HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਸਿੱਖੀ ਸਰੂਪ ਮਹੱਤਵ ਰਖਦਾ ਹੈ


Date: Jan 22, 2014

ਹਰਦੇਵ ਸਿੰਘ ਧਾਲੀਵਾਲ, ਰਿਟ: ਐਸ.ਐਸ.ਪੀ. ਪੀਰਾਂ ਵਾਲਾ ਗੇਟ, ਸੁਨਾਮ
ਇਕ ਦਿਨ ਸ: ਖੁਸ਼ਵੰਤ ਸਿੰਘ ਦੀ ਲਿਖਤ ਪੜ੍ਹ ਰਿਹਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਕੁਝ ਮੋਨੇ ਨੌਜਵਾਨ ਅਲ੍ਹੜ ਉਮਰ ਦੇ ਘੁੰਮ ਰਹੇ ਸਨ। ਉਸ ਸਮੇਂ ਕਾਰਾਂ ਘੱਟ ਹੀ ਸਨ। ਅੱਜ ਵਾਲੀ ਪੁਜ਼ੀਸ਼ਨ ਨਹੀਂ ਸੀ। ਉਹਨਾ ਕੋਲ ਇਕ ਟੈਕਸੀ ਸੀ, ਜਿਸਦਾ ਡਰਾਇਵਰ ਪੂਰਨ ਸਿੱਖ ਸੀ (ਅੱਜ-ਕੱਲ ਦਿੱਲੀ ਤੇ ਹੋਰ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਟੈਕਸੀ ਡਰਾਇਵਰ ਸਿੱਖ ਅਕਸਰ ਦੇਖੇ ਜਾ ਸਕਦੇ ਹਨ। ਜੇਕਰ ਅਸੀਂ ਕਨੇਡਾ, ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਬਾਰੇ ਵਿਚਾਰੀਏ ਤਾਂ ਇਹਨਾਂ ਦੇਸ਼ਾਂ ਵਿੱਚ ਟੈਕਸੀਆਂ ਤੇ ਕਾਫੀ ਸਿੱਖ ਡਰਾਈਵਰਾਂ ਦਾ ਹੱਥ ਉੱਚਾ ਹੈ। ਕਈ ਮੋਨੇ ਹੋ ਗਏ ਹਨ, ਪਰ ਬਹੁਤੇ ਕਾਇਮ ਹਨ, ਆਮਤੌਰ ਤੇ ਅਜੇ ਵੀ ਵਿਦੇਸ਼ਾਂ ਵਿੱਚ ਸਿੱਖ ਕੇਸਾ ਧਾਰੀ ਡਰਾਈਵਰ ਦੀ ਟੈਕਸੀ ਵਿੱਚ ਬੈਠਣ ਲਈ ਇੱਕਲੀ ਔਰਤ ਸੁਰੱਖਿਅਤ ਮਹਿਸੂਸ ਕਰਦੀ ਹੈ।) ਉਹ ਲਿਖਦੇ ਸਨ ਕਿ ਲੜਕੇ ਕੇਸਾਂ ਤੇ ਦਾੜ੍ਹੀ ਦਾ ਮਖੌਲ ਉਡਾਉਂਦੇ ਰਹੇ ਤੇ ਸਿੱਖਾਂ ਬਾਰੇ ਚੁੱਟਕਲੇ ਜਾਣਬੁਝ ਕਰ ਸੁਣਾ ਰਹੇ ਸਨ, ਜਿਸ ਕਾਰਨ ਮਨ ਨੂੰ ਠੇਸ ਪੁਜਦੀ ਸੀ, ਚੁੱਟਕਲਿਆਂ ਵਿੱਚ ''ਦਿਨ ਦੇ ਬਾਰ੍ਹਾਂ ਵੱਜ ਗਏ ਹਨ'' ਆਦਿ ਸ਼ਾਮਲ ਸਨ। ਜਦੋਂ ਟੈਕਸੀ ਛੱਡਣ ਲੱਗੇ ਤਾਂ ਡਰਾਈਵਰ ਨੇ ਹੌਂਸਲੇ ਨਾਲ ਕਿਹਾ, ''ਜਵਾਨੋ, ਤੁਹਾਡੀ ਗੱਲ ਠੀਕ ਹੈ, ਪਰ ਮੈਨੂੰ ਕੋਈ ਸਿੱਖ ਮੰਗਦਾ ਦਿੱਖਾ ਦੇਵੋ, ਉਹ ਸਾਰੇ ਸ਼ਰਮਸਾਰ ਹੋਵੇ, ਪਰ ਡਰਾਈਵਰ ਸੰਤੁਸ਼ਟ ਸੀ।''

੧੯੬੭ ਵਿੱਚ ਮੈਂ ਬਤੌਰ ਏ.ਐਸ.ਆਈ. ਤਫਤੀਸ਼ ਲਈ ਬਿਹਾਰ ਤੇ ਬੰਗਾਲ ਨੂੰ ਜਾ ਰਿਹਾ ਸੀ। ਮੇਰੇ ਨਾਲ ਇਕ ਸਿਪਾਹੀ ਸ਼ਾਮਲ ਸੀ, ਇਲਾਹਾਬਾਦ ਦੇ ਸਟੇਸ਼ਨ ਤੇ ਇਕ ਫੌਜੀ ਸ਼ਰਾਬੀ ਡਿੱਗ ਕੇ ਵਿਚਕਾਰੋਂ ਕੱਟਿਆ ਗਿਆ, ਅਸੀਂ ਚੁੱਕ ਕੇ ਬਾਹਰ ਪਲੇਟਫਾਰਮ ਤੇ ਰੱਖ ਦਿੱਤਾ, ਜਦੋਂ ਅਸੀਂ ਦੁਬਾਰੇ ਅੱਗੇ ਚੱਲੇ ਤਾਂ ਇਕ ਗਹਿਣਿਆਂ ਨਾਲ ਭਰੀ ਹੋਈ ਔਰਤ ਸਾਡੇ ਵਾਲੇ ਕੈਬਿਨ ਵਿੱਚ ਆਈ, ਤੇ ਪੁੱਛਿਆ, ''ਤੁਹਾਡੇ ਸਾਹਮਣੇ ਵਾਲੀ ਸੀਟ ਖਾਲੀ ਹੈ।'' ਉਹ ਧਨਬਾਦ ਵਿਖੇ ਕੋਲੇ ਦੀਆਂ ਖਾਨਾਂ ਦੇ ਮਾਲਕ ਦੀ ਪਤਨੀ ਸੀ। ਅਸੀਂ ਖਾਲੀ ਦੱਸੀ ਤਾਂ ਉਸਨੇ ਕੰਡਕਟਰ ਨੂੰ ਕਹਿ ਕੇ ਆਪਣੀ ਸੀਟ ਸਾਡੇ ਕੇਬਿਨ ਵਿੱਚ ਕਰਵਾਈ, ਉਸਨੇ ਕਾਰਨ ਪੁੱਛਿਆ ਤਾਂ ਜਵਾਬ ਦਿੱਤਾ ਕਿ ਥਾਣੇਦਾਰ ਸਿੱਖ ਹੈ ਤੇ ਪੰਜਾਬ ਪੁਲਿਸ ਦਾ ਹੈ, ਰਾਤ ਨੂੰ ਸੁਰੱਖਿਅਤ ਰਹਾਂਗੀ। ਭਾਵੇਂ ਉਸ ਸਮੇਂ ਮੇਰੀ ਦਾੜ੍ਹੀ ਕਤਰੀ ਹੋਈ ਸੀ, ਪਰ ਮੈਨੂੰ ਉਸ ਹਾਲਤ ਵਿੱਚ ਵੀ ਤਸੱਲੀ ਹੋਈ।

ਜਨਵਰੀ ੧੯੭੪ ਨੂੰ ਮੈਨੂੰ ਮੇਰੇ ਐਸ.ਐਸ.ਪੀ. ਗੁਰਬਚਨ ਜਗਤ ਨੇ ਮੁੱਖ ਅਫਸਰ ਬੋਹਾ ਥਾਣੇ ਤੋਂ ਸੀ.ਟੀ.ਡੀ.ਐਸ. ਕੋਰਸ ਲਈ ਹੈਦਰਾਬਾਦ ਇਕ ਮਾਲ ਅਫਸਰ ਦੀ ਸ਼ਿਕਾਇਤ ਤੇ ਪਵਾ ਦਿੱਤਾ। ਉਥੇ ੧੦੦ ਦਿਨਾਂ ਦਾ ਕੋਰਸ ਸੀ, ਅੰਗਰੇਜੀ ਮੀਡੀਅਮ ਕਾਰਨ ਬੀ.ਏ. ਪਾਸ ਹੀ ਭੇਜੇ ਜਾਂਦੇ ਸਨ। ਮੇਰੀਆਂ ਸੈਸ਼ਨ ਕੋਰਡ ਵਿੱਚ ਕਾਫੀ ਸ਼ਹਾਦਤਾਂ ਸਨ, ਇਸ ਕਰਕੇ ਮੈਨੂੰ ੩-੪ ਵਾਰੀ ਸ਼ਹਾਦਤ ਲਈ ਆਉਣਾ ਪਿਆ। ਇਕ ਵਾਰੀ ਮੈਂ ਦਿੱਲੀ ਤੋਂ ਸੀਟ ਬੁੱਕ ਨਾ ਕਰਵਾ ਸਕਿਆ। ਗੱਡੀ ਵਿੱਚ ਬਹਿ ਕੇ ਕੰਡਕਟਰ ਨੂੰ ਸੀਟ ਲਈ ਕਿਹਾ, ਉਸਨੇ ਸੀਟ ਬੁੱਕ ਕਰ ਦਿੱਤੀ ਤੇ ਦੱਸਿਆ ਕਿ ਇਹ ਸਵਾਰੀ ਧੱਕੇ ਨਾਲ ਸੀਟ ਤੇ ਕਾਬਜ਼ ਹੈ ਤੇ ਉਸਦੇ ਕਹੇ ਤੋਂ ਖਾਲੀ ਨਹੀਂ ਕਰ ਰਹੀ। ਮੈਂ ਉਸਨੂੰ ਕਿਹਾ ਸ੍ਰੀਮਾਨ ਜੀ, ਇਹ ਸੀਟ ਮੇਰੇ ਲਈ ਬੁੱਕ ਹੈ, ਉਹ ਕੁਝ ਚਿਰ ਮੇਰੇ ਮੂੰਹ ਵੱਲ ਦੇਖਦਾ ਰਿਹਾ, ਸੀਟ ਖਾਲੀ ਕਰਕੇ ਕਿਹਾ, ਸਰਦਾਰ ਜੀ ਆਪਕੀ ਹੈ ਤੋ ਲੇ ਲੋ। ਕੰਡਕਟਰ ਨੇ ਕਿਹਾ ਕਿ ਇਹ ਮੇਰੇ ਨਾਲ ਤਾਂ ਬਦਕਲਾਮੀ ਕਰ ਰਿਹਾ ਸੀ, ਆਪ ਨੂੰ ਸੀਟ ਖਾਲੀ ਕਰ ਦਿੱਤੀ ਹੈ, ਮੇਰੀ ਤਾਂ ਪਰਵਾਹ ਹੀ ਨਹੀਂ ਸੀ ਕਰਦਾ।

ਹੈਦਰਾਬਾਦ ਤੋਂ ਮੈਂ ਤਿੰਨ ਦਿਨ ਦੀ ਛੁੱਟੀ ਲੈ ਕੇ ਇਕ ਐਤਵਾਰ ਨੂੰ ਹਜੂਰ ਸਾਹਿਬ ਨੰਦੇੜ ਗਿਆ। ਮੈਂ ਜਦੋਂ ਕਮਰਿਆਂ ਦੇ ਦਫਤਰ ਗਿਆ ਤਾਂ ਇਕ ਸਿੰਘ ਨੇ ਮੈਨੂੰ ਫਤਿਹ ਬੁਲਾਈ ਤੇ ਦੱਸਿਆ ਕਿ ਉਹ ਕੂਲਰੀਆਂ ਥਾਣਾ ਬਰੇਟਾ ਦਾ ਹੈ। ਉਹ ਕਹਿੰਦਾ ਸੀ ਕਿ ਕਿਸੇ ਕੰਮ ਮੇਰੇ ਥਾਣੇ ਆਏ ਤੇ ਆਪ ਨੇ ਤੁਰਤ ਕਰ ਦਿੱਤਾ ਸੀ। ਉਸ ਸਮੇਂ ਜ: ਗੁਰਚਰਨ ਸਿੰਘ ਟੋਹੜਾ ਹਜੂਰ ਸਾਹਿਬ ਦੇ ਪ੍ਰਧਾਨ ਸਨ, ਉਸਨੇ ਮੈਨੂੰ ਉਹਨਾਂ ਵਾਲਾ ਕਮਰਾ ਹੀ ਦੇ ਦਿੱਤਾ। ਜਿਸ ਵਿੱਚ ਡਰਾਇੰਗ ਰੂਮ ਤੇ ਬੈਡਰੂਮ ਅੱਡੋ-ਅੱਡ ਸਨ। ਮੇਰੇ ਲਈ ਹਰ ਸਹੂਲਤ ਕਮਰੇ ਵਿੱਚ ਕਰਵਾ ਦਿੱਤੀ। ਮੈਂ ਉਥੇ ਸਾਰੇ ਗੁਰਦੁਵਾਰਿਆਂ ਦੇ ਦਰਸ਼ਨ ਕੀਤੇ ਤੇ ਉਹਨਾਂ ਦੀਆਂ ਪਰੰਪਰਾਵਾਂ ਵੀ ਦੇਖੀਆਂ। ਵਾਪਸੀ ਤੇ ਬੱਸ ਸਟੈਂਡ ਜਾ ਕੇ ਹੈਦਰਾਬਾਦ ਜਾਣ ਵਾਲੀ ਬੱਸ ਦੀ ਸੀਟ ਤੇ ਬੈਗ ਰੱਖ ਦਿੱਤਾ, ਮੈਂ ਅਕਸਰ ਡਰਾਇਵਰ ਦੀ ਪਿਛਲੀ ਸੀਟ ਤੇ ਬੈਠਦਾ ਸੀ। ਬੱਸ ਖਾਲੀ ਸੀ ਤਾਂ ਬੱਸ ਅੱਡੇ ਤੇ ੨-੩ ਜਣੇ ਇਕ ਕਰਮਚਾਰੀ ਨੂੰ ਕਹਿਣ ਲੱਗੇ, ''ਰੋਕ ਸਰਦਾਰ ਕੋ ਰੋਕ'', ਉਹਨਾਂ ਨੇ ਉਸਨੂੰ ਭੈੜੇ ਲਫਜ਼ ਵੀ ਵਰਤੇ। ਮੈਂ ਦੇਖਿਆ ਕਿ ਬੱਸ ਅੱਡੇ ਤੇ ਮੈਂ ਇਕਲਾ ਹੀ ਪੱਗੜੀਧਾਰੀ ਸੀ, ਮੈਂ ਉਸਨੂੰ ਪੁੱਛਿਆ ਕਿ ਕੀ ਗੱਲ ਹੈ ਤਾਂ ਉਸਨੇ ਦੱਸਿਆ ਕਿ ਹੈਦਰਾਬਾਦ ਨੂੰ ਸਿੱਧੀ ਬੱਸ ੯:੩੦ ਤੇ ਜਾਣੀ ਹੈ। ਇਸ ਤੋਂ ਪਹਿਲਾਂ ਇਕ ਹੋਰ ਬੱਸ ੯:੧੫ ਤੇ ਜਾ ਰਹੀ ਹੈ। ਮੈਂਂ ਇਹਨਾ ਨੂੰ ਸਿੱਧੀ ਬੱਸ ਤੋਂ ਰੋਕ ਦਿੱਤਾ ਸੀ, ਆਪ ਦੇ ਬੈਗ ਰੱਖਣ ਕਾਰਣ ਰੌਲਾ ਪਾਉਂਦੇ ਹਨ। ਤੁਸੀਂ ਬੈਗ ਪਿਆ ਰਹਿਣ ਦਿਓ, ਆਪ ਲਈ ਕੋਈ ਰੁਕਾਵਟ ਨਹੀਂ। ਮੈਂ ਕਿਹਾ ਕਿ ਹੁਣ ਬੈਗ ਚੁੱਕਣਾ ਮੇਰੇ ਲਈ ਵੀ ਮੁਸ਼ਕਲ ਹੈ।

੧੯੯੬ ਵਿੱਚ ਚੋਣਾਂ ਕਰਵਾਉਣ ਲਈ ਅਸੀਂ ਆਈ.ਆਰ.ਬੀ. ਰਾਹੀਂ ਜੰਮੂ-ਕਸ਼ਮੀਰ ਗਏ। ਪਹਿਲੇ ਗੇੜ ਵਿੱਚ ਸਾਨੂੰ ਮੇਹੰਦੜ ਮਿਲ ਗਿਆ (ਜਿਥੇ ਹੁਣ ਪਿਛੇ ਕਾਫੀ ਫਾਈਰਿੰਗ ਹੋਈ ਹੈ)। ਉਸ ਸਮੇਂ ਵੀ ਕਾਫੀ ਫਾਈਰਿੰਗ ਹੁੰਦੀ ਰਹਿੰਦੀ ਸੀ, ਸਾਡਾ ਹੈਡ ਕੁਆਟਰ ਪੁੱਣਛ ਸੀ। ਉਥੇ ਸਾਡੇ ਆਈ.ਜੀ.ਪੀ. ਤੇ ਦੋ ਡੀ.ਆਈ.ਜੀ.ਪੀ. ਡਾਕ ਬੰਗਲੇ ਵਿੱਚ ਹੈਡ ਕੁਆਟਰ ਤੇ ਦਫਤਰ ਰੱਖਦੇ ਸਨ। ਇਕ ਦਿਨ ਦੁਪਹਿਰ ਦੇ ੨ ਵਜੇ ਮੈਂ ਕ੍ਰਿਸ਼ਨਾ ਘਾਟੀ ਰਾਹੀਂ ਪੁੱਣਛ ਗਿਆ, ਇਹ ਰਸਤਾ ਸਾਰਾ ਹੀ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ। ਰਾਹ ਵਿੱਚ ਕ੍ਰਿਸ਼ਨਾ ਘਾਟੀ ਵੀ ਆਉਂਦੀ ਹੈ। ਮੇਹੰਦੜ ਦੁਆਲੇ ਵੀ ਪਾਕਿਸਤਾਨ ਹੀ ਹੈ। ਰਸਤੇ ਵਿੱਚ ੨ ਨੌਜਵਾਨ ਕੁੜੀਆਂ ਨੇ ਹੱਥ ਦਿੱਤਾ, ਅਸੀਂ ਜਿਪਸੀ ਰੌਕ ਕੇ ਚੜ੍ਹਾ ਲਈਆਂ, ਉਹ ਦੋਵੇਂ ਖੂਬਸੁਰਤ ਕੋਈ ਸਾਢੇ ਪੰਜ ਫੁੱਟ ਤੋਂ ਉਚੀਆਂ ਸਨ ਤੇ ਗਰਦਨਾਂ ਵੀ ੬-੬ ਇੰਚ ਹੋਣਗੀਆਂ। ਇਕ ਕੁੜੀ ਐਮ.ਏ. ਬੀ.ਐਡ ਤੇ ਦੂਜੀ ਐਮ.ਕਾਮ ਕਰਦੀ ਸੀ, ਮੈਂ ਕਿਹਾ, ''ਕੁੜੀਓ, ਤੁਸੀਂ ਸਾਡੀ ਗੱਡੀ ਵਿੱਚ ਚੜ੍ਹ ਗਈਆਂ ਹੋ, ਜੇਕਰ ਕੋਈ ਆਦਮੀ ਤੁਹਾਡੀ ਦਲੇਰੀ ਦੀ ਗਲਤ ਵਰਤੋਂ ਕਰ ਜਾਂਦਾ, ਉਹਨਾਂ ਨੇ ਕਿਹਾ, ''ਤੁਸੀਂ ਸਿੱਖ ਹੋ, ਇਸ ਕਰਕੇ ਹੀ ਅਸੀਂ ਤੁਹਾਡੀ ਗੱਡੀ ਨੂੰ ਹੱਥ ਦਿੱਤਾ ਹੈ, ਸਿੱਖ ਤਾਂ ਰੱਖਿਆ ਕਰਦੇ ਹਨ। ਅਸੀਂ ਏਵੇਂ ਨਹੀਂ ਜਾਂਦੀਆਂ, ਜੇਕਰ ਮਰਜ਼ੀ ਹੋਵੇ ਤਾਂ ਆਨੰਦ ਕਾਰਜ ਕਰਾ ਕੇ ਹੀ ਜਾਵਾਂਗੀਆਂ।'' ਪੁੱਣਛ ਦੇ ਦੁਆਲੇ ਸਿੱਖ ਵਸੋਂ ਕਾਫੀ ਹੈ, ਰਸਤੇ ਵਿੱਚ ਉਹਨਾ ਨੇ ਜਨਰਲ ਬਿਕਰਮ ਸਿੰਘ ਦੇ ਐਕਸੀਡੈਂਟ ਦਾ ਸਮਾਰਕ ਦਿੱਖਾਇਆ, ਉਹਨਾ ਦਾ ਸੁਭਾਉ ਤੇ ਬੋਲ ਚਾਲ ਸਾਫ ਤੇ ਦਲੇਰੀ ਵਾਲੀ ਸੀ।

ਦਸ਼ਮ ਪਾਤਸ਼ਾਹ ਨੇ ਸਿੱਖੀ ਸਰੂਪ ਪਛਾਣ ਕਾਇਮ ਕਰਨ ਲਈ ਦਿੱਤਾ ਸੀ। ਇਸ ਸਰੂਪ ਤੋਂ ਇਮਦਾਦ ਤੇ ਆਸਰੇ ਦੀ ਰੱਖੀ ਜਾਂਦੀ ਹੈ, ਅਜਿਹੀਆਂ ਰਿਵਾਇਤਾਂ ਹਨ ਕਿ ਇਸ ਸਰੂਪ ਨੇ ਹਰ ਤਰ੍ਹਾਂ ਦੀ ਮੱਦਦ ਕੀਤੀ ਹੈ। ਇਸ ਸਰੂਪ ਦੇ ਧਾਰਨੀਆਂ ਨੂੰ ਇਸਦੀ ਇੱਜਤ ਤੇ ਮਾਣ ਕਾਇਮ ਰੱਖਣੀ ਚਾਹੀਦੀ ਹੈ। ਲੋੜਵੰਦ ਦੀ ਮੱਦਦ ਕਰਨਾ ਸਿੱਖੀ ਦਾ ਆਦਰਸ਼ ਹੈ, ਸਿੱਖ ਜਾਲਮ ਨਹੀਂ ਹੋਣਾ ਚਾਹੀਦਾ, ਜ਼ੁਲਮ ਰੋਕਣ ਵਾਲਾ ਹੋਣਾ ਚਾਹੀਦਾ ਹੈ। ਸਾਨੂੰ ਸਿੱਖੀ ਦਾ ਅਸੂਲ 'ਕਾਰ ਕਰੋ' 'ਨਾਮ ਜਪੋ' ਤੇ 'ਵੰਡ ਛਕੋ' ਤੇ ਕਾਇਮ ਰਹਿਣ ਚਾਹੀਦਾ ਹੈ।

ਸੰਪਰਕ ੯੮੧੫੦-੩੭੨੭੯

Tags: ਸਿੱਖੀ ਸਰੂਪ ਮਹੱਤਵ ਰਖਦਾ ਹੈ ਹਰਦੇਵ ਸਿੰਘ ਧਾਲੀਵਾਲ ਰਿਟ: ਐਸ.ਐਸ.ਪੀ.