HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਕਾਮਯਾਬ ਪਤੀ ਅਤੇ ਪਤਨੀ ਬਣਨ ਲਈ ਕੁਝ ਜ਼ਰੂਰੀ ਨੁਕਤੇ


Date: Feb 09, 2014

ਡਾ: ਹਰਜਿੰਦਰ ਵਾਲੀਆ, ਮੁਖੀ ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ,ਪਟਿਆਲਾ ਮੋਬਾਇਲ ੯੮੭੨੩-੧੪੩੮੦
''ਤੁਸੀਂ ਲਿਖਿਆ ਸੀ 'ਡਰੀਮ, ਡਰੱਗ ਅਤੇ ਪੰਜਾਬ', 'ਤੁਹਾਡੇ ਮੁਤਾਬਕ ਪੰਜਾਬ ਨੁੰ ਅਗਰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਪੰਜਾਬ ਦੇ ਬੱਚਿਆਂ ਨੂੰ ਡਰੀਮ ਦਿਓ। ਮੈਂ ਇਕ ਅਧਿਆਪਕ ਹਾਂ। ਮੈਂ ਇਸ ਬਾਰੇ ਬਹੁਤ ਸੋਚਿਆ ਹੈ ਪਰ ਮੈਨੂੰ ਤੁਹਾਡੀ ਧਾਰਨਾ ਸਮਝ ਨਹੀਂ ਆਈ। ਡਰੀਮ ਨਾਲ ਡਰੱਗ ਦਾ ਕੀ ਸਬੰਧ? ਇਸ ਤਰ੍ਹਾਂ ਦਾ ਇਕ ਸਵਾਲ ਮੇਰੇ ਇਕ ਅਧਿਆਪਕ ਪਾਠਕ ਨੇ ਲਿਖ ਭੇਜਿਆ ਹੈ। ਸਿਰਫ ਇਕ ਹੀ ਪਾਠਕ ਕਿਉਂ ਅਨੇਕਾਂ ਲੋਕ ਜੋ ਪੰਜਾਬ ਨਾਲ ਸਰੋਕਾਰ ਰੱਖਦੇ ਹਨ, ਅਜਿਹੇ ਸਵਾਲ ਕਰਦੇ ਹਨ। ਉਹਨਾਂ ਸੱਜਣਾਂ ਲਈ ਇਕ ਵਾਰ ਫਿਰ ਜਵਾਬ ਹਾਜ਼ਰ ਹੈ।

''ਤੁਹਾਡਾ ਸਵਾਲ ਬਿਲਕੁਲ ਦਰੁੱਸਤ ਹੈ ਪਰ ਜਿੱਥੋਂ ਤੱਕ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਸੁਪਨੇ ਲੈਣ ਦੀ ਜਾਚ ਸਿਖਾਉਣੀ ਬਹੁਤ ਜ਼ਰੂਰੀ ਹੈ। ਮੇਰੀ ਧਾਰਨਾ ਹੈ ਕਿ ਜਦੋਂ ਅਸੀਂ ਬੱਚਿਆਂ ਦੇ ਮਨਾਂ ਵਿਚ ਵੱਡੇ ਸੁਪਨੇ ਬੀਜ ਦੇਵਾਂਗੇ ਅਤੇ ਉਹਨਾਂ ਸੁਪਨਿਆਂ ਨੁੰ ਪੂਰਾ ਕਰਨ ਲਈ ਪ੍ਰੇਰਿਤ ਕਰਾਂਗੇ। ਬੱਚੇ ਜਦੋਂ ਆਪਣੇ ਬਣਾਏ ਵੱਡੇ ਮਨੋਰਥਾਂ ਨੂੰ ਪੂਰਾ ਕਰਨ ਹਿਤ ਸਖਤ ਮਿਹਨਤ ਕਰਨਗੇ, ਜਦੋਂ ਉਹ ਸੌਂਦੇ ਜਾਗਦੇ ਆਪਣੇ ਉਦੇਸ਼ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ ਤਾਂ ਸੁਭਾਵਿਕ ਹੀ ਉਹ ਖਿੱਚ ਦੇ ਸਿਧਾਂਤ ਅਨੁਸਾਰ ਅਜਿਹੀਆਂ ਤਰੰਗਾਂ ਪੈਦਾ ਕਰਨ ਵਿਚ ਸਫਲ ਹੋਣਗੇ, ਜਿਸ ਨਾਲ ਉਹਨਾਂ ਦੇ ਕਦਮ ਉਹਨਾਂ ਦੀ ਨਿਸਚਿਤ ਕੀਤੀ ਮੰਜ਼ਿਲ ਵੱਲ ਪਹੁੰਚਣ ਵਿਚ ਕਾਮਯਾਬ ਹੋਣਗੇ। ਸਫਲ ਮਨੁੱਖਾਂ ਨੂੰ ਹੀ ਵੱਡੇ ਸੁਪਨੇ ਲੈਣ ਦੀ ਜਾਚ ਹੁੰਦੀ ਹੈ, ਬੱਸ ਇਹੀ ਜਾਚ ਸਿਖਾਉਣ ਦੀ ਲੋੜ ਹੈ ਜਾਂ ਫਿਰ ਗੁਰੂ ਸਾਹਿਬਾਨ ਦੇ ਬਚਨਾਂ ਨੂੰ ਯਾਦ ਕਰਾਉਣ ਦੀ:

ਜੈਸੀ ਦ੍ਰਿਸ਼ਟੀ ਕਰੇ ਤੈਸਾ ਹੋਏ

ਜਾਂ

ਜੋ ਮਾਂਗੇ ਠਾਕੁਰ ਅਪਨੇ ਸੇ, ਸੋਈ ਸੋਈ ਦੇਵੈ

ਅਫਸੋਸ ਤਾਂ ਇਸ ਗੱਲ ਦਾ ਹੈ ਕਿ ਜ਼ਿਆਦਾ ਗਿਣਤੀ ਵਿਚ ਬੱਚੇ ਅਤੇ ਨੌਜਵਾਨ ਬਿਨਾਂ ਜੀਵਨ ਮਨੋਰਥ ਦੇ ਜ਼ਿੰਦਗੀ ਗੁਜ਼ਾਰ ਰਹੇ ਹਨ। ਸੁੱਕਾ ਖੂਹ ਗੇੜ ਕੇ ਪਾਣੀ ਦੀ ਆਸ ਤੇ ਕਿਵੇਂ ਬੈਠਿਆ ਜਾ ਸਕਦਾ ਹੈ। ਜੋ ਕੋਈ ਵੀ ਆਪਣੀ ਮੰਜ਼ਿਲ ਮਿੱਥ ਲੈਂਦਾ ਹੈ, ਉਦੇਸ਼ ਬਣਾ ਲੈਂਦਾ ਹੈ ਜਾਂ ਟੀਚਾ ਮਿੱਥ ਲੈਂਦਾ ਹੈ, ਉਸ ਦੀ ਜ਼ਿੰਦਗੀ ਦੀ ਚਾਲ ਅਤੇ ਢਾਲ ਬਦਲ ਜਾਂਦੀ ਹੈ। ਉਹ ਵਕਤ ਦੀ ਕਦਰ ਕਰਨੀ ਸਿੱਖ ਜਾਂਦਾ ਹੈ। ਵਕਤ ਦੀ ਵਿਉਂਤਬੰਦੀ ਵਿਚ ਉਹ ਆਪਣੇ ਸਰੀਰ ਅਤੇ ਸਿਹਤ ਦਾ ਖਿਆਲ ਕਰਨਾ ਆਪਣਾ ਕਰਤੱਵ ਸਮਝਦਾ ਹੈ। ਜਿਸਨੇ ਸਿਹਤ ਵੱਲ ਧਿਆਨ ਦੇਣਾ ਸ਼ੁਰੂ ਕਰ ਲਿਆ, ਉਹ ਫਿਰ ਨਸ਼ਿਆਂ ਵੱਲ ਕਿਸ ਤਰ੍ਹਾਂ ਜਾ ਸਕਦਾ ਹੈ। ਅੱਜ ਹਾਲਾਤ ਵਿਪਰੀਤ ਹਨ। ਕੁਝ ਸਵਾਰਥੀ ਲੋਕਆਪਣੇ ਸਵਾਰਥ ਖਾਤਰ ਪੰਜਾਬ ਨੂੰ ਨਸ਼ਿਆਂ ਵੱਲ ਧਕੇਲ ਰਹੇ ਹਨ। ਇਹਨਾਂ ਲੋਕਾਂ ਵਿਚ ਸਮਗਲਰਾਂ ਤੋਂ ਇਲਾਵਾ ਅਫਸਰਸ਼ਾਹੀ, ਸਿਆਸੀ ਲੋਕ, ਪੁਲਿਸ ਅਤੇ ਬੀ ਐਸ ਐਫ ਆਦਿ ਤੱਕ ਦੇ ਲੋਕ ਸ਼ਾਮਲ ਹਨ। ਇਕ ਜਗਦੀਸ਼ ਭੋਲਾ ਨਹੀਂ, ਅਨੇਕਾਂ ਭੋਲੇ ਸਾਡੇ ਭੋਲ਼ੇ ਭਾਲ਼ੇ ਨੌਜਵਾਨਾਂ ਨੂੰ ਇਸ ਰਾਹ ਪਾ ਰਹੇ ਹਨ। ਬੇਰੁਜ਼ਗਾਰੀ, ਜਲਦੀ ਅਤੇ ਅਸਾਨੀ ਨਾਲ ਪੈਸਾ ਕਮਾਉਣ ਦਾ ਲਾਲਚ ਵੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਇਸ ਪਾਸੇ ਲਾ ਰਿਹਾ ਹੈ।

' ਡਰੀਮ, ਡਰੱਗ ਅਤੇ ਪੰਜਾਬ' ਵਿਚ ਮੈਂ ਕਿਹਾ ਸੀ ਕਿ 'ਲਾਅ ਆਫ ਐਟਰੈਕਸ਼ਨ' ਅਨੁਸਾਰ ਡਰੱਗ ਨੂੰ ਖਿੱਚਣ ਦੀ ਬਜਾਏ ਸਾਡੇ ਬੱਚੇ ਵੱਡੇ ਉਦੇਸ਼ ਬਣਾ ਕੇ ਉਹਨਾਂ ਨੂੰ ਪੂਰਾ ਕਰਨ ਹਿੱਤ ਇਸ ਸਿਧਾਂਤ ਨੂੰ ਵਰਤਣ। ਅਜਿਹਾ ਕਰਨ ਨਾਲ ਉਹ ਸੁਭਾਵਿਕ ਤੌਰ 'ਤੇ ਹੀ ਨਸ਼ਿਆਂ ਤੋਂ ਦੂਰ ਚਲੇ ਜਾਣਗੇ ਅਤੇ ਸਫਲ ਮਨੁੱਖ ਬਣਨਗੇ।'

ਮੈਂ ਐਮ. ਏ. ਇੰਗਲਿਸ਼ ਕਰਕੇ ਪਿਛਲੇ ੪ ਸਾਲਾਂ ਤੋਂ ਇਕ ਕਾਲਜ ਵਿਚ ਪੜ੍ਹਾ ਰਹੀ ਹਾਂ। ਹੁਣ ਮੈਂ ਪੱਤਰਕਾਰੀ ਵਿਚ ਮਾਸਟਰ ਡਿਗਰੀ ਕਰ ਲਈ ਹੈ। ਘਰ ਵਾਲੇ ਮੈਨੂੰ ਹੋਰ ਕੰਮ ਲਈ ਕਹਿ ਰਹੇ ਹਨ। ਮੈਂ ਪੀ ਐਚ ਡੀ ਕਰਨਾ ਚਾਹੁੰਦੀ ਹਾਂ। ਪਰ ਪਤਾ ਨਹੀਂ ਲੱਗ ਰਿਹਾ ਕਿ ਪੱਤਰਕਾਰੀ ਵਿਚ ਕਰਾਂ ਜਾਂ ਇੰਗਲਿਸ਼ ਵਿਚ। ਉਧਰ ਉਮਰ ਵੀ ਵੱਧ ਰਹੀ ਹੈ। ਇਹ ਸਵਾਲ ਇਕ ਵਿਦਿਆਰਥਣ ਦਾ ਹੈ। ਇਹ ਇਕ ਵਿਦਿਅਰਥਣ ਦਾ ਸਵਾਲ ਨਹੀਂ ਸਗੋਂ ਅਜਿਹੇ ਸਵਾਲ ਲੈ ਕੇ ਅਨੇਕਾਂ ਵਿਦਿਆਰਥੀ ਆ ਰਹੇ ਹਨ।

''ਵਿਦਿਆਰਥੀ ਚੌਰਾਹੇ ਤੇ ਖੜ੍ਹੇ ਡਾਵਾਂਡੋਲ ਹਨ। ਰਸਤਾ ਦਿਖਾਈ ਨਹੀਂ ਦੇ ਰਿਹਾ। ਜ਼ਿੰਦਗੀ ਵਿਚ ਕਿਸ ਖੇਤਰ ਵਿਚ ਜਾਣ। ਆਪਣੀ ਯੋਗਤਾ ਨੂੰ ਕਿਸ ਖੇਤਰ ਵਿਚ ਵਧਾਉਣ, ਇਹ ਸਵਾਲ ਅਕਸਰ ਉਹਨਾਂ ਸਾਹਮਣੇ ਹੁੰਦੇ ਹਨ। ਅਜਿਹੀ ਦੁਚਿੱਤੀ ਦਾ ਕਾਰਨ ਵੀ ਅਸਲ ਵਿਚ ਬਚਪਨ ਵਿਚ ਮਨੋਰਥ ਜਾਂ ਟੀਚਾ ਨਾ ਮਿੱਥਣਾ ਹੀ ਹੈ। ਮਨੁੱਖੀ ਜ਼ਿੰਦਗੀ ਦੇ ਦੋ ਵੱਡੇ ਫੈਸਲੇ ਹੁੰਦੇ ਹਨ, ਇਕ ਕੰਮ ਦੇ ਖੇਤਰ ਦੀ ਚੋਣ ਦੂਜੀ ਵਿਆਹ ਲਈ ਆਪਣੇ ਸਾਥੀ ਦੀ ਚੋਣ। ਸਾਡੇ ਸਮਾਜ ਵਿਚ ਅਜੇ ਤੱਕ ਇਹਨਾਂ ਦੋਹਾਂ ਅਹਿਮ ਫੈਸਲਿਆਂ ਲਈ ਬਹੁਤੀ ਵਾਰ ਮਾਪਿਆਂ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ। ਅਨੇਕਾਂ ਨਾਕਾਮੀਆਂ ਪਿੱਛੇ ਕੰਮ ਦੀ ਗਲਤ ਚੋਣ ਹੁੰਦੀ ਹੈ।

ਕੰਮ ਵਿਚ ਆਨੰਦ ਲੈਣਾ ਹੀ ਅਸਲ ਜ਼ਿੰਦਗੀ ਦਾ ਆਨੰਦ ਹੁੰਦਾ ਹੈ। ਜਦੋਂ ਤੁਸੀਂ ਆਪਣੀ ਮਰਜ਼ੀ ਦਾ ਕਿੱਤਾ ਚੁਣਦੇ ਹੋ ਤਾਂ ਠੱਗੀ ਅਤੇ ਬੇਈਮਾਨੀ ਤੁਹਾਡੇ ਨੇੜਿਉਂ ਵੀ ਨਹੀਂ ਲੰਘਦੀ। ਤੁਸੀਂ ਕੰਮਚੋਰ ਨਹੀਂ ਹੋ ਸਕਦੇ। ਤੁਹਾਨੂੰ ਆਪਣੀ ਮਨਪਸੰਦੀ ਦਾ ਕਿੱਤਾ ਤਦ ਹੀ ਮਿਲੇਗਾ ਜੇ ਤੁਸੀਂ ਉਸ ਦੇ ਯੋਗ ਹੋਵੋਗੇ। ਯੋਗਤਾ ਲਈ ਪੜ੍ਹਾਈ ਜ਼ਰੂਰੀ ਹੈ। ਪੜ੍ਹਾਈ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਮਨਪਸੰਦ ਵਿਸ਼ੇ ਚੁਣੋ। ਇਸ ਕੰਮ ਵਿਚ ਬੱਚਿਆਂ ਦੀ ਮਦਦ ਅਧਿਆਪਕ ਅਤੇ ਮਾਪੇ ਹੀ ਕਰ ਸਕਦੇ ਹਨ। ਮੈਨੂੰ ਦੁੱਖ ਇਸੇ ਗੱਲ ਦਾ ਹੈ ਕਿ ਸਾਡੇ ਅਧਿਆਪਕ ਅਤੇ ਮਾਪੇ ਇਸ ਪੱਖੋਂ ਬਹੁਤੀ ਵਾਰ ਫੇਲ੍ਹ ਹੀ ਹੋਏ ਨਜ਼ਰੀ ਪੈਂਦੇ ਹਨ। ਅੱਜ ਮਿਡਲ ਕਲਾਸ ਦੇ ਮਾਪੇ ਆਪਣੇ ਬੱਚੇ ਨੂੰ ਇੰਜੀਨੀਅਰ ਜਾਂ ਡਾਕਟਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਹਨ। ਬੱਚੇ ਦੀ ਦਿਲਚਸਪੀ ਅਤੇ ਮਰਜ਼ੀ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਸਕੂਲਾਂ ਦੇ ਅਧਿਆਪਕਾਂ ਅਤੇ ਮੁੱਖ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਹਰੇਕ ਵਿਦਿਆਰਥੀ ਦੇ ਭਵਿੱਖ ਬਾਰੇ ਉਸਦੇ ਮਾਪਿਆਂ ਨੂੰ ਸਹੀ ਸਲਾਹ ਦੇਵੇ। ਪਰ ਸਾਡੀ ਵਿਦਿਅਕ ਪ੍ਰਣਾਲੀ, ਵਿਦਿਆਰਥੀਆਂ ਦੀ ਗਿਣਤੀ, ਅਧਿਆਪਕਾਂ ਦੀ ਨੈਤਿਕ ਜ਼ਿੰਮੇਵਾਰੀ ਦੀ ਕਮੀ ਅਤੇ ਮਾਪਿਆਂ ਦਾ ਬਹੁਤ ਵਾਰ ਅਨਪੜ੍ਹ ਹੋਣਾ ਕਾਰਨ ਦੋਵੇਂ ਧਿਰਾਂ ਬੱਚਿਆਂ ਨੂੰ ਰਹਿਬਰੀ ਦੇਣ ਵਿਚ ਅਸਫਲ ਰਹਿੰਦੀਆਂ ਹਨ।

ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀਆਂ ਆਦਤਾਂ, ਦਿਲਚਸਪੀਆਂ ਅਤੇ ਵਤੀਰੇ ਵੱਲ ਉਚੇਚਾ ਧਿਆਨ ਦੇਣ। ਉਹਨਾਂ ਦੀਆਂ ਰੁਚੀਆਂ ਨੂੰ ਬਚਪਨ ਤੋਂ ਹੀ ਨੋਟ ਕਰਦੇ ਰਹਿਣ। ਬੱਚਿਆਂ ਨੂੰ ਮਾਰਨਾ ਜਾਂ ਉਹਨਾਂ 'ਤੇ ਬੰਦਸ਼ਾਂ ਲਾਉਣਾ ਮੇਰੀ ਜਾਚੇ ਪਾਪ ਹੀ ਹੈ। ਬੱਚਿਆਂ ਦੀ ਰੁਚੀ ਮੁਤਾਬਕ ਵਿਸ਼ੇ ਚੁਣਨਾ ਅਤੇ ਭਵਿੱਖ ਦੀ ਯੋਜਨਾ ਬਣਾਉਣਾ ਜ਼ਰੂਰੀ ਹੈ। ਅਜਿਹਾ ਕਰਨ ਨਾਲ ਹੀ ਉਹ ਚੰਗੇ ਮਾਪਿਆਂ ਦਾ ਫਰਜ਼ ਨਿਭਾਅ ਰਹੇ ਹੋਣਗੇ।

ਖੈਰ, ਜਿੱਥੇ ਤੱਕ ਮੇਰੀ ਇਸ ਵਿਦਿਆਰਥਣ ਦਾ ਸਵਾਲ ਹੈ, ਮੈਂ ਇਸਨੂੰ ਸਲਾਹ ਦੇਵਾਂਗਾ ਕਿ ਉਹ ਇਕ ਤਾਂ ਦਿਲ ਦੀ ਆਵਾਜ਼ ਸੁਣੇ। ਘੰਟਾ ਅੱਧਾ ਘੰਟਾ ਸਵੈ-ਪੜਚੋਲ ਕਰੇ। ਫਿਰ ਕਿਸੇ ਨਿਰਣੇ ਤੇ ਪਹੁੰਚੇ। ਨਿਰਣਾ ਲੈਣ ਤੋਂ ਪਹਿਲਾਂ ਇਹ ਜ਼ਰੂਰ ਵੇਖੇ ਕਿ ਉਸਦੀ ਦਿਲਚਸਪੀ ਪੱਤਰਕਾਰੀ ਵਿਚ ਕਿੰਨੀ ਹੈ। ਭਾਸ਼ਾ ਵਿਚ ਕਿੰਨੀ ਕੁ ਮਾਹਿਰ ਹੈ। ਰੋਜ਼ੀ ਦੇ ਮੌਕੇ ਕਿਸ ਖੇਤਰ ਵਿਚ ਜ਼ਿਆਦਾ ਹਨ। ਜੇ ਉਸਦੀ ਦਿਲਚਸਪੀ ਭੂਗੋਲ, ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ, ਹਿਸਾਬ, ਸਮਾਜ ਵਿਗਿਆਨ ਅਤੇ ਇਤਿਹਾਸ ਤੋਂ ਇਲਾਵਾ ਸਾਇੰਸ ਵਿਸ਼ਿਆਂ ਵਿਚ ਵੀ ਹੈ ਤਾਂ ਉਹ ਆਈ. ਏ. ਐਸ਼ ਜਾਂ ਪੀ. ਸੀ. ਐਸ਼ ਵਿਚ ਵੀ ਕੋਸ਼ਿਸ਼ ਕਰ ਸਕਦੀ ਹੈ। ਨਹੀਂ ਤਾਂ ਉਹ ਪੜ੍ਹਾ ਰਹੀ ਹੈ, ਉਸਦੀ ਯੂ ਜੀ ਸੀ ਦੀ ਪ੍ਰੀਖਿਆ ਪਾਸ ਕਰਕੇ ਪੀ ਐਚ ਡੀ ਕਰਨ ਦਾ ਟੀਚਾ ਬਣਾ ਲਵੇ।

''ਸਾਡੇ ਵਿਆਹ ਨੂੰ ੧੫ ਵਰ੍ਹੇ ਹੋ ਗਏ ਹਨ। ਮੇਰੀ ਉਮਰ ੩੮ ਸਾਲ ਦੀ ਹੈ। ਦੋ ਬੱਚੇ ਹਨ। ਮੇਰੇ ਪਤੀ ਦਾ ਮੇਰੇ ਵੱਲ ਕੋਈ ਧਿਆਨ ਨਹੀਂ, ਕੋਈ ਦਿਲਚਸਪੀ ਨਹੀਂ। ਸ਼ਾਇਦ ਉਹ ਆਪਣੇ ਦਫਤਰ ਵਿਚ ਕਿਸੇ ਹੋਰ ਔਰਤ ਨਾਲ ਸਬੰਧ ਬਣਾ ਚੁੱਕੇ ਹਨ। ਘਰ ਵਿਚ ਕਲੇਸ਼ ਰਹਿਣ ਲੱਗਾ ਹੈ। ਬੱਚਿਆਂ ਕਾਰਨ ਮੈਂ ਚੁੱਪ ਰਹੀ। ਹੁਣ ਪਿਛਲੇ ਕੁਝ ਮਹੀਨਿਆਂ ਤੋਂ ਮੇਰੀ ਦਿਲਚਸਪੀ ਵੀ ਇਕ ਵਿਅਕਤੀ ਵੱਲ ਹੋ ਗਈ ਹੈ। ਮੈਨੂੰ ਉਹ ਚੰਗਾ ਲੱਗਣ ਲੱਗਾ ਹੈ। ਮੇਰੀਆਂ ਸਹੇਲੀਆਂ ਦੀ ਸਲਾਹ ਹੈ ਕਿ ਮੈਂ ਵੀ ਉਸ ਨਾਲ ਦੋਸਤੀ ਕਰ ਲਵਾਂ। ਦੋਸਤੀ ਕਰਨ ਵਿਚ ਕੋਈ ਹਰਜ਼ ਨਹੀਂ। ਮੈਨੂੰ ਸਲਾਹ ਦਿਓ ਅਤੇ ਇਹ ਦੱਸੋ ਕਿ ਇਹ ਦੋਸਤੀ ਅਨੈਤਿਕ ਤਾਂ ਨਹੀਂ ਹੋਵੇਗੀ?''

ਅੱਜਕਲ੍ਹ ਇਸ ਕਿਸਮ ਦੇ ਬਹੁਤ ਕਿੱਸੇ ਸਾਹਮਣੇ ਆ ਰਹੇ ਹਨ। ਬਹੁਤ ਹੀ ਧੂਮ ਧੜੱਕੇ ਨਾਲ ਹੋ ਰਹੇ ਵਿਆਹਾਂ ਦਾ ਅੰਤ ਵੀ ਹੱਲੇ ਗੁੱਲੇ ਨਾਲ ਹੋ ਰਿਹਾ ਹੈ। ਬਹੁਤੇ ਜੋੜਿਆਂ ਦਾ ਦੁੱਖ ਹੈ ਕਿ ਪਿਆਰ ਕਰ ਸਕਣ ਦੇ ਬਾਵਜੂਦ ਪਤੀ-ਪਤਨੀ ਇਕ ਦੂਜੇ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਕਿਉਂ ਅਸਮਰੱਥ ਹਨ। ਵਿਆਹ ਨੂੰ ਸਾਡੇ ਸਮਾਜ ਵਿਚ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਗਿਆ ਹੈ। ਗੁਰੂ ਅਮਰਦਾਸ ਜੀ ਨੇ ਤਾਂ ਬਚਨ ਕੀਤੇ ਹਨ:

ਧਨ ਪਿਰੁ ਏਹਿ ਨ ਆਖਿਅਨਿ ਬਹਨਿ ਇਕਠੇ ਹੋਇ

ਏਕ ਜੋਤਿ ਦੁਇ ਮੂਰਤੀ ਧਨੁ ਪਿਰੁ ਕਹੀਐ ਸੋਇ

ਸੱਚਮੁਚ ਹੀ ਇਹ ਰਿਸ਼ਤਾ ਹੈ ਵੀ ਬਹੁਤ ਪਵਿੱਤਰ। ਮਾਪਿਆਂ ਦੇ ਘਰੋਂ ੨੦-੨੨ ਵਰ੍ਹੇ ਬਿਤਾ ਕੇ ਜਦੋਂ ਕੋਈ ਔਰਤ ਆਪਣੇ ਪਤੀ ਦੇ ਘਰ ਜਾਂਦੀ ਹੈ ਤਾਂ ਦੋਵਾਂ ਧਿਰਾਂ ਲਈ ਇਹ ਵੱਡਾ ਪਰਿਵਰਤਨ ਹੁੰਦਾ ਹੈ। ਸ਼ੁਰੂ ਸ਼ੁਰੂ ਵਿਚ ਤਾਂ ਇਹ ਸ਼ਗਨਾਂ ਦੇ ਦਿਨ ਪਲਾਂ ਵਿਚ ਬੀਤ ਜਾਂਦੇ ਹਨ। ਜਨਮਾਂ ਜਨਮਾਂ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ। ਫਿਰ ਜਦੋਂ ਮੁੰਡਾ ਸਿੱਧਾ ਆਪਣੀ ਸਾਥਣ ਦੀਆਂ ਬਾਹਾਂ ਵਿਚ ਜਾ ਬੈਠਣ ਲੱਗਦਾ ਹੈ, ਸੱਸ ਅੱਗ ਬਬੂਲਾ ਹੋ ਉਠਦੀ ਹੈ। ਨਨਾਣਾਂ ਵਿਚ ਵੀ ਕਬਜ਼ੇ ਵਾਲੇ ਜਜ਼ਬਾਤ ਅੰਗੜਾਈਆਂ ਲੈਣ ਲੱਗਦੇ ਹਨ। ਫਿਰ ਵਿਦਿਆ ਦੀ ਘਾਟ ਅੱਖਰਨ ਲੱਗਦੀ ਹੈ। ਕਾਲੇ ਰੰਗ ਨੂੰ ਪਰਖਿਆ ਜਾਦਾ ਹੈ। ਖੂਬਸੂਰਤੀ ਉਤੇ ਦਾਗ ਲੱਭਣੇ ਸ਼ੁਰੂ ਹੋ ਜਾਂਦੇ ਹਨ। ਦਾਜ ਦਾ ਭੂਤ ਵੀ ਘੇਰ ਲੈਂਦਾ ਹੈ। ਪੁਰਾਣੇ ਪਿਆਰ ਅੰਗੜਾਈਆਂ ਲੈਣ ਲੱਗਦੇ ਹਨ। ਫਿਰ ਸ਼ੁਰੂ ਹੋ ਜਾਂਦਾ ਹੈ ਮਹਾਂਭਾਰਤ, ਨਾ ਮੁੱਕਣ ਵਾਲੀ ਮਹਾਂਭਾਰਤ।

ਫਿਰ ਸ਼ੈਕਸਪੀਅਰ ਯਾਦ ਆਉਂਦਾ ਹੈ ''ਜਿਸਦਾ ਹੋਇਆ ਵਿਆਹ ਉਹੀ ਹੋਇਆ ਤਬਾਹ। ਫਿਰ ਅਨਟੇਨ ਦੇ ਬੋਲ ਸੁਣਾਏ ਜਾਂਦੇ ਹਨ 'ਇਕ ਚੰਗਾ ਵਿਆਹ ਇਕ ਅੰਨੀ ਪਤਨੀ ਅਤੇ ਇਕ ਬੋਲੇ ਪਤੀ ਵਿਚਕਾਰ ਹੀ ਹੋ ਸਕਦਾ ਹੈ। ਡਿਜ਼ਰਾਇਲੀ ਵੀ ਮਜ਼ਾਕ ਉਡਾ ਰਿਹਾ ਹੈ, 'ਹਰ ਔਰਤ ਨੂੰ ਵਿਆਹ ਕਰਾਉਣਾ ਚਾਹੀਦਾ ਹੈ ਪਰ ਕਿਸੇ ਵੀ ਮਰਦ ਨੂੰ ਨਹੀਂ।' ਇਸ ਤਰ੍ਹਾਂ ਅਨੇਕਾਂ ਚੁਟਕਲੇ ਵਿਆਹ ਬਾਰੇ ਪ੍ਰਚੱਲਿਤ ਹਨ। ਕੁਝ ਵੀ ਹੋਵੇ ਵਿਆਹ ਦਾ ਬੰਧਨ ਇਕ ਅਤੀ ਕੋਮਲ ਬੰਧਨ ਹੈ, ਜੋ ਸਿਰਫ ਸਰੀਰਾਂ ਦਾ ਨਹੀਂ ਦੋ ਰੂਹਾਂ ਦਾ ਮੇਲ ਹੋਣਾ ਚਾਹੀਦਾ ਹੈ। ਇਸ ਰਿਸ਼ਤੇ ਨੂੰ ਤੋੜ ਤੱਕ ਨਿਭਾਉਣ ਲਈ ਜਿੱਥੇ ਆਪਸੀ ਰਿਸ਼ਤੇ ਵਿਚ ਸਤਿਕਾਰ ਕਾਇਮ ਰੱਖਣ ਦੀ ਲੋੜ ਹੁੰਦੀ ਹੈ, ਉਥੇ ਦੋਵੇਂ ਧਿਰਾਂ ਨੁੰ ਇਕ ਦੂਜੇ ਮਾਂ-ਪਿਓ ਅਤੇ ਭੈਣ-ਭਰਾਵਾਂ ਦੇ ਰਿਸ਼ਤਿਆਂ ਦਾ ਸਤਿਕਾਰ ਕਰਨ ਅਤੇ ਕਾਇਮ ਰੱਖਣ ਦੀ ਕਲਾ ਵੀ ਆਉਣੀ ਚਾਹੀਦੀ ਹੈ। ਪਤਨੀ ਨੂੰ ਆਪਣੀ ਸੱਸ ਦਾ ਦਿਲ ਜਿੱਤਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਪਤੀ ਦਾ। ਨਹੀਂ ਤਾਂ ਈਰਖਾ ਦਾ ਕੀੜਾ ਸਿਉਂਕ ਵਾਂਗ ਇਸ ਰਿਸ਼ਤੇ ਦੀ ਜੜ ਨੂੰ ਖੋਖਲਾ ਕਰਨਾ ਸ਼ੁਰੂ ਕਰ ਦਿੰਦਾ ਹੈ।

ਕਾਮਯਾਬੀ ਲਈ ਕਈ ਨੁਕਤੇ ਹਮੇਸ਼ਾਂ ਲੜ ਬੰਨ੍ਹ ਲੈਣੇ ਜ਼ਰੂਰੀ ਹਨ।

੧. ਪ੍ਰਸ਼ੰਸਾ- ਪ੍ਰਸ਼ੰਸਾ ਇਕ ਅਜਿਹਾ ਹਥਿਆਰ ਹੈ, ਜਿਸ ਨਾਲ ਸਭ ਨੂੰ ਜਿੱਤਿਆ ਜਾ ਸਕਦਾ ਹੈ। ਪਤੀ ਨੂੰ ਚਾਹੀਦਾ ਹੈ ਕਿ ਹਰ ਸਹੀ ਮੌਕੇ ਤੇ ਪਤਨੀ ਦੀ ਦਿਲੋਂ ਪ੍ਰਸ਼ੰਸਾ ਕਰੇ ਅਤੇ ਉਸਦੇ ਅੱਗੇ ਆਪਣੀ ਭੈਣ ਅਤੇ ਮਾਂ ਦੀ ਪ੍ਰਸ਼ੰਸਾ ਕਰਨ ਤੋਂ ਗੁਰੇਜ਼ ਕਰੇ। ਪਤਨੀ ਦੇ ਖਾਣੇ ਦੀ ਹੁਨਰ ਦੀ ਸੱਚੀ ਝੂਠੀ ਪ੍ਰਸੰਸਾ ਉਸਨੂੰ ਖੁਸ਼ ਰੱਖਦੀ ਹੈ ਅਤੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਉਸਦੇ ਪਾਏ ਨਵੇਂ ਸੂਟ ਦੀ ਤਾਰੀਫ ਕਰਨ ਵਿਚ ਕੰਜੂਸੀ ਨਾ ਕਰੋ। ਆਪਣੇ ਸਹੁਰਿਆਂ ਦੀ ਨਿੰਦਾ ਜਾਂ ਆਲੋਚਨਾ ਨਾ ਕਰੇ। ਅਸਲ ਨੁਕਤਾ ਤਾਂ ਇਹ ਹੈ ਕਿ ਘਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਬੱਚਿਆਂ ਦੇ ਮਾਮੇ ਅਤੇ ਨਾਨੇਦੀ ਵੀ ਖੂਬ ਸੇਵਾ ਕਰੇ। ਜੇ ਪਤੀ ਚਾਹੁੰਦਾ ਹੈ ਕਿ ਉਸਦੀ ਪਤਨੀ ਆਪਣੇ ਸੱਸ ਸਹੁਰੇ ਦੀ ਸੇਵਾ ਕਰੇ ਤਾਂ ਇਸ ਬਦਲੇ ਇਹ ਗੱਲ ਕਰਨੀ ਕੋਈ ਮਹਿੰਗੀ ਨਹੀਂ। ਕਿਸੇ ਦੂਜੀ ਔਰਤ ਬਾਰੇ ਆਪਣੀ ਪਤਨੀ ਸਾਹਮਣੇ ਗੱਲ ਜਾਂ ਤਾਰੀਫ ਕਰਨ ਦੀ ਗਲਤੀ ਨਾ ਕਰੇ।

ਦੂਜੇ ਪਾਸੇ ਪਤਨੀ ਨੂੰ ਵੀ ਚਾਹੀਦਾ ਹੈ ਕਿ ਪਤਨੀ ਕਦੇ ਭੁੱਲ ਕੇ ਕਿਸੇ ਹੋਰ ਮਰਦ ਦੀ ਪ੍ਰਸੰਸਾ ਆਪਣੇ ਪਤੀ ਸਾਹਮਣੇ ਨਾ ਕਰੇ। ਪਤੀ ਨੂੰ ਕੀਤੇ ਬਹੁਤੇ ਸਵਾਲ 'ਕਿੱਥੇ ਗਏ ਹੋ, ਕਿੱਥੋਂ ਆਏ ਹੋ'? ਸਾਰਾ ਦਿਨ ਕਿੱਥੇ ਸੀ' ਆਦਿ ਉਸਨੂੰ ਚਿੜਚਿੜਾ ਬਣਾ ਦਿੰਦੇ ਹਨ। ਉਸਨੂੰ ਬਣਦੀ ਖੁਲ੍ਹ ਦੇਣੀ ਜ਼ਰੂਰੀ ਹੀ। ਜੇਕਰ ਪਤਨੀ ਪਤੀ ਦਾ ਹਰ ਪੱਖੋਂ ਖਿਆਲ ਰੱਖੇ ਤਾਂ ਉਸਦਾ ਦਿਲ ਜਿੱਤਣਾ ਸੌਖਾ ਰਹੇਗਾ। ਕਦੇ ਵੀ ਪਤੀ ਦੇ ਸਾਹਮਣੇ ਨਿੰਦਾ, ਦੁੱਖਾਂ, ਤਕਲੀਫਾਂ ਅਤੇ ਜ਼ਰੂਰਤਾਂ ਦਾ ਵਿਖਿਆਨ ਨਾ ਕੀਤਾ ਜਾਵੇ।

ਇਹ ਤਾਂ ਕੁਝ ਨੁਕਤੇ ਕਾਮਯਾਬ ਪਤੀ ਅਤੇ ਪਤਨੀ ਲਈ ਸਨ। ਜਿੱਥੋਂ ਤੱਕ ਉਕਤ ਸਵਾਲ ਦਾ ਸਬੰਧ ਹੈ, ਇਸ ਬਾਰੇ ਮੇਰੀ ਧਾਰਨਾ ਹੈ ਕਿ ਜੇਕਰ ਸਵਾਲ ਕਰਤਾ ਆਪਣੇ ਪਤੀ ਦੇ ਵਿਵਹਾਰ ਜਾਂ ਉਸਨੇ ਕੀਤਾ ਹੈ, ਉਸਦੇ ਬਦਲੇ ਤਵਜੋਂ ਕਿਸੇ ਹੋਰ ਮਰਦ ਨਾਲ ਦੋਸਤੀ ਬਣਾਉਣਾ ਚਾਹ ਰਹੀ ਹੈ ਤਾਂ ਉਸਨੂੰ ਇਹ ਕਦਮ ਚੁੱਕਣ ਤੋਂ ਪਹਿਲਾਂ ਕਈ ਵਾਰ ਸੋਚਣਾ ਚਾਹੀਦਾ ਹੈ। ਤੁਹਾਡੇ ਆਪਣੇ ਬੱਚੇ ਹਨ। ਪਤੀ ਦੀ ਬੇਵਫਾਈ ਦਾ ਜਵਾਬ ਬੇਵਫਾਈ ਨਾਲ ਦੇ ਕੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਨ ਦਾ ਹੱਕ ਤੁਹਾਨੂੰ ਨਹੀਂ। ਜੇ ਤੁਹਾਡਾ ਪਤੀ ਗਲਤੀ ਕਰ ਰਿਹਾ ਹੈ, ਜੇ ਸਿਰਫ ਉਸ ਕਾਰਨ ਤੁਸੀਂ ਇਹ ਕਦਮ ਚੁੱਕ ਰਹੇ ਹੋ ਤਾਂ ਗਲਤੀ ਕਰ ਰਹੇ ਹੋ। ਹਾਂ, ਜੇ ਤੁਹਾਡਾ ਦਿਲ ਇਹ ਗਵਾਹੀ ਦੇ ਰਿਹਾ ਹੈ ਕਿ ਤੁਸੀਂ ਕੁਝ ਵੀ ਗਲਤ ਜਾਂ ਅਨੈਤਿਕ ਨਹੀਂ ਕਰ ਰਹੇ ਤਾਂ ਕੋਈ ਰਿਸ਼ਤਾ ਬਣਾਉਣਾ ਅੜਚਣ ਨਹੀਂ ਹੋਣੀ ਚਾਹੀਦੀ ਪਰ ਜੇ ਤੁਸੀਂ ਇਹ ਸਵਾਲ ਪੁੱਛਿਆ ਹੈ ਤਾਂ ਕਿਤੇ ਨਾ ਕਿਤੇ ਤੁਹਾਡੇ ਦਿਲ ਦੇ ਕਿਸੇ ਨੁੱਕਰੇ ਕੋਈ ਚੋਰ ਜ਼ਰੂਰ ਹੈ। ਆਪਣੇ ਦਿਲ ਦੀ ਸੁਣੋ ਅਤੇ ਆਤਮਾ ਦੀ ਆਵਾਜ਼ ਸੁਣ ਕੇ ਕਦਮ ਚੁੱਕੋ ਨਾ ਕਿ ਆਪਣੀਆਂ ਸਹੇਲੀਆਂ ਦੀ ਸਲਾਹ ਨਾਲ। ਉਂਝ ਜੇ ਥੋੜ੍ਹੀ ਮਿਹਨਤ ਕੀਤੀ ਜਾਵੇ ਤਾਂ ਗਲਤ ਰਾਹ ਪਏ ਰਾਹੀ ਨੂੰ ਸਿੱਧੇ ਰਾਹ ਪਾਇਆ ਜਾ ਸਕਦਾ ਹੈ।

Tags: ਕਾਮਯਾਬ ਪਤੀ ਅਤੇ ਪਤਨੀ ਬਣਨ ਲਈ ਕੁਝ ਜ਼ਰੂਰੀ ਨੁਕਤੇ ਡਾ: ਹਰਜਿੰਦਰ ਵਾਲੀਆ ਮੁਖੀ ਪੱਤਰਕਾਰੀ ਵਿਭਾਗ ਪੰਜਾਬੀ ਯੂਨੀਵਰਸਿ