HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਗ਼ਜ਼ਲ ਵਾਸਤੇ ਅਰੂਜ਼ ਕਿਉਂ ਜ਼ਰੂਰੀ


Date: Feb 09, 2014

ਕ੍ਰਿਸ਼ਨ ਭਨੋਟ, ਕੈਨੇਡਾ ਫੋਨ ੬੦੪-੩੧੪-੭੨੭੯
ਪਿਆਰੇ ਦੋਸਤੋ ਪਿਛਲੇ ਪੈਂਤੀ ਕੁ ਸਾਲ ਤੋਂ ਗ਼ਜ਼ਲ ਨਾਲ ਮੇਰਾ ਵਾਹ-ਵਾਸਤਾ ਰਿਹਾ ਹੈ । ਇਨ੍ਹਾਂ ਸਮਿਆਂ ਦੌਰਾਨ ਮੈਂ ਗ਼ਜ਼ਲ ਦੀ ਮਿਕਨਾਤੀਸੀ ਖਿੱਚ ਦੇ ਭੇਤ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ । ਜਿੰਨੀ ਵੀ ਗ਼ਜ਼ਲ ਦੀ ਖ਼ੂਬਸੂਰਤੀ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਹੈ ਇਹ ਮੇਰੇ ਲਈ ਓਨੀ ਹੀ ਰਹੱਸਮਈ ਹੁੰਦੀ ਗਈ ਹੈ । ਕਿਸੇ ਕਲਾ ਵਿਚ ਸੰਪੂਰਣ ਹੋਣ ਦਾ ਦਾਅਵਾ ਕਰਨਾ ਆਪਣੇ ਆਪ ਨੂੰ ਧੋਖਾ ਦੇਣਾ ਹੈ । ਮੈਂ ਆਪਣੇ ਆਪ ਨਾਲ ਇਹ ਦਗ਼ਾ ਨਹੀ ਕਰ ਸਕਦਾ । ਜਿਵੇਂ ਜਿਵੇਂ ਤੁਸੀਂ ਗਿਆਨ ਹਾਸਲ ਕਰਦੇ ਕਰਦੇ ਜਾਓਗੇ, ਗਿਆਨ ਦਾ ਖੇਤਰ ਹੋਰ ਵਿਸ਼ਾਲ ਹੁੰਦਾ ਜਾਵੇਗਾ ਤੇ ਤੁਹਾਨੂੰ ਆਪਣੀ ਅਗਿਆਨਤਾ ਦਾ ਅਹਿਸਾਸ ਹੋਰ ਵੀ ਸ਼ਿੱਦਤ ਨਾਲ ਮਹਿਸੂਸ ਹੋਵੇਗਾ, ਕਿਉਂ ਕਿ ਗਿਆਨ ਦੀ ਕੋਈ ਸੀਮਾਂ ਨਹੀ ਹੁੰਦੀ ।

ਆਪਣੇ ਅਜ਼ੀਜ ਦੋਸਤਾਂ ਕਮਲਦੇਵ ਪਾ ਅਤੇ ਰਾਜਵੰਤ ਬਾਗੜੀ ਨਾਲ ਗ਼ਜ਼ਲ ਬਾਰੇ ਵਿਚਾਰ ਚਰਚਾ ਕਰਦਿਆਂ ਅਸੀਂ ਇਹ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ਆਪਸ ਵਿਚ ਚਰਚਾ ਕਰਨ ਦੇ ਨਾਲ ਨਾਲ ਇਸ ਦਾ ਦਾਇਰਾ ਵਿਸ਼ਾਲ ਕਰਦਿਆਂ, ਕਿਉਂ ਨਾ ਗ਼ਜ਼ਲ ਨਾਲ ਮੋਹ ਰੱਖਣ ਵਾਲੇ ਹੋਰ ਮਿੱਤਰਾਂ ਦੋਸਤਾਂ ਨਾਲ ਸੰਵਾਦ ਸ਼ੁਰੂ ਕੀਤਾ ਜਾਵੇ, ਤਾਂ ਕਿ ਇਕ ਦੂਜੇ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਸਕੇ।

ਗ਼ਜ਼ਲ ਦਿਨੋ ਦਿਨ ਪੰਜਾਬੀ ਵਿਚ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ । ਬਹੁਤ ਸਾਰੇ ਨਵੇਂ ਸ਼ਾਇਰ ਗ਼ਜ਼ਲ ਲਿਖਣਾ ਚਹੁੰਦੇ ਹਨ, ਪਰ ਗ਼ਜ਼ਲ ਦੇ ਵਿਧੀ ਵਿਧਾਨ ਬਾਰੇ ਤਕਨੀਕੀ ਜਾਣਕਾਰੀ ਦੀ ਘਾਟ ਕਾਰਨ ਦਿੱਕਤ ਮਹਿਸੂਸ ਕਰਦੇ ਹਨ । ਖਾਸ ਕਰਕੇ ਬਹੁਤ ਸਾਰੇ ਪ੍ਰਵਾਸੀ ਸ਼ਾਇਰ ਜਿਹੜੇ ਦੂਰ-ਦੁਰਾਡੇ ਬੈਠੇ ਹਨ ਤੇ ਨਿਜੀ ਤੌਰ ਤੇ ਇਕ ਦੂਜੇ ਨਾਲ ਮਿਲ ਕੇ ਵਿਚਾਰ ਸਾਂਝੇ ਨਹੀ ਕਰ ਸਕਦੇ । ਉਨ੍ਹਾਂ ਦੀ ਗ਼ਜ਼ਲ ਦੇ ਵਿਧਾਨ ਬਾਰੇ ਲਿਖੀਆਂ ਕਿਤਾਬਾਂ ਤਕ ਪਹੁੰਚ ਵੀ ਨਹੀ ਹੁੰਦੀ ।

ਗ਼ਜ਼ਲ ਵਾਸਤੇ ਇਲਮ ਅਰੂਜ਼ ਦੀ ਜਾਣਕਾਰੀ ਬੇਹੱਦ ਜਰੂਰੀ ਹੈ । ਅਰੂਜ਼ ਕਿਉਂ ਕਿ ਇਕ ਵਿਦੇਸ਼ੀ ਭਾਸ਼ਾ ਅਰਬੀ ਦਾ ਛੰਦ-ਵਿਧਾਨ ਜਾਂ ਪਿੰਗਲ ਹੈ, ਇਸ ਲਈ ਇਸ ਦੀ ਸ਼ਬਦਾਵਲੀ ਸਾਨੂੰ ਓਪਰੀ ਲਗਦੀ ਹੈ । ਥੋੜੀ ਦੇਰ ਇਸ ਨਾਲ ਵਾਹ-ਵਾਸਤਾ ਪੈਣ ਨਾਲ ਇਹ ਓਪਰੀ ਨਾ ਰਹਿ ਕੇ ਜਾਣੀ ਪਛਾਣੀ ਤੇ ਆਪਣੀ ਆਪਣੀ ਜਾਪਣ ਲਗਦੀ ਹੈ । ਦੇਸ਼ਾ ਵਿਦੇਸ਼ਾਂ ਵਿਚ ਬੈਠੇ ਦੋਸਤਾਂ ਦਾ ਕਿੰਨੀਆਂ ਹੀ ਭਾਸ਼ਾਵਾਂ ਨਾਲ ਵਾਹ-ਵਾਸਤਾ ਪੈਂਦਾ ਹੈ । ਤੁਸੀਂ ਸਾਰੇ ਵੱਖ ਵੱਖ ਭਾਸ਼ਾਵਾਂ ਨੂੰ ਥੋੜਾ ਬਹੁਤ ਸਮਝ ਵੀ ਲੈਂਦੇ ਹੋਵੋਗੇ, ਬੋਲ ਵੀ ਲੈਂਦੇ ਹੋਵੋਗੇ ਤੇ ਥੋੜੀ ਬਹੁਤ ਲਿਖ ਵੀ ਲੈਂਦੇ ਹੋਵੇਗੇ । ਤੁਸੀਂ ਸਾਰੇ ਤੀਖ਼ਣ ਬੁੱਧੀ ਵਾਲੇ ਹੋ ਅਤੇ ਤੀਖ਼ਣ ਬੁੱਧੀ ਦਾ ਕਰਕੇ ਹੀ ਤੁਸੀਂ ਸ਼ਾਇਰੀ ਦਾ ਖ਼ੇਤਰ ਚੁਣ ਸਕੇ ਹੋ । ਤੁਹਾਡੇ ਵਾਸਤੇ ਅਰੂਜ਼ ਦੇ ਕੁਛ ਸ਼ਬਦ ਯਾਦ ਰੱਖਣਾ ਮੁਸ਼ਕਲ ਨਹੀ ਹੋਵੇਗਾ ।

ਕੁਛ ਦੋਸਤ ਇਹ ਸਵਾਲ ਪੁਛਦੇ ਹਨ ਕਿ ਜਦੋਂ ਸਾਡੇ ਕੋਲ ਪੰਜਾਬੀ ਦਾ ਆਪਣਾ ਛੰਦ -ਵਿਧਾਨ ਪਿੰਗਲ ਮੌਜ਼ੂਦ ਹੈ ਤਾਂ ਅਸੀਂ ਅਰੂਜ਼ ਕਿਉਂ ਅਪਣਾਈਏ। ਸਿਧਾਂਤਕ ਤੌਰ ਤੇ ਤੁਸੀਂ ਠੀਕ ਹੋ ਸਕਦੇ ਹੋ ਪਰ ਜਦ ਅਸੀਂ ਪਿੰਗਲ ਤੇ ਅਰੂਜ਼ ਦੀ ਅਮਲੀ ਤੌਰ ਤੇ ਤੁਲਨਾ ਕਰਾਂਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਅਰੂਜ਼ ਪਿੰਗਲ ਨਾਲੋਂ ਜਿਆਦਾ ਸਰਲ ਤੇ ਵਿਗਿਆਨਕ ਵਿਧੀ ਹੈ । ਆਪਾਂ ਆਪਣੀ ਗਲ ਇਸ ਨੁਕਤੇ ਤੋਂ ਹੀ ਸ਼ੁਰੂ ਕਰਾਂਗੇ ਕਿ ਗ਼ਜ਼ਲ ਵਾਸਤੇ ਅਰੂਜ਼ ਕਿਉਂ ਜਰੂਰੀ ਹੈ ।

ਪੈਂਤੀ ਕੁ ਸਾਲਾਂ ਦੇ ਅਰਸੇ ਦੌਰਾਨ ਇਕ ਸ਼ਾਇਰ ਦੇ ਤੌਰ ਤੇ ਜਿੰਨੀ ਜਾਣਕਾਰੀ ਮੈਂ ਹਾਸਲ ਕਰ ਸਕਿਆ, ਤੁਹਾਡੇ ਨਾਲ ਸਾਂਝੀ ਕਰਕੇ ਖੁਸ਼ੀ ਮਹਿਸੂਸ ਹੋਵੇਗੀ, ਕਿਉਂ ਕਿ ਮੇਰਾ ਇਹ ਮਤ ਹੈ ਕਿ ਗਿਆਨ ਦਾ ਅਦਾਨ-ਪ੍ਰਦਾਨ ਹੁੰਦਾ ਰਹਿਣਾ ਚਾਹੀਦਾ ਹੈ ।

'ਭਰ ਭਰ ਵੰਡੋ ਮੁੱਠੀਆਂ, ਵਿਰਸੇ ਦਾ ਪ੍ਰਸਾਦ,

ਗਿਆਨ ਕਿਸੇ ਦੀ ਆਪਣੀ, ਨਾ ਜੱਦੀ ਜਾਇਦਾਦ'

ਅਗਰ ਤੁਹਾਡੀ ਇਜ਼ਾਜਤ ਹੋਵੇ ਤਾਂ..

"ਬੇਸ਼ੱਕ ਭਾਵੇਂ ਮੋਤੀਆਂ, ਵਰਗੇ ਹੋਣ ਵਿਚਾਰ,

ਛੰਦਾਂ ਵਿੱਚ ਪਰੋਣ ਤੇ, ਬਣ ਜਾਂਦੇ ਨੇ ਹਾਰ"

ਪਿਆਰੇ ਦੋਸਤੋ ਖ਼ੂਬਸੂਰਤ ਵਿਚਾਰ ਭਾਵੇਂ ਕਿਸੇ ਤਰ੍ਹਾਂ ਵੀ ਪ੍ਰਗਟਾਏ ਜਾਣ, ਉਹ ਸੁਣਨ ਵਾਲੇ ਤੇ ਆਪਣਾ ਅਸਰ ਜ਼ਰੂਰ ਪਾਉਂਦੇ ਹਨ, ਪਰ ਜੇ ਉਹ ਛੰਦਾਬੰਦੀ 'ਚ ਬੱਝ ਜਾਣ ਤਾਂ ਸੋਨੇ ਤੇ ਸੁਹਾਗੇ ਦਾ ਕੰਮ ਕਰਦੇ ਹਨ । ਹੁਣ ਅਸੀਂ ਏਸ ਨੁਕਤੇ ਤੇ ਵਿਚਾਰਾ ਚਰਚਾ ਕਰਾਂਗੇ ਕਿ ਅਸੀਂ ਕਿਹੜੇ ਛੰਦ ਸ਼ਸਤਰ ਨੂੰ ਅਪਣਾਈਏ, ਜਿਸ ਨਾਲ ਸਾਡੇ ਵਿਚਾਰ ਸੁਣਨ ਵਾਲਿਆਂ ਤੇ ਜਿਆਦਾ ਅਸਰ ਪਾ ਸਕਣ। ਜਿਸ ਤਰ੍ਹਾਂ ਸਾਡੇ ਕੋਲ ਛੰਦਾਬੰਦੀ ਨਾਲ ਸਬੰਧਤ ਛੰਦ ਸ਼ਸਤਰ ਪਿੰਗਲ ਮੌਜੂਦ ਹੈ, ਅਰਬੀ ਭਾਸ਼ਾ ਵਾਲਿਆਂ ਕੋਲ ਅਰਬੀ ਪਿੰਗਲ ਹੈ, ਜਿਸ ਨੂੰ ਇਲਮ ਅਰੂਜ਼ ਕਿਹਾ ਜਾਂਦਾ ਹੈ । ਇਸ ਦਾ ਜ਼ਿਕਰ ਵਾਰਿਸ ਸ਼ਾਹ ਵੀ ਆਪਣੀ ਰਚਨਾਂ ਹੀਰ ਵਿਚ ਕਰਦਾ ਹੈ।

ਜਾਹਲ ਸ਼ਾਇਰਾਂ ਨੂੰ ਜ਼ਰਾ ਸਮਝ ਆਏ,

ਸ਼ਿਅਰ ਮੌਜ਼ੂੰ ਲਿਖ ਸੁਣਾਈਏ ਜੀ ।

ਇਲਮ ਸ਼ਾਇਰੀ ਦਾ ਜਿਸ ਨੂੰ ਪਤਾ ਨਾਹੀਂ,

ਉਸ ਨੂੰ ਇਲਮ ਅਰੂਜ਼ ਪੜਾਈਏ ਜੀ ।

ਜਦ ਅਸੀਂ ਪਿੰਗਲ ਤੇ ਅਰੂਜ਼ ਦੀ ਤੁਲਨਾ ਕਰਦੇ ਹਾਂ ਤਾਂ ਸਾਨੂੰ ਪਤਾ ਲਗਦਾ ਹੈ ਕਿ ਅਰੂਜ਼ ਦੇ ਮੁਕਾਬਲੇ ਪਿੰਗਲ ਬੇਹੱਦ ਗੁੰਝਲਦਾਰ ਤੇ ਮੁਸ਼ਕਲ ਹੈ । ਕਿਉਂ ? ਆਉ ਪੜਤਾਲ ਕਰੀਏ।

ਪਿੰਗਲ ਅਨੁਸਾਰ ਛੰਦਾਂ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ ।

੧. ਵਰਣਕ ਛੰਦ -- ਵਰਣਕ ਛੰਦ ਉਹ ਹੁੰਦੇ ਹਨ ਜਿਨ੍ਹਾਂ ਦੀ ਚਾਲ ਵਰਣਾਂ (ਅੱਖਰਾਂ) ਰਾਹੀਂ ਨਿਰਧਾਰਿਤ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕੋਰੜਾ, ਕਬਿਤ ਆਦਿਕ ਛੰਦ ।

ਵਰਣਕ ਛੰਦਾਂ ਦੀਆਂ ਅੱਗੋਂ ਤਿੰਨ ਕਿਸਮਾਂ ਦੱਸੀਆਂ ਜਾਂਦੀਆਂ ਹਨ। (a) ਸੰਵ੍ਰਿਤ ਛੰਦ (ਅ) ਅਰਧ ਸੰਵ੍ਰਿਤ ਛੰਦ (e) ਵਿਥਮ ਵ੍ਰਿਤ ਛੰਦ । ਇਨ੍ਹਾਂ ਛੰਦਾਂ ਦੀਆਂ ਅੱਗੋਂ ਹੋਰ ਵੰਨਗੀਆਂ, ਤੇ ਉਸ ਤੋਂ ਅੱਗੇ ਇਨ੍ਹਾਂ ਦੀਆਂ ਹੋਰ ਉਪ-ਵੰਨਗੀਆਂ । ਮਿਸਾਲ ਦੇ ਤੌਰ ਤੇ ਇਕੱਲੇ ਸੰਵ੍ਰਿਤ ਛੰਦ ਦੀਆਂ ਇਕ ਹਜ਼ਾਰ ਤੋਂ ਉੱਪਰ ਵੰਨਗੀਆਂ ਦੱਸੀਆਂ ਜਾਂਦੀਆਂ ਹਨ ।

੨. ਮਾਤਰਾ ਛੰਦ -- ਇਹ ਉਹ ਛੰਦ ਨੇ ਜਿਨ੍ਹਾਂ ਦੀ ਚਾਲ ਮਤਾਰਾ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ ਜਿਵੇਂ ਬੈਂਤ, ਦੋਹਾ, ਕੁੰਡਲੀਆ ਆਦਿ । ਮਾਤ੍ਰਿਕ ਛੰਦਾਂ ਦੀ ਗਿਣਤੀ ਸੁਣ ਕੇ ਤਾਂ ਸਿਰ ਚਕਰਾਉਣ ਲਗਦਾ ਹੈ । ਪਿੰਗਲ ਦੇ ਛੰਦਾਂ ਵਿਚ ਇਕ ਮਾਤਰਾ ਤੋਂ ਲੈ ਕੇ ਬੱਤੀ ਮਾਤਰਾ ਤਕ ਛੰਦ ਵਰਤੇ ਜਾਂਦੇ ਹਨ । ਮੈਂ ਸਿਰਫ਼ ਬੱਤੀ ਮਾਤਰਾ ਵਾਲੇ ਛੰਦ ਦੀਆਂ ਵੰਨਗੀਆਂ ਦੀ ਗਿਣਤੀ ਸਾਂਝੀ ਕਰਨੀ ਚਾਹਾਂਗਾ । ਪਿੰਗਲ ਸ਼ਸਤਰ ਦੇ ਅਨੁਸਾਰ ਇਕੱਲੇ ਬੱਤੀ ਮਾਤਰਾ ਵਾਲੇ ਛੰਦ ਦੇ ਹੀ ਪੈਂਤੀ ਲੱਖ ਚੌਵੀ ਹਜ਼ਾਰ ਪੰਜ ਸੌ ਸਤੱਤਰ ਰੂਪ ਹੋ ਸਕਦੇ ਹਨ ।

"ਗਿਣ ਗਿਣ ਕੰਨੇ ਬਿੰਦੀਆਂ, ਅੱਧਕ ਟਿੱਪੀ ਲਾਮ,

ਪੰਸਾਰੀ ਬਣ ਬੈਠਿਆ, ਸ਼ਾਇਰ ਬੇਲੀ ਰਾਮ"

੩. ਗਣ ਛੰਦ-- ਇਨ੍ਹਾਂ ਛੰਦਾਂ ਵਿਚ ਗਣਾਂ ਦੀ ਗਿਣਤੀ ਨਾਲ ਛੰਦ ਦੀ ਚਾਲ ਨਿਰਧਾਰਿਤ ਕੀਤੀ ਜਾਂਦੀ ਹੈ । ਜਿਵੇਂ ਭੁਜੰਤ ਪ੍ਰਯਾਤ , ਸਾਰੰਗੀ, ਚਾਮਰ ਵਗੈਰਾ ।

ਭਾਵੇਂ ਪਿੰਗਲ ਤੇ ਅਰੂਜ਼ ਦੇ ਰੁਕਨਾਂ ਜਾਂ ਗਣਾਂ ਦੀ ਗਿਣਤੀ ਅੱਠ, ਅੱਠ ਹੀ ਹੈ (ਗਣ ਜਾਂ ਰੁਕਨਾਂ ਬਾਰੇ ਜਾਣਕਾਰੀ ਅੱਗੇ ਜਾ ਕੇ ਦਿਆਂਗੇ ) ਪਰ ਇਨ੍ਹਾਂ ਵਿਚ ਬੁਨਿਆਦੀ ਤੌਰ ਤੇ ਬਹੁਤ ਫਰਕ ਹੈ । ਅਰੂਜ਼ ਦੇ ਗਣਾਂ ਜਾਂ ਰੁਕਨਾਂ ਦੀ ਬਣਤਰ ਦਾ ਉਨ੍ਹਾਂ ਨੂੰ ਬੋਲਣ ਜਾਂ ਲਿਖਣ ਵੇਲੇ ਝੱਟ ਹੀ ਪਤਾ ਲਗ ਜਾਂਦਾ ਹੈ । ਜਦ ਕਿ ਪਿੰਗਲ ਦੇ ਗਣਾਂ ਜਾਂ ਰੁਕਨਾਂ ਨੂੰ ਲਿਖਣ ਤੇ ਬੋਲਣ ਵੇਲੇ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀ ਮਿਲਦੀ ।

ਅਰੂਜ਼ ਦੀ ਵੱਖ ਵੱਖ ਬਹਿਰਾਂ ਅਰੂਜ਼ ਦੇ ਵੱਖ ਵੱਖ ਰੁਕਨਾਂ (ਅਰੂਜ਼ ਦੇ ਰੁਕਨਾਂ ਦੀ ਜਾਣਕਾਰੀ ਅੱਗੇ ਚਲ ਕੇ ਦਿਆਂਗੇ) ਦੇ ਮੇਲ ਨਾਲ ਬਣਦੀਆਂ ਹਨ । ਜਦੋਂ ਅਸੀਂ ਕਿਸੇ ਬਹਿਰ ਦਾ ਨਾਮ ਲੈਂਦੇ ਹਾਂ ਤਾਂ ਸਾਨੂੰ ਝਟ ਹੀ ਪਤਾ ਲਗ ਜਾਂਦਾ ਹੈ ਕਿ ਇਸ ਵਿਚ ਕਿਹੜੇ ਕਿਹੜੇ ਰੁਕਨ ਵਰਤੇ ਗਏ ਹਨ , ਤੇ ਇਸ ਬਹਿਰ ਨੂੰ ਕਿਸ ਤਰ੍ਹਾਂ ਪੜ੍ਹਨਾਂ ਜਾਂ ਗਾਉਣਾ ਹੈ । ਜੇ ਇਸ ਦੇ ਮੁਕਾਬਲੇ ਪਿੰਗਲ ਬਾਰੇ ਜ਼ਿਕਰ ਕਰੀਏ ਤਾਂ ਪਿੰਗਲ ਦੇ ਸਾਰੇ ਛੰਦਾਂ ਦਾ ਨਾਮ ਕਲਪਿਤ ਹੈ । ਪਿੰਗਲ ਦੇ ਛੰਦਾਂ ਦੇ ਨਾਵਾਂ ਤੋਂ ਇਹ ਜਾਣਕਾਰੀ ਨਹੀ ਮਿਲਦੀ ਕਿ ਇਹ ਕਿਹੜੀ ਕਿਸਮ ਦਾ ਛੰਦ ਹੈ, ਭਾਵ ਮਾਤਰਕ ਛੰਦ ਹੈ, ਗਣ ਛੰਦ ਹੈ ਜਾਂ ਵਰਣ ਛੰਦ ਹੈ ।

ਇਸ ਤੋਂ ਇਲਾਵਾ ਪਿੰਗਲ ਦੇ ਇਕੋ ਛੰਦ ਦੇ ਕਈ ਕਈ ਨਾਂ ਵੀ ਪ੍ਰਚਲਿਤ ਹਨ । ਮਿਸਾਲ ਦੇ ਤੌਰ ਤੇ ਜਿਵੇਂ ਪਿੰਗਲ ਦੇ ਇਕ ਛੰਦ ਦਾ ਨਾਮ ਹੰਸ-ਗਤੀ ਹੈ । ਹੁਣ ਹੰਸ-ਗਤੀ ਨਾਂ ਪੜ੍ਹ ਕੇ ਸਾਨੂੰ ਇਹ ਪਤਾ ਨਹੀ ਲਗਦਾ ਇਸ ਵਿਚ ਕਿੰਨੀਆਂ ਮਾਤਰਾਵਾਂ ਹਨ, ਕਿੱਥੇ ਕਿੱਥੇ ਵਿਸ਼ਰਾਮ ਹੈ ਤੇ ਇਹ ਕਿੰਨੀਆਂ ਸਤਰਾਂ ਦਾ ਛੰਦ ਹੈ।

ਇਸੇ ਤਰ੍ਹਾਂ ਹੀ ਭੁਜੰਤ ਪ੍ਰਯਾਤ ਜਿਸਦਾ ਮਤਲਬ ਸੱਪ ਦਾ ਚਲਣਾ ਹੈ ਅਤੇ ਇਹ ਗਣ ਛੰਦ ਹੈ, ਪਰ ਭੁਜੰਤ ਪ੍ਰਯਾਤ ਕਹਿਣ ਨਾਲ ਸਾਨੂੰ ਇਹ ਪਤਾ ਨਹੀ ਲਗਦਾ ਕਿ ਇਸ ਦੀ ਬਣਤਰ ਕਿਨ੍ਹਾਂ ਗਣਾਂ ਤੇ ਅਧਾਰਤ ਹੈ । ਕਬਿਤ ਆਮ ਤੌਰ ਤੇ ਕਵਿਤਾ ਲਈ ਵਰਤਿਆ ਜਾਂਦਾ ਹੈ ਪਰ ਕਬਿਤ ਪਿੰਗਲ ਵਿਚ ਇਕ ਵਰਣਕ ਛੰਦ ਹੈ । ਪਰ ਸਿਰਫ਼ ਕਬਿਤ ਕਹਿਣ ਨਾਲ ਸਾਨੂੰ ਇਹ ਪਤਾ ਨਹੀ ਲਗਦਾ ਕਿ ਇਸ ਚੰਦ ਵਿਚ ਕਿੰਨੇ ਵਰਣ ਹੁੰਦੇ ਹਨ ਅਤੇ ਕਿੰਨੇ ਵਰਣਾਂ ਮਗਰੋਂ ਵਿਸ਼ਰਾਮ ਹੈ ।

ਪਿੰਗਲ ਦੀ ਇਕ ਇਹ ਸਮੱਸਿਆ ਹੈ ਕਿ ਇਸ ਦੇ ਇੱਕੋ ਇਕ ਛੰਦ ਦੇ ਕਈ ਨਾਂ ਪ੍ਰਚਲਤ ਹਨ । ਜਿਵੇਂ ਪਿੰਗਲ ਦਾ ਇਕ ਛੰਦ ਰੋਲਾ ਹੈ ਇਸ ਨੂੰ ਰਸਾਵਲੀ ਛੰਦ ਵੀ ਕਿਹਾ ਜਾਂਦਾ ਹੈ । ਇਸੇ ਤਰਾਂ ਦਵੈਯਾ ਛੰਦ ਨੂੰ ਬੈਂਤ ਖੁਰਦ ਅਤੇ ਡਿਉਢ ਛੰਦ ਨੂੰ ਮਦਨਹਰ ਛੰਦ ਵੀ ਕਿਹਾ ਜਾਂਦਾ ਹੈ। ਹੋਰ ਵੀ ਬਹੁਤ ਸਾਰੇ ਛੰਦਾਂ ਦੇ ਕਈ ਕਈ ਨਾਂ ਪ੍ਰਚਲਤ ਹਨ । ਇਸ ਤੋਂ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਪਿੰਗਲ ਇਕ ਗੁੰਝਲਦਾਰ ਛੰਦ ਵਿਧਾਨ ਹੈ।

'ਸਮਝਣ ਲਗਿਆਂ ਏਸ ਨੂੰ, ਹੋ ਜਾਈਏ ਬੇਹਾਲ,

ਪਿੰਗਲ ਹੈ ਜਾਂ ਇਹ ਕੋਈ, ਅਲਜ਼ਬਰੇ ਦਾ ਸਵਾਲ"

ਇਹੋ ਕਾਰਣ ਹੈ ਕਿ ਅੱਜ ਕਲ ਹਰ ਅਖ਼ਬਾਰ ਰਸਾਲੇ ਵਿਚ ਗੀਤ, ਗ਼ਜ਼ਲ, ਰੁਬਾਈ ਵਗੈਰਾ ਹੀ ਛਪਦੇ ਹਨ ਕਿਉਂ ਕਿ ਇਹ ਅਰੂਜ਼ ਦੇ ਅਨੁਸਾਰ ਲਿਖੇ ਜਾਂਦੇ ਹਨ ਤੇ ਪਿੰਗਲ ਦਾ ਕੋਈ ਛੰਦ ਨਹੀ ਛਪਦਾ ।(ਚਲਦਾ)…ਤੇ ਹੁਣ ਪੁਲਿਸ ਦੇ ਡੰਡੇ, ਸਿਰਾਂ ਤੋ ਲਹਿੰਦੀਆਂ ਪੱਗਾਂ ਤੇ ਖੁਦਕੁਸ਼ੀਆਂ ਹੀ ਰਹਿ ਗਈਆਂ ਨੇ

-ਗੁਰਮੀਤ ਕੌਰ (ਮੀਤ) ਮਲੋਟ

ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਜਦੋ ਕੋਈ ਦਸ ਜਮਾਤਾ ਵੀ ਪੜ੍ਹ ਜਾਦਾ ਸੀ ਤਾ ਉਸਨੇ ਬਹੁਤ ਵੱਡਾ ਸਮਝਿਆ ਜਾਦਾ ਸੀ।ਉਸ ਸਮੇਂ ਪੰਜ ਜਮਾਤਾਂ ਪੜੇ ਨੂੰ ਵੀ ਵਧੀਆ ਨੌਕਰੀ ਮਿਲ ਜਾਦੀ ਸੀ। ਜੇਕਰ ਕੋਈ ਡਿਗਰੀ ਲੈ ਲੈਦਾ ਤਾ ਉਸ ਦੀ ਅਹਿਮਤੀ ਵੱਧ ਜਾਦੀ ਸੀ।ਇੰਜਨੀਅਰਿੰਗ ਕੀਤੀ ਹੁੰਦੀ ਤਾ ਲੋਕ ਕਹਿੰਦੇ ਸਨ ਕਿ ਬਹੁਤ ਵੱਡੀ ਡਿਗਰੀ ਹੈ।ਅਗਰ ਕੋਈ ਬੀ.ਏ ਵੀ ਕਰ ਲੈਦਾ ਤਾ ਬਹੁਤ ਵੱਡੀ ਗੱਲ ਮੰਨੀ ਜਾਦੀ ਸੀ।ਪਰ ਅੱਜ ਕੱਲ ਸਭ ਉਲਟ ਹੋ ਚੁੱਕਿਆ ਹੈ।ਅੱਜ ਕੱਲ ਦਸਵੀ ਪਾਸ ਨੂੰ ਤਾ ਕੋਈ ਪੁੱਛਦਾ ਹੀ ਨਹੀ ਹੈ। ਅੱਜ ਕੱਲ ਡਿਗਰੀ ਲੈਣਾ ਮੁਸ਼ਕਿਲ ਨਹੀ ਰਿਹਾ।ਅੱਜ ਕੱਲ ਕਹਿੰਦੇ ਨੇ ਬੀ.ਟੈਕ,ਐਮ.ਸੀ.ਏ ਵਗੈਰਾ ਤਾ ਹਰ ਕੋਈ ਕਰੀ ਫਿਰਦਾ।ਇਹ ਦੱਸ ਨੌਕਰੀ ਕਿਹੜੀ ਹੈ? ਸਰਕਾਰੀ ਨੋਕਰੀ ਹੋਵੇ ਜਾ ਕੋਈ ਕੰਪਨੀ 'ਚ ਵਧੀਆ ਤਨਖਾਹ ਹੋਵੇ ਜਾ ਕੋਈ ਚੰਗਾ ਬਿਜ਼ਨਸ ਹੋਵੇ।ਹੁਣ ਗੱਲ ਕਰਦੇ ਹਾ ਭਾਰਤ ਦਾ ਰਿਜ਼ਰਵੇਸ਼ਨ ਸਿਸਟਮ ਦੀ ਐਸ.ਸੀ,ਬੀ.ਸੀ ਵਰਗੀਆਂ ਜਾਤਾ ਨੂੰ ਸਰਕਾਰੀ ਨੌਕਰੀ ਵਿੱਚ ਪਹਿਲ ਦਿੱਤੀ ਜਾਦੀ ਹੈ, ਚਾਹੇ ਉਹਨਾਂ ਕੋਲ ਕਿੰਨਾ ਵੀ ਪੈਸਾ ਕਿਉ ਨਾ ਹੋਵੇ? ਜਨਰਲ ਕੈਟਗਰੀ ਦੀ ਗੱਲ ਕਰੀਏ ਤਾ ਸਾਡੇ ਭਾਰਤ ਵਿੱਚ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਦੋ ਵੀ ਕੋਈ ਵੀ ਸਰਕਾਰੀ ਨੋਕਰੀ ਨਿਕਲਦੀ ਹੈ ਤਾ ਉਸ ਦੀ ਫੀਸ ਜ਼ਿਆਦਾ ਰੱਖੀ ਜਾਦੀ ਹੈ ਤੇ ਪਿਛੜੇ ਵਰਗ ਦੇ ਲੋਕਾਂ ਦੀ ਫੀਸ ਘੱਟ ਰੱਖੀ ਜਾਦੀ ਹੈ।ਇਹ ਸਿਰਫ ਸਰਕਾਰ ਦੀ ਆਮਦਨ ਦਾ ਇੱਕ ਸਾਧਨ ਬਣ ਕੇ ਰਹਿ ਗਿਆ ਹੈ।ਜੇਕਰ ਸਕੂਲਾਂ ਜਾ ਕਾਲਜਾਂ ਵਿੱਚ ਨੋਕਰੀ ਨਿਕਲਦੀ ਹੈ ਤਾ ਉਸ ਸਮੇਂ ਵੀ ਕੁਝ ਪੈਸਿਆਂ ਦਾ ਡਰਾਫਟ ਫਾਰਮ ਨਾਲ ਲਗਾ ਕੇ ਭੇਜਣ ਨੂੰ ਕਿਹਾ ਜਾਦਾ ਹੈ।ਉਸ ਤਂੋ ਬਾਅਦ ਭਾਰਤ ਵਿੱਚ ਜਨਸੰਖਿਆ ਬਹੁਤ ਜ਼ਿਆਦਾ ਹੋ ਗਈ ਹੈ ਜਦੋ ਕੋਈ ਸਰਕਾਰੀ ਨੌਕਰੀ ਦਾ ਪੇਪਰ ਹੁੰਦਾ ਤਾ ਚਾਹੇ ਇੱਕ ਹੀ ਸੀਟ ਹੋਵੇ ਬੇਰਜ਼ਗਾਰਾਂ ਦੀ ਭਰਮਾਰ ਇੱਕ ਹਜ਼ਾਰ ਤੋ ਵੀ ਉਪਰ ਹੁੰਦੀ ਹੈ।ਉਸ ਤੋ ਬਾਅਦ ਜੇਕਰ ਪੇਪਰ ਵਿੱਚੋ ਪਾਸ ਵੀ ਹੋ ਜਾਦਾ ਤਾ ਇੰਟਰਵਿਊ 'ਚ ਕਈ ਰਹਿ ਜਾਦੇ ਹਨ।ਹੁਣ ਗੱਲ ਕਰਦੇ ਹਾਂ ਭ੍ਰਿਸਟਾਚਾਰ ਦੀ ਅੱਜ ਕੱਲ ਪੈਸਾ ਤੇ ਰਿਸ਼ਵਤ ਪੂਰੇ ਜੋਰਾਂ ਤੇ ਹੈ।ਅੱਧ ਤਂੋ ਜ਼ਿਆਦਾ ਤਾ ਪੈਸਾ ਦੇ ਕੇ ਨੌਕਰੀ ਲੈ ਲੈਦੇ ਹਨ ਤੇ ਜਿਹੜੇ ਪੂਰੀ ਮਿਹਨਤ ਨਾਲ ਪੜ੍ਹਦੇ ਹਨ ਉਹ ਨੋਕਰੀਆਂ ਤੋ ਵਾਂਝੇ ਰਹਿ ਜਾਦੇ ਹਨ।ਪਿਛਲੇ ਦਿਨੇ ਬੇਰੁਜ਼ਗਾਰ ਲਾਈਨਮੈਨਾਂ ਨੇ ਸ:ਪ੍ਰਕਾਸ ਸਿੰਘ ਬਾਦਲ ਦੀ ਅਗਵਾਈ 'ਚ ਨਾਅਰੇਬਾਜ਼ੀ ਕੀਤੀ ਤੇ ਇਸ ਤੋ ਰੋਕਣ ਤੋ ਪੁਲਿਸ ਨੇ ਕੁਟਾਪਾ ਵੀ ਚਾੜ੍ਹਿਆ ਤੇ ਕੁਝ ਸਿੰਘਾਂ ਦੀ ਪੱਗਾਂ ਵੀ ਲਹਿ ਗਈਆਂ।ਸਰਦਾਰ ਹੀ ਸਰਦਾਰ ਦੀਆਂ ਪੱਗਾਂ ਨੂੰ ਹੱਥ ਪਾ ਰਹੇ ਹਨ। ਜੇਕਰ ਇੱਕ ਸਰਦਾਰ ਬਾਦਲ ਸਰਦਾਰ ਦੀ ਪੱਗ ਦੀ ਇੱਜ਼ਤ ਨਹੀਂ ਕਰ ਸਕਦਾ ਤਾਂ ਦੂਸਰੀ ਕੌਮ ਨੂੰ ਤਾ ਕੁਝ ਕਹਿਣਾ ਹੀ ਗਲਤ ਹੈ।ਬੇਰਜ਼ੁਗਾਰ ਤੇ ਹਾਲਾਤਾਂ ਤੋ ਮਜ਼ਬੂਰ ਹੋ ਕੇ ਕਈਆਂ ਨੇ ਖੁਦਕੁਸ਼ੀਆਂ ਵੀ ਕਰ ਲਈਆਂ ਹਨ।ਰਾਜ ਕੁਮਾਰ ਜਿਸ ਨੂੰ ਨੋਕਰੀ ਨਹੀਂ ਸੀ ਮਿਲ ਰਹੀ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਤੇ ਪਿੱਛੇ ਆਪਣੇ ਦੋ ਬੇਟੇ ਤੇ ਇੱਕ ਬੇਟੀ ਛੱਡ ਗਿਆ।ਸਰਕਾਰ ਜਾਤਾਂ ਨੌਕਰੀਆਂ ਨਹੀ ਦਿੰਦੀਆਂ ਜੇਕਰ ਦਿੰਦੀ ਹੈ ਤਾਂ ਠੇਕੇ ਤੇ ਰੱਖਦੀ ਹੈ।ਜੇਕਰ ਠੇਕੇ ਤੇ ਰੱਖਦੀ ਹੈ ਤਾ ਤਨਖਾਹਾਂ ਨਹੀ ਦਿੰਦੀ। ਜੇਕਰ ਠੇਕੇ ਤੇ ਰੱਖਦੀ ਹੈ ਤਾ ਪੱਕਾ ਨਹੀਂ ਕਰਦੀ।ਸਰਕਾਰ ਨੂੰ ਇਹਨਾਂ ਸੱਮਸਿਆਵਾਂ ਨੂੰ ਗੰਭੀਰ ਰੂਪ 'ਚ ਲੈਣ ਦੀ ਅੱਜ ਬਹੁਤ ਸਖਤ ਜ਼ਰੂਰਤ ਹੈ।ਅੱਜ ਪੂਰੇ ਸਿਸਟਮ ਨੂੰ ਬਦਲਣ ਦੀ ਲੋੜ ਹੈ। ਗਰੀਬੀ ਕਦੀ ਵੀ ਜਾਤ ਦੇਖ ਕੇ ਨਹੀ ਆਉਦੀ ਗਰੀਬ ਲੋਕਾਂ ਨੂੰ ਹਰ ਕੰਮ 'ਚ ਛੁਟ ਹੋਣੀ ਚਾਹੀਦੀ ਹੈ। ਉਸ ਤੋ ਬਾਅਦ ਇਹਨਾਂ ਹਾਲਤਾਂ ਵਿੱਚ ਜੋ ਖੁਦਕੁਸ਼ੀਆਂ ਹੋਈਆਂ ਹਨ ਉਹਨਾਂ ਲਈ ਸਰਕਾਰ ਜਿੰਮੇਵਾਰ ਹੈ। ਸਰਕਾਰ ਨੂੰ ਮਹਿੰਗਾਈ ਤੇ ਰੋਕ ਲਗਾਉਣ ਦੀ ਲੋੜ ਹੈ।ਫਾਲਤੂ ਖਰਚੇ ਬੰਦ ਕਰਨੇ ਚਾਹੀਦੇ ਹਨ ਤੇ ਇਸ ਦੇ ਨਾਲ ਸਰਕਾਰ ਨੂੰ ਵੱਧ ਤੋ ਵੱਧ ਸਰਕਾਰੀ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ਤੇ ਭ੍ਰਿਸ਼ਟਾਚਾਰ ਤੇ ਵੱਧ ਤੋ ਵੱਧ ਕੰਟਰੋਲ ਹੋਣਾ ਚਾਹੀਦਾ ਹੈ ਤਾ ਕਿ ਮਿਹਨਤ ਕਰਨ ਵਾਲਿਆਂ ਦੀ ਮਿਹਨਤ ਪੱਲੇ ਪੈ ਸਕੇ। ਸਰਕਾਰ ਨੂੰ ਠੇਕੇ ਵਾਲਿਆਂ ਨੂੰ ਜਲਦੀ ਤੋ ਜਲਦੀ ਪੱਕਾ ਕਰਨਾ ਚਾਹੀਦਾ ਹੈ ਤੇ ਤਨਖਾਹਾਂ ਸਮੇਂ ਸਿਰ ਦੇਣੀਆਂ ਚਾਹੀਦੀਆਂ ਹਨ।Tags: ਗ਼ਜ਼ਲ ਵਾਸਤੇ ਅਰੂਜ਼ ਕਿਉਂ ਜ਼ਰੂਰੀ ਕ੍ਰਿਸ਼ਨ ਭਨੋਟ ਕੈਨੇਡਾ ਫੋਨ ੬੦੪-੩੧੪-੭੨੭੯