HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਮਰਦਾਂ ਅਤੇ ਔਰਤਾਂ ਵਿਚ ਗੁੱਸੇ ਦੇ ਦੌਰੇ ਪੈਣੇ


Date: Mar 16, 2014

ਡਾ: ਹਰਸ਼ਿੰਦਰ ਕੌਰ, ੨੮, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ ਫੋਨ ੦੧੭੫-੨੨੧੬੭੮੩
ਸਿਆਣੇ ਕਹਿੰਦੇ ਹਨ ਕਿ ਜਦੋਂ ਹੜ੍ਹ ਆ ਰਿਹਾ ਹੋਵੇ ਤਾਂ ਦਰਿਆ ਵਿਚ ਤੈਰਨਾ ਨਹੀਂ ਚਾਹੀਦਾ ਬਲਕਿ ਕਿਨਾਰੇ ਉੱਤੇ ਬਹਿ ਕੇ ਉਸਦੇ ਸ਼ਾਂਤ ਹੋ ਜਾਣ ਤਕ ਉਡੀਕ ਲੈਣਾ ਚਾਹੀਦਾ ਹੈ। ਪਰ ਬਹੁਤ ਲੋਕ ਇਹ ਮੰਨਦੇ ਨਹੀਂ ਤੇ ਆਪਣੀ ਜਾਂ ਦੂਜੇ ਦੀ ਜਾਨ ਗੁਆ ਬਹਿੰਦੇ ਹਨ।

ਗੁੱਸਾ ਇਕ ਅਜਿਹਾ ਜਜ਼ਬਾ ਹੈ ਜੋ ਹਰ ਕਿਸੇ ਅੰਦਰ ਵਾਸ ਕਰਦਾ ਹੈ। ਕਿਸੇ ਵਿਚ ਘੱਟ ਤੇ ਕਿਸੇ ਵਿਚ ਵੱਧ! ਇਹੀ ਗੁੱਸਾ ਹਦ ਤੋਂ ਵੱਧ ਜਾਏ ਤਾਂ ਦੌਰੇ ਦੀ ਸ਼ਕਲ ਵਿਚ ਤਬਦੀਲ ਹੋ ਜਾਂਦਾ ਹੈ। ਕਿਸੇ ਵਿਰਲੇ ਅੰਦਰ ਹੀ ਇਹ ਕਾਬੂ ਵਿਚ ਰਹਿੰਦਾ ਹੈ ਵਰਨਾ ਬਾਕੀ ਸਾਰਿਆਂ ਦੇ ਤਾਂ ਨੱਕ ਉੱਤੇ ਹੀ ਬੈਠਾ ਲੱਭ ਜਾਂਦਾ ਹੈ। ਭਾਵੇਂ ਸੜਕ ਉੱਤੇ ਤੇਜ਼ ਕਾਰ ਭਜਾਉਣੀ ਹੋਵੇ ਜਾਂ ਆਪਣੇ ਤੋਂ ਹੇਠਲੇ ਕੋਲੋਂ ਕੋਈ ਗ਼ਲਤ ਕੰਮ ਹੋ ਗਿਆ ਹੋਵੇ, ਇਹ ਤਿਲਕ ਕੇ ਝੱਟ ਜ਼ਬਾਨ ਰਾਹੀਂ ਬਾਹਰ ਨਿਕਲ ਆਉਂਦਾ ਹੈ।

ਇਹ ਮੁਲਕਾਂ ਦੀਆਂ ਆਪੋ ਵਿਚ ਲੜਾਈਆਂ ਕਰਵਾ ਦਿੰਦਾ ਹੈ ਤੇ ਕਤਲੇਆਮ ਵੀ ਕਰਵਾ ਦਿੰਦਾ ਹੈ। ਕਈ ਵਾਰ ਨਿੱਕੇ ਨਿੱਕੇ ਤਣਾਓ ਮਨ ਅੰਦਰ ਏਨੇ ਇੱਕਠੇ ਹੋ ਜਾਂਦੇ ਹਨ ਕਿ ਆਮ ਜਿਹੀ ਗੱਲ ਉੱਤੇ ਵੀ ਗੁੱਸਾ ਲਾਵੇ ਦੇ ਰੂਪ ਵਿਚ ਫਟ ਪੈਂਦਾ ਹੈ ਤੇ ਆਰ ਜਾਂ ਪਾਰ ਵਾਲੀ ਹਾਲਤ ਪਹੁੰਚ ਜਾਂਦੀ ਹੈ।

ਗੁੱਸੇ ਦੇ ਦੌਰੇ ਕਈ ਵਾਰ ਬਾਅਦ ਵਿਚ ਇਹੋ ਜਿਹੇ ਹਾਲ ਵਿਚ ਬੰਦੇ ਨੂੰ ਲਿਆ ਸੁੱਟਦੇ ਹਨ ਕਿ ਉਸ ਲਈ ਪਛਤਾਵੇ ਤੋਂ ਸਿਵਾ ਕੋਈ ਰਸਤਾ ਬਚਦਾ ਹੀ ਨਹੀਂ।

ਇਕ ਸੱਚੀ ਘਟਨਾ ਇਸ ਬਾਰੇ ਸਪਸ਼ਟ ਕਰ ਦੇਵੇਗੀ ਕਿ ਗੁੱਸੇ ਦਾ ਦੌਰਾ ਕੀ ਕਹਿਰ ਢਾਅ ਸਕਦਾ ਹੈ।

ਇਕ ਗੁੱਸੈਲ ਪਿਓ ਨੇ ਆਪਣੀ ਪਸੰਦੀਦਾ ਮਹਿੰਗੀ ਕਾਰ ਖ਼ਰੀਦੀ। ਜਦੋਂ ਕਾਰ ਘਰ ਲਿਆ ਕੇ ਖੜ੍ਹੀ ਕੀਤੀ ਤਾਂ ਉਸ ਉੱਤੇ ਆਪਣੇ ਹੱਥਾਂ ਨਾਲ ਕਪੜਾ ਫੇਰਿਆ। ਫੇਰ ਪੂਰੇ ਚਾਅ ਨਾਲ ਉਸਨੇ ਆਪਣੇ ਸੱਤ ਵਰ੍ਹਿਆਂ ਦੇ ਬੇਟੇ ਤੇ ਪਤਨੀ ਨੂੰ ਕਾਰ ਵਿਖਾਉਣ ਲਈ ਬੁਲਾਇਆ। ਬੇਟੇ ਨੇ ਆਪਣੇ ਨਿੱਕੇ ਨਿੱਕੇ ਹੱਥ ਕਾਰ ਉੱਤੇ ਫੇਰੇ ਤਾਂ ਪਿਤਾ ਚੀਕ ਉੱਠਿਆ ਕਿ ਧਿਆਨ ਨਾਲ ਹੱਥ ਲਾਏ ਤਾਂ ਜੋ ਕਾਰ ਉੱਤੇ ਦਾਗ਼ ਨਾ ਪੈਣ ਜਾਣ! ਬੱਚੇ ਨੂੰ ਚਾਅ ਸੀ ਸੋ ਉਹ ਪੋਲੇ ਪੋਲੇ ਹੱਥ ਲਾਉਣੋਂ ਹਟ ਨਹੀਂ ਸੀ ਰਿਹਾ। ਅਖ਼ੀਰ ਮਾਂ ਉਸਨੂੰ ਚੁੱਕ ਕੇ ਅੰਦਰ ਲੈ ਗਈ। ਏਨੇ ਨੂੰ ਆਦਮੀ ਗੁਆਂਢ ਵਿੱਚੋਂ ਦੋਸਤ ਬੁਲਾਉਣ ਚਲਾ ਗਿਆ ਤਾਂ ਜੋ ਉਨ੍ਹਾਂ ਉੱਤੇ ਵੀ ਰੋਅਬ ਪਾ ਸਕੇ।

ਜਦੋਂ ਗੁਆਂਢੀ ਆਏ ਤਾਂ ਉਸਦਾ ਬੇਟਾ ਪੱਥਰ ਨਾਲ ਕਾਰ ਦੇ ਦਰਵਾਜ਼ੇ ਦੇ ਹੇਠਲੇ ਸਿਰੇ 'ਤੇ ਝਰੀਟ ਮਾਰ ਰਿਹਾ ਸੀ। ਬਸ ਏਨਾ ਵੇਖਣ ਦੀ ਦੇਰ ਸੀ ਕਿ ਪਿਓ ਦੇ ਗੁੱਸੇ ਦਾ ਕੋਈ ਅੰਤ ਨਾ ਰਿਹਾ। ਉਸੇ ਗੁੱਸੇ ਦੇ ਦੌਰੇ ਵਿਚ ਪਿਓ ਨੇ ਪਾਸੇ ਪਏ ਹਥੌੜੇ ਨਾਲ ਬੱਚੇ ਦਾ ਸੱਜਾ ਹੱਥ ਪੂਰਾ ਭੰਨ ਦਿੱਤਾ ਜੋ ਹਸਪਤਾਲ ਵਿਚ ਜਾ ਕੇ ਕਟਵਾਉਣਾ ਪਿਆ। ਜਦੋਂ ਦੇਰ ਰਾਤ ਘਰ ਵਾਪਸ ਆ ਕੇ ਪਿਓ ਨੇ ਕਾਰ ਉੱਤੇ ਬੱਚੇ ਵੱਲੋਂ ਪਾਈਆਂ ਝਰੀਟਾਂ ਵਲ ਧਿਆਨ ਕੀਤਾ ਤਾਂ ਉੱਥੇ ਲਿਖਿਆ ਸੀ, '' ਆਈ ਲਵ ਯੂ ਪਾਪਾ। '' ਪਿਓ ਦਹਾੜਾਂ ਮਾਰ ਕੇ ਰੋਇਆ। ਪਰ ਹੁਣ ਪੱਲੇ ਕੁੱਝ ਨਹੀਂ ਸੀ ਬਚਿਆ।

ਗੁੱਸੇ ਦੇ ਦੌਰੇ ਮਾਰ ਕੁਟਾਈ ਉੱਤੇ ਹੀ ਜਾ ਕੇ ਖ਼ਤਮ ਹੁੰਦੇ ਹਨ ਤੇ ਕਈ ਵਾਰ ਬੰਦੇ ਨੂੰ ਏਨੇ ਪਛਤਾਵੇ ਨਾਲ ਭਰ ਦਿੰਦੇ ਹਨ ਕਿ ਉਹ ਆਪਣੇ ਆਪ ਨੂੰ ਖ਼ਤਮ ਕਰਨ ਬਾਰੇ ਸੋਚਣ ਲੱਗ ਪੈਂਦਾ ਹੈ। ਯਾਨੀ ਨੁਕਸਾਨ ਭਾਵੇਂ ਕਿਸੇ ਹੋਰ ਦਾ ਹੋਵੇ ਜਾਂ ਆਪਣਾ, ਬਹੁਤੀ ਵਾਰ ਬੰਦਾ ਗੱਲ ਸਿਰੇ ਲਾ ਕੇ ਹੀ ਹਟਦਾ ਹੈ।

ਗੁੱਸੇ ਦੇ ਦੌਰਿਆਂ ਦੌਰਾਨ ਸਰੀਰ ਅੰਦਰ ਐਡਰੀਨਾਲੀਨ ਬਹੁਤ ਜ਼ਿਆਦਾ ਨਿਕਲ ਆਉਂਦੀ ਹੈ ਜਿਸ ਨਾਲ ਕਮਜ਼ੋਰ ਬੰਦਾ ਵੀ ਆਪਣੇ ਆਪ ਨੂੰ ਕੁੱਝ ਸਮੇਂ ਲਈ ਕਾਫ਼ੀ ਬਲਵਾਨ ਸਮਝਣ ਲੱਗ ਪੈਂਦਾ ਹੈ ਤੇ ਸਰੀਰ ਦੇ ਪੱਠਿਆਂ ਵਿਚ ਵੀ ਜ਼ੋਰ ਵੱਧ ਜਾਂਦਾ ਹੈ। ਵਕਤੀ ਜ਼ੋਰ ਏਨਾ ਵੱਧ ਜਾਂਦਾ ਹੈ ਕਿ ਬੰਦਾ ਆਪਣੇ ਤੋਂ ਦੁਗਣੇ ਭਾਰ ਵਾਲੇ ਨੂੰ ਵੀ ਨੁਕਸਾਨ ਪਹੁੰਚਾ ਜਾਂਦਾ ਹੈ ਅਤੇ ਜਦੋਂ ਤਕ ਸਾਹ ਸੱਤ ਰਹੇ ਉਦੋਂ ਤਕ ਲਗਾਤਾਰ ਮਾਰ ਕੁਟਾਈ ਕਰਦਾ ਰਹਿੰਦਾ ਹੈ। ਅਜਿਹੇ ਮੌਕੇ ਪੀੜ ਦਾ ਅਹਿਸਾਸ ਬਹੁਤ ਘੱਟ ਹੋ ਜਾਂਦਾ ਹੈ ਜਿਸ ਨਾਲ ਸੱਟ ਵੱਜੀ ਮਹਿਸੂਸ ਨਹੀਂ ਹੁੰਦੀ। ਪੁਰਾਣੀਆਂ ਮਾੜੀਆਂ ਘਟਨਾਵਾਂ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ ਜੋ ਗੁੱਸੇ ਨੂੰ ਕਈ ਗੁਣਾਂ ਵਧਾ ਕੇ ਬਾਹਰ ਕੱਢਦੀ ਹੈ।

ਸੋਚਣ ਸਮਝਣ ਦੀ ਸਮਰੱਥਾ ਅਜਿਹੇ ਦੌਰਿਆਂ ਵਿਚ ਉੱਕਾ ਹੀ ਖ਼ਤਮ ਹੋ ਜਾਂਦੀ ਹੈ।

ਗੁੱਸੇ ਦੇ ਦੌਰੇ ਦੌਰਾਨ ਬੰਦੇ ਦੀ ਨਜ਼ਰ ਦਾ ਘੇਰਾ ਘੱਟ ਜਾਂਦਾ ਹੈ। ਉਸਨੂੰ ਆਪਣੇ ਸੇਧ ਵਿਚ ਦਿਸਦੀਆਂ ਚੀਜ਼ਾਂ ਅਤੇ ਜਿਸ ਉੱਤੇ ਗੁੱਸਾ ਕੱਢਣਾ ਹੋਵੇ, ਉਸਤੋਂ ਉਰੇ ਪਰ੍ਹੇ ਕੁੱਝ ਨਹੀਂ ਦਿਸਦਾ ਤੇ ਨਾ ਹੀ ਚੀਕਾਂ ਜਾਂ ਅਵਾਜ਼ਾਂ ਸੁਣਦੀਆਂ ਹਨ। ਸੁਣਨਾ ਏਨਾ ਘੱਟ ਹੋ ਜਾਂਦਾ ਹੈ ਕਿ ਕਈ ਵਾਰ ਤਾਂ ਚੁਫੇਰੇ ਬੰਦਿਆਂ ਵੱਲੋਂ ਰੋਕਣ ਦਾ ਰੌਲਾ ਜਾਂ ਸ਼ੋਰ ਵੀ ਉੱਕਾ ਹੀ ਨਹੀਂ ਸੁਣਦਾ ਤੇ ਬੰਦਾ ਗੁੱਸਾ ਕੱਢਦੇ ਹੋਏ ਸਾਹਮਣੇ ਵਾਲੇ ਉੱਤੇ ਵਾਰ ਤੇ ਵਾਰ ਕਰੀ ਜਾਂਦਾ ਹੈ।

ਗੁੱਸੇ ਦੇ ਦੌਰੇ ਦੌਰਾਨ ਦਿਲ ਦੀ ਧੜਕਨ ਕਾਫ਼ੀ ਵੱਧ ਜਾਂਦੀ ਹੈ ਤੇ ਦਿਮਾਗ਼ ਵੱਲ ਜਾਂਦੀਆਂ ਨਸਾਂ ਵੀ ਪੂਰੇ ਜ਼ੋਰ ਸ਼ੋਰ ਨਾਲ ਲਹੂ ਉੱਧਰ ਧਕਦੀਆਂ ਹਨ। ਸਾਹ ਪ੍ਰਣਾਲੀ ਵੀ ਤੇਜ਼ ਹੋ ਜਾਂਦੀ ਹੈ। ਅਜਿਹੇ ਮੌਕੇ 'ਰੋਜ਼ ਟਿੰਟਿਡ ਵਿਜ਼ਨ' ਹੋ ਜਾਂਦੀ ਹੈ ਜਿਸ ਵਿਚ ਗੁੱਸਾ ਕੱਢੇ ਜਾਣ ਵਾਲੇ ਦੇ ਸਰੀਰ ਵਿੱਚੋਂ ਲਹੂ ਨਿਕਲਦਾ ਵੇਖਣ ਨਾਲ ਸ਼ਾਂਤੀ ਮਹਿਸੂਸ ਹੁੰਦੀ ਹੈ।

ਸਰੀਰ ਅੰਦਰ ਵਧੀ ਹੋਈ ਐਡਰੀਨਾਲੀਨ ਅਤੇ ਆਕਸੀਜਨ ਸਦਕਾ ਗੁੱਸੇ ਦੇ ਦੌਰੇ ਦੌਰਾਨ ਬੰਦੇ ਦੀਆਂ ਬਾਹਵਾਂ ਲੱਤਾਂ ਵੀ ਕੰਬ ਕੇ ਫੜਫੜਾਉਣ ਲੱਗ ਪੈਂਦੀਆਂ ਹਨ ਤੇ ਮੂੰਹ ਵਿੱਚੋਂ ਵੀ ਕਈ ਵਾਰ ਝੱਗ ਨਿਕਲਦੀ ਦਿਸਦੀ ਹੈ।

ਆਓ ਵੇਖੀਏ ਅਜਿਹੇ ਦੌਰਿਆਂ ਤੋਂ ਇਕਦਮ ਪਹਿਲਾਂ ਦਿਮਾਗ਼ ਵਿਚ ਕੀ ਹਰਕਤ ਹੁੰਦੀ ਹੈ। ਦਿਮਾਗ਼ ਦੇ ਇਕ ਹਿੱਸੇ ਹਾਈਪੋਥੈਲਮਸ ਵਿੱਚੋਂ ਓਕਸੀਟੋਸਿਨ, ਵੇਜ਼ੋਪਰੈਸਿਨ ਤੇ ਕੌਰਟੀਕੋਟਰੋਪਿਨ ਰੀਲੀਜ਼ਿੰਗ ਹਾਰਮੋਨ ਨਿਕਲਦੇ ਹਨ ਜੋ ਪਿਚੂਇਟਰੀ ਗਲੈਂਡ ਨੂੰ ਜੱਫਾ ਮਾਰ ਲੈਂਦੇ ਹਨ। ਇਨ੍ਹਾਂ ਦੇ ਅਸਰ ਹੇਠ ਪਿਚੂਇਟਰੀ ਐਡਰੀਨੋ ਕੋਰਟੀਕੋਟਰੋਪੀਨ ਹਾਰਮੋਨ ਕੱਢਣ ਲੱਗ ਪੈਂਦਾ ਹੈ। ਇਹ ਹਾਰਮੋਨ ਦਿਮਾਗ਼ ਵਿੱਚੋਂ ਬਾਹਰ ਨਿਕਲ ਕੇ ਐਡਰੀਨਲ ਕੌਰਟੈਕਸ ਉੱਤੇ ਜ਼ੋਰ ਪਾਉਂਦਾ ਹੈ ਜੋ ਕੌਰਟੀਕੋਸਟੀਰਾਇਡ ਦਾ ਭੰਡਾਰ ਸਰੀਰ ਵਿਚ ਸੁੱਟ ਦਿੰਦਾ ਹੈ।

ਇਸੇ ਸਦਕਾ ਵਕਤੀ ਜ਼ੋਰ ਤੇ ਪੱਠਿਆਂ ਦੀ ਵਾਧੂ ਕਿਰਿਆ ਹੋਣ ਲੱਗ ਪੈਂਦੀ ਹੈ।

ਅਜਿਹੇ ਦੌਰਿਆਂ ਵਿਚ ਸਾਹਮਣੇ ਮਾਰ ਖਾਣ ਵਾਲੇ ਦੀ ਜਿੱਥੇ ਭਿਆਨਕ ਤਰੀਕੇ ਨਾਲ ਮੌਤ ਵੀ ਹੋ ਜਾਂਦੀ ਹੈ ਉੱਥੇ ਮਾਰਨ ਵਾਲਾ ਬੰਦਾ ਆਪ ਵੀ ਕਈ ਰੋਗ ਸਹੇੜ ਲੈਂਦਾ ਹੈ। ਗੁੱਸੇ ਦੇ ਦੌਰੇ ਜਿਸਨੂੰ ਵਾਰ ਵਾਰ ਪੈਂਦੇ ਹੋਣ, ਉਹ ਢਹਿੰਦੀ ਕਲਾ, ਘਬਰਾਹਟ ਆਦਿ ਵਿਚ ਛੇਤੀ ਚਲਾ ਜਾਂਦਾ ਹੈ। ਗੁੱਸਾ ਦਬਾਉਣ ਦੀ ਕੋਸ਼ਿਸ਼ ਵਿਚ ਅਜਿਹੇ ਬੰਦੇ ਆਪਣਾ ਵੀ ਤਗੜਾ ਨੁਕਸਾਨ ਕਰ ਜਾਂਦੇ ਹਨ। ਦਿਲ ਦੇ ਰੋਗ, ਵਧਿਆ ਬਲੱਡ ਪ੍ਰੈੱਸ਼ਰ, ਦਿਮਾਗ਼ ਦੀ ਨਸ ਫਟਣੀ, ਤਿੱਖੀ ਸਿਰ ਪੀੜ, ਮਿਗਰੇਨ ਆਦਿ ਵੀ ਇਨ੍ਹਾਂ ਨੂੰ ਹੋ ਸਕਦੇ ਹਨ।

ਜਦੋਂ ਗੁੱਸੇ ਦਾ ਦੌਰਾ ਪੈ ਰਿਹਾ ਹੋਵੇ ਤਾਂ ਮੂੰਹ ਬੜਾ ਭਿਆਨਕ ਰੂਪ ਇਖ਼ਤਿਆਰ ਕਰ ਲੈਂਦਾ ਹੈ। ਮੱਥੇ ਉੱਤੇ ਵੱਟ ਅਤੇ ਅੱਖਾਂ ਬਾਹਰ ਨੂੰ ਨਿਕਲੀਆਂ ਦਿਸਦੀਆਂ ਹਨ। ਬਹੁਤੀ ਵਾਰ ਅਜਿਹਾ ਬੰਦਾ ਆਪਣੇ ਆਪ ਨੂੰ ਵਿਚਾਰਾ ਮੰਨਣ ਸਦਕਾ ਪਹਿਲਾਂ ਤੋਂ ਹੀ ਦਿਲ ਵਿਚ ਕਾਫ਼ੀ ਜ਼ਹਿਰ ਭਰੀ ਬੈਠਾ ਹੁੰਦਾ ਹੈ ਜੋ ਮੌਕਾ ਮਿਲਦੇ ਹੀ ਫੁੱਟ ਕੇ ਬਾਹਰ ਨਿਕਲ ਆਉਂਦਾ ਹੈ।

ਜਿਸਨੇ ਆਪਣੇ ਬਹੁਤ ਪਿਆਰੇ ਦਾ ਕਤਲ ਹੁੰਦਾ ਵੇਖਿਆ ਹੋਵੇ, ਉਹ ਵੀ ਕਈ ਵਾਰ ਕਤਲ ਕਰਨ ਵਾਲੇ ਨੂੰ ਮਾਰਨ ਲਈ ਪੂਰਾ ਵਹਿਸ਼ੀ ਹੋ ਜਾਂਦਾ ਹੈ ਤੇ ਗੁੱਸੇ ਦੇ ਦੌਰੇ ਦੌਰਾਨ ਕਾਤਲ ਨੂੰ ਜਾਂ ਆਪਣੇ ਆਪ ਨੂੰ ਖ਼ਤਮ ਕਰ ਬਹਿੰਦਾ ਹੈ।

ਆਮ ਗੁੱਸੇ ਅਤੇ ਗੁੱਸੇ ਦੇ ਦੌਰੇ ਵਿਚ ਬਹੁਤ ਬਰੀਕ ਲਾਈਨ ਹੁੰਦੀ ਹੈ। ਜਦੋਂ ਗੁੱਸਾ ਸ਼ੁਰੂ ਹੀ ਹੋਇਆ ਹੋਵੇ ਅਤੇ ਕੋਈ ਇਸਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰ ਦੇਵੇ ਜਾਂ ਅੱਗੋਂ ਬੋਲ ਬੁਲਾਰਾ ਨਾ ਵਧੇ ਤਾਂ ਬੰਦਾ ਨਾਰਮਲ ਹੋ ਜਾਂਦਾ ਹੈ। ਜੇ ਗੁੱਸੇ ਨੂੰ ਹੋਰ ਹਵਾ ਮਿਲ ਜਾਏ ਯਾਨੀ ਬੋਲ ਬੁਲਾਰਾ ਵਧਦਾ ਰਹੇ ਅਤੇ ਬਲਦੀ ਉੱਤੇ ਤੇਲ ਪਾ ਦਿੱਤਾ ਜਾਵੇ ਤਾਂ ਗੁੱਸੇ ਦਾ ਦੌਰਾ ਸ਼ੁਰੂ ਹੋ ਜਾਂਦਾ ਹੈ।

ਇਹ ਇਕ ਐਮਰਜੈਂਸੀ ਰਿਐਕਸ਼ਨ ਹੁੰਦਾ ਹੈ ਜਿਸ ਵਿਚ ਧੜੱਲੇ ਨਾਲ ਐਡਰੀਨਾਲੀਨ ਲਹੂ ਅੰਦਰ ਪਹੁੰਚ ਜਾਂਦੀ ਹੈ ਤੇ ਫੇਰ ਬੰਦੇ ਨੂੰ ਕਾਬੂ ਕਰਨਾ ਔਖਾ ਹੋ ਜਾਂਦਾ ਹੈ। ਹਉਮੈ, ਪਦਵੀ, ਪੈਸਾ, ਸ਼ਰਾਬ, ਉੱਚੀ ਜਾਤ, ਆਦਿ ਵਿਚ ਗੁੱਸੇ ਦੇ ਦੌਰੇ ਵੱਧ ਵੇਖੇ ਗਏ ਹਨ। ਦੂਜੇ ਪਾਸੇ ਜ਼ਿਆਦਾ ਦੇਰ ਦੱਬੇ ਕੁਚਲੇ ਰਹੇ ਬੰਦੇ ਵੀ ਮੌਕਾ ਮਿਲਣ ਉੱਤੇ ਅਗਲੀ ਪਿਛਲੀ ਸਾਰੀ ਕਸਰ ਪੂਰੀ ਕਰ ਲੈਂਦੇ ਹਨ ਤੇ ਕਈ ਵਾਰ ਨਸ਼ੇ ਵਿਚ ਆਪਣੀ ਹੀ ਮਾਂ, ਵਹੁਟੀ ਜਾਂ ਬੱਚੇ ਨੂੰ ਕੁੱਟ ਕੁੱਟ ਕੇ ਜਾਨੋਂ ਮਾਰ ਦਿੰਦੇ ਹਨ।

ਨਫਰਤ ਵੀ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਬਦਲੇ ਦੀ ਅੱਗ ਤਾਂ ਕਈ ਵਾਰ ਅਗਲੀ ਪੁਸ਼ਤ ਤਕ ਗੁੱਸੇ ਅਤੇ ਬਦਲਾਲਊ ਭਾਵਨਾ ਨੂੰ ਮਘਦਾ ਰਖਦੀ ਹੈ ਅਤੇ ਨਤੀਜਾ ਹੁੰਦਾ ਹੈ ਸਮੂਹਕ ਵਹਿਸ਼ੀਆਨਾ ਕਤਲ! ਇਹ ਭਾਵੇਂ ਜਾਤ-ਪਾਤ, ਧਰਮ ਆਦਿ ਨਾਲ ਸੰਬੰਧਤ ਹੋਣ ਤੇ ਭਾਵੇਂ ਵਖਰੀ ਸੋਚ ਤਹਿਤ ਦੂਜੇ ਨੂੰ ਨਾ ਸਹਿਨ ਕਰ ਸਕਣ ਕਾਰਣ ਹੋਣ ਤੇ ਭਾਵੇਂ ਸਿਰਫ਼ ਸੜਕ ਉੱਤੇ ਅਗਾਂਹ ਲੰਘਣ ਦੀ ਗੱਲ ਹੋਵੇ, ਇਹ ਕਤਲ ਰੋਜ਼ਮਰਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹੋਏ ਹਨ।

ਦਰਅਸਲ ਕੰਮ ਦਾ ਬੋਝ, ਘਰੇਲੂ ਨੁਕਤਾਚੀਨੀ ਅਤੇ ਪੈਸੇ ਦੇ ਮਾਮਲੇ ਵਿਚਲੀਆਂ ਦਿੱਕਤਾਂ ਆਮ ਆਦਮੀ ਦੀ ਸਹਿਨਸ਼ੀਲਤਾ ਘਟਾਉਂਦੀਆਂ ਜਾ ਰਹੀਆਂ ਹਨ। ਇਸੇ ਲਈ ਗੁੱਸੇ ਨੂੰ ਠੰਡੇ ਹੋਣ ਦਾ ਸਮਾਂ ਨਹੀਂ ਮਿਲਦਾ ਤੇ ਨਤੀਜਾ - ਗੁੱਸੇ ਦੇ ਦੌਰੇ ਆਮ ਹੋਣੇ! ਨਿੱਕੀ ਤੋਂ ਨਿੱਕੀ ਗੱਲ, ਭਾਵੇਂ ਪੰਜ ਰੁਪੈ ਦੀ ਭਾਨ ਤੋਂ ਹੀ ਸ਼ੁਰੂ ਹੋਈ ਹੋਵੇ, ਕਤਲ ਉੱਤੇ ਜਾ ਕੇ ਹੀ ਨਿਬੜਦੀ ਹੈ।

ਇਸੇ ਵਿਚ ਸ਼ਾਮਲ ਹਨ ਹੈਵਾਨੀਅਤ ਦੇ ਵੱਖੋ ਵੱਖਰੇ ਤੌਰ ਤਰੀਕੇ, ਨਾਬਾਲਗ ਨਾਲ ਕੀਤਾ ਸਮੂਹਕ ਬਲਾਤਕਾਰ ਤੇ ਫਿਰ ਭਿਆਨਕ ਤਰੀਕੇ ਕੀਤਾ ਕਤਲ! ਇਹ ਸਭ ਗੁੱਸੇ ਦੇ ਦੌਰੇ ਵਿਚ ਹੁੰਦਾ ਹੈ ਜਦੋਂ ਬੰਦੇ ਨੂੰ ਕੋਈ ਤਰਲਾ ਜਾਂ ਕੋਈ ਚੀਕ ਸੁਣਦੀ ਹੀ ਨਹੀਂ ਤੇ ਜ਼ੁਲਮ ਸਹਿਣ ਵਾਲੇ ਦਾ ਲਹੂ ਨਿਕਲਦਾ ਵੇਖ ਕੇ ਉਸਨੂੰ ਸਕੂਨ ਮਿਲਦਾ ਹੈ।

ਗੁੱਸੇ ਦੇ ਦੌਰੇ ਦਾ ਇਲਾਜ ਕਰਨਾ ਜ਼ਰੂਰੀ ਹੁੰਦਾ ਹੈ। ਕਈ ਸਾਲ ਪਹਿਲਾਂ ਸਿਰਫ਼ ਯੋਗ ਜਾਂ ਧਿਆਨ ਲਾਉਣ ਬਾਰੇ ਹੀ ਕਿਹਾ ਜਾਂਦਾ ਸੀ ਕਿ ਇਹੀ ਇਸਦਾ ਇਲਾਜ ਹੈ। ਇਹ ਵੀ ਜ਼ਿਕਰ ਮਿਲਦਾ ਹੈ ਕਿ ਬੰਦੇ ਨੂੰ ਪਹਿਲਾਂ ਗੁੱਸਾ ਚੜ੍ਹਾਇਆ ਜਾਂਦਾ ਸੀ। ਫੇਰ ਸ਼ਾਂਤ ਹੋਣ ਲਈ ਪ੍ਰੇਰਿਆ ਜਾਂਦਾ ਸੀ ਤਾਂ ਜੋ ਉਹ ਗੁੱਸੇ ਨੂੰ ਕਾਬੂ ਕਰਨਾ ਸਿੱਖੇ ਤੇ ਦੌਰੇ ਤਕ ਨਾ ਪਹੁੰਚੇ।

ਹੁਣ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਯੋਗ ਭਾਵੇਂ ਥੋੜ੍ਹਾ ਬਹੁਤ ਅਸਰ ਕਰੇ ਪਰ ਡਾਕਟਰੀ ਇਲਾਜ ਜ਼ਰੂਰੀ ਹੈ ਜੋ ਸਿਆਣੇ ਮਨੋਵਿਗਿਆਨਿਕ ਡਾਕਟਰ ਦੀ ਸਲਾਹ ਨਾਲ ਸ਼ੁਰੂ ਕਰਨ ਦੀ ਲੋੜ ਹੈ। ਇਸਦੇ ਨਾਲ ਨਾਲ ਬੰਦੇ ਨੂੰ ਆਪਣੇ ਆਪ ਨੂੰ ਸ਼ਾਂਤ ਕਰਨ ਦੇ ਤਰੀਕੇ ਸੁਝਾਏ ਜਾਂਦੇ ਹਨ। ਜਿਵੇਂ, ਪਹੇਲੀ ਹਲ ਕਰਨੀ, ਔਖੇ ਸਵਾਲ ਕੱਢਣੇ, ਚੁਟਕੁਲੇ ਸੁਣਨੇ, ਪੇਂਟਿੰਗ ਕਰਨੀ, ਬਗੀਚੇ ਵਿਚ ਕੰਮ ਕਰਨਾ, ਗੁੱਸਾ ਆਉਣ ਉੱਤੇ ੨੦ ਤਕ ਗਿਣਤੀ ਗਿਣਨੀ, ਮੁੱਠੀ ਬੰਦ ਕਰ ਕੇ ਕੰਧ ਵਿਚ ਮਾਰਨੀ, ਆਦਿ!

ਯੂਨੀਵਰਸਿਟੀ ਔਫ ਹਵਾਈ ਦੇ ਸਾਈਕੌਲੋਜੀ ਦੇ ਪ੍ਰੋਫੈੱਸਰ ਮੰਨਦੇ ਹਨ ਕਿ ਦਿਨੋ ਦਿਨ ਵਧਦਾ ਜਾਂਦਾ ਮੁਕਾਬਲਾ ਅਤੇ ਸਭ ਦੀ ਇਕ ਦੂਜੇ ਤੋਂ ਅਗਾਂਹ ਲੰਘਣ ਦੀ ਹੋੜ ਚੁਫੇਰੇ ਗੁੱਸੇ ਦਾ ਮਾਹੌਲ ਬਣਾ ਰਹੇ ਹਨ ਅਤੇ ਫੇਲ੍ਹ ਹੋਣ ਦਾ ਅਹਿਸਾਸ ਗੁੱਸੇ ਦੇ ਦੌਰੇ ਦੇ ਰੁਝਾਨ ਨੂੰ ਵਧਾ ਰਿਹਾ ਹੈ।

ਸਦੀਆਂ ਪਹਿਲਾਂ ਵੀ ਸਾਨੂੰ ਮਹਾਤਮਾ ਬੁੱਧ ਨੇ ਸਮਝਾਇਆ ਸੀ ਕਿ ਗੁੱਸੇ ਨੂੰ ਸਾਂਭੀ ਰਖਣ ਦਾ ਮਤਲਬ ਹੈ ਮਘਦੇ ਕੋਲੇ ਨੂੰ ਹੱਥ ਵਿਚ ਫੜ ਕੇ ਦੂਜੇ ਉੱਤੇ ਸੁੱਟਣਾ! ਇਸ ਨਾਲ ਯਕੀਨਨ ਆਪਣਾ ਹੱਥ ਵੀ ਸੜੇਗਾ! ਇਹ ਸੱਚ ਸਾਬਤ ਹੋ ਚੁੱਕਿਆ ਹੈ।

ਇਸੇ ਲਈ ਰੋਜ਼ਮਰ੍ਹਾ ਦੇ ਕੰਮਕਾਰ ਤੋਂ ਬਾਅਦ ਕੁੱਝ ਪਲ ਆਪਣੇ ਲਈ ਰੱਖਣੇ ਜ਼ਰੂਰੀ ਹਨ। ਕਸਰਤ, ਖੇਡਾਂ, ਵਧੀਆ ਕਿਤਾਬ, ਲੰਬੀ ਸੈਰ, ਪਾਲਤੂ ਜਾਨਵਰ ਦਾ ਸਾਥ, ਮਧੁਰ ਸੰਗੀਤ ਆਦਿ ਵੱਲ ਝੁਕਾਓ ਮਨ ਨੂੰ ਸ਼ਾਂਤ ਕਰਨ ਵਿਚ ਸਹਾਈ ਹੁੰਦੇ ਹਨ ਤੇ ਗੁੱਸੇ ਦੇ ਲਾਵੇ ਨੂੰ ਕਾਬੂ ਕਰਨ ਵਿਚ ਵੀ!

ਸਭ ਤੋਂ ਵਧੀਆ ਇਲਾਜ ਜੇ ਅੱਜ ਤਕ ਗੁੱਸੇ ਨੂੰ ਕਾਬੂ ਕਰਨ ਲਈ ਲੱਭਿਆ ਜਾ ਸਕਿਆ ਹੈ ਤਾਂ ਉਹ ਹੈ ਪਿਆਰ! ਕਿਸੇ ਨੂੰ ਸ਼ਾਂਤ ਕਰਨ ਲਈ ਪਿਆਰ ਦਾ ਹੁੰਗਾਰਾ ਨਿੰਮੇ ਨਿੰਮੇ ਸਰੂਰ ਸਦਕਾ ਜਾਦੂਈ ਅਸਰ ਕਰਦਾ ਵੇਖਿਆ ਗਿਆ ਹੈ। ਦੂਜੇ ਨੰਬਰ ਉੱਤੇ ਹੈ - ਮੁਆਫ਼ ਕਰ ਦੇਣਾ!

ਮੁਆਫ਼ ਕਰਨ ਨਾਲ ਜਿਹੜੀ ਖ਼ੁਸ਼ੀ ਮਨ ਅੰਦਰ ਭਰਦੀ ਹੈ ਉਹ ਗੁੱਸੇ ਲਈ ਥਾਂ ਹੀ ਨਹੀਂ ਛੱਡਦੀ ਤੇ ਚੁਫੇਰਾ ਰੁਸ਼ਨਾ ਦਿੰਦੀ ਹੈ।

ਇਹ ਦੋਵੇਂ ਇਲਾਜ ਆਪ ਅਜ਼ਮਾ ਕੇ ਵੇਖਣ ਵਾਲੇ ਹਨ। ਜੇ ਅਸਰਦਾਰ ਨਾ ਜਾਪਣ ਤਾਂ 'ਡਬਲ ਡੋਜ਼' ਜ਼ਰੂਰ ਅਸਰ ਕਰ ਜਾਵੇਗੀ! ਜੇ ਹਾਲੇ ਵੀ ਨਹੀਂ ਤਾਂ ਤਿੰਨ ਗੁਣਾ ਕਰ ਵੇਖੋ। ਸ਼ਰਤੀਆ ਆਰਾਮ ਮਿਲੇਗਾ!

Tags: ਮਰਦਾਂ ਅਤੇ ਔਰਤਾਂ ਵਿਚ ਗੁੱਸੇ ਦੇ ਦੌਰੇ ਪੈਣੇ ਡਾ: ਹਰਸ਼ਿੰਦਰ ਕੌਰ ੨੮ ਪ੍ਰੀਤ ਨਗਰ ਲੋਅਰ ਮਾਲ ਪਟਿਆਲਾ ਫੋਨ ੦੧੭੫-੨੨੧੬੭