HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਕਿਥੇ ਸਭਰਾਉਂ ਦੀ ਜੰਗ ਤੇ ਕਿਥੇ ਵੈਲਨਟਾਈਨ ਡੇਅ


Date: Feb 09, 2014

ਕੁਲਬੀਰ ਸਿੰਘ ਸਿੱਧੂ, ਸਾਬਕਾ ਕਮਿਸ਼ਨਰ, ਸੰਪਰਕ ੯੮੧੪੦-੩੨੦੦੯
ਸਭਰਾਉਂ ਦੀ ਲੜਾਈ ਤੇ 'ਵੈਲਨਟਾਈਨ ਡੇਅ' ਜਿਹਾ ਸਿਰਲੇਖ ਦੇਖ ਕੇ ਤਾਂ ਕੋਈ ਵੀ ਕਹੇਗਾ ਕਿ ਇਹ ਘਟਨਾਵਾਂ ਕਿਸੇ ਤਰ੍ਹਾਂ ਵੀ ਆਪਸ ਵਿਚ ਮੇਲ ਨਹੀਂ ਖਾਂਦੀਆਂ ਅਤੇ ਇਹ ਗੱਲ 'ਕਿੱਥੇ ਬੁਢੜੀ ਦਾ ਮਰਨਾ ਤੇ ਕਿੱਥੇ ਹਲ੍ਹ ਓਕੜੂ' ਵਾਲੀ ਬਣੀ ਖੜ੍ਹੀ ਹੈ। ਪਰ ਜਦੋਂ ਅਸੀਂ ਪੰਜਾਬ ਦੇ ਇਤਿਹਾਸ ਵਿਚ ੧੦ ਫਰਵਰੀ ੧੮੪੬ ਨੂੰ ਹੋਈ ਸਭਰਾਉਂ ਦੀ ਜੰਗ ਅਤੇ ਸ੍ਰ. ਸ਼ਾਮ ਸਿੰਘ ਅਟਾਰੀਵਾਲੇ ਜਿਹੇ ਸਾਡੇ ਕੌਮੀ ਸ਼ਹੀਦਾਂ ਤੇ ਸਪੂਤਾਂ ਨੂੰ ਅਣਗੌਲਿਆ ਕਰਦੇ ਹਾਂ ਅਤੇ ਦੂਜੇ ਪਾਸੇ ੧੪ ਫਰਵਰੀ ਨੂੰ 'ਵੈਲਨਟਾਈਨ ਡੇਅ' ਦੇ ਜਸ਼ਨ ਮਨਾਉਂਦੇ ਹਾਂ ਤਾਂ ਇਹ ਕਹਾਵਤ ਸਾਡੇ ਸਮੁੱਚੇ ਸਮਾਜ ਦੀ ਅਣਗਹਿਲੀ ਤੇ ਅਕ੍ਰਿਤਘਣਤਾ 'ਤੇ ਪੂਰਨ ਤੌਰ 'ਤੇ ਢੁੱਕਦੀ ਹੈ।

ਇਹ ਹੀ ਨਹੀਂ ਸਗੋਂ ਇਸ ਇਤਿਹਾਸਕ ਘਟਨਾਕ੍ਰਮ ਤੋਂ ਸਿਰਫ਼ ਡੇਢ-ਦੋ ਮਹੀਨੇ ਪਹਿਲਾਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਸਾਨੀ ਸਰਬੰਸਦਾਨ ਦੀ ਦੁੱਖਦਾਈ ਦਾਸਤਾਨ ਨੂੰ ਵਿਸਾਰ ਕੇ ੨੫ ਦਸੰਬਰ ਨੂੰ 'ਕ੍ਰਿਸਮਿਸ' ਦੀਆਂ ਖ਼ੁਸ਼ੀਆਂ ਮਨਾਉਣ ਵਿਚ ਮਗਨ ਹੁੰਦੇ ਹਾਂ। ਫਿਰ ਉਨ੍ਹਾਂ ਦਿਨਾਂ ਵਿਚ ਹੀ ਅਸੀਂ ਸੰਨ ੧੮੪੫ ਦੀ ਪਹਿਲੀ ਐਂਗਲੋ-ਸਿੱਖ ਜੰਗ ਸਮੇਂ ੧੮ ਦਸੰਬਰ ਨੂੰ ਮੁੱਦਕੀ ਤੇ ੨੨ ਦਸੰਬਰ ਨੂੰ ਫੇਰੂ ਸ਼ਹਿਰ ਦੀਆਂ ਹੋਈਆਂ ਲੜਾਈਆਂ ਨੂੰ ਬਿਲਕੁਲ ਹੀ ਭੁੱਲੇ ਬੈਠੇ ਹੁੰਦੇ ਹਾਂ।

ਬੇਸ਼ੱਕ ਇਨ੍ਹਾਂ ਸੱਤ ਕੁ ਦਿਨਾਂ ਵਿਚ ਹੀ ਅਸੀਂ ੨੦ ਦਸੰਬਰ ਤੋਂ ੨੭ ਦਸੰਬਰ ਤੱਕ ਦਸਮੇਸ਼ ਪਿਤਾ ਵੱਲੋਂ ਅਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਪਰਿਵਾਰ ਵਿਛੋੜਾ ਤੋਂ ਚਮਕੌਰ ਸਾਹਿਬ ਤੱਕ ਦੀਆਂ ਲੜਾਈਆਂ ਵਿਚ ਵੱਡੇ ਸਾਹਿਬਜ਼ਾਦਿਆਂ, ਤਿੰਨ ਪਿਆਰਿਆਂ ਤੇ ਸੂਰਬੀਰ-ਯੋਧਿਆਂ ਅਤੇ ਫਿਰ ਫਤਿਹਗੜ੍ਹ ਸਾਹਿਬ ਦੇ 'ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ' ਵਿਚ ਛੋਟੇ ਸਾਹਿਬਜ਼ਾਦਿਆਂ ਤੇ ਦਾਦੀ-ਮਾਤਾ ਗੁਜਰੀ ਜੀ ਦੀਆਂ ਅਮਰ ਸ਼ਹੀਦੀਆਂ ਨੂੰ ਮਨਾਉਂਦੇ ਤਾਂ ਹਾਂ, ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਰਾਗ-ਰੰਗ ਕੁਝ ਹੋਰ ਹੀ ਹੁੰਦੇ ਹਨ।

ਮੁੱਕਦੀ ਗੱਲ! ਹੁਣ ਇਉਂ ਆਪਣੇ ਗੁਰੂਆਂ, ਪੀਰਾਂ, ਸ਼ਹੀਦਾਂ ਤੇ ਸੰਘਰਸ਼ੀ ਯੋਧਿਆਂ ਨੂੰ ਭੁੱਲਣਾ-ਭੁਲਾਉਣਾ ਸਾਡੀ ਫ਼ਿਤਰਤ ਹੀ ਬਣ ਗਈ ਹੈ। ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਨਵੀਂ ਤਹਿਜ਼ੀਬ ਦੀਆਂ ਨਵੀਆਂ ਫਿਜ਼ਾਵਾਂ ਦੇ ਅਸਰ ਤਹਿਤ ਇਸ ਤਰ੍ਹਾਂ ਪੰਜਾਬ ਦੇ ਕੁਰਬਾਨੀਆਂ ਭਰੇ ਇਤਿਹਾਸ ਤੇ ਸ਼ਾਨਾਮੱਤੇ ਸਭਿਆਚਾਰ ਨੂੰ ਅੱਖ-ਪ੍ਰੋਖੋਂ ਕਰਨਾ ਸਪੱਸ਼ਟ ਤੌਰ 'ਤੇ ਸਾਡੀ ਇਖ਼ਲਾਕੀ ਕਮਜ਼ੋਰੀ ਤੇ ਕੌਮੀ ਕੁਤਾਹੀ ਦਾ ਪ੍ਰਗਟਾਵਾ ਹੀ ਹੈ।

ਜ਼ਾਹਿਰ ਹੈ ਕਿ ਅਸੀਂ ਆਪਣੀਆਂ ਵਧੀਆ ਪ੍ਰੰਪਰਾਵਾਂ, ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਨੂੰ ਭੁੱਲਣ ਦੇ ਆਦੀ ਹੀ ਹੋ ਚੁੱਕੇ ਹਾਂ। ਫਿਰ ਦੁੱਖ ਦੀ ਗੱਲ ਇਹ ਹੈ ਕਿ ਸਾਡੀ ਸਮੁੱਚੀ ਕੌਮ ਇਸ ਸਾਰੇ ਘਾਤਿਕ ਵਰਤਾਰੇ ਦੀ ਮੂਕ ਦਰਸ਼ਕ ਬਣੀ ਬੈਠੀ ਹੈ। ਇਉਂ ਹੀ ਸਾਡੀਆਂ ਸਰਪ੍ਰਸਤ ਸਰਕਾਰਾਂ ਤੇ ਸਾਡੇ ਵਿਰਸੇ-ਵਿਰਾਸਤ ਦੇ ਅਲੰਬਰਦਾਰ ਇਸ ਸਭ ਕਾਸੇ ਦਾ ਦੋਸ਼ ਪੱਛਮੀ ਸੱਭਿਅਤਾ ਦੇ ਸਿਰ ਮੜ੍ਹ ਕੇ ਆਪਣੀ ਜ਼ਿੰਮੇਵਾਰੀ ਤੋਂ ਖਹਿੜਾ ਛੁਡਾ ਰਹੇ ਹਨ।

ਹੁਣ ਸਮਾਜ ਦੀਆਂ ਕੌਮੀ ਤੇ ਨੈਤਿਕ ਕਦਰਾਂ-ਕੀਮਤਾਂ ਦੀ ਗੱਲ ਨਾ ਤਾਂ ਅਸੀਂ ਆਪਣੇ ਘਰਾਂ ਵਿਚ ਆਪਣੇ ਬੱਚਿਆਂ ਨਾਲ ਕਰਦੇ ਹਾਂ ਤੇ ਨਾ ਹੀ ਸਕੂਲਾਂ ਤੇ ਕਾਲਜਾਂ ਵਿਚ ਕਿਸੇ ਵਚਨਬੱਧਤਾ ਨਾਲ ਸਰਕਾਰ ਤੇ ਸਿੱਖਿਆ ਸ਼ਾਸ਼ਤਰੀਆਂ ਵਲੋਂ ਵਿਦਿਆਰਥੀਆਂ ਨੂੰ ਗੁਰੂਆਂ, ਪੀਰਾਂ, ਮੁਰੀਦਾਂ ਤੇ ਕੌਮੀ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਗੋਂ ਅੰਗਰੇਜ਼ਾਂ ਦੇ ਸਮੇਂ ਸੰਨ ੧੯੪੭ ਤੋਂ ਪਹਿਲਾਂ ਜੋ ਵੀ ਇਤਿਹਾਸ ਤੇ ਸਾਹਿਤ ਬਾਰੇ ਸਾਡੇ ਸਿਲੇਬਸਾਂ ਦੁਆਰਾ ਸਾਨੂੰ ਪੜ੍ਹਾਇਆ ਜਾਂਦਾ ਸੀ, ਬੱਸ ਉਸ ਤਰਜ਼ 'ਤੇ ਹੀ ਹੁਣ ਤੱਕ ਸਾਡੇ ਪਾਠਕ੍ਰਮ ਬਣ ਰਹੇ ਹਨ।

ਕਹਿੰਦੇ ਹਨ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਇਸ ਵਾਸਤੇ ਇਸ ਸੰਦਰਭ ਵਿਚ ਜੇ ਅਸੀਂ ਆਪ ਹੀ ਵੇਖੀਏ ਕਿ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਕੌਮ ਲਈ ਕੀਤੇ ਸਰਬੰਸਦਾਨ ਦੇ ਯੱਗ ਵਿਚ ਆਪਣੇ ਲੱਖਤੇ-ਜਿਗਰ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਤੇ ਸੈਂਕੜੇ ਪਿਆਰੇ ਸਿੰਘਾਂ ਦੀਆਂ ਦਸੰਬਰ ੧੭੦੫ ਦੇ ਅਖੀਰਲੇ ਹਫਤੇ ਵਿਚ ਅਹੂਤੀਆਂ ਪਾਈਆਂ ਗਈਆਂ ਸਨ। ਪਰ ਸਦ-ਅਫਸੋਸ ਕਿ ਇਨ੍ਹਾਂ ਦਿਨਾਂ ਵਿਚ ਅਸੀਂ ਆਪਣੀ ਕੌਮ ਦੇ ਇਨ੍ਹਾਂ ਮਸੀਹਿਆਂ ਤੇ ਕੌਮੀ ਸਪੂਤਾਂ ਦੀ ਇੰਨੀ ਵੱਡੀ ਲਾਸਾਨੀ ਸ਼ਹਾਦਤ 'ਤੇ ਕੋਈ ਡੂੰਘੇ ਦੁੱਖ-ਅਫਸੋਸ ਦੇ ਅਹਿਸਾਸ ਦਾ ਇਜ਼ਹਾਰ ਕਰਨ ਦੀ ਥਾਂ ਅਸੀਂ ਬਿਪਰਨ ਦੀ ਰੀਤ ਨਿਭਾਉਂਦੇ ਹੋਏ ਕ੍ਰਿਸਮਿਸ ਦੀਆਂ ਖੁਸ਼ੀਆਂ ਮਨਾਉਂਦੇ ਹਾਂ ਤੇ ਸ਼ਰਾਬ ਦੇ ਠੇਕਿਆਂ 'ਤੇ ਖੜ੍ਹ ਕੇ 'ਗਲਾਸੀਆਂ' 'ਖੜਤਾਲਾਂ' ਵਾਂਗੂੰ ਖੜਕਾਉਂਦੇ ਹਾਂ।

ਇਸ ਤਰ੍ਹਾਂ ਹੀ ਪੰਜਾਬ ਦੇ ਇਤਿਹਾਸ ਵਿਚ ੫ ਫਰਵਰੀ ੧੭੬੨ ਨੂੰ ਵੱਡਾ ਘੱਲੂਘਾਰਾ ਹੋਇਆ, ਜਿਸ ਵਿਚ ਸਿੱਖ ਮਿਸਲਾਂ ਦੇ ਸਾਰੇ ਜਥੇਦਾਰਾਂ, ਸਰਦਾਰਾਂ ਤੇ ਉਨ੍ਹਾਂ ਦੇ ਸੂਰਬੀਰ ਯੋਧਿਆਂ ਨੇ ਅਹਿਮਦ ਸ਼ਾਹ ਅਬਦਾਲੀ ਵਲੋਂ ਪੰਜਾਬੀਆਂ ਦੀ ਨਸਲਕੁਸ਼ੀ ਲਈ ਕੀਤੇ ਘਾਣ ਵਿਰੁੱਧ ਖੰਡਾ ਖੜਕਾਇਆ। ਇਸ ਲੜਾਈ ਵਿਚ ਤਕਰੀਬਨ ੨੫ ਹਜ਼ਾਰ ਬੱਚਿਆਂ, ਬੁੱਢਿਆਂ ਤੇ ਔਰਤਾਂ ਸਮੇਤ ਸੂਰਬੀਰ ਸਿੰਘਾਂ ਦਾ ਕਤਲੇਆਮ ਹੋਇਆ। ਇਸ ਤੋਂ ਪਹਿਲਾਂ ੧੫ ਮਈ ੧੭੪੬ ਨੂੰ ਵੀ ਛੋਟੇ ਘੱਲੂਘਾਰੇ ਦੇ ਰੂਪ ਵਿਚ ਪੰਜਾਬੀ ਕੌਮ ਨੂੰ ਮੌਤ ਤੇ ਸੰਘਾਰ ਦਾ ਸੰਤਾਪ ਭੋਗਣਾ ਪਿਆ ਸੀ, ਇਹ ਸਭ ਕੁੱਝ ਹੁਣ ਅਸੀਂ ਮਨੋਂ ਹੀ ਵਿਸਾਰ ਦਿੱਤਾ ਹੈ।

ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਆਪਣੇ ਲੋਕਾਂ ਵਿਚੋਂ ਹੀ ਬਣੇ ਪੰਜਾਬ ਦੇ ਆਗੂਆਂ ਨੂੰ ਜਾਂ ਤਾਂ ਪੰਜਾਬ ਦੇ ਇਤਿਹਾਸ ਦੀ ਵਾਕਫ਼ੀਅਤ ਨਹੀਂ ਹੈ ਅਤੇ ਜਾਂ ਇਨ੍ਹਾਂ ਕੌਮੀ ਕਾਰਜਾਂ ਵਾਸਤੇ ਕੋਈ ਸਮਾਂ ਹੀ ਨਹੀਂ ਹੈ। ਇਸ ਦੇ ਉਲਟ ਪਰ ਸੱਚਾਈ ਤਾਂ ਇਹ ਹੈ ਕਿ ਸਾਡੇ ਕੋਲ ੫ ਫਰਵਰੀ ਨੂੰ ਵੱਡਾਘੱਲੂਘਾਰਾ ਦਿਵਸ ਤੇ ਹੁਣ ੧੦ਫਰਵਰੀ ਨੂੰ ਸਭਰਾਉਂ ਦੀ ਲੜਾਈ ਦੀ ਯਾਦਗਾਰ ਮਨਾਉਣ ਲਈ ਖੁੱਲ੍ਹਾ ਮੌਸਮ ਤੇ ਖੁੱਲ੍ਹਾ ਵਕਤ ਹੋਣ ਦੇ ਬਾਵਜੂਦ ਵੀ ਸਾਡੇ ਇਹ ਸੱਜਣ ਪੁਰਸ਼ ਹੁਣ ਕਿਤੇ ਵੀ ਸਭਰਾਉਂ ਜਿਹੇ ਇਤਿਹਾਸਿਕ ਸਥਾਨਾਂ 'ਤੇ ਧਾਰਮਿਕ ਕਾਨਫਰੰਸਾਂ ਵਿਚ ਸ਼ਾਮਲ ਨਹੀਂ ਹੋ ਰਹੇ।

ਹੁਣ ਜਦੋਂ ੧੦ ਫਰਵਰੀ ਨੂੰ ਪੰਜਾਬ ਦੇ ਭੁੱਲੇ-ਵਿਸਰੇ ਇਤਿਹਾਸ ਦਾ ਸ਼ਹੀਦੀ ਦਿਹਾੜਾ ਆਉਂਦਾ ਹੈ ਤਾਂ ਇਹ ਹਰ ਸਾਲ ਦੀ ਤਰ੍ਹਾਂ ਅਣਗੌਲਿਆ ਜਿਹਾ ਹੋ ਕੇ ਲੰਘ ਜਾਂਦਾ ਹੈ। ਇਸ ਤਰ੍ਹਾਂ ਸਮੇਂ ਦਾ ਚੱਕਰ ਚੱਲਦਾ-ਚੱਲਦਾ ਸਾਡੇ ਆਪਣੇ ਕੌਮੀ ਸ਼ਹੀਦਾਂ ਤੇ ਸੰਘਰਸ਼ੀ ਯੋਧਿਆਂ ਪ੍ਰਤੀ ਸਾਡੀ ਅਕ੍ਰਿਤਘਣਤਾ ਨੂੰ ਨਸ਼ਰ ਕਰਕੇ ਸਾਡੇ ਕੌਮੀ ਕਿਰਦਾਰ ਨੂੰ ਨੰਗਾ ਕਰ ਜਾਂਦਾ ਹੈ।

ਗ਼ੌਰਤਲਬ ਹੈ ਕਿ ਇਹ ੧੦ ਫਰਵਰੀ ਦਾ ਉਹ ਨਿਰਣਾਇਕ ਦਿਹਾੜਾ ਹੈ ਕਿ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ 'ਸਿੱਖ ਰਾਜ' ਦੀ ਖੁਦਮੁਖਤਿਆਰੀ ਤੇ ਖੁਸ਼ਹਾਲੀ ਮਾਣਦੇ ਅਤੇ ਹੱਸਦੇ-ਵਸਦੇ ਪੰਜਾਬੀਆਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਦਾ ਜੂਲ੍ਹਾ ਗਲ ਵਿਚ ਪਾਉਣ ਲਈ ਮਜਬੂਰ ਹੋਣਾ ਪਿਆ ਸੀ। ਇਸ ਦਿਨ ਅੰਗਰੇਜ਼ਾਂ ਤੇ ਸਿੱਖਾਂ ਦੇ ਦਰਮਿਆਨ ੧੮ ਦਸੰਬਰ ੧੮੪੫ ਤੋਂ ਸ਼ੁਰੂ ਹੋਈਆਂ ਮੁੱਦਕੀ, ਫੇਰੂ ਸ਼ਹਿਰ, ਬੱਦੋਵਾਲ ਤੇ ਅਲੀਵਾਲ ਦੀਆਂ ਲੜਾਈਆਂ ਤੋਂ ਪਿੱਛੋਂ ੧੦ ਫਰਵਰੀ ੧੮੪੬ ਨੂੰ ਸਭਰਾਉਂ ਦੀ ਜੰਗ ਵਿਚ ਪੰਜਾਬ ਦੀ ਕਿਸਮਤ ਦਾ ਫੈਸਲਾ ਹੋਇਆ ਸੀ।

ਇਥੇ ਜ਼ਿਕਰਯੋਗ ਹੈ ਕਿ ਇਸ ਦਿਨ ਸਿੱਖ ਰਾਜ ਦੇ ਅਖੀਰਲੇ ਵਫਾਦਾਰ ਜਰਨੈਲ ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਤੇ ਉਨ੍ਹਾਂ ਦੇ ੧੫ ਹਜ਼ਾਰ ਦੇ ਕਰੀਬ ਮਰਜੀਵੜੇ ਪੰਜਾਬੀ ਯੋਧਿਆਂ ਨੇ ਪੰਜਾਬ ਦੀ ਅਜ਼ਾਦੀ ਲਈ ਆਪਣੇ ਪ੍ਰਾਣ ਨਿਛਾਵਰ ਕੀਤੇ ਸਨ। ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਨੇ ਇਸ ਜੰਗ ਤੋਂ ਪਹਿਲਾਂ ਸੌਂਹ ਖਾਧੀ ਸੀ ਕਿ ਜਾਂ ਤਾਂ ਉਹ ਇਹ ਜੰਗ ਜਿੱਤ ਕੇ ਆਉਣਗੇ ਤੇ ਜਾਂ ਲੜਦੇ ਹੋਏ ਸ਼ਹੀਦ ਹੋ ਜਾਣਗੇ। ਉਸ ਮਹਾਨ ਸਿੱਖ ਜਰਨੈਲ ਨੇ ਆਪਣੇ ਸਾਥੀ ਯੋਧਿਆਂ ਸਮੇਤ ਇਸ ਸੌਂਹ ਨੂੰ ਕੇਸੀਂ-ਸਵਾਸੀਂ ਅੰਤ ਤੱਕ ਨਿਭਾਉਂਦੇ ਹੋਏ ਦੇਸ਼-ਪ੍ਰੇਮ ਦੀ ਬੇਮਿਸਾਲ ਰਵਾਇਤ ਕਾਇਮ ਕੀਤੀ।

ਇਸ ਮੰਦਭਾਗੇ ਮੰਜ਼ਰ ਦਾ ਇਤਿਹਾਸ ਗਵਾਹ ਹੈ ਕਿ ਸ੍ਰ. ਸ਼ਾਮ ਸਿੰਘ ਵਰਗੇ ਬੇਮਿਸਾਲ ਯੋਧੇ ਤੇ ਮਰਜੀਵੜੇ ਸਿੰਘਾਂ ਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਰਾਇਗਾਨ ਗਈਆਂ ਕਿਉਂ ਕਿ ਇਨ੍ਹਾਂ ਲੜਾਈਆਂ ਵਿਚ ਆਪਸੀ ਈਰਖਾ, ਕੌਮ ਘਾਤਕ ਆਪਸੀ ਖਹਿਬਾਜ਼ੀ ਤੇ ਫੁੱਟ ਅਤੇ ਉਸ ਤੋਂ ਵੀ ਵੱਧ ਆਪਣਿਆਂ ਵਲੋਂ ਹੀ ਅਕ੍ਰਿਤਘਣਤਾ ਤੇ ਗੱਦਾਰੀ ਦੇ ਕਾਰਨ ਪੰਜਾਬ ਨੂੰ ਅਜਿਹੇ ਅਣਹੋਏ ਦੌਰ ਵਿਚੋਂ ਗੁਜ਼ਰਨਾ ਪਿਆ ਕਿ ਜਿਸ ਬਾਰੇ ਸ਼ਾਇਰ ਮੁਜ਼ੱਫਰ ਰਜ਼ਮੀ ਨੇ ਕਿਹਾ ਹੈ ਕਿ:-

ਯੇ ਜਬਰ ਭੀ ਦੇਖਾ ਹੈ ਤਾਰੀਖ਼ ਕੀ ਨਜ਼ਰੋਂ ਨੇ

ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ

ਫਿਰ ਇਤਿਹਾਸ ਇਕ ਹੋਰ ਵੀ ਹੈਰਾਨੀਜਨਕ ਤੱਥ ਦੀ ਸ਼ਾਹਦੀ ਭਰਦਾ ਹੈ ਕਿ ਗਵਰਨਰ ਜਨਰਲ ਹਾਰਡਿੰਗ ਤੇ ਕਮਾਂਡਰ ਇਨ ਚੀਫ ਲੌਰਡ ਹਿਊ ਗੱਫ ਤੇ ਹੋਰ ਬਹੁਤ ਸਾਰੇ ਅੰਗਰੇਜ਼ ਫੌਜ ਦੇ ਸੀਨੀਅਰ ਅਫਸਰ ਐਂਗਲੋਂ-ਸਿੱਖ ਲੜਾਈਆਂ ਵਿਚ ਪੰਜਾਬੀ ਯੋਧਿਆਂ ਦੀ ਬਹਾਦਰੀ ਦੇਖ ਕੇ ਅਸ਼-ਅਸ਼ ਕਰ ਉਠੇ। ਹਿਊ ਗਫ ਨੇ ਸਭਰਾਉਂ ਦੀ ਜੰਗ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੂੰ ਆਪਣੀ ਰਿਪੋਰਟ ਵਿਚ ਲਿਖਿਆ ਸੀ, ''ਜੇ ਰਾਸ਼ਟਰ ਪਿਆਰ ਪ੍ਰਤੀ ਨਿਸ਼ਠਾ ਤੇ ਫੌਜ ਪ੍ਰਤੀ ਸਾਡੀ ਵਫਾਦਾਰੀ ਤੇ ਫਰਜ਼ ਸਾਨੰ ਮਜਬੂਰ ਨਾ ਕਰਦਾ ਹੁੰਦਾ ਤਾਂ ਅਸੀਂ ਸਿੱਖ ਫੌਜਾਂ ਦੀ ਬਹਾਦਰੀ ਅਤੇ ਜਿਸ ਤਰ੍ਹਾਂ ਜਾਂਬਾਜ਼ ਬਹਾਦਰ ਯੋਧਿਆਂ ਦਾ ਘਾਣ ਹੋਇਆ ਹੈ, ਉਹ ਦੇਖ ਕੇ ਜ਼ਰੂਰ ਜ਼ਾਰ-ਜ਼ਾਰ ਰੋਂਦੇ''। ਫਿਰ ਇਹ ਜ਼ਿਕਰਯੋਗ ਹੈ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਰੌਬਰਟ ਪੀਲ ਨੇ ਬਹਾਦਰ ਸਿੱਖ ਸੈਨਿਕਾਂ ਦੇ ਸਨਮਾਨ ਵਿਚ ਇਹ ਰਿਪੋਰਟ ਇੰਗਲੈਂਡ ਦੀ ਪਾਰਲੀਮੈਂਟ ਵਿਚ ਪੜ੍ਹੀ।

ਪਰ ਅਸੀਂ ਇਸ ਸੰਦਰਭ ਵਿਚ ਆਪਣੇ-ਆਪ ਨੂੰ ਬੱਸ ਦੁਰ-ਫਿਟੇ ਮੂੰਹ ਹੀ ਕਹੀਏ ਕਿ ਅਸੀਂ ਸ੍ਰ. ਸ਼ਾਮ ਸਿੰਘ ਅਟਾਰੀ ਵਾਲਾ ਵਰਗੇ ਆਪਣੇ ਕੁਰਬਾਨੀ ਦੇ ਪੁੰਜਾਂ ਨੂੰ ਭੁਲਾ ਹੀ ਦਿੱਤਾ ਹੈ। ਅੱਜ ਮੁੱਦਕੀ, ਫੇਰੂ ਸ਼ਹਿਰ, ਸਭਰਾਉਂ ਦੀਆਂ ਲੜਾਈਆਂ ਦੇ ਮੈਦਾਨ ਇਕ ਪਾਸੇ ਆਪਣੀ ਸਾਂਭ- ਸੰਭਾਲ ਦੇ ਪੱਖੋਂ ਹੋਈ ਦੁਰਦਸ਼ਾ ਨੂੰ ਦੇਖਦੇ ਹੋਏ ਦੁਹੱਥੜ ਮਾਰ ਰਹੇ ਹਨ। ਦੂਜੇ ਪਾਸੇ ਇਹ ਯਾਦਗਾਰੀ ਸਮਾਰਕ ਸਾਡੀ 'ਚੱਲ ਹੋਊ' ਜਿਹੀ ਮਾੜੀ ਮਾਨਸਿਕਤਾ 'ਤੇ ਤਾਂ ਰੋਣ-ਹਾਕੇ ਹੁੰਦੇ ਹੀ ਹਨ, ਸਗੋਂ ਇਹ ਉਥੇ ਆਪਣੇ ਨੇੜਲੇ ਲੋਕਾਂ ਵੱਲੋਂ ਆਪਣੇ ਵਿਹੜੇ ਵਿਚ ਪਰਾਲੀ ਸੁੱਟਣ ਤੇ ਮੱਝਾਂ ਬੰਨ੍ਹਣ ਜਿਹੀਆਂ ਸਾਡੀਆਂ ਮਾੜੀਆਂ ਕਰਤੂਤਾਂ ਨੂੰ ਵੇਖ ਕੇ ਰੋਂਦੇ ਪਿਟਦੇ ਹਨ। ਫਿਰ ਇਸ ਦੇ ਬਿਲਕੁਟ ਉਲਟ ਇਨ੍ਹਾਂ ਐਂਗਲੋ-ਸਿੱਖ ਜੰਗ ਦੇ ਮੈਦਾਨਾਂ ਵਿਚ ਹੁਣ ਵੀ ਜਦੋਂ ਕਿਤੇ ਅੰਗਰੇਜ਼ ਲੋਕ ਆਪਣੇ ਵਡੇਰਿਆਂ ਨੂੰ ਸ਼ਰਧਾਂਜਲੀ ਦੇਣ ਆਉਂਦੇ ਹਨ ਤਾਂ ਸਾਡੇ ਆਪਣੇ ਸ਼ਹੀਦ ਪੁਰਖਿਆਂ ਦੀਆਂ ਰੂਹਾਂ ਜ਼ਰੂਰ ਹੀ ਕੁਰਲਾ ਉਠਦੀਆਂ ਹੋਣਗੀਆਂ।

ਸਪੱਸ਼ਟ ਹੈ ਕਿ ਅਸੀਂ ਆਪਣੇ ਪੁਰਖਿਆਂ ਦੇ ਬੜੇ ਨਾਲਾਇਕ ਵਾਰਿਸ ਹਾਂ ਕਿ ਅਸੀਂ ਪੰਜਾਬ ਵਿਚ ਇਨ੍ਹਾਂ ਇਤਿਹਾਸਕ ਯਾਦਗਾਰਾਂ ਤੋਂ ਕੁੱਝ ਕੋਹਾਂ ਦੀ ਵਿੱਥ 'ਤੇ ਰਹਿੰਦੇ ਹੋਣ ਦੇ ਬਾਵਜੂਦ ਵੀ ਆਪਣੇ ਮਹਾਨ ਕੌਮੀ ਸ਼ਹੀਦਾਂ ਦੇ ਕਾਰਨਾਮਿਆਂ ਨੂੰ ਯਾਦ ਤਾਂ ਕੀ ਕਰਨਾ ਸੀ, ਸਗੋਂ ਅਸੀਂ ਤਾਂ ਆਪਣੇ ਉਨ੍ਹਾਂ ਕੌਮੀ ਸਪੂਤਾਂ ਨੂੰ ਹੀ ਭੁਲਾ ਹੀ ਦਿੱਤਾ ਹੈ। ਫਿਰ ਇਸ ਤੋਂ ਵੀ ਮਾੜੀ ਗੱਲ ਇਹ ਹੋਈ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ ਮਿਲੇ ਲਾਜਵਾਬ ਸਬਕਾਂ ਨੂੰ ਵੀ ਭੁਲਾ ਦਿੱਤਾ ਹੈ ਕਿ ਦੇਸ਼ ਭਗਤੀ, ਕੌਮੀ ਇਤਫ਼ਾਕ ਤੇ ਕੁਰਬਾਨੀ ਜਿਹੀਆਂ ਭਾਵਨਾਵਾਂ ਦੀ ਕੌਮ ਵਾਸਤੇ ਕੀ ਅਹਿਮੀਅਤ ਹੁੰਦੀ ਹੈ। ਫਿਰ ਸਿਤਮ ਇਹ ਵੀ ਹੋਇਆ ਕਿ ਦੂਜੇ ਪਾਸੇ ਅਸੀਂ ਇਸ ਗੱਲ ਤੋਂ ਵੀ ਬੇਖਬਰ ਹੋ ਗਏ ਹਾਂ ਕਿ ਅਕ੍ਰਿਤਘਣਤਾ, ਗੱਦਾਰੀ ਤੇ ਆਪਸੀ ਫੁੱਟ ਦੇ ਕਾਰਨ ਅਕਸਰ ਹੀ ਕੌਮ ਨੂ ਕਿੰਨੀ ਵੱਡੀੰ ਕੀਮਤ ਚੁਕਾਉਣੀ ਪੈਂਦੀ ਹੈ। ਬੱਸ ਅਸੀਂ ਇਸ ਸਭ ਕਾਸੇ ਤੋਂ ਅਣਜਾਣ ਦੇ ਘੇਸਲਵਟ ਜਿਹੇ ਹੋ ਕੇ 'ਸ਼ਕਲ ਮੋਮਨਾ ਕਰਤੂਤ ਕਾਫਿਰਾਂ' ਦੀ ਮਿਸਾਲ ਬਣੇ ਹੋਏ ਹਨ, ਸਗੋਂ ਜੇ 'ਜਾਨ ਕੀ ਅਮਾਨ ਪਾਉਂ' ਅਰਥਾਤ ਜਾਨ ਬਖਸ਼ੀ ਦੇ ਵਾਅਦੇ ਤੋ. ਬਾਅਦ ਕੁੱਝ ਕਹਿਣਾ-ਸੁਣਨਾ ਹੋਵੇ ਤਾਂ ਸਾਡੇ ਸਮਾਜ ਦੇ ਆਗੂਆਂ ਦੀ ਹਾਲਤ ਤਾਂ ਇਸ ਸੰਦਰਭ ਵਿਚ 'ਬਗਲ ਮੇਂ ਛੁਰੀ, ਮੂੰਹ ਮੇਂ ਰਾਮ-ਰਾਮ' ਨਾਲੋਂ ਵੀ ਬਦਤਰ ਬਣੀ ਹੋਈ ਹੈ|

ਇਸ ਚੱਲ ਰਹੇ ਸੰਦਰਭ ਵਿਚ ਹੀ ਗੌਰਤਲਬ ਹੈ ਕਿ ਸੰਨ ੧੯੧੮ ਦੀ ਨੋਟੀਫਿਕੇਸ਼ਨ ਮੁਤਾਬਿਕ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਲੜਾਈ ਦੇ ਮੁੱਦਕੀ, ਫੇਰੂ ਸ਼ਹਿਰ ਤੇ ਸਭਰਾਉਂ ਦੇ ਮੈਦਾਨ ਨੈਸ਼ਨਲ ਮਾਨੂਮੈਂਟਸ ਦਾ ਦਰਜਾ ਰੱਖਦੇ ਸਨ। ਪਰ ਅਫਸੋਸ ਕਿ ਸੰਨ ੧੯੬੩ ਦੀ ਨੋਟੀਫਿਕੇਸ਼ਨ ਅਨੁਸਾਰ ਕਿਹਾ ਗਿਆ ਕਿ ਹੁਣ ਇਹ ਸਮਾਰਕ ਕੌਮੀ ਅਹਿਮੀਅਤ ਦੀਆਂ ਯਾਦਗਾਰਾਂ ਨਾ ਹੋਣ ਕਰਕੇ ਕੌਮੀ ਸਮਾਰਕ ਨਹੀਂ ਹਨ। ਇਸ ਵਾਸਤੇ ਅੱਜ ਸਾਡੀਆਂ ਇਨ੍ਹਾਂ ਇਤਿਹਾਸਿਕ ਵਿਰਾਸਤਾਂ ਦੀ ਪੁੱਛ-ਗਿੱਛ ਦੇਸ਼ ਤੇ ਵਿਦੇਸ਼ ਵਿਚ ਤਾਂ ਕੀ ਹੋਣੀ ਸੀ, ਸਗੋਂ ਪੰਜਾਬ ਵਿਚ ਵੀ ਇਨ੍ਹਾਂ ਦੀ ਕੋਈ ਕਦਰ-ਕੀਮਤ ਨਹੀਂ ਰਹੀ।

ਇਸ ਸਬੰਧ ਵਿਚ ਸੰਨ ੨੦੦੬ ਵਿਚ ਮੈਂ ਬਤੌਰ ਕਮਿਸ਼ਨਰ ਫਿਰੋਜ਼ਪੁਰ ਡਿਵੀਜ਼ਨ ਤੱਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਿਆਨ ਇਸ ਕੌਮੀ ਮੁੱਦੇ ਵੱਲ ਦਿਵਾਇਆ ਸੀ। ਉਨ੍ਹਾਂ ਨੇ ਤੁਰੰਤ ਹੀ ਮੈਨੂੰ ਪੰਜਾਬ ਸਰਕਾਰ ਵੱਲੋਂ ਇਹ ਮਸਲਾ ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਨੋਟਿਸ ਵਿਚ ਲਿਆਉਣ ਅਤੇ ਲੋੜੀਂਦੀ ਸੋਧ ਕਰਵਾਉਣ ਲਈ ਨਾਮਜ਼ਦ ਕਰ ਦਿੱਤਾ ਸੀ। ਦੇਵਨੇਤ ਫਿਰ ਇਹ ਕਾਰਜ ਤਕਰੀਬਨ-ਤਕਰੀਬਨ ਕੁਝ ਮਹੀਨਿਆਂ ਵਿਚ ਹੀ ਸਿਰੇ ਚੜ੍ਹ ਗਿਆ ਸੀ, ਪਰ ਇਕ ਵਾਰ ਫਿਰ ਸਮਾਂ ਸਾਡੇ ਨਾਲ ਬੇਵਫਾਈ ਕਰ ਗਿਆ। ਇਸ ਉਪਰੰਤ ਬੱਸ ਸਾਰੀ ਕਹਾਣੀ 'ਬੜੇ ਸ਼ੌਕ ਸੇ ਸੁਨ ਰਹਾ ਥਾ ਜ਼ਮਾਨਾ, ਹਮੀਂ ਸੋ ਗਏ ਦਾਸਤਾਂ ਕਹਿਤੇ-ਕਹਿਤੇ' ਮੁਤਾਬਿਕ ਖਤਮ ਹੋ ਗਈ।

ਇਸ ਸੰਦਰਭ ਵਿਚ ਬੇਸ਼ੱਕ ਯਾਦਗਾਰੀ ਇਮਾਰਤਾਂ ਤੇ ਗੇਟ ਤਾਂ ਬਣੇ ਹਨ, ਪਰ ਸਾਨੂੰ ਇਹ ਸਮਝ ਨਹੀਂ ਹੈ ਕਿ ਇੱਟਾਂ-ਪੱਥਰ ਕਦੇ ਬੋਲਦੇ ਨਹੀਂ ਹਨ। ਇਸ ਵਾਸਤੇ ਸਾਡੇ ਇਨ੍ਹਾਂ ਯਾਦਗਾਰੀ ਸਮਾਰਕਾਂ ਨੂੰ ਕੌਮੀ ਸਵੈਮਾਣ ਤੇ ਆਸਥਾ ਦੇ ਪ੍ਰਤੀਕ ਬਣਾਉਣ ਦੀ ਲੋੜ ਹੈ। ਇਸ ਪ੍ਰਥਾਇ ਵਾਹੋ-ਦਾਹੀ ਧੂੜ ਵਿਚ ਟੱਟੂ ਭਜਾਈ ਜਾਣ ਤੇ ਵੋਟ ਬੈਂਕ ਦੀ ਨੰਬਰੀ ਖੇਡ ਤੋਂ ਉਪਰ ਉਠ ਕੇ ਇਸ ਕੌਮੀ ਮੁੱਦੇ ਨੂੰ ਸਮਝਣ-ਵਿਚਾਰਨ ਉਪਰੰਤ ਅਜਿਹੇ ਸ਼ਹੀਦੀ ਤੇ ਕੌਮੀ ਸਮਾਰਕਾਂ ਅਤੇ ਪੰਜਾਬ ਦੇ ਇਤਿਹਾਸ ਤੇ ਸਾਹਿਤ ਨੂੰ ਮੁੜ ਤੋਂ ਤਰਤੀਬ ਦੇਣ ਦੀ ਲੋੜ ਹੈ ਤਾਂ ਕਿ ਪੰਜਾਬ ਦੀ ਗੌਰਵਮਈ ਗਾਥਾ ਸਾਡੀਆਂ ਕੌਮੀ ਯਾਦਗਾਰਾਂ ਆਪਣੀ ਜ਼ੁਬਾਨੀ ਆਪ ਹੀ ਸੁਣਾਉਣ।

ਬਹਿਰਹਾਲ, ਸਾਨੂੰ ਹੁਣ ਫਿਰ ਬਹੁਤ ਹੀ ਸਤਰਕ ਹੋ ਕੇ ਸੰਜੀਦਗੀ ਨਾਲ ਦੇਖਣ-ਵਿਚਾਰਨ ਦੀ ਲੋੜ ਹੈ ਕਿ ਸਾਡੀ ਇਹ ਪੁਰਾਣੀ ਭੱਦਰਕਾਰੀ ਇਕ ਵਾਰ ਫਿਰ ਹਰ ਸਾਲ ਵਾਂਗੂੰ ੧੪ ਫਰਵਰੀ ਨੂੰ ਵੈਲਨਟਾਈਨ ਡੇਅ 'ਤੇ ਉਜਾਗਰ ਹੋਵੇਗੀ। ਸਾਨੂੰ ਸ਼ਾਮ ਸਿੰਘ ਅਟਾਰੀਵਾਲਾ ਤੇ ਹੁਣ ਤੱਕ ਹੋਰ ਹਜ਼ਾਰਾਂ ਹੀ ਗੁਰੂ ਦੇ ਸਿੱਖਾਂ ਤੇ ਮਰਜੀਵੜੇ ਪੰਜਾਬੀਆਂ ਦੀ ਕੁਰਬਾਨੀ ਦਾ ਕਿਸੇ ਨੂੰ ਵੀ ਚਿੱਤ-ਚੇਤਾ ਹੀ ਨਹੀਂ ਹੋਵੇਗਾ; ਜਦੋਂ ਕਿ ਸਾਡੀ ਕੌਮ ਦਾ ਭਵਿੱਖ ਕਹਾਉਂਦੇ ਸਾਡੇ ਧੀ-ਪੁੱਤ ਨੌਜਵਾਨ ਕੁੜੀਆਂ ਤੇ ਮੁੰਡੇ ਵੈਲਨਟਾਈਨ ਡੇਅ ਦੇ ਨਾਮ 'ਤੇ ਆਪਣੀ ਦੋਸਤੀ ਦਾ ਦਮ ਭਰਦੇ ਹੋਏ ਦਾਰੂ-ਪਿਆਲੇ ਦੇ ਜਾਮ ਟਣਕਾਉਂਦੇ ਦਿਸਣਗੇ।

ਬੱਸ ਇਹ ਹੀ ਸਾਡੀ ਕੌਮ ਦੀ ਤ੍ਰਾਸਦੀ ਹੈ ਕਿ ਸਾਡੇ ਵਾਸਤੇ 'ਘਰ ਦਾ ਜੋਗੀ ਬੱਸ ਜੋਗੜਾ ਹੈ ਅਤੇ ਬਾਹਰ ਦੇ ਬਿਗਾਨੇ ਜੋਗੀ ਨੂੰ ਅਸੀਂ ਸਿੱਧ-ਪੁਰਖ ਮੰਨਦੇ ਹਾਂ'। ਇਸ ਦਾ ਕਾਰਨ ਸਪਸ਼ਟ ਹੈ ਕਿ ਅਜ਼ਾਦੀ ਤੋਂ ਬਾਅਦ ਹੁਣ ਤੱਕ ਵੀ ਸਾਡੀ 'ਗੁਲਾਮ ਮਾਨਸਿਕਤਾ' ਬਣੀ ਹੋਈ ਹੈ, ਜਿਸ ਕਾਰਨ ਕੌਮੀ ਪੱਧਰ 'ਤੇ ਸਾਡੇ ਵਿਚ ਦੇਸ਼-ਪ੍ਰੇਮ, ਕੌਮੀ ਆਚਰਣ, ਅਣਖ ਤੇ ਸਵੈਮਾਣ ਦਾ ਜਜ਼ਬਾ ਪੂਰਨ ਤੌਰ 'ਤੇ ਹਾਲੇ ਤੱਕ ਨਸ਼ਰ ਹੀ ਨਹੀਂ ਹੋਇਆ।

ਇਸ ਵਾਸਤੇ ਹੀ ਅਜ਼ਾਦ ਹੋ ਜਾਣ ਦੇ ਬਾਵਜੂਦ ਵੀ ਅਸੀਂ ਅਜ਼ਾਦੀ ਦੇ ਸਹੀ ਮਾਅਨਿਆਂ ਨੂੰ ਸਮਝ ਨਹੀਂ ਸਕੇ ਅਤੇ ਜਨਮਜਾਤ ਤੋਂ ਅਜ਼ਾਦ ਕੌਮਾਂ ਵਾਂਗੂੰ ਅਜ਼ਾਦੀ ਦਾ ਸਹੀ ਅਨੰਦ ਨਹੀਂ ਮਾਣ ਸਕੇ। ਜਦੋਂ ਕਿ ਸਾਡੇ ਸਮਾਜ ਦੇ ਹਰ ਸ਼ੋਭੇ ਦੇ ਆਗੂਆਂ ਨੂੰ ਆਪਣੇ ਇਸ ਫਰਜ਼ ਅਵੱਲ ਨੂੰ ਪੱਬਾਂ ਭਾਰ ਹੋ ਕੇ ਸਮਝਣ ਦੀ ਲੋੜ ਹੈ ਕਿ ਉਹ ਕੌਮ ਨੂੰ ਤੇ ਖਾਸ ਕਰਕੇ ਨੌਜਵਾਨ ਪੀੜ੍ਹੀਆਂ ਨੂੰ ਸਹੀ ਦਿਸ਼ਾ ਤੇ ਦਸ਼ਾ ਦੇਣ ਲਈ 'ਕੱਲ੍ਹ ਕਰੇ ਸੋ ਆਜ ਕਰ; ਆਜ ਕਰੇ ਸੋ ਅਬ' ਦੀ ਲੋਕ ਸਿਆਣਪ ਅਨੁਸਾਰ ਤੁਰੰਤ ਹੀ ਵਚਨਬੱਧ ਤੇ ਤਤਪਰ ਹੋਣ।

ਪਰ ਇਸ ਸਾਰੇ ਸੰਦਰਭ ਵਿਚ ਲੱਖ ਟਕੇ ਵਰਗੀ ਇਕ ਗੱਲ ਬਹੁਤ ਹੀ ਸੰਜੀਦਗੀ ਨਾਲ ਵਿਚਾਰਨ ਵਾਲੀ ਹੈ ਕਿ ਸਾਡੀ ਸੰਸਕ੍ਰਿਤੀ ਤੇ ਸਭਿਆਚਾਰ ਨੂੰ ਜਾਣਨ ਲਈ ਅੱਜ ਦੁਨੀਆਂ ਬੇਤਾਬ ਹੈ। ਸੰਸਾਰ ਭਰ ਦੇ ਲੋਕ ਪੰਜਾਬੀਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਭਰਪੂਰ ਇਤਿਹਾਸ ਅਤੇ ਸਾਡੇ ਸ਼ਾਨਦਾਰ ਸਭਿਆਚਾਰ ਦੀ ਜਾਣਕਾਰੀ ਹਾਸਲ ਕਰਨ ਦੇ ਤਲਬਗਾਰ ਹਨ। ਇਸ ਪ੍ਰਸੰਗ ਵਿਚ ਇਹ ਇਖਲਾਕੀ ਕਮੀ ਬੱਸ ਸਾਡੇ ਆਪਣੇ ਵਿਚ ਹੀ ਹੈ ਕਿ ਅਸੀਂ ਆਪਣੇ ਪੁਰਖਿਆਂ ਦੇ ਜੀਵਨ ਦੀਆਂ ਸਿਫਤਾਂ ਨੂੰ ਪਹਿਲਾਂ ਆਪਣੇ ਜੀਵਨ ਵਿਚ ਨਹੀਂ ਢਾਲ ਸਕੇ ਅਤੇ ਫਿਰ ਉਨ੍ਹਾਂ ਦੇ ਮਹਾਨ ਫਲਸਫੇ ਨੂੰ ਦੁਨੀਆਂ ਵਿਚ ਪ੍ਰਚਾਰ ਤੇ ਪ੍ਰਸਾਰ ਦੇ ਮਾਧਿਅਮ ਦੁਆਰਾ ਨਸ਼ਰ ਨਹੀਂ ਕਰ ਸਕੇ।

ਸੋ! ਇਸ ਪ੍ਰਥਾਇ ਆਓ ਅਸੀਂ ਸਭ ਰਲ ਮਿਲ ਕੇ ਅਰਦਾਸ ਕਰੀਏ ਕਿ ਵਾਹਿਗੁਰੂ ਸਾਨੂੰ ਸੁਮੱਤ ਬਖਸ਼ੇ ਤੇ ਅਸੀਂ ਆਪਣੇ ਮਿਥਿਹਾਸ ਬਣਦੇ ਜਾ ਰਹੇ ਇਤਿਹਾਸ ਅਤੇ ਸਾਡੇ ਖੁਰਦੇ ਜਾ ਰਹੇ ਸਭਿਆਚਾਰ ਨੂੰ ਸੰਭਾਲਣ ਦਾ ਲੋੜੀਂਦਾ ਕੋਈ ਉੱਦਮ-ਉਪਰਾਲਾ ਕਰ ਸਕੀਏ। ਸ਼ਾਲਾ! ਰੱਬ ਸਾਡਾ ਨਿਗਾਹਬਾਨ ਹੋਵੇ। ਆਮੀਨ!

Tags: ਕਿਥੇ ਸਭਰਾਉਂ ਦੀ ਜੰਗ ਤੇ ਵੈਲਨਟਾਈਨ ਡੇਅ ਕੁਲਬੀਰ ਸਿੰਘ ਸਿੱਧੂ ਸਾਬਕਾ ਕਮਿਸ਼ਨਰ ਸੰਪਰਕ ੯੮੧੪੦-੩੨੦੦੯