HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਅਸਲੀ ਪੰਜਾਬ ਦੀ ਭਾਲ ਵਿਚ ਭਟਕ ਰਹੇ ਪ੍ਰਵਾਸੀ ਪੰਜਾਬੀ


Date: Feb 09, 2014

ਗੁਰਮੀਤ ਸਿੰਘ ਪਲਾਹੀ, ੨੧੮, ਗੁਰੂ ਹਰਿਗੋਬਿੰਦ ਨਗਰ,ਫਗਵਾੜਾ। ਸੰਪਰਕ ੯੮੧੫੮-੦੨੦੭੦
ਪ੍ਰਵਾਸੀ ਪੰਜਾਬੀਆਂ ਦੀ ਦੋ-ਰੋਜ਼ਾ ਕਾਨਫਰੰਸ ਸਿਰਫ਼ ਇਕ ਮੇਲਾ ਸਾਬਤ ਹੋ ਕੇ ਰਹਿ ਗਈ, ਜਿੱਥੇ ਪ੍ਰਵਾਸੀ ਵੀਰਾਂ ਦੀ ਜਮ੍ਹਾਂ ਜ਼ੁਬਾਨੀ ਆਓ ਭਗਤ ਦਾ ਦਾਅਵਾ ਤਾਂ ਬਹੁਤ ਹੋਇਆ, ਵਿਲੱਖਣ ਤੇ ਹੈਰਾਨੀਜਨਕ ਵਾਅਦੇ ਵੀ ਬਥੇਰੇ ਹੋਏ, ਨਵੀਂ ਬੋਤਲ 'ਚ ਪੁਰਾਣੀ ਸ਼ਰਾਬ ਵਾਂਗਰ। ਨਵੇਂ ਐਨ.ਆਰ.ਆਈ. ਥਾਣੇ, ਮਿੰਟੋ ਮਿੰਟੀਂ ਇਨਸਾਫ਼ ਦੇਣ ਦੇ ਵਾਇਦੇ, ਪ੍ਰਵਾਸੀਆਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਵਾਅਦੇ, ਪੰਜਾਬ ਦੀ ਝੱਟਪੱਟ ਤਰੱਕੀ ਦੇ ਵਾਅਦੇ ਅਤੇ ਸਭ ਤੋਂ ਹੈਰਾਨੀਜਨਕ ਵਾਅਦਾ ਕਿ ਪੰਜਾਬ ਨੂੰ ਅਗਲੇ ਤਿੰਨਾਂ ਸਾਲਾਂ 'ਚ ਇੰਜ ਬਣਾ ਦਿੱਤਾ ਜਾਵੇਗਾ, ਜਿਥੇ ਗੰਦਗੀ ਦੇ ਢੇਰ ਨਹੀਂ ਦਿਸਣਗੇ, ਸ਼ੀਸੇ ਦੀ ਚਮਕ ਜਿਹੀ ਸਾਫ਼-ਸਫ਼ਾਈ ਹੋਵੇਗੀ। ਚਾਰ-ਛੇ ਲੇਨ ਵਾਲੀਆਂ ਸੜਕਾਂ ਇੰਜ ਬਨਣਗੀਆਂ ਕਿ ਕਾਰਾਂ 'ਚ ਸਫ਼ਰ ਕਰਦਿਆਂ ਭਰੇ ਹੋਏ ਪਾਣੀ ਦੇ ਗਿਲਾਸ ਦਾ ਇਕ ਤੁਪਕਾ ਵੀ ਬਾਹਰ ਨਹੀਂ ਡੁਲ੍ਹੇਗਾ। ਪਰ ਪੰਜਾਬ ਦੇ ਪਿੰਡਾਂ ਦਾ ਕੀ ਬਣੇਗਾ, ਜਿਨ੍ਹਾਂ ਦੇ ਆਸਰੇ ਹੀ ਮੌਜੂਦਾ ਸਰਕਾਰ ਦਾ ਮੁੱਖ ਸ਼ਾਸ਼ਕ ੫ ਵਰ੍ਹੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਹੈ ਅਤੇ ਜਿਨ੍ਹਾਂ 'ਪੇਂਡੂ ਵਿਚਾਰਿਆਂ' ਦੀ ਆਬਾਦੀ ਸ਼ਹਿਰੀਆਂ ਨਾਲੋਂ ਵੱਧ ਹੈ, ਜਿਹੜੇ ਕੂੜਾ ਕਰਕਟ ਦੇ ਢੇਰਾਂ ਵਾਲੀਆਂ ਬਸਤੀਆਂ 'ਚ ਰਹਿਣ ਲਈ ਮਜ਼ਬੂਰ ਹਨ, ਜਿਨ੍ਹਾਂ ਦੇ ਬੱਚਿਆਂ ਦੇ ਤਨ ਢੱਕਣ ਲਈ ਹਾਲੀ ਵੀ ਔਖਿਆਈ ਆਉਂਦੀ ਹੈ, ਸਕੂਲ ਸਿੱਖਿਆ, ਸਿਹਤ ਸੰਸਥਾਵਾਂ ਦਾ ਬੁਨਿਆਦੀ ਢਾਂਚਾ ਹਾਲੇ ਵੀ ਕੱਚੜ-ਮਚੜਾ ਹੈ।

ਸਵਾਲ ਖੜ੍ਹੇ ਕਰ ਗਿਆ ਮੇਲਾ

ਪ੍ਰਵਾਸੀ ਕਾਨਫਰੰਸ ਦੇ ਦੌਰਾਨ ਪ੍ਰਵਾਸੀ ਪੰਜਾਬੀਆਂ ਨਾਲੋਂ ਅਕਾਲੀ ਸਿਆਸਤਦਾਨਾਂ, ਵਰਕਰਾਂ ਦਾ ਜੁੜਨਾ, ਕੁਝ ਇਹੋ ਜਿਹੇ ਸਵਾਲ ਖੜ੍ਹ ਕਰ ਗਿਆ, ਜਿਨ੍ਹਾਂ ਦਾ ਜਵਾਬ ਮੰਗਣ ਦਾ ਹੱਕ ਉਨ੍ਹਾਂ ਪ੍ਰਵਾਸੀ ਪੰਜਾਬੀਆਂ ਦਾ ਹੈ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਲਈ ਕਾਨਫਰੰਸ ਤੋਂ ਬਾਹਰ ੫੦ ਬੂਥ ਤਾਂ ਲੱਗੇ ਹੋਏ ਸਨ, ਪਰ ਉਨ੍ਹਾਂ ਲਈ ਸਹੀ ਢੰਗ ਨਾਲ ਚਾਹ ਪਾਣੀ ਦਾ ਪ੍ਰਬੰਧ, ਪ੍ਰਬੰਧਕਾਂ ਵੱਲੋਂ ਨਹੀਂ ਹੋ ਸਕਿਆ ਅਤੇ ਨਾ ਹੀ ਸਧਾਰਨ ਪ੍ਰਵਾਸੀ ਜਿਹੜੇ ਆਪਣੇ ਮਸਲੇ, ਆਪਣੇ ਵਿਚਾਰ, ਆਪਣੀਆਂ ਸਮੱਸਿਆਵਾਂ ਲੈ ਕੇ ਵੱਡੇ ਹਾਲ ਵਿਚ ਜੁੜੇ ਹੋਏ ਸਨ, ਚਾਰ ਘੰਟਿਆਂ ਤੋਂ ਵੱਧ ਚੱਲੇ ਸਮਾਗਮ ਵਿਚ ਪੰਜਾਬ ਦੇ ਅਕਾਲੀ-ਭਾਜਪਾ ਕੈਨੇਡਾ, ਯੂ.ਕੇ., ਨਿਊਜ਼ੀਲੈਂਡ, ਪਾਕਿਸਤਾਨ ਦੇ ਨੇਤਾਵਾਂ, ਜੋ ਹਾਲ ਵਿਚ ਪਹਿਲੀਆਂ ਪੰਜ ਕਤਾਰਾਂ ਮੱਲੀ ਬੈਠੇ ਸਨ ਅਤੇ ਜਿੱਧਰ ਆਮ ਪੰਜਾਬੀ ਪ੍ਰਵਾਸੀਆਂ ਦਾ ਦਾਖਲਾ ਬੰਦ ਸੀ, ਦੇ ਭਾਸ਼ਨ ਹੀ ਸੁਣਕੇ 'ਉਪਰਾਮ' ਹੋ ਕੇ ਤੁਰ ਗਏ ਕਿਉਂਕਿ ਕਿਸੇ ਵੀ ਸਧਾਰਨ ਪ੍ਰਵਾਸੀ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਨਾ ਮਿਲਿਆ।

ਉਪਰੋਂ ਵੱਡੀ ਗੱਲ ਇਹ ਕਿ ਸਟੇਜ਼ ਨੂੰ ਚਲਾਉਣ ਵਾਲੀ ਪਰਵਕਤਾ ਇਸ ਕਾਨਫਰੰਸ ਦੇ ਮੰਤਵ, ਪਿਛਲੀਆਂ ਕਾਨਫਰੰਸਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨ ਦੀ ਬਜਾਏ 'ਨੇਤਾਵਾਂ' ਦੇ ਸੋਹਲੇ ਗਾਉਣ ਤੱਕ ਹੀ ਸੀਮਤ ਰਹੀ। ਕਾਨਫਰੰਸ 'ਚ ਸ਼ਾਮਲ ਪ੍ਰਵਾਸੀ ਇਸ ਗੱਲ ਤੇ ਵੀ ਹੈਰਾਨੀ ਪ੍ਰਗਟ ਕਰ ਰਹੇ ਸਨ ਕਿ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਪ੍ਰਵਾਸੀ ਪੰਜਾਬੀ ਮਾਮਲਿਆਂ ਦੇ ਮੰਤਰੀ ਡੈਲੀਗੇਟ ਸਮਾਗਮ 'ਚ ਦਿੱਤੇ ਭਾਸ਼ਨ ਦਾ ਦੁਹਰਾਉ ਹੀ ਕਰ ਰਹੇ ਸਨ। ਭਾਵੇਂ ਕਿ ਪੰਜਾਬ ਸਰਕਾਰ ਦੇ ਉਚ ਅਧਿਕਾਰੀਆਂ ਵੱਲੋਂ ਪ੍ਰਵਾਸੀ ਪੰਜਾਬੀਆਂ ਲਈ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ, ਬਣਾਏ ਗਏ ਕਾਨੂੰਨਾਂ, ਆਨ ਲਾਈਨ ਪ੍ਰਵਾਸੀ ਸਾਈਟਾਂ ਦੀ, ਆਪ ਸਿੱਧੇ ਤੌਰ 'ਤੇ ਨੁਮਾਇਸ਼ ਕੀਤੀ ਜਾ ਰਹੀ ਸੀ, ਪਰ ਕਿਸੇ ਵੀ ਅਧਿਕਾਰੀ ਨੇ ਪ੍ਰਵਾਸੀਆਂ ਦੀ ਦਿੱਲ ਦੀ ਗੱਲ ਕਿ ਉਨ੍ਹਾਂ ਦੀ ਸੁਰੱਖਿਆ ਦੇ ਸਾਰਥਿਕ ਪ੍ਰਬੰਧਾਂ ਦਾ, ਜਾਇਦਾਦ ਦੀ ਸੁਰੱਖਿਆ ਦਾ ਠੋਸ ਪ੍ਰਬੰਧ ਕੀ ਹੈ? ਬਾਰੇ ਕੁਝ ਵੀ ਦੱਸਿਆ ਨਹੀਂ ਸੀ ਜਾ ਰਿਹਾ ਕਿਉਂਕਿ ਪ੍ਰਵਾਸੀ ਥਾਣਿਆਂ ਦੇ ਕਾਰ-ਵਿਹਾਰ, ਉਥੋਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਢਿੱਲ ਮੱਠ ਅਤੇ ਪਹੁੰਚ ਤੋਂ ਹਾਲੀ ਤੱਕ ਪ੍ਰਵਾਸੀ ਪ੍ਰਭਾਵਤ ਨਹੀਂ ਹੋ ਸਕੇ। ਇੰਜ ਜਾਪਿਆ ਕਿ ਬਹੁਤੇ ਪ੍ਰਵਾਸੀ ਇਸ ਕਾਨਫਰੰਸ ਨੂੰ ਮੇਲਾ ਹੀ ਸਮਝ ਕੇ ਆਏ ਹੋਣ।

ਸ਼ਾਮਲ ਹੋਇਆ ਪ੍ਰਵਾਸੀ ਮੀਡੀਆ

ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਵਾਸੀ ਮੀਡੀਏ ਦੇ ਲੋਕ, ਜਿਨ੍ਹਾਂ ਵਿਚ ਇੰਡੋ ਕੈਨੇਡੀਅਨ ਟਾਈਮਜ਼ ਦੀ ਸੰਪਾਦਕ ਰੁਪਿੰਦਰ ਹੇਅਰ ਬੈਂਸ, ਪੰਜਾਬ ਟਾਈਮਜ਼ ਯੂ.ਕੇ. ਦੇ ਸੰਪਾਦਕ ਰਜਿੰਦਰ ਸਿੰਘ ਪੁਰੇਵਾਲ, ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕਮਲ, ਸੁੱਖੀ ਨਿੱਝਰ, ਖੇਡ ਸੰਸਾਰ ਦਾ ਸੰਪਾਦਕ ਸੰਤੋਖ ਸਿੰਘ ਮੰਡੇਰ ਆਦਿ ਆਦਿ ਸ਼ਾਮਲ ਸਨ ਅਤੇ ਰਾਜ ਦੇ ਪ੍ਰਮੁੱਖ ਪੱਤਰਕਾਰ 'ਬਾਬੂਸ਼ਾਹੀ' ਦੇ ਬਲਜੀਤ ਬੱਲੀ, ਹਰਜਿੰਦਰ ਸਿੰਘ ਵਾਲੀਆ, ਅਜੀਤ ਦੇ ਜਸਪਾਲ ਸਿੰਘ ਅਤੇ ਜਲੰਧਰ ਦੀਆਂ ਅਖ਼ਬਾਰਾਂ ਦੇ ਵਿਸ਼ੇਸ਼ ਪ੍ਰਤੀਨਿਧੀ ਹਾਜ਼ਰ ਸਨ, ਪਰ ਰਾਸ਼ਟਰੀ 'ਪ੍ਰੈਸ ਦਾ ਗੜ੍ਹ' ਜਲੰਧਰ, ਚੰਡੀਗੜ੍ਹ ਦੇ ਮੁੱਖ ਸੰਪਾਦਕਾਂ ਨੂੰ ਸ਼ਾਇਦ ਇਸ 'ਵਿਸ਼ਵ ਪ੍ਰਸਿੱਧ ਪੰਜਾਬੀ ਪ੍ਰਵਾਸੀ' ਕਾਨਫਰੰਸ ਲਈ ਸੱਦਾ ਹੀ ਨਹੀਂ ਸੀ ਦਿੱਤਾ ਗਿਆ।

ਮੇਲਾ ਸਥਾਨ ਬਣਿਆ ਪੁਲਿਸ ਛਾਉੇਣੀ

ਜਲੰਧਰ ਦੇ ਨਜ਼ਦੀਕ 'ਪ੍ਰਵਾਸੀ ਕਾਨਫਰੰਸ' ਦੇ ਦੂਜੇ ਦਿਨ ਕੀਤੇ 'ਬਾਠ ਕਾਸਲ' ਦੇ ਆਲੇ-ਦੁਆਲੇ ਪੁਲਿਸ ਸੁਰੱਖਿਆ ਦਾ ਪੁਲਿਸ ਛਾਉਣੀ ਵਰਗਾ ਲੋੜੋਂ ਵੱਧ ਪ੍ਰਬੰਧ ਹਰ ਕਿਸੇ ਨੂੰ ਖਟਕ ਰਿਹਾ ਸੀ ਅਤੇ ਕਿਧਰੇ-ਕਿਧਰੇ ਪੁਲਿਸ ਅਧਿਕਾਰੀਆਂ ਦਾ ਲੋਕਾਂ ਪ੍ਰਤੀ 'ਖੁਸ਼ਕ' ਜਿਹਾ ਵਤੀਰਾ ਪ੍ਰਵਾਸੀ ਵੀਰਾਂ ਨੂੰ ਆਪਣੇ ਪੁਰਾਣੇ ਸਮਿਆਂ ਦੀ ਯਾਦ ਦੁਆ ਰਿਹਾ ਸੀ ਕਿਉਂਕਿ ਉਹ ਪ੍ਰਵਾਸ ਦੇ 'ਦੇਸਾਂ 'ਚ ਉਥੋਂ ਦੀ ਪੁਲਿਸ ਦੇ ਇਹੋ ਜਿਹੇ ਵਤੀਰੇ ਦੇ ਆਦੀ ਹੀ ਨਹੀਂ ਹਨ। ਕਹਿਣ ਨੂੰ ਤਾਂ ਭਾਵੇਂ ਪ੍ਰਵਾਸੀ ਪੰਜਾਬੀਆਂ ਦੇ ਦੁੱਖ ਤਕਲੀਫਾਂ ਜਾਨਣ ਲਈ ਉਪ ਮੁੱਖ ਮੰਤਰੀ ਨੇ 'ਖਾਣੇ ਦੀ ਮੇਜ਼' ਦੁਆਲੇ ਹੀ ਸੁਨਣ ਦੀ ਜਿਵੇਂ ਖਾਨਾਪੂਰਤੀ ਕਰ ਦਿੱਤੀ, ਪਰ ਪ੍ਰਵਾਸੀਆਂ ਦੀਆਂ 'ਮਨ ਦੀਆਂ ਮਨ' 'ਚ ਹੀ ਰਹਿ ਗਈਆਂ, ਜਿਹੜੇ ਰੀਝਾਂ ਨਾਲ, ਚੀਅ ਨਾਲ, ਆਪਣੇ ਪੰਜਾਬੀ ਨੇਤਾਵਾਂ ਦੇ ਦਰਸ਼ਨ ਦੀਦਾਰੇ ਕਰਕੇ, ਉਨ੍ਹਾਂ ਨਾਲ ਹੱਥ ਮਿਲਾ ਕੇ, ਆਪਣੀਆਂ ਭਾਵਨਾਵਾਂ ਸਾਂਝੀਆਂ ਕਰਕੇ ਉਨ੍ਹਾਂ ਨਾਲ ਸਾਂਝ ਵਧਾਉਣ ਆਏ ਸਨ, ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਭਾਸ਼ਨ ਕਰਨ ਅਤੇ ਕੁਝ ਹਾਸਾ ਠੱਠਾ ਕਰਨ ਉਪਰੰਤ ਪੰਡਾਲ ਛੱਡ ਕੇ ਭਾਰੀ ਸੁਰੱਖਿਆ ਛੱਤਰੀ ਤਹਿਤ ਤੁਰ ਗਏ ਸਨ।

ਮੰਡੀ'ਚ ਦੋ ਭਾਅ ਕਿਉਂ?

ਇਕ ਗੱਲ ਤਾਂ ਚੰਗੀ ਰਹੀ ਕਿ ਸੰਮੇਲਨ 'ਚ ਪ੍ਰਵਾਸੀਆਂ ਨੂੰ ਆਪਣੇ ਵਿਰਸੇ ਨਾਲ ਜੁੜਨ ਦਾ ਹੋਕਾ ਦਿੱਤਾ ਗਿਆ ਅਤੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬ ਲਿਆਉਣ ਅਤੇ 'ਤਰੱਕੀ ਕਰ ਰਹੇ ਪੰਜਾਬ' ਦੇ ਦਰਸ਼ਨ ਦੀਦਾਰੇ ਕਰਾਉਣ। ਪਰ ਦਿੱਲੀ ਹਵਾਈ ਅੱਡੇ ਤੇ ਅਧਿਕਾਰੀਆਂ ਦੇ ਵਤੀਰੇ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਸਵਾਗਤ ਅਤੇ ਆਵਾਜਾਈ ਸਮੱਸਿਆਵਾਂ ਦੇ ਪ੍ਰਬੰਧ ਪ੍ਰਤੀ ਕੋਈ ਵੀ ਗੱਲ ਨਾ ਕੀਤੀ ਗਈ। ਗੱਲ ਕੀਤੀ ਗਈ ਪ੍ਰਵਾਸੀ ਥਾਣਿਆਂ ਦੀ, ਜਲੰਧਰ 'ਚ ਬਣੀ ਪ੍ਰਵਾਸੀ ਅਦਾਲਤ ਦੀ, ਗੱਲ ਕੀਤੀ ਗਈ ਪ੍ਰਵਾਸੀਆਂ ਦੀ ਜਾਨ-ਮਾਲ ਦੀ ਰਾਖੀ ਦੀ, ਪਰ ਪ੍ਰਵਾਸੀ ਸੰਮੇਲਨ 'ਚ ਸ਼ਾਮਲ ਹੋਰ ਪੰਜਾਬੀ ਜਿਹੜੇ ਆਪਣੇ ਪ੍ਰਵਾਸੀ ਭਰਾਵਾਂ ਨਾਲ ਉਥੇ ਹਾਜ਼ਰ ਬੈਠੇ ਸਨ, ਦੇ ਮਨ 'ਚ ਇਹ ਸਵਾਲ ਵਾਰ-ਵਾਰ ਘੁੰਮ ਰਿਹਾ ਸੀ ਕਿ ਪੰਜਾਬ 'ਚ ਸਿਰਫ਼ ਪ੍ਰਵਾਸੀਆਂ ਨਾਲ ਹੀ ਅਨਿਆਂ ਹੋ ਰਿਹਾ ਹੈ।

ਕੀ ਸਿਰਫ਼ ਪ੍ਰਵਾਸੀਆਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਖਾਸ ਹਦਾਇਤਾਂ ਦੀ ਹੀ ਲੋੜ ਹੈ? ਕੀ ਇਥੇ ਰਹਿੰਦੇ ਪੰਜਾਬੀ, ਜਿਹੜੇ ਭਾਰੀ ਭਰਕਮ ਟੈਕਸ ਦਿੰਦੇ ਹਨ, ਜਿਨ੍ਹਾਂ ਦੇ ਟੈਕਸਾਂ ਨਾਲ ਹੀ ਵੱਡੀਆਂ-ਵੱਡੀਆਂ ਪ੍ਰਵਾਸੀ ਨਿਵੇਸ਼ ਕਾਨਫਰੰਸਾਂ, ਪ੍ਰਵਾਸੀ ਪੰਜਾਬੀ ਕਾਨਫਰੰਸਾਂ ਉਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ, ਉਨ੍ਹਾਂ ਦੇ ਜਾਇਦਾਦਾਂ, ਮਾਲ, ਸੁਰੱਖਿਆ ਦੀ ਲੋੜ ਨਹੀਂ? ਉਹ ਚੁੱਪ ਨਜ਼ਰਾਂ ਨਾਲ ਸਵਾਲ ਕਰਦੇ ਵੇਖੇ ਗਏ ਕਿ ਆਖ਼ਰ ਇਕ ਮੰਡੀ ਵਿਚ ਦੋ ਭਾਅ ਕਿਉਂ?

ਸਨਮਾਨ ਕਿਉਂ ਨਹੀਂ

ਪੰਜਾਬ ਸਰਕਾਰ ਤੋਂ ਆਸ ਸੀ ਕਿ ਇਸ ਕਾਨਫਰੰਸ ਵੱਲੋਂ ਕੁਝ ਨਾਮਵਰ ਪੰਜਾਬੀਆਂ ਨੂੰ ਘੱਟੋ-ਘੱਟ ਇਕ ਇਕ ਮੈਡਲ ਦੈ ਕੇ ਸਨਮਾਨਿਆ ਜਾਵੇਗਾ, ਜਿਨ੍ਹਾਂ ਨੇ ਡਾਕਟਰੀ, ਕਾਰੋਬਾਰੀ, ਇੰਜੀਨੀਅਰਿੰਗ, ਰਾਜਨੀਤੀ, ਪੱਤਰਕਾਰੀ ਆਦਿ ਖੇਤਰਾਂ 'ਚ ਮੱਲਾਂ ਮਾਰੀਆਂ ਹਨ, ਪਰ ਸ਼ਾਇਦ ਇਸ ਗੱਲ ਵੱਲ ਕਿਸੇ ਦੀ ਤਵੱਕੋ ਹੀ ਨਹੀਂ ਗਈ। ਇਸ ਸੰਬੰਧੀ ਪਹਿਲ ਕਰਦਿਆਂ ਕੈਨੇਡਾ ਸਰਕਾਰ ਦੇ ਯੂਨੀਅਨ ਮੰਤਰੀ ਟਿੰਮ ਉਪਲ ਵੱਲੋਂ ਗਾਇਕੀ ਦੇ ਖੇਤਰ 'ਚ ਪੰਜਾਬੀਆਂ ਦਾ ਸ਼ਿੰਗਾਰ ਗਾਇਕ ਹਰਭਜਨ ਮਾਨ ਦਾ ਕੈਨੇਡਾ ਸਰਕਾਰ ਵੱਲੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਮੈਡਲ ਦੇ ਕੇ, ਜਦੋਂ ਸਟੇਜ਼ ਉਤੇ ਸਵਾਗਤ ਕੀਤਾ ਗਿਆ ਤਾਂ ਇਹ ਅਸਲ ਵਿਚ ਕਾਨਫਰੰਸ ਪ੍ਰਬੰਧਕ ਨੂੰ ਸੰਦੇਸ਼ ਦੇਣਾ ਸੀ ਕਿ ਪੱਲਿਉਂ ਖਰਚਾ ਕਰਕੇ ਆਏ ਵਿਸ਼ੇਸ਼ ਪੰਜਾਬੀਆਂ ਦਾ ਸਨਮਾਨ ਕਰਨਾ ਹੀ ਬਣਦਾ ਹੈ, ਉਂਜ ਕਾਨਫਰੰਸ 'ਚ ਸ਼ਾਮਲ ਆਮ ਪੰਜਾਬੀਆਂ ਦੇ ਚਿਹਰਿਆਂ ਤੋਂ ਇਹ ਝਲਕ ਮਿਲਦੀ ਦਿੱਸੀ ਕਿ ਉਨ੍ਹਾਂ ਨੂੰ ਕਾਨਫਰੰਸ ਵਿਚ ਬਣਦਾ ਮਾਣ-ਸਤਿਕਾਰ ਨਹੀਂ ਮਿਲਿਆ ਜਿਸ ਦੀ ਆਸ ਕਰਕੇ ਉਹ ਕਾਨਫਰੰਸ 'ਚ ਆਏ ਸਨ, ਭਾਵੇਂ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਨੇ ਉਨ੍ਹਾਂ ਨੂੰ 'ਡਰੱਗ' ਦੇ ਮਾਮਲੇ ਉਤੇ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਵਿਰੋਧ ਵਜੋਂ ਇਸ ਕਾਨਫਰੰਸ ਵਿਚ ਸ਼ਾਮਲ ਨਾ ਹੋਣ ਲਈ ਸੱਦਾ ਦਿੱਤਾ ਸੀ।

ਵੈਬ-ਸਾਈਟਾਂ ਕਾਹਦੇ ਲਈ

ਪਰ ਕਾਨਫਰੰਸ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਇਹ ਗੱਲ ਵੀ ਬਹੁਤੀ ਪ੍ਰਭਾਵਤ ਨਾ ਕਰ ਸਕੀ ਕਿ ਉਨ੍ਹਾਂ ਲਈ ਇਕ ਸਰਕਾਰੀ ਵੈਬਸਾਈਟ ਬਣਾ ਦਿੱਤੀ ਗਈ ਹੈ, ਜਿਸ ਉਤੇ ਦਰਜ ਸ਼ਿਕਾਇਤ ਦਾ ਨਿਪਟਾਰਾ ਸਮਾਂਬੱਧ ਹੋਏਗਾ ਜਾਂ ਇਸ ਗੱਲ ਤਾਂ ਵੀ ਉਨ੍ਹਾਂ 'ਚ ਆਪਸੀ ਘੁੱਸਰ ਮੁਸਰ ਸੁਨਣ ਨੂੰ ਮਿਲੀ ਕਿ ਅਗਲੇ ੮ ਮਹੀਨਿਆਂ 'ਚ ਪੰਜਾਬ ਦੇ ਪਿੰਡਾਂ ਨੂੰ ੪ ਜੀ ਇੰਟਰਨੈਟ ਕੁਨੈਕਸ਼ਨ ਦੇ ਦਿੱਤੇ ਜਾਣਗੇ ਤੇ ਪੇਂਡੂਆਂ ਦਾ ਹਰ ਕੰਮ ਫਟਾਫਟ ਹੋ ਜਾਇਆ ਕਰੇਗਾ ਕਿਉਂਕਿ ਪ੍ਰਵਾਸੀ ਥਾਣਿਆਂ ਦੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਤੋਂ ਉਹ ਕਦੇ ਵੀ ਬਹੁਤੇ ਪ੍ਰਭਾਵਤ ਨਹੀਂ ਹੋਏ। ਦੂਜਾ ਇਹ ਕਿ ਉਨ੍ਹਾਂ ਵਿਚੋਂ ਕਿੰਨੇ ਵੈਬ-ਸਾਈਟ ਸੁਵਿਧਾਵਾਂ ਦਾ ਲਾਹਾ ਲੈ ਸਕਣਗੇ?

ਉਨ੍ਹਾਂ 'ਚ ਇਸ ਗੱਲ 'ਚ ਵੀ ਨਿਰਾਸ਼ਤਾ ਸੀ ਕਿ ਪੰਜਾਬੀ ਪ੍ਰਵਾਸੀ ਕਾਨਫਰੰਸ ਦੀ ਸਟੇਜ਼ ਉਤੇ ਅਧਿਕਾਰੀਆਂ ਨਾਲ ਸੰਬੰਧਤ ਮੰਤਰੀ ਅਤੇ ਸਟੇਜ਼ ਸਕੱਤਰ ਵਿਚਕਾਰ ਇਕਸੁਰਤਾ ਵੀ ਵੇਖਣ ਲਈ ਨਹੀਂ ਮਿਲੀ ਅਤੇ ਇਹੋ ਹਾਲ ਵੱਖਰੇ-ਵੱਖਰੇ ਮੰਤਰਾਲਿਆਂ ਵਿਚਕਾਰ ਆਪਸੀ ਤਾਲਮਾਲ ਦਾ ਸੀ, ਜਿਸ ਕਾਰਨ ਸਟੇਜ਼ ਉਤੇ ਤਾਂ ਸਟੇਜ਼ ਸਕੱਤਰ ਨੂੰ ਹਟਾ ਕੇ ਸੰਬੰਧਤ ਮੰਤਰਾਲੇ ਦੇ ਪਿੰ੍ਰਸੀਪਲ ਸਕੱਤਰ ਅਤੇ ਸੰਬੰਧਤ ਮੰਤਰੀ ਨੂੰ ਹੀ ਦਖਲ ਦੇਣਾ ਪਿਆ। ਖਾਸ ਤੌਰ 'ਤੇ ਉਦੋਂ ਜਦੋਂ ਕੁਝ ਪਿੰਡਾਂ ਦੇ ਮੁਹਤਬਰਾਂ ਨੂੰ ਐਨ.ਆਰ.ਆਈ. ਸਕੀਮ ਤਹਿਤ ਗ੍ਰਾਂਟ ਦੀ ਵੰਡ ਕੀਤੀ ਜਾ ਰਹੀ ਸੀ।

ਮੁੱਖ ਮੰਤਰੀ ਦੇ ਭਾਸ਼ਨ ਤੋਂ ਬਾਅਦ ਪੰਜਾਬੀ ਪ੍ਰਵਾਸੀ ਜਿਵੇਂ ਨੇਤਾਵਾਂ ਦੇ ਭਾਸ਼ਨ ਸੁਣਦੇ ਥੱਕ ਗਏ ਹੋਣ, ਉਹ ਯਕਦਮ ਉਠੇ ਅਤੇ ਇਸ ਰੌਲੇ ਰੱਪੇ 'ਚ ਪ੍ਰਬੰਧਕ ਵੀ ਸ਼ਾਇਦ ਬਕਾਇਦਾ ਤੌਰ 'ਤੇ ਧੰਨਵਾਦ ਦੇ ਸ਼ਬਦ ਕਹਿਣਾ ਹੀ ਭੁੱਲ ਗਏ।

ਆਪੇ ਮੈ ਰੱਜੀ ਪੁੱਜੀ

ਪ੍ਰਵਾਸੀ ਪੰਜਾਬੀ ਜਿਹੜੇ ਆਸਾਂ ਉਮੀਦਾਂ ਨਾਲ ਪੰਜਾਬ ਦਾ ਨਿਖਰਿਆ ਚਿਹਰਾ, ਸੁਧਰੇ ਹੋਏ ਪ੍ਰਬੰਧ ਅਤੇ ਆਪਣੀ ਸਮੱਸਿਆਵਾਂ ਦੇ ਹੱਲ ਲਈ ਆਏ ਸਨ, ਆਪਣੀ ਝੋਲੀ 'ਚ ਨਿਰਾਸ਼ਾ ਭਰਕੇ ਇੰਜ ਤੁਰਦੇ ਦਿਸੇ ਜਿਵੇਂ ਉਹ 'ਅਸਲੀ ਪੰਜਾਬ' ਦੀ ਭਾਲ ਵਿਚ ਭਟਕ ਰਹੇ ਹੋਣ, ਜਿਹੜਾ ਸ਼ਾਇਦ ਉਨ੍ਹਾਂ ਦੇ ਸੁਪਨਿਆਂ ਦਾ ਸੰਸਾਰ ਹੈ। ਪ੍ਰਵਾਸੀ ਪੰਜਾਬੀਆਂ ਦੀ ਸਭ ਤੋਂ ਵੱਡੀ ਸਮੱਸਿਆ ਆਪਣੇ ਬਜ਼ੁਰਗ ਮਾਪਿਆਂ ਦੀ ਸੇਵਾ-ਸੰਭਾਲ ਦੀ ਹੈ, ਜਿਨ੍ਹਾਂ ਨੂੰ ਮਜ਼ਬੂਰੀਵੱਸ ਆਪਣੇ ਦੇਸ਼ ਛੱਡ ਕੇ ਬਿਗਾਨੇ ਦੇਸ਼ 'ਚ ਸਿਰਫ਼ ਇਸ ਕਰਕੇ ਆਲ੍ਹਣਾ ਬਨਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਤਾਂਕਿ ਉਹ ਆਪਣੇ ਪ੍ਰਵਾਸੀ ਬੱਚਿਆਂ ਨਾਲ ਰਹਿ ਸਕਣ। ਕਿੱਡੀ ਵੱਡੀ ਕੁਰਬਾਨੀ ਹੈ? ਇਸ ਤੋਂ ਵੀ ਵੱਡੀ ਔਖਿਆਈ ਇਹ ਕਿ ਜੇਕਰ ਉਹ ਆਪਣੇ ਦੇਸ਼ 'ਚ ਨਿਵਾਸ ਕਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ ਇਕਲਾਪੇ ਦਾ ਦਰਦ ਝੱਲਣਾ ਪੈਂਦਾ ਹੈ ਅਤੇ ਬੁਢਾਪੇ ਦੀਆਂ ਬੀਮਾਰੀਆਂ ਜਦੋਂ ਆ ਘੇਰਾ ਪਾ ਲੈਂਦੀਆਂ ਹਨ, ਸਰੀਰ ਕੰਮ ਕਰਨੋਂ ਜਵਾਬ ਦੇਣ ਲੱਗ ਪੈਂਦਾ ਹੈ ਤੇ ਇਸ ਹਾਲਤ 'ਚ ਉਨ੍ਹਾਂ ਨੂੰ ਇਸ ਸਹਾਰੇ ਦੀ ਲੋੜ ਪੈਂਦੀ ਹੈ, ਉਹ ਉਹਨੂੰ ਨੂੰ ਬਿਖਰ ਰਹੇ ਪੰਜਾਬ ਦੇ ਸਮਾਜਕ ਵਰਤਾਰੇ ਤੇ ਸਾਂਝ ਕਾਰਨ ਨਹੀਂ ਮਿਲਦੀ। ਉਂਜ ਜਿਹੜੇ ਬਜ਼ੁਰਗ ਮਾਪੇ ਆਪਣੇ ਬੱਚਿਆਂ ਕੋਲ ਬਜ਼ੁਰਗ ਅਵਸਥਾ 'ਚ 'ਨਵੇਂ ਦੇਸ਼' 'ਚ ਰਹਿਣ ਲਈ ਚਾਲੇ ਪਾ ਬਹਿੰਦੇ ਹਨ, ਉਹ ਉਦਰੇਂਵੇ, ਓਪਰੇਪਨ, ਵਿਹਲ, ਪਰਾਈ ਬੋਲੀ, ਅਨਜਾਣ ਦੇਸ਼ ਦੇ ਵੱਖਰੇ ਸੱਭਿਆਚਾਰ ਦਾ ਸ਼ਿਕਾਰ ਹੋ ਕੇ ਉਸ ਰੁੱਖ ਵਾਂਗਰ ਮੁਰਝਾ ਜਾਂਦੇ ਹਨ, ਜਿਸਨੂੰ ਪਾਣੀ ਨਹੀਂ ਮਿਲਦਾ ਅਤੇ ਹਵਾ ਦੇ ਮਿੱਠੇ ਪਿਆਰੇ ਬੁਲਿਆਂ ਦੀ ਥਾਂ ਬਰਫ਼, ਕੱਕਰ ਰਾਤਾਂ, ਠੰਡੀਆਂ ਜੱਖ ਹਵਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਕਿਸਮ ਦੀ ਵੱਡੀ ਸਮੱਸਿਆ ਦਾ ਹੱਲ ਕਰਨ ਦੇ ਯਤਨ ਵਜੋਂ ਪਿਛਲੀਆਂ ਤਿੰਨ ਪ੍ਰਵਾਸੀ ਪੰਜਾਬੀ ਕਾਨਫਰੰਸਾਂ ਅਤੇ ਇਸ ਚੌਥੀ ਦੋ ਦਿਨਾਂ ਕਾਨਫਰੰਸ ਵਿਚ ਇਕ ਅੱਖਰ ਵੀ ਨਾ ਕਿਸੇ ਚੁਣੇ ਹੋਏ ਦੇਸੀ-ਵਿਦੇਸ਼ੀ ਸਿਆਸੀ ਨੇਤਾਵਾਂ ਨੇ ਬੋਲਿਆ ਅਤੇ ਨਾ ਹੀ ਕਾਨਫਰੰਸ ਦੇ ਪ੍ਰਬੰਧਕਾਂ ਨੇ। ਭਾਵੇਂ ਕਿ ਇਸ ਦਾ ਸਿੱਧਾ ਪੱਧਰਾ, ਸੌਖਾ-ਸੁਖਾਲਾ ਹੱਲ ਸਮੇਂ ਦੀ ਸਰਕਾਰ ਪ੍ਰਵਾਸੀਆਂ ਦੇ ਦਿੱਤੇ ਥੋੜ੍ਹੇ ਜਿਹੇ ਯੋਗਦਾਨ ਨਾਲ ਕਰ ਸਕਣ ਯੋਗ ਹੈ। ਪ੍ਰਵਾਸੀਆਂ ਦੇ ਉਦਾਸ ਹੋਏ ਮਾਪੇ, ਆਪਣੇ ਮਾਤ ਭੂਮੀ ਚ ਨਿਵਾਸ ਕਰਨ, ਕਦੇ ਕਦਾਈਂ ਉਧਰ ਵਿਦੇਸ਼ ਫੇਰਾ ਮਾਰਨ, ਪ੍ਰਵਾਸੀ ਵੀਰਾਂ ਦੀ ਸਹਾਇਤਾ ਨਾਲ ਆਪਣੇ ਹੀ ਬਣਾਏ ਘਰਾਂ 'ਚ ਰਹਿਣ, ਉਨ੍ਹਾਂ ਦੀ ਰੋਟੀ ਪਾਣੀ ਸੇਵਾ ਸੰਭਾਲ ਸਿਹਤ ਸੰਭਾਲ ਦਾ ਪ੍ਰਬੰਧ ਸਰਕਾਰੀ ਪੱਧਰ 'ਤੇ ਉਨ੍ਹਾਂ ਤੋਂ ਹੀ ਚਾਰਜਿਜ਼ ਲੈ ਕੇ ਹੋਵੇ, ਇਸ ਨਾਲ ਜਿਥੇ ਇਹ ਮਾਪੇ ਸੁੱਖੀ ਰਹਿਣਗੇ, ਇਧਰਲੇ ਲੋਕਾਂ ਨੂੰ ਉਨ੍ਹਾਂ ਦੀ ਸੇਵਾ ਸੰਭਾਲ ਬਦਲੇ ਰੁਜ਼ਗਾਰ ਮਿਲੇਗਾ, ਪਿੰਡਾਂ-ਸ਼ਹਿਰਾਂ 'ਚ ਪ੍ਰਵਾਸੀਆਂ ਦੇ ਸੁੰਦਰ ਮਕਾਨ ਪ੍ਰਵਾਸੀ ਆਪਣੇ ਮਾਪਿਆਂ ਲਈ ਬਨਾਉਣਗੇ ਤੇ ਪਿੰਡਾਂ-ਸ਼ਹਿਰਾਂ 'ਚ ਰੁਜ਼ਗਾਰ ਦੇ ਮੌਕੇ ਤਾਂ ਵਧਣਗੇ ਹੀ, ਸ਼ਹਿਰਾਂ ਪਿੰਡਾਂ ਦੀ ਦਿੱਖ ਵੀ ਬਦਲੇਗੀ।

ਪ੍ਰਵਾਸੀ ਪੰਜਾਬੀਆਂ ਲਈ ਆਯੋਜਿਤ ਇਹ ਕਾਨਫਰੰਸ ਵੀ ਉਨ੍ਹਾਂ ਨੂੰ ਬਹੁਤਾ ਪ੍ਰਭਾਵਤ ਨਾ ਕਰ ਸਕੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਸ ਸਮੇਂ ਨਾ ਕੋਈ ਸੈਮੀਨਾਰ ਹੋਇਆ, ਜਿਥੇ ਲੋਕ ਆਪਣੀ ਗੱਲ ਕਹਿ ਸਕਦੇ, ਨਾ ਹੀ ਕਾਨਫਰੰਸ ਦੀ ਸਟੇਜ਼ ਤੋਂ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ, ਕਿਉਂਕਿ ਕਾਨਫਰੰਸ ਵਿਚ ਸਿਰਫ਼ ਇਕ ਸਟੇਜ਼ ਲਗਾ ਕੇ ਕੁਝ ਗਾਉਣ-ਪਾਣੀ ਹੋਇਆ, ਕੁਝ ਅੰਕੜੇ ਤੱਥ ਪੇਸ਼ ਹੋਏ ਅਤੇ ਕੁਝ ਨੇਤਾਵਾਂ ਦੇ ਇਕ ਦੂਜੇ ਦੀਆਂ ਸਿਫਤਾਂ ਦੇ ਭਾਸ਼ਨ। ਅੰਤ ਵਿਚ ਆਉਭਗਤ ਲਈ ਪੰਜ ਸਿਤਾਰਾ ਭੋਜਨ ਜਿਸਦਾ ਅਨੰਦ ਵੀ ਬਹੁਤੇ ਪ੍ਰਵਾਸੀ ਪੰਜਾਬੀ ਸਮੇਂ ਦੀ ਕਮੀ ਕਾਰਨ ਉਠਾ ਨਾ ਸਕੇ। ਸਰਕਾਰ ਦੀ ਇਹ ਪ੍ਰਵਾਸੀ ਪੰਜਾਬੀ ਕਾਨਫਰੰਸ 'ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਉਣ' ਦੀ ਕਹਾਵਤ ਦਾ ਵਧੀਆ ਨਮੂਨਾ ਸਾਬਤ ਹੋਈ।

Tags: ਅਸਲੀ ਪੰਜਾਬ ਦੀ ਭਾਲ ਵਿਚ ਭਟਕ ਰਹੇ ਪ੍ਰਵਾਸੀ ਪੰਜਾਬੀ ਗੁਰਮੀਤ ਸਿੰਘ ਪਲਾਹੀ ੨੧੮ ਗੁਰੂ ਹਰਿਗੋਬਿੰਦ ਨਗਰ ਫਗਵਾੜਾ। ਸੰ