਕਿਆਂ ਦੀ ਜ਼ਮੀਨ ਨੂੰ ਵਾਢਾ ਲਾਇਆ। ਨਾਨਾ ਹੁਣ ਤੱਕ ਪੂਰਾ ਹੋ ਚੁੱਕਾ ਸੀ ਤੇ ਨਾਨੀ ਦੇ ਗਲ਼ ਅੰਗੂਠਾ ਦੇ ਕੇ ਉਸ ਤੋਂ ਸਾਰੀ ਜ਼ਮੀਨ ਤੇ ਪੈਸਾ ਟਕਾ ਅਪਣੇ ਨਾਂ ਕਰਵਾ ਲਿਆ। ਟੱਬਰ ਵੀ ਹੁਣ ਨਾਨਕੇ ਲੈ ਆਇਆ ਜਿਸ 'ਚ ਉਸ ਦੇ ਬੱਚੇ ਜੱਸਾ ਤੇ ਰਾਣੀ ਵੀ ਸ਼ਾਮਿਲ ਸਨ। ਉਹੀ ਹਾਲ ਨਾਨਕੇ ਹੋਇਆ। ਹੌਲੀ ਹੌਲੀ ਵੀ ਨਹੀਂ, ਬੜੀ ਤੇਜ਼ੀ ਨਾਲ ਜ਼ਮੀਨ ਨੂੰ ਬਿਲ਼ੇ ਲਾਇਆ ਤੇ ਵਹੁਟੀ ਤੇ ਬੱਚਿਆਂ ਨੂੰ ਉਹਦੇ ਭਾਈ ਵਾਪਸ ਲੈ ਗਏ। ਹੁਣ, ਘਰ 'ਚ ਆਟਾ ਵੀ ਨਹੀਂ ਸੀ ਰਹਿ ਗਿਆ। ਘਰ ਦੇ ਭਾਂਡੇ ਤੱਕ ਵੇਚ ਦਿੱਤੇ ਸ਼ਰਾਬ ਲਈ ਤੇ ਇੱਕ ਦਿਨ ਸੜਕ 'ਤੇ ਟਰੱਕ ਹੇਠ ਆ ਕੇ ਮਰ ਗਿਆ।

ਰਹਿ ਗਈ ਵਿਚਾਰੀ ਨਾਨੀ, ਜੋ ਹੁਣ ਲੋਕਾਂ ਦੇ ਪੱਲੇ ਪੈ ਗਈ। ਪਿੰਕੀ ਨੂੰ ਪਰਿਵਾਰ ਸਮੇਤ ਕੈਨੇਡਾ ਸੈੱਟ ਹੋਈ ਨੂੰ ਦੱਸ ਸਾਲ ਹੋ ਚੁੱਕੇ ਸਨ ਤੇ ਛੋਟੀ ਭੈਣ ਨੂੰ ਵੀ ਉਸ ਨੇ ਅਮਰੀਕਾ 'ਚ ਮੁੰਡਾ ਲੱਭ ਕੇ ਸੈੱਟ ਕਰ ਦਿੱਤਾ। ਮਾਂ ਨੂੰ ਵੀ ਬੁਲਾਉਣਾ ਐਨਾ ਔਖਾ ਨਹੀਂ ਸੀ। ਨਾਲੇ ਮਾਂ ਅਮਰੀਕਾ ਤੇ ਕਨੇਡਾ ਦੋਹੀਂ ਪਾਸੀਂ ਰਹਿ ਆਉਂਦੀ ਸੀ। ਹੁਣ ਅਹਿਮ ਸੁਆਲ ਸੀ, ਨਾਨੀ ਦਾ ਕੀ ਬਣੇਗਾ? ਫੈਮਿਲੀ ਕਲਾਸ 'ਚ ਉਸ ਦੀ ਪ੍ਰਾਇਰਟੀ ਸਭ ਤੋਂ ਬਾਅਦ 'ਚ ਬਣਦੀ ਹੈ, ਇੰਮੀਗ੍ਰੇਸ਼ਨ ਲਾਅ ਦੇ ਹਿਸਾਬ ਨਾਲ। ਤਿੰਨ ਵਾਰ ਵਿਜ਼ਿਟਰ ਵੀਜ਼ਾ ਲਈ ਵੀ ਕੋਸ਼ਿਸ਼ ਕੀਤੀ ਪਰ ਇਸ ਵਜ੍ਹਾ ਤੇ ਨਾਂਹ ਹੋ ਗਈ ਕਿ ਇਸ ਮਾਤਾ ਕੋਲ ਇੰਡੀਆ 'ਚ ਕੋਈ ਸੰਪਤੀ ਨਹੀਂ ਹੈ ਤੇ ਇਹ ਮੁੜ ਕੇ ਨਹੀਂ ਆਵੇਗੀ। ਕਿੰਨਾ ਹਾਸੋਹੀਣਾ ਆਧਾਰ ਹੈ ਕਿਸੇ ਬੰਦੇ ਨੂੰ ਵੀਜ਼ਾ ਦੇਣ ਦਾ! ਇੱਕ ਨੱਬੇ ਸਾਲ ਦਾ ਇਨਸਾਨ ਆਪਣੇ ਨਾਂ ਤੇ ਕੀ ਰੱਖ ਸਕਦਾ ਹੈ? ਉਸ ਦਾ ਕੋਈ ਵਾਲੀ ਵਾਰਸ ਉਸ ਕੋਲ ਨਹੀਂ ਹੈ। ਉਹ ਇੱਕ ਸੈਲਾਨੀ ਦੇ ਤੌਰ ਤੇ ਵੀ ਆਪਣਿਆਂ ਨੂੰ ਆ ਕੇ ਮਿਲ ਨਹੀਂ ਸਕਦਾ?

ਰਿਸ਼ਤੇਦਾਰ ਵੀ ਦੋਹਾਂ ਹੱਥਾਂ ਨਾਲ ਲੁੱਟਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਫਸੇ ਹੋਏ ਸਭ ਕੁਝ ਕਰਨਗੇ। ਨਾਨੀ ਨੂੰ ਰੱਖਣ ਲਈ ਮੂੰਹ ਮੰਗਿਆ ਪੈਸਾ ਦੇਣਾ ਪੈਂਦਾ। ਕਦੇ ਉਹਨਾਂ ਦੀ ਚੁਬਾਰਾ ਪਾਉਣ ਦੀ ਮੰਗ ਹੁੰਦੀ, ਕਦੇ ਜ਼ਮੀਨ ਲੈਣ ਨੂੰ ਪੈਸੇ ਥੁੜ ਜਾਂਦੇ। ਦੋਨੋਂ ਭੈਣਾਂ ਉਹਨਾਂ ਰਿਸ਼ਤੇਦਾਰਾਂ ਨੂੰ ਖ਼ੂਬ ਗਿਫ਼ਟਾਂ ਭੇਜਦੀਆਂ ਤੇ ਨਾਨੀ ਨੂੰ ਨੇਮ ਨਾਲ ਰੋਜ਼ ਫ਼ੋਨ ਕਰਦੀਆਂ। ਉਸ ਨੂੰ ਹੌਂਸਲਾ ਹੋ ਜਾਂਦਾ ਜਿਵੇਂ ਅੱਧਾ ਮਿਲਾਪ ਹੋ ਗਿਆ ਹੋਵੇ। ਨਾਨੀ ਕਈ ਵਾਰ ਡਰੀ ਜਿਹੀ ਪੁੱਛਦੀ, *ਪਿੰਕੀ, ਹੁਣ ਤਾਂ ਤੂੰ ਲੈ ਜਾ ਮੈਨੂੰ ਆਪਣੇ ਕੋਲ। ਹੋਰ ਨਾ ਰੋਲੋ ਪੁੱਤ ਮੈਨੂੰ ਐਥੇ। ਬਚਨੋ ਤਾਂ ਕਹਿੰਦੀ ਤੀ ਬਈ ਜੇ ਪਿੰਕੀ ਚਾਹੇ ਤਾਂ ਜਦ ਮਰਜ਼ੀ ਲੈ ਜੇ। ਮੈਂ ਤਾਂ ਧੀਏ ਦੋ ਰੋਟੀਆਂ ਈ ਖਾਣੀਆਂ ਨੇ ਦਿਨ 'ਚ। ਤੇਰੇ ਘਰ ਦੀ ਰਾਖੀ ਕਰੂੰ। ਹੁਣ ਰੋਟੀ ਟੁੱਕ ਤਾਂ ਨੀਂ ਮੈਂ ਕਰ ਸਕਦੀ, ਅੱਖਾਂ ਤੋਂ ਨੀਂ ਦੀਂਹਦਾ। ਚੱਲ ਲੱਸਣ, ਪਿਆਜ਼ ਕੱਟ ਦਿਆ ਕਰੂੰ ਬੈਠੀ ਬੈਠੀ*। ਨਾਨੀ ਦਾ ਤਰਲਾ ਸੁਣ ਕੇ ਉਸ ਦਾ ਭੁੱਬਾਂ ਮਾਰ ਕੇ ਰੋਣ ਨੂੰ ਜੀਅ ਕਰਦਾ ਪਰ ਮਨ ਕਰੜਾ ਜਿਹਾ ਕਰ ਕੇ ਕਹਿੰਦੀ, *ਕੋਈ ਨੀਂ ਨਾਨੀ, ਬੱਸ ਲੱਗੇ ਹੋਏ ਆਂ ਹੁਣ ਤੇਰੇ ਕੰਮ 'ਤੇ, ਹੋਈ ਜਾਣੈ ਛੇਤੀ ਈ*।

ਸਵੇਰੇ ਸਵੇਰੇ ਫ਼ੋਨ ਆ ਗਿਆ, "ਭੈਣ, ਗੱਲ ਨੀਂ ਬਣੀ ਨਾਨੀ ਆਲੀ"।

ਪਿੰਕੀ ਫ਼ੋਨ ਰੱਖ ਕੇ ਬਿਸਤਰ 'ਚ ਪਈ ਕੰਧਾਂ ਵੱਲ ਤੱਕ ਰਹੀ ਸੋਚਣ ਲੱਗੀ, 'ਸਾਡੇ ਮਾਪੇ ਵੀ ਕਦੀ ਗੋਰਿਆਂ ਦੇ ਮਾਪਿਆਂ ਵਾਂਗ ਜਦ ਜੀਅ ਕਰੇ ਜਹਾਜ਼ ਚੜ੍ਹ ਕੇ ਸਾਨੂੰ ਮਿਲਣ ਆ ਸਕਣਗੇ? ਅਸੀਂ ਬਾਰਡਰ ਕਾਨੂੰਨ ਦੀਆਂ ਹੱਦਾਂ ਤੋਂ ਪਾਰ ਕਦੋਂ ਜਾ ਸਕਾਂਗੇ? ਕੀ ਸਾਡਾ ਇਹੋ ਦੋਸ਼ ਹੈ ਕਿ ਅਸੀਂ ਅਪਣੀ ਧਰਤੀ ਛੱਡ ਕੇ ਇੱਥੇ ਆ ਕੇ ਵੱਸੇ? ਸਾਡੀ ਸਜ਼ਾ ਕਿੰਨੀ ਕੁ ਲੰਮੀ ਹੈ? ਸਾਡੇ ਉਮਰ ਕਾਲ 'ਚ ਖ਼ਤਮ ਹੋਊ ਕਿ ਨਹੀਂ? ਅੱਜ ਇੰਮੀਗ੍ਰੇਸ਼ਨ ਮਨਿਸਟਰ ਦੀ ਦਾਦੀ ਨੇ ਜੇ ਆਇਰਲੈਂਡ ਤੋਂ ਏਥੇ ਆਉਣਾ ਹੋਵੇ, ਉਹ ਬੱਸ ਅਪਣਾ ਅਟੈਚੀ ਚੁੱਕੇਗੀ ਤੇ ਪਾਸਪੋਰਟ ਝੋਲੇ ਪਾ ਕੇ ਜਹਾਜ਼ ਚੜ੍ਹ ਜਾਵੇਗੀ। ਫੇਰ ਇਹ ਲੋਕ ਕਿੱਦਾਂ ਸਮਝ ਸਕਦੇ ਨੇ ਸਾਡਾ ਦਰਦ ਜਦੋਂ ਇਹਨਾਂ ਨੇ ਬਿਰਹਾ ਹੰਢਾਇਆ ਹੀ ਨਹੀਂ? ਹੈ ਕੋਈ ਫ਼ਾਇਦਾ ਕਿਸੇ ਕੋਲ ਫ਼ਰਿਆਦ ਕਰਨ ਦਾ? ਅਸੀਂ ਕਿੱਦਾਂ ਇਸ ਦੇਸ਼ ਨੂੰ ਅਪਣੀ ਭੂਮੀ ਮੰਨੀਏ ਜਦ ਪੈਰ ਪੈਰ 'ਤੇ ਤਾਂ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਤੁਸੀਂ ਹਾਲੇ ਬਰਾਬਰ ਦੇ ਨਹੀਂ ਹੋਏ।

ਸੋਚਾਂ ਦੀ ਤੰਦ ਨੂੰ ਤੋੜ ਕੇ ਜਦ ਚਾਹ ਬਣਾਉਣ ਲਈ ਉੱਠੀ ਤਾਂ ਸਾਹਮਣੇ ਚੜ੍ਹ ਰਿਹਾ ਸੂਰਜ ਵੀ ਉਸ ਨੂੰ ਅੱਜ ਬੇਗਾਨਾ ਜਿਹਾ ਲੱਗ ਰਿਹਾ ਸੀ ਅਤੇ ਧੁੱਪ ਬੜੀ ਠੰਢੀ ਤੇ ਬੁਝੀ ਬੁਝੀ ਜਿਹੀ, ਜਿਸ ਵਿੱਚ ਨਾ ਕਿਸੇ ਦਾਦੀ ਦੀ ਗੋਦ ਦਾ ਨਿੱਘ ਹੈ ਨਾ ਕਿਸੇ ਨਾਨੀ ਦੇ ਲਾਡ ਦੀ ਲੋਅ। ਕਿਹੋ ਜਿਹੀ ਧਰਤੀ ਸੀ ਇਹ ਜਿੱਥੇ ਸਾਰੀ ਉਮਰ ਬਿਤਾ ਕੇ ਵੀ ਉਹ ਓਪਰੀ ਰਹੀ ਸੀ?

ਸੰਪਰਕ +੧ ੫੧੯ ੭੫੪ ੦੫੧੮

Tags: ਕੈਨੇਡਾ ਵਿੱਚ ਪਰਵਾਸ ਬਾਰੇ ਇਕ ਸੱਚੀ ਕਹਾਣੀ-ਵੀਜ਼ਾ ਨਾਨੀ ਦਾ ਗੁਰਮੀਤ ਪਨਾਗ