HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਕੀ ਕਹਿੰਦਾ ਹੈ ਭਾਰਤੀ ਡਿਪਲੋਮੇਟ ਦਾ ਆਪਣੀ ਨੌਕਰਾਣੀ ਪ੍ਰਤੀ ਰਵੱਈਆ


Date: Jan 22, 2014

ਜ਼ੁਬੈਰ ਅਹਿਮਦ
ਮੈਂ ਅਮਰੀਕਾ ਅਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ 'ਚ ਭਾਰਤੀ ਡਿਪਲੋਮੇਟਾਂ ਦੇ ਘਰ ਗਿਆ ਹਾਂ। ਮੇਰੇ ਦਿਮਾਗ 'ਚ ਉਹਨਾਂ ਦੀ ਸਥਾਈ ਦਿੱਖ ਇਹ ਹੈ ਕਿ ਉਹਨਾਂ ਦਾ ਰਹਿਣ ਸਹਿਣ ਜਿਹੜਾ ਵਿਦੇਸ਼ 'ਚ ਰਹਿਣ ਵਾਲੇ ਔਸਤ ਭਾਰਤੀਆਂ ਨਾਲੋਂ ਕਿਤੇ ਚੰਗਾ ਹੈ। ਲੰਡਨ ਦੇ ਇਕ ਡਿਪਲੋਮੇਟ ਦੇ ਘਰ ਜਾਣ ਤੋਂ ਬਾਅਦ ਮੈਨੂੰ ਲੱਗਾ ਕਿ ਭਾਰਤ ਸਰਕਾਰ ਇਹਨਾਂ ਅਫਸਰਾਂ ਨੂੰ ਕਿੰਨੀਆਂ ਸਹੂਲਤਾਂ ਦਿੰਦੀ ਹੈ।

ਜਦ ਮੈਂ ਰਾਸ਼ਟਰਪਤੀ ਭਵਨ ਨੂੰ ਦੇਖਦਾ ਹਾਂ ਤਾਂ ਲੱਗਦਾ ਹੈ ਕਿ ਇਹ ਪੈਸੇ ਦੀ ਬਰਬਾਦੀ ਹੈ। ਰਾਸ਼ਟਰਪਤੀ ਦਾ ਇਕ ਛੋਟਾ ਜਿਹਾ ਪਰਿਵਾਰ ਏਨੇ ਵੱਡੇ ਮਹਿਲ ਵਿਚ ਰਹਿੰਦਾ ਹੈ, ਕਿਉਂ ਨਾ ਇਸ ਨੂੰ ਪੰਜ ਸਿਤਾਰਾ ਹੋਟਲ ਵਿਚ ਬਦਲ ਦਿੱਤਾ ਜਾਏ ਅਤੇ ਰਾਸ਼ਟਰਪਤੀ ਨੂੰ ਪ੍ਰਧਾਨਮੰਤਰੀ ਵਰਗੇ ਇਕ ਘਰ ਵਿਚ ਜਗ੍ਹਾ ਦੇ ਦਿੱਤੀ ਜਾਏ ਜਿਹੜਾ ਘਰ ਸ਼ਹਿਰ ਦੇ ਮਹਿੰਗੇ ਰਿਹਾਇਸ਼ੀ ਇਲਾਕਿਆਂ ਵਿਚ ਸੀ। ਅਤੇ ਉਹ ਘਰ ਏਨਾ ਵੱਡਾ ਸੀ ਕਿ ਉਸ ਵਿਚ ਇਕ ਪਰਿਵਾਰ ਹੀ ਨਹੀਂ, ਸਗੋਂ ਪੂਰਾ ਕੁਨਬਾ ਰਹਿ ਸਕਦਾ ਸੀ ਅਤੇ ਹਾਂ ਸਾਰਿਆਂ ਦੇ ਘਰਾਂ ਵਿਚ ਨੌਕਰਾਣੀਆਂ ਵੀ ਕੰਮ ਕਰਦੀਆਂ ਨਜ਼ਰ ਆਈਆਂ। ਠੀਕ ਉਸੇ ਤਰ੍ਹਾਂ ਦਾ ਖਿਆਲ ਆਉਂਦਾ ਸੀ, ਜਦੋਂ ਮੈਂ ਇਹਨਾਂ ਭਾਰਤੀ ਡਿਪਲੋਮੇਟਾਂ ਦੇ ਘਰ ਜਾਂਦਾ ਸੀ।

ਤਿੰਨ ਸਾਲ ਪਹਿਲਾਂ ਮੈਂ ਵਾਸ਼ਿੰਗਟਨ 'ਚ ਇਕ ਭਾਰਤੀ ਡਿਪਲੋਮੇਟ ਦੇ ਘਰ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਮੈਂ ਉਹਨਾਂ ਦੀ ਦਾਵਤ 'ਤੇ ਉਹਨਾਂ ਦੇ ਘਰ ਗਿਆ ਸੀ। ਇਸ ਮੌਕੇ 'ਤੇ ਉਹਨਾਂ ਨੇ ਕੁਝ ਅਮਰੀਕੀ ਪੱਤਰਕਾਰਾਂ ਅਤੇ ਬੁੱਧੀਜੀਵਆਂ ਨੂੰ ਵੀ ਬੁਲਾਇਆ ਸੀ। ਉਹਨਾਂ ਸਾਹਮਣੇ ਆਪਣੇ ਵਿਚਾਰ ਰੱਖਣ ਦੀ ਹਿੰਮਤ ਇਸ ਲਈ ਹੋਈ ਕਿਉਂਕਿ ਉਹ ਇਕ ਵੱਡੇ ਅਫਸਰ ਸਨ ਪਰ ਇਸਦੇ ਬਾਵਜੂਦ ਉਹਨਾਂ ਦੇ ਘਰ 'ਤੇ ਕੋਈ ਭਾਰਤੀ ਨੌਕਰਾਣੀ ਨਹੀਂ ਸੀ। ਉਹਨਾਂ ਦਾ ਕਹਿਣਾ ਸੀ ਕਿ ਉਹ ਅਤੇ ਉਹਨਾਂ ਦੀ ਪਤਨੀ ਭਾਰਤ ਤੋਂ ਨੌਕਰਾਣੀ ਲਿਆਉਣ ਦੇ ਖਿਲਾਫ ਹਨ ਕਿਉਂਕਿ ਉਹ ਇਸ ਦੇਸ਼ ਵਿਚ ਘੱਟ ਤੋਂ ਘੱਟ ਮਜਦੂਰੀ ਦੇਣ ਦੇ ਵੀ ਯੋਗ ਨਹੀਂ ਹਨ। ਪਰ ਉਹਨਾਂ ਨੇ ਇਹ ਜਰੂਰ ਸੱਪਸ਼ਟ ਕੀਤਾ ਕਿ ਇਕ ਡਿਪਲੋਮੇਟ ਆਪਣੇ ਦੇਸ਼ ਦਾ ਪ੍ਰਤੀਨਿਧੀ ਹੁੰਦਾ ਹੈ ਇਸ ਲਈ ਉਸਦਾ ਰਹਿਣ ਸਹਿਣ ਵਧੀਆ ਹੋਣਾ ਚਾਹੀਦਾ ਹੈ। ਸ਼ਾਇਦ ਉਹਨਾਂ ਦੀ ਗੱਲ ਵਿਚ ਦਮ ਹੋਵੇ ਪਰ ਭਾਰਤ ਤੋਂ ਲਿਆਂਦੀ ਗਈ ਨੌਕਰਾਣੀ ਇਸ ਸ਼ਾਨ ਅਤੇ ਸ਼ੌਕਤ ਦਾ ਹਿੱਸਾ ਕਿਵੇਂ ਹੋ ਸਕਦੀ ਹੈ। ਉਸ ਕੋਲੋਂ ਘੱਟ ਦਿਹਾੜੀ 'ਤੇ ਪ੍ਰਤੀ ਦਿਨ ਅੱਠ ਘੰਟੇ ਤੋਂ ਜ਼ਿਆਦਾ ਕੰਮ ਕਰਾਉਣਾ ਵਧੀਆ ਰਹਿਣ ਸਹਿਣ ਦਾ ਹਿੱਸਾ ਕਿਵੇਂ ਹੋ ਸਕਦਾ ਹੈ?

ਘੱਟੋਂ ਘੱਟ ਮਜਦੂਰੀ ਤੋਂ ਘੱਟ ਪੈਸੇ ਵਿਚ ਕੰਮ ਕਰਾਉਣਾ ਅਤੇ ਉਸਦੇ ਲਈ ਵੀਜ਼ਾ ਹਾਸਿਲ ਕਰਨ ਲਈ ਅਮਰੀਕੀ ਪ੍ਰਸ਼ਾਸਨ ਨੂੰ ਧੋਖਾ ਦੇਣਾ ਇਹੀ ਇਲਜ਼ਾਮ ਹੈ। ਨਿਊਯਾਰਕ ਵਿਚ ਭਾਰਤ ਦੀ ਦੇਵਯਾਨੀ ਖੋਬਰਾਗੜੇ ਖਿਲਾਫ ਅਤੇ ਇਸੇ ਕਾਰਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਰ ਉਹਨਾਂ ਦੀ ਗ੍ਰਿਫਤਾਰੀ ਇਕ ਆਮ ਅਪਰਾਧੀ ਵਾਂਗ ਕੀਤੇ ਜਾਣ 'ਤੇ ਭਾਰਤ ਨੇ ਅਮਰੀਕਾ ਦਾ ਸਖਤ ਵਿਰੋਧ ਕੀਤਾ ਹੈ। ਭਾਰਤ ਨੇ ਇਸ ਦੇ ਬਦਲੇ ਦਿੱਲੀ ਵਿਚ ਅਮਰੀਕੀ ਦੂਤਘਰ ਅਤੇ ਉਹਨਾਂ ਦੇ ਕਰਮਚਾਰੀਆਂ ਨੂੰ ਲੈ ਕੇ ਜਿਹੜੇ ਕਦਮ ਚੁੱਕਣ ਦਾ ਐਲਾਨ ਕੀਤਾ ਹੈ ਉਸ ਕਾਰਨ ਅਮਰੀਕਾ 'ਤੇ ਦਬਾਅ ਬਣਿਆ ਅਤੇ ਹੁਣ ਅਮਰੀਕੀ ਵਿਦੇਸ਼ ਵਿਭਾਗ ਨੇ ਭਾਰਤੀ ਡਿਪਲੋਮੇਟ ਦੀ ਗ੍ਰਿਫਤਾਰੀ ਦੇ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਖੋਬਰਾਗੜੇ ਦੀ ਗ੍ਰਿਫਤਾਰੀ ਅਤੇ ਉਹਨਾਂ ਨਾਲ ਕਥਿਤ ਰੂਪ ਨਾਲ ਹੋਏ ਦੁਰਵਿਵਹਾਰ ਅਤੇ ਫਿਰ ਭਾਰਤ ਦੀ ਤਿੱਖੀ ਪ੍ਰਤੀਕ੍ਰਿਆ ਨਾਲ ਜਿਹੜਾ ਬਵਾਲ ਮੱਚਿਆ ਹੈ ਉਸ ਨਾਲ ਕੀ ਭਾਰਤ-ਅਮਰੀਕਾ ਰਿਸ਼ਤਿਆਂ 'ਤੇ ਕੋਈ ਫਰਕ ਪਵੇਗਾ।

ਭਾਰਤ ਦੀ ਆਜ਼ਾਦੀ ਦੇ ਬਾਅਦ ਤੋਂ ਲੈ ਕੇ ੧੩ਵੇਂ ਪਹਿਲੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਇਤਿਹਾਸਕ ਭਾਰਤ ਯਾਤਰਾ ਤੱਕ ਅਮਰੀਕਾ ਦਾ ਝੁਕਾਅ ਪਾਕਿਸਤਾਨ ਵੱਲ ਰਿਹਾ ਸੀ। ਕਲਿੰਟਨ ਦਾ ਦੌਰਾ ਭਾਰਤ ਅਤੇ ਅਮਰੀਕਾ ਦਰਮਿਆਨ ਇਕ ਨਵੇਂ ਯੁੱਗ ਦੀ ਸ਼ੁਰੂਆਤ ਸੀ। ਇਹ ਰਿਸ਼ਤਾ ਉਸ ਵੇਲੇ ਸਿਖਰ 'ਤੇ ਪਹੁੰਚਿਆ ਜਦੋਂ ਕਲਿੰਟਨ ਦੇ ਦੌਰੇ ਦੇ ਛੇ ਸਾਲ ਬਾਅਦ ਰਾਸ਼ਟਰਪਤੀ ਜਾਰਜ ਬੁੱਸ਼ ਭਾਰਤ ਆਏ ਅਤੇ ਦੋਹਾਂ ਦੇਸ਼ਾਂ ਦਰਮਿਆਨ ਹੋਏ ਪਰਮਾਣੂ ਸਮਝੌਤੇ ਦਰਮਿਆਨ ਭਾਰਤ ਪਰਮਾਣੂ ਅਲਗਾਵ ਤੋਂ ਬਾਹਰ ਨਿਕਲ ਗਿਆ। ਇਸ ਤੋਂ ਇਲਾਵਾ ਦੋਨਾਂ ਦੇਸ਼ਾਂ ਦਰਮਿਆਨ ਆਪਸੀ ਵਪਾਰ ਤੇਜੀ ਨਾਲ ਵਧਣ ਫੁੱਲਣ ਲੱਗਾ। ਪਰ ਬਰਾਕ ਓਬਾਮਾ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਇਸ ਰਿਸ਼ਤੇ ਵਿਚ ਗਰਮਜੋਸ਼ੀ ਘੱਟ ਗਈ। ਮਾਹਿਰ ਕਹਿਣ ਲੱਗੇ ਕਿ ਓਬਾਮਾ ਭਾਰਤ ਨੂੰ ਅਮਰੀਕਾ ਦਾ ਵਿਰੋਧੀ ਸਮਝਦੇ ਹਨ, ਇਸ ਲਈ ਉਹ ਭਾਰਤ ਪ੍ਰਤੀ ਕੁਝ ਚੌਕਸ ਹਨ।

ਪਰ ਓਬਾਮਾ ਦੇ ਦਿਲ ਵਿਚ ਭਾਰਤ ਪ੍ਰਤੀ ਕਾਫੀ ਸਨਮਾਨ ਹੈ ਅਤੇ ਇਸ ਆਲੋਚਨਾ ਨੂੰ ਗਲਤ ਸਾਬਤ ਕਰਨ ਲਈ ਅਤੇ ਭਾਰਤ ਨਾਲ ਵਪਾਰਕ ਰਿਸ਼ਤੇ ਮਜਬੂਤ ਕਰਨ ਲਈ ਉਹ ਤਿੰਨ ਸਾਲ ਪਹਿਲਾਂ ਭਾਰਤ ਦੇ ਦੌਰੇ 'ਤੇ ਆਏ ਤੇ ਉਹਨਾਂ ਦਾ ਸਵਾਗਤ ਵੀ ਉਸੇ ਤਰ੍ਹਾਂ ਕੀਤਾ ਗਿਆ ਜਿਵੇਂ ਬੁਸ਼ ਅਤੇ ਕਲਿੰਟਨ ਦਾ ਹੋਇਆ ਸੀ। ਪਰ ਓਬਾਮਾ ਦੇ ਦੌਰੇ ਸਮੇਂ ਹੀ ਲੋਕ ਇਹ ਸਵਾਲ ਕਰ ਰਹੇ ਸਨ ਕਿ ਉਹ ਉਸ ਤਰ੍ਹਾਂ ਦਾ ਜੋਸ਼ ਪੈਦਾ ਕਰਨ ਵਿਚ ਅਸਫਲ ਰਹੇ ਹਨ ਜਿਵੇਂ ਬੁਸ਼ ਨੇ ਪੈਦਾ ਕੀਤਾ ਸੀ।

ਅਸਲ ਵਿਚ ਓਬਾਮਾ ਕੁਝ ਦੇਣ ਦੀ ਬਜਾਏ ਭਾਰਤ ਕੋਲੋਂ ਲੈਣ ਆਏ ਸਨ। ਉਹਨਾਂ ਨੇ ੧੦ ਅਰਬ ਡਾਲਰ ਦਾ ਇਕ ਵੱਡਾ ਸਮਝੌਤਾ ਵੀ ਕੀਤਾ ਜਿਸ ਨਾਲ ਅਮਰੀਕਾ ਵਿਚ ਨੌਕਰੀ ਦੇ ਮੌਕੇ ਵਧੇ ਅਤੇ ਜਿਸ ਨੂੰ ਓਬਾਮਾ ਨੇ ਦੇਸ਼ ਵਾਪਸ ਜਾ ਕੇ ਲਾਗੂ ਵੀ ਕੀਤਾ।

ਪਿਛਲੇ ਤਿੰਨ ਸਾਲਾਂ ਵਿਚ ਦੋਹਾਂ ਦੇਸ਼ਾਂ ਦਰਮਿਆਨ ਵਪਾਰਿਕ ਰਿਸ਼ਤੇ ਜ਼ਿਆਦਾ ਮਜਬੂਤ ਹੋਏ ਹਨ। ਆਪਸੀ ਵਪਾਰ੧੦੦ ਅਰਬ ਡਾਲਰ ਦੇ ਲਗਭਗ ਹੋ ਗਿਆ ਹੈ, ਪਰ ਸਿਆਸੀ ਰਿਸ਼ਤੇ ਵਿਚ ਫਿਰ ਵੀ ਜੋਸ਼ ਠੰਡਾ ਹੁੰਦਾ ਨਜਰ ਆ ਰਿਹਾ ਹੈ। ਜਾਂ ਇਹ ਕਹਿ ਲਈਏ ਕਿ ਵਧਦਿਆਂ ਰਿਸ਼ਤਿਆਂ ਦੀ ਰਫਤਾਰ ਘੱਟ ਗਈ ਹੈ ਪਰ ਇਸ 'ਤੇ ਨਜ਼ਰ ਰੱਖਣ ਵਾਲੇ ਮਾਹਿਰ ਕਹਿੰਦੇ ਹਨ ਕਿ ਸਾਨੂੰ ਹਮੇਸ਼ਾ ਰਿਸ਼ਤਿਆਂ ਵਿਚ ਜੋਸ਼ ਦੇਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਰਿਸ਼ਤੇ ਵਿਚ ਸਥੀਰਤਾ ਆਈ ਹੈ।

ਮੇਰੇ ਵਿਚਾਰ ਵਿਚ ਖੋਬਰਾਗੜੇ ਮਾਮਲੇ ਕਾਰਨ ਦੋਨਾਂ ਦੇਸ਼ਾਂ ਦਰਮਿਆਨ ਰਿਸ਼ਤੇ ਦੀ ਸਥਿਰਤਾ ਵਿਚ ਕੋਈ ਆਂਚ ਨਹੀਂ ਆਏਗੀ। ਕੁਝ ਦਿਨਾਂ ਲਈ ਮੰਨ ਮੁਟਾਅ ਹੋ ਸਕਦਾ ਹੈ। ਪਰ ਇਹ ਏਨਾ ਵੱਡਾ ਮਾਮਲਾ ਵੀ ਨਹੀਂ ਹੈ ਕਿ ਕੋਈ ਵਰ੍ਹਿਆਂ ਤੋਂ ਬਣਿਆ ਰਿਸ਼ਤਾ ਇਸ ਨਾਲ ਪ੍ਰਭਾਵਿਤ ਹੋਵੇ। ਹਾਂ ਇਸ ਮਾਮਲੇ ਤੋਂ ਬਾਅਦ ਪੈਦਾ ਹੋਣ ਵਾਲੇ ਤੂਫਾਨ ਦੇ ਠਲ੍ਹਣ ਤੋਂ ਬਾਅਦ ਹੋ ਸਕਦਾ ਹੈ ਕਿ ਦੋਨੋਂ ਧਿਰਾਂ ਇਸ ਰਿਸ਼ਤੇ ਵਿਚ ਗਾਇਬ ਹੋਏ ਜੋਸ਼ ਨੂੰ ਦੁਬਾਰਾ ਪੈਦਾ ਕਰਨ ਦੀ ਜਬਰਦਸਤ ਤਰੀਕੇ ਨਾਲ ਕੋਸ਼ਿਸ਼ ਕਰਨ ਅਤੇ ਇਹ ਦੋ ਵੱਡੇ ਲੋਕਤੰਤਰ ਲਈ ਕੋਈ ਮਾੜਾ ਸੰਕੇਤ ਵੀ ਨਹੀਂ ਹੈ। ਅਨੁਵਾਦ-ਸਰੋਜ

Tags: ਕੀ ਕਹਿੰਦਾ ਹੈ ਭਾਰਤੀ ਡਿਪਲੋਮੇਟ ਦਾ ਆਪਣੀ ਨੌਕਰਾਣੀ ਪ੍ਰਤੀ ਰਵੱਈਆ ਜ਼ੁਬੈਰ ਅਹਿਮਦ