HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਪੰਜਾਬ ਦਾ ਕੋਹਿਨੂਰ ; ਭਾਰਤ ਦਾ ਰਤਨ : ਉਲੰਪੀਅਨ ਬਲਬੀਰ ਸਿੰਘ ਸੀਨੀਅਰ


Date: Jan 22, 2014

ਕੁਲਬੀਰ ਸਿੰਘ ਸਿੱਧੂ, ਸਾਬਕਾ ਕਮਿਸ਼ਨਰ,ਸੰਪਰਕ ੯੮੧੪੦-੩੨੦੦੯
ਕੁਝ ਦਿਨ ਹੋਏ ਪੰਜਾਬ ਦੇ ਨਾਮੀ ਪਹਿਲਵਾਨ ਪਦਮਸ਼ਿਰੀ ਸ੍ਰ. ਕਰਤਾਰ ਸਿੰਘ ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ ਸੇਵਾਮੁਕਤ ਹੋਣ 'ਤੇ ਲੁਧਿਆਣਾ ਵਿਖੇ ਇਕ ਸਮਾਗਮ ਵਿਚ ਦੇਵਨੇਤ ਖੇਡ ਸੰਸਾਰ ਦੇ ਕਿੰਨੇ ਹੀ ਓਲੰਪੀਅਨ, ਏਸ਼ੀਅਨ, ਇੰਟਰਨੈਸ਼ਨਲ ਤੇ ਨੈਸ਼ਨਲ ਸਿਤਾਰਿਆਂ ਦੇ ਦਰਸ਼ਨ ਕਰਨ ਦਾ ਸੁਭਾਗ ਮੌਕਾ ਮਿਲਿਆ। ਇਹ ਸਮਾਗਮ ਖੇਡ ਜਗਤ ਦੇ ਇਨਸਾਈਕਲੋਪੀਡੀਆ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰ. ਰਾਜਦੀਪ ਸਿੰਘ ਗਿੱਲ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਦੀ ਸਦਾਰਤ ਰਾਜਦੀਪ ਹੋਰਾਂ ਤੋਂ ਵੀ ਕਾਫੀ ਚਿਰ ਪਹਿਲਾਂ ਰਹਿ ਚੁੱਕੇ ਸਾਬਕਾ ਡੀ.ਜੀ.ਪੀ. ਸ੍ਰ. ਮਹਿਲ ਸਿੰਘ ਭੁੱਲਰ ਨੇ ਕੀਤੀ। ਜ਼ਿਕਰਯੋਗ ਹੈ ਕਿ ਸ੍ਰ. ਭੁੱਲਰ ਵੱਲੋਂ ਪੰਜਾਬ ਦੀਆਂ ਖੇਡਾਂ ਤੇ ਖਿਡਾਰੀਆਂ ਵਾਸਤੇ ਪਾਏ ਗਏ ਯੋਗਦਾਨ ਦੇ ਸਦਕਾ ਪੰਜਾਬ ਦਾ ਹਰ ਖਿਡਾਰੀ ਉਨ੍ਹਾਂ ਨੂੰ 'ਬਾਪੂ ਮਹਿਲ ਸਿੰਘ ਭੁੱਲਰ' ਦੇ ਨਾਮ ਨਾਲ ਸਤਿਕਾਰਦਾ ਹੈ।

ਭਾਰਤੀ ਖੇਡ ਜਗਤ ਦੇ ਸਿਤਾਰਿਆਂ ਦੇ ਇਸ ਸਮਾਗਮ ਵਿਚ ਹੀ ਇਥੇ ਤਿੰਨ ਵਾਰ ਦੇ ਉਲੰਪੀਅਨ ਭਾਰਤੀ ਹਾਕੀ ਟੀਮ ਦੇ ਕਪਤਾਨ ਬਲਬੀਰ ਸਿੰਘ ਸੀਨੀਅਰ, ਹੈਮਰ ਥ੍ਰੋਅਰ ਅਜਮੇਰ ਸਿੰਘ ਏਸ਼ੀਅਨ ਚੈਂਪੀਅਨ ਤੇ ਓਲੰਪੀਅਨ ਬਲਬੀਰ ਸਿੰਘ ਰੇਲਵੇ ਜਿਹੇ ਕਿੰਨੇ ਹੀ 'ਕੋਹਿਨੂਰ' ਵਰਗੇ ਹੀਰਿਆਂ ਦੇ ਰੂਬਰੂ ਹੋਣ ਦਾ ਸਬੱਬ ਬਣਿਆ। ਜ਼ਾਹਿਰ ਹੈ ਕਿ ਤਕਰੀਬਨ ਸਾਰੇ ਦੇ ਸਾਰੇ ਇਹ ਪੰਜਾਬ ਦੇ ਸਪੂਤ ਪਦਮਸ਼ਿਰੀ, ਅਰਜੁਨ ਐਵਾਰਡ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਜਿਹੇ ਸਨਮਾਨਾਂ ਤੇ ਲਕਬਾਂ ਨਾਲ ਸੁਸ਼ੋਭਿਤ ਹਨ।

ਇਨ੍ਹਾਂ ਸੋਨ ਪੰਖੇਰੂਆਂ ਦੀਆਂ ਮਾਰੀਆਂ ਮੱਲਾਂ ਤੇ ਤਮਗਿਆਂ ਦੀ ਜਾਣਕਾਰੀ ਦੀ ਰੋਸ਼ਨੀ ਵਿਚ ਇਕ ਅਹਿਸਾਸ ਮਨੁੱਖੀ ਚੇਤਨਾ ਨੂੰ ਚੁੰਧਿਆ ਰਿਹਾ ਸੀ ਕਿ ਪੰਜਾਬ ਦੇ ਇਨ੍ਹਾਂ ਸਿਤਾਰਿਆਂ ਦੀ ਲੋਅ ਨੂੰ ਬਾਹਰਲੀ ਦੁਨੀਆਂ ਨੇ ਤਾਂ ਵੇਖਿਆ ਤੇ ਮਾਣਿਆ ਹੈ, ਪਰ ਅਸੀਂ ਇਨ੍ਹਾਂ ਸਬੰਧੀ ਹਾਲੇ ਵੀ ਅਗਿਆਨਤਾ ਦੇ ਹਨ੍ਹੇਰੇ ਵਿਚ ਬੈਠੇ ਹੋਏ ਹਾਂ। ਸਾਡੇ ਆਮ ਲੋਕ ਤੇ ਨੌਜਵਾਨ ਪੀੜ੍ਹੀ ਤਾਂ ਕੀ ਸਗੋਂ ਮੇਰੇ ਵਰਗੇ ਪ੍ਰਸ਼ਾਸਨਿਕ ਚੌਧਰੀ ਤੇ ਹੋਰ ਕਿੰਨੇ ਹੀ ਪੜ੍ਹੇ-ਲਿਖੇ ਬੁੱਧੀਜੀਵੀ ਕਹਾਉਂਦੇ ਲੋਕਾਂ ਨੂੰ ਇਥੇ ਪਹਿਲੀ ਵਾਰੀ ਹੀ ਪੰਜਾਬ ਦੇ ਇਨ੍ਹਾਂ ਕਈ ਮਹਾਨ ਸਪੂਤਾਂ ਬਾਰੇ ਜਾਣਕਾਰੀ ਨਾਲ ਵਾਬਸਤਾ ਹੋਣ ਦਾ ਮੌਕਾ ਮਿਲ ਰਿਹਾ ਸੀ।

ਇਸ ਪ੍ਰਥਾਇ ਇਥੇ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਇਸ ਹਾਲ ਵਿਚ ਇਕ ਦਿਲ ਚੀਰਵਾਂ ਜਿਹਾ ਖਿਆਲ ਆਮ ਦਰਸ਼ਕਾਂ ਦੇ ਮਨਾਂ ਨੂੰ ਕੌਂਧ ਰਿਹਾ ਸੀ ਕਿ ਉਹ ਪਹਿਲੀ ਵਾਰ ਪੰਜਾਬ ਦੇ ਆਮ ਸਧਾਰਨ ਪਰਿਵਾਰ ਵਿਚੋਂ ਉਠੇ ਤੇ ਤੱਪੜ-ਬਸਤਾ ਸਕੂਲ ਵਿਚ ਪ੍ਰਵਾਨ ਚੜ੍ਹੇ 'ਖੇਡ ਸਿਤਾਰਿਆਂ ਦੇ ਸਭ ਤੋਂ ਵੱਡੇ ਸਿਤਾਰੇ' ਭਾਰਤ ਦੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਦਮਸ਼ਿਰੀ ਬਲਬੀਰ ਸਿੰਘ ਸੀਨੀਅਰ ਮੋਗੇ ਵਾਲੇ ਦੇ ਦਰਸ਼ਨ-ਦਿਦਾਰੇ ਕਰ ਰਹੇ ਸਨ।

ਸ੍ਰ. ਬਲਬੀਰ ਸਿੰਘ ਪੰਜਾਬ ਦੀ ਸਰਜ਼ਮੀਨ ਦੇ ਸੱਭਿਆਚਾਰ ਦਾ ਉਹ ਖ਼ਮੀਰ ਹੈ ਕਿ ਜਿਸ ਨੂੰ ਸਾਂਭਣ-ਸੰਭਾਲਣ ਦੀ ਅੱਜ ਸਮੁੱਚੀ ਕੌਮ ਨੂੰ ਬੇਹੱਦ ਜ਼ਰੂਰਤ ਹੈ। ਇਹ ਉਹ ਬਲਬੀਰ ਸਿੰਘ ਹੈ, ਜੋ ਇਕ ਛੋਟੇ ਜਿਹੇ ਪਿੰਡ 'ਪੁਆਧੜਾ' ਤਹਿਸੀਲ ਫਿਲੌਰ ਦੇ ਇਕ ਸਾਧਾਰਨ ਪਰਿਵਾਰ ਵਿਚੋਂ ਉੱਠ ਕੇ 'ਦੇਵ ਸਮਾਜ ਸਕੂਲ ਮੋਗਾ' ਵਿਚ ਪੜ੍ਹਿਆ, ਜਿਸ ਕਰਕੇ ਉਹ ਅੱਜ ਵੀ ਬਲਬੀਰ ਸਿੰਘ ਮੋਗੇ ਵਾਲਾ ਦੇ ਨਾਮ ਨਾਲ ਮਸ਼ਹੂਰ ਹੈ। ਫਿਰ ਇਸ ਸਕੂਲ ਤੋਂ ਅੱਗੇ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਫਿਰ ਪੰਜਾਬ ਪੁਲਿਸ ਵਿਚ ਮੰਜ਼ਿਲਾਂ ਮਾਰਦਾ-ਮਾਰਦਾ ਇਹ ਸੋਨ-ਪੰਖੇਰੂ ਸੰਸਾਰ ਦੇ ਸਭ ਤੋਂ ਬੁਲੰਦਤਰੀਨ ਉਲੰਪਿਕ ਮੁਕਾਬਲਿਆਂ ਵਿਚ ਤਿੰਨ ਵਾਰ ਸੰਨ ੧੯੪੮ ਤੇ ੧੯੫੨ ਅਤੇ ਫਿਰ ਭਾਰਤੀ ਹਾਕੀ ਦੇ ਕਪਤਾਨ ਵਜੋਂ ੧੯੫੬ ਦੇ ਉਲੰਪਿਕ ਮੁਕਾਬਲਿਆਂ ਵਿਚ ਸੋਨੇ ਦਾ ਤਮਗਾ ਜਿੱਤ ਕੇ ਭਾਰਤ ਦਾ ਝੰਡਾ ਲਹਿਰਾ ਗਿਆ। ਇਸ ਤਰ੍ਹਾਂ ਉਹ ਤਿੰਨ ਉਲੰਪਿਕ ਗੋਲਡ ਮੈਡਲਾਂ ਦੇ ਵਿਜੇਤਾ ਬਣੇ।

ਫਿਰ ਇਸ ਮਹਾਨ ਸਪੂਤ ਦੀਆਂ ਇੰਨੀਆਂ ਵੱਡੀਆਂ ਪ੍ਰਾਪਤੀਆਂ ਪਿਛੇ ਉਸ ਦੇ ਆਪਣੇ ਕੀਤੇ ਗਏ ਵਾਰ-ਵਾਰ ਕਥਨਾਂ ਤੇ ਉਸ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਵਿਚ ਹਮੇਸ਼ਾਂ ਹੀ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਉਸ ਦੀਆਂ ਪ੍ਰਾਪਤੀਆਂ ਪਿੱਛੇ ਉਸ ਦੇ ਮਾਪੇ ਗਿਆਨੀ ਦਲੀਪ ਸਿੰਘ, ਮਾਤਾ ਕਰਮ ਕੌਰ, ਉਸ ਦੇ ਸਕੂਲ ਅਧਿਆਪਕ ਮੇਰੇ ਦਾਦਾ ਜੀ ਸ਼੍ਰੀਮਾਨ ਈਸ਼ਵਰ ਸਿੰਘ ਤੇ ਪਿਤਾ ਸਰਦਾਰ ਅਜਮੇਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਯੋਗਦਾਨ ਰਿਹਾ ਹੈ। ਇਸ ਪ੍ਰਸੰਗ ਵਿਚ ਸੰਨ ੧੯੫੬ ਵਿਚ ਮੈਲਬੌਰਨ ਉਲੰਪਿਕ ਖੇਡਾਂ ਵਿਚ ਭਾਰਤ ਲਈ ਹਾਕੀ ਵਿਚ ਸੋਨੇ ਦਾ ਤਮਗਾ ਜਿੱਤਣ ਉਪਰੰਤ ਸ੍ਰ. ਬਲਬੀਰ ਸਿੰਘ ਨੂੰ ਬਤੌਰ ਕਪਤਾਨ ਕਰੋੜਾਂ ਲੋਕਾਂ ਨੇ ਰੇਡੀਉ ਤੋਂ ਇਹ ਕਹਿੰਦੇ ਸੁਣਿਆ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਦੇਵ ਸਮਾਜ ਸਕੂਲ ਮੋਗਾ ਤੇ ਉਥੋਂ ਦੇ ਅਧਿਆਪਕ ਸ਼੍ਰੀਮਾਨ ਈਸ਼ਵਰ ਸਿੰਘ ਤੇ ਸ੍ਰ. ਅਜਮੇਰ ਸਿੰਘ ਦੀ ਬਦੌਲਤ ਹੀ ਹਨ।

ਜ਼ਿਕਰਯੋਗ ਹੈ ਕਿ ਉਦੋਂ ਹਾਲੇ ਭਾਰਤ ਵਿਚ ਟੈਲੀਵੀਜ਼ਨ ਪ੍ਰਚੱਲਿਤ ਨਹੀਂ ਸੀ। ਇਸ ਵਾਸਤੇ ਰੇਡੀਉ ਦੁਆਰਾ ਆਪਣੇ ਉਸਤਾਦਾਂ ਬਾਰੇ ਉਨ੍ਹਾਂ ਦੇ ਸ਼ਰਧਾ ਪੂਰਨ ਇਜ਼ਹਾਰੇ-ਖ਼ਿਆਲ ਤੋਂ ਇਕ ਅਹਿਸਾਸ ਜਿਹਾ ਉਭਰਦਾ ਹੈ ਕਿ ਸ਼ਾਇਦ ਅੱਜ ਨਾ ਉਹੋ ਜਿਹੇ ਉਸਤਾਦ ਹੀ ਹਨ ਤੇ ਨਾ ਹੀ ਸ੍ਰ. ਬਲਬੀਰ ਸਿੰਘ ਜਿਹਾ ਕੋਈ ਸ਼ਰਧਾਵਾਨ ਸ਼ਗਿਰਦ ਹੀ ਰਿਹਾ ਹੈ। ਖੈਰ! ਸ਼੍ਰੀਮਾਨ ਈਸ਼ਵਰ ਸਿੰਘ, ਸ੍ਰ. ਅਜਮੇਰ ਸਿੰਘ ਤੇ ਪ੍ਰੋ. ਕਰਮ ਸਿੰਘ ਬਠਿੰਡਾ ਵਰਗੇ ਉਸਤਾਦਾਂ ਦੀ ਅੱਜ ਸਮਾਜ ਨੂੰ ਬੇਹੱਦ ਲੋੜ ਹੈ ਕਿ ਜੋ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਪਨ ਤੋਂ ਹੀ ਸਹੀ ਸੇਧ ਤੇ ਸਹੀ ਟ੍ਰੇਨਿੰਗ ਦੇ ਸਕਣ।

ਇਉਂ ਹੀ ਇਹ ਸੰਸਾਰ ਪ੍ਰਸਿੱਧ ਖਿਡਾਰੀ ਬਲਬੀਰ ਸਿੰਘ ਹਾਕੀ ਦੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਮੈਨੇਜਰ ਤੇ ਨੈਸ਼ਨਲ ਕੋਚ ਸ੍ਰ. ਹਰਬੇਲ ਸਿੰਘ ਅਤੇ ਖੇਡਾਂ ਦੇ ਸਭ ਤੋਂ ਵੱਡੇ ਸਰਪ੍ਰਸਤ ਸ੍ਰੀ ਅਸ਼ਵਨੀ ਕੁਮਾਰ ਤੱਤਕਾਲੀਨ ਆਈ.ਜੀ. ਪੰਜਾਬ ਪੁਲਿਸ ਦਾ ਹਮੇਸ਼ਾਂ ਹੀ ਆਪਣੇ ਆਪ ਨੂੰ ਰਿਣੀ ਮਹਿਸੂਸ ਕਰਦੇ ਹਨ।

ਇਸ ਤਰ੍ਹਾਂ ਹੀ ਸ੍ਰ. ਬਲਬੀਰ ਸਿੰਘ ਨੇ ਆਪਣੇ ਪੰਦਰਾਂ-ਵੀਹ ਮਿੰਟ ਦੇ ਸੰਖੇਪ ਜਿਹੇ ਭਾਸ਼ਣ ਵਿਚ ਪੰਜਾਬ ਤੇ ਮੋਗੇ ਦਾ ਨਾਂ ਤਾਂ ਹਰ ਦੂਜੇ ਚੌਥੇ ਮਿੰਟ ਲਿਆ। ਉਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦਾ ਨਾਮ ਚਾਰ-ਪੰਜ ਵਾਰ ਲਿਆ। ਇਸ ਤੋਂ ਭਲੀਭਾਂਤ ਜ਼ਾਹਿਰ ਹੁੰਦਾ ਸੀ ਕਿ ਸਾਡੇ ਭਾਰਤ ਦਾ ਇਹ ਭਾਰਤ ਰਤਨ ਆਪਣੇ ਨਾਮ ਦਾ ਸ਼ੁਮਾਰ ਅਕਾਸ਼ੀ ਸਿਤਾਰਿਆਂ ਵਿਚ ਕਰਾਉਣ ਦੇ ਬਾਵਜੂਦ ਵੀ ਆਪਣੀ ਧਰਤੀ ਤੇ ਆਪਣੇ ਲੋਕਾਂ ਦੇ ਮੋਹ-ਪਿਆਰ ਵਿਚ ਇੰਨਾ ਗੜੂੰਦ ਹੈ ਕਿ ਉਸ ਦੇ ਜੀਵਨ ਤੇ ਕਾਰਨਾਮਿਆਂ ਤੋਂ ਹਰ ਭਾਰਤੀ ਤੇ ਖ਼ਾਸ ਤੌਰ 'ਤੇ ਪੰਜਾਬੀ ਪੁੱਤਾਂ ਨੂੰ ਸਬਕ ਲੈਣ ਦੀ ਲੋੜ ਹੈ।

ਸ੍ਰ. ਬਲਬੀਰ ਸਿੰਘ ਦੀਆਂ ਪ੍ਰਾਪਤੀਆਂ ਤੇ ਉਨ੍ਹਾਂ ਦੇ ਕਾਇਮ ਕੀਤੇ ਸੰਸਾਰ ਪ੍ਰਸਿੱਧ ਰਿਕਾਰਡ ਕਿਸੇ ਨੂੰ ਵੀ ਅਤਿਅੰਤ ਹੁਲਾਸ ਨਾਲ ਸਰਾਬੋਰ ਕਰ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸ੍ਰ: ਬਲਬੀਰ ਸਿੰਘ ਸੈਂਟਰ ਫਾਰਵਰਡ ਦੀ ਪੁਜ਼ੀਸਨ ਤੇ ਖੇਡਦੇ ਸਨ। ਉਨ੍ਹਾਂ ਦਾ ਸੰਨ ੧੯੫੨ ਦੀਆਂ ਹੈਲਸਿੰਕੀ ਉਲੰਪਿਕ ਖੇਡਾਂ ਵਿਚ ਹੁਣ ਤੱਕ ਕਿਸੇ ਵੀ ਉਲੰਪਿਕ ਦੇ ਫ਼ਾਈਨਲ ਮੈਚ ਵਿਚ ਛੇ ਗੋਲਾਂ ਵਿਚੋਂ ਪੰਜ ਗੋਲ ਕਰਨ ਦਾ ਰਿਕਾਰਡ ਅਤੇ ਫਿਰ ਉਲੰਪਿਕ ਖੇਡਾਂ ਵਿਚ ਹੀ ਵਿਚ ਦੋਨੋਂ ਸੈਮੀਫ਼ਾਈਨਲ ਤੇ ਫ਼ਾਈਨਲ ਮੈਚ ਵਿਚ ਨੌਂ ਗੋਲਾਂ ਵਿਚੋਂ ਅੱਠ ਗੋਲ ਕਰਨ ਦਾ ਬੇਮਿਸਾਲ ਰਿਕਾਰਡ ਪਿਛਲੇ ਸੌ ਸਾਲ ਦੀ ਉਲੰਪਿਕ ਖੇਡਾਂ ਦੀ ਹਿਸਟਰੀ ਵਿਚ ਅੱਜ ਵੀ ਬਲਬੀਰ ਸਿੰਘ ਦੇ ਨਾਮ ਬਰਕਰਾਰ ਹੈ।

ਇਸ ਵਾਸਤੇ ਹੀ ਉਨ੍ਹਾਂ ਨੂੰ ਦੁਨੀਆਂ ਭਰ ਦਾ ਸਭ ਤੋਂ ਵਧੀਆ ਸੈਂਟਰ ਫਾਰਵਰਡ ਮੰਨਿਆ ਗਿਆ ਹੈ। ਇਸ ਤਰ੍ਹਾਂ ਹੀ ਉਨ੍ਹਾਂ ਨੂੰ 'ਟੈਰਰ-ਆਫ਼-ਡੀ' ਭਾਵ ਗੋਲ-ਪੋਸਟ ਮੂਹਰੇ ਭਿਆਨਕ ਖਤਰੇ ਵਜੋਂ ਜਾਣਿਆ ਜਾਂਦਾ ਰਿਹਾ ਹੈ।

ਗੌਰਤਲਬ ਹੈ ਕਿ ਸ੍ਰ: ਬਲਬੀਰ ਸਿੰਘ ਉਲੰਪੀਅਨ ਸੰਨ ੧੯੫੨ ਦੀਆਂ ਹੈਲਸਿੰਕੀ ਤੇ ੧੯੫੬ ਦੀਆਂ ਮੈਲਬੌਰਨ ਉਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਦੇ ਸਿਰਮੌਰ ਹੋਣ ਵਜੋਂ ਭਾਰਤ ਦੇ ਝੰਡਾ-ਬਰਦਾਰ ਬਣੇ।

ਫਿਰ ਸਭ ਤੋਂ ਇਕ ਵੱਡੀ ਖੂਬੀ ਵਾਲੀ ਗੱਲ ਇਹ ਹੈ ਕਿ ਉਹ ਇਨਸਾਨੀ ਤੌਰ 'ਤੇ ਜਿੰਨੇ ਸਾਊ-ਸੁਭਾਅ ਹਨ, ਉਹ ਖੇਡ ਦੇ ਮੈਦਾਨ ਵਿਚ ਉੱਨੇ ਹੀ ਭਲੇਮਾਣਸ ਖਿਡਾਰੀ ਵਜੋਂ ਜਾਣੇ ਜਾਂਦੇ ਸਨ| ਇਸ ਵਾਸਤੇ ਹਾਕੀ ਸੰਸਾਰ ਨੇ ਉਨ੍ਹਾਂ ਨੂੰ 'ਜੈਂਟਲਮੈਨ ਪਲੇਅਰ' ਹੋਣ ਦਾ ਸਨਮਾਨ ਦਿੱਤਾ ਹੈ। ਉਨ੍ਹਾਂ ਦੇ ਗੁੱਸਾ ਤਾਂ ਕਦੇ ਨੇੜੇ ਦੀ ਵੀ ਨਹੀਂ ਲੰਘਿਆ, ਸਗੋਂ ਕਹਿੰਦੇ ਹਨ ਕਿ ਜੇ ਖੇਡ ਵਿਚ ਉਨ੍ਹਾਂ ਨਾਲ ਕੋਈ ਖਿਡਾਰੀ ਵਾਧਾ ਵੀ ਕਰ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਵੀ ਹੱਸ ਕੇ ਦਰਗੁਜ਼ਰ ਕਰ ਦਿੱਤਾ। ਇਹ ਬਹੁਤ ਹੀ ਅਚੰਭੇ ਦੀ ਗੱਲ ਹੈ ਕਿ ਉਨ੍ਹਾਂ ਨੂੰ ਕਦੇ ਵੀ ਉਨ੍ਹਾਂ ਦੇ ਸਾਰੇ ਖੇਡ ਕੈਰੀਅਰ ਵਿਚ ਵਾਰਨਿੰਗ ਵਜੋਂ 'ਯੈਲੋ ਜਾਂ ਰੈੱਡ' ਕਾਰਡ ਨਹੀਂ ਵਿਖਾਇਆ ਗਿਆ।

ਇਉਂ ਹੀ ਲੋਕ ਦਸਦੇ ਹਨ ਕਿ ਆਪਣੇ ਸਾਰੇ ਖੇਡ ਕੈਰੀਅਰ ਵਿਚ ਉਨ੍ਹਾਂ ਦੇ ਹੱਥੋਂ ਕਦੇ ਹਾਕੀ-ਸਟਿੱਕ ਨਹੀਂ ਡਿੱਗੀ। ਫਿਰ ਵਿਰੋਧੀ ਟੀਮ ਦੇ ਖਿਡਾਰੀ ਦੀ ਹਾਕੀ ਜੇ ਕਿਤੇ ਡਿੱਗ ਵੀ ਪੈਂਦੀ ਸੀ ਤਾਂ ਉਹ ਯੁੱਧ ਦੀ ਪੁਰਾਣੀ ਰਾਜਪੂਤੀ ਪ੍ਰੰਪਰਾ ਅਨੁਸਾਰ ਆਪ ਉਸ ਨੂੰ ਹਾਕੀ ਫੜਾ ਦਿੰਦੇ ਸਨ। ਇਸ ਤਰ੍ਹਾਂ ਹੀ ਜੇ ਕੋਈ ਖਿਡਾਰੀ ਕਿਤੇ ਡਿੱਗ ਪਿਆ ਤਾਂ ਵੀ ਉਨ੍ਹਾਂ ਨੇ ਉਸ ਨੂੰ ਉਠਾ ਕੇ ਫਿਰ ਤੋਂ ਖੇਡਣ ਲਈ ਉਤਸ਼ਾਹਿਤ ਕੀਤਾ।

ਫਿਰ ਖਿਡਾਰੀ ਵਜੋਂ ਆਪਣੇ ਕੈਰੀਅਰ ਤੋਂ ਬਾਅਦ ਉਹ ਜਦੋਂ ਭਾਰਤ ਦੀ ਟੀਮ ਦੇ ਚੀਫ਼ ਕੋਚ ਤੇ ਮੈਨੇਜਰ ਬਣੇ ਤਾਂ ਉਨ੍ਹਾਂ ਨੇ ਸੰਨ ੧੯੬੧ ਤੋਂ ਲੈ ਕੇ ੧੯੮੨ ਤੱਕ ਕੌਮਾਂਤਰੀ ਪੱਧਰ 'ਤੇ ਭਾਰਤ ਲਈ ਸੱਤ ਮੈਡਲ ਲਿਆਂਦੇ। ਸੰਨ ੧੯੭੫ ਵਿਚ ਕੋਲਾਲੰਪਰ ਵਿਖੇ ਸੰਸਾਰ ਵਰਲਡ ਕੱਪ ਵਿਚ ਪਹਿਲੀ ਤੇ ਹੁਣ ਤੱਕ ਅਖੀਰਲੀ ਵਾਰ ਭਾਰਤ ਦੀ ਹਾਕੀ ਟੀਮ ਨੂੰ ਸੋਨੇ ਦਾ ਤਮਗਾ ਦਿਵਾਉਣ ਦਾ ਸਿਹਰਾ ਸ੍ਰ: ਬਲਬੀਰ ਸਿੰਘ ਦੇ ਸਿਰ ਹੈ।

ਸ੍ਰ: ਬਲਬੀਰ ਸਿੰਘ ਨੂੰ ਦਿੱਲੀ ਵਿਖੇ ਸੰਨ ੧੯੮੨ ਦੀਆਂ ਏਸ਼ੀਅਨ ਖੇਡਾਂ ਵਿਚ ਖੇਡਾਂ ਦੀ ਮਸ਼ਾਲ ਜਗਾਉਣ ਦਾ ਵਿਲੱਖਣ ਸਨਮਾਨ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਵੀਹਵੀਂ ਸਦੀ ਦਾ ਸਭ ਤੋਂ ਸਿਰਮੌਰ ਹਿੰਦੋਸਤਾਨੀ ਖਿਡਾਰੀ ਘੋਸ਼ਿਤ ਕੀਤਾ ਗਿਆ।

ਪਦਮਸ਼ਿਰੀ ਸ੍ਰ: ਬਲਬੀਰ ਸਿੰਘ ਸੀਨੀਅਰ ਦੀ ਆਪਣੇ ਦੇਸ਼ ਤੇ ਖੇਡ ਪ੍ਰਤੀ ਆਸਥਾ, ਨਿਸ਼ਠਾ ਤੇ ਪ੍ਰਤੀਬੱਧਤਾ ਦੀਆਂ ਪਤਾ ਨਹੀਂ ਕਿੰਨੀਆਂ ਹੀ ਮਿਸਾਲਾਂ ਹਨ ਕਿ ਜਿਨ੍ਹਾਂ ਦਾ ਵੇਰਵਾ ਇਸ ਲੇਖ ਦੀ ਸੀਮਤ ਸੀਮਾ-ਪ੍ਰਿਧੀ ਵਿਚ ਦੇਣਾ ਇਥੇ ਮੁਮਕਿਨ ਨਹੀਂ ਹੈ। ਬੇਸ਼ੱਕ ਸੰਨ ੧੯੫੨ ਦੀਆਂ ਤੇ ਹੋਰ ਉਲੰਪਿਕ ਖੇਡਾਂ ਵਿਚ ਉਨ੍ਹਾਂ ਵੱਲੋਂ ਕੀਤੇ ਗਏ ਗੋਲਾਂ ਅਤੇ ਹੋਰ ਮਿਆਰੀ ਮਾਅਰਕਿਆਂ ਦਾ ਹਿਸਾਬ ਅੱਜ ਵੀ ਗਿੰਨੀਜ਼ ਬੁੱਕ ਆਫ ਰਿਕਾਰਡ ਵਿਚ ਦਰਜ ਹੈ। ਫਿਰ ਮਾਅਰਕੇ ਦੀ ਗੱਲ ਇਹ ਹੈ ਕਿ ਇਹ ਰਿਕਾਰਡ ਅੱਜ ਤੱਕ ਵੀ ਉਨ੍ਹਾਂ ਦੇ ਨਾਮ ਚੱਲੇ ਆ ਰਹੇ ਹਨ।

ਖ਼ੈਰ! ਉਨ੍ਹਾਂ ਦੀ ਦੇਸ਼, ਕੌਮ ਤੇ ਹਾਕੀ ਪ੍ਰਤੀ ਜੋ ਆਸਥਾ ਰਹੀ ਹੈ, ਉਸ ਦੇ ਸਨਮੁੱਖ ਉਨ੍ਹਾਂ ਨੇ ਆਪਣੇ ਘਰੇਲੂ ਜੀਵਨ ਦੀਆਂ ਦੁਸ਼ਵਾਰੀਆਂ ਨੂੰ ਕਦੇ ਵੀ ਨਹੀਂ ਗੌਲਿਆ।ਇਸ ਸੰਦਰਭ ਵਿਚ ਸਾਨੂੰ ਉਨ੍ਹਾਂ ਤੋਂ ਸਬਕ ਲੈਣ ਮਾਤਰ ਬਹੁਤ ਕੁਝ ਸਿੱਖਣ ਦੀ ਲੋੜ ਹੈ, ਪਰ ਲੋਕਾਂ ਨੂੰ ਆਮ ਤੌਰ 'ਤੇ ਇਨ੍ਹਾਂ ਗੱਲਾਂ ਦਾ ਪਤਾ ਨਹੀਂ ਹੈ। ਉਨ੍ਹਾਂ ਦੇ ਨਿੱਜੀ ਜੀਵਨ ਦੇ ਅਜਿਹੇ ਸੰਘਰਸ਼ ਪੂਰਨ ਲਮਹਿਆਂ ਦਾ ਸਾਨੂੰ ਪਤਾ ਹੋਣਾ ਜ਼ਰੂਰੀ ਹੈ, ਜਿਵੇਂਕਿ ਜਦੋਂ ਉਨ੍ਹਾਂ ਦੇ ਪਿਤਾ ਜੀ ਗਿਆਨੀ ਦਲੀਪ ਸਿੰਘ ਦਸੰਬਰ ੧੯੭੪ ਵਿਚ ਇਸ ਫਾਨੀ ਜਹਾਨ ਤੋਂ ਰੁਖਸਤ ਹੋਏ। ਉਦੋਂ ਸ੍ਰ. ਬਲਬੀਰ ਸਿੰਘ ਉਹ ਤੀਜੇ ਵਰਲਡ ਕੱਪ ਵਿਚ ਹਿੱਸਾ ਲੈਣ ਵਾਲੀ ਟੀਮ ਦੇ ਚੀਫ਼ ਮੈਨੇਜਰ ਵਜੋਂ ਪੰਜਾਬ ਯੂਨੀਵਰਸਿਟੀ ਵਿਚ ਟੀਮ ਦੇ ਨਾਲ ਰਹਿ ਰਹੇ ਸਨ। ਉਹ ਆਪਣੇ ਪਿਤਾ ਦੀਆਂ ਆਖਰੀ ਰਸਮਾਂ ਨਿਭਾਉਣ ਲਈ ਬੱਸ ਕੁਝ ਘੰਟਿਆਂ ਵਾਸਤੇ ਹੀ ਸੈਕਟਰ-੧੮, ਚੰਡੀਗੜ੍ਹ ਵਿਚ ਆਪਣੀ ਪੱਕੀ ਰਿਹਾਇਸ਼ 'ਤੇ ਆਏ।

ਫਿਰ ਜ਼ਿਕਰਯੋਗ ਹੈ ਕਿ ਉਦੋਂ ਹੀ ਯੂਨੀਵਰਸਿਟੀ ਦੇ ਸਾਹਮਣੇ ਪੀ.ਜੀ.ਆਈ. ਵਿਚ ਉਨ੍ਹਾਂ ਦੀ ਧਰਮਪਤਨੀ ਜ਼ੇਰੇ ਇਲਾਜ ਸੀ, ਪਰ ਉਹ ਬੱਸ ਕੁਝ ਮਿੰਟਾਂ ਵਾਸਤੇ ਹੀ ਕਦੇ-ਕਦਾਈਂ ਉਨ੍ਹਾਂ ਦੀ ਤਿਮਾਰਦਾਰੀ ਵਾਸਤੇ ਜਾਂਦੇ ਸਨ। ਇਹ ਸਭ ਕੁਝ ਜਾਣ-ਸੁਣ ਕੇ ਵੱਡੇ-ਵੱਡੇ ਬੰਦਿਆਂ ਦੇ ਥੰਮ੍ਹ ਕੰਬ ਜਾਂਦੇ ਹਨ ਕਿ ਉਹ ਕਿਸ ਤਰ੍ਹਾਂ ਇਸ ਸਾਰੇ ਵਰਤਾਰੇ ਨੂੰ ਰੱਬੀ ਭਾਣਾ ਮੰਨ ਕੇ ਹਾਕੀ ਦੀ ਟੀਮ ਨਾਲ ਕੁਆਲੰਪੁਰ ਪੁੱਜੇ ਤੇ ਭਾਰਤ ਨੂੰ ਤੀਜੇ ਵਰਲਡ ਕੱਪ ਦਾ ਜੇਤੂ ਬਣਾ ਕੇ ਵਾਪਸ ਮੁੜੇ। ਗੌਰਤਲਬ ਹੈ ਕਿ ਉਨ੍ਹਾਂ ਨੇ ਆਪਣੇ ਪਿਤਾ ਦੀ ਅੰਤਿਮ ਅਰਦਾਸ ਦੀ ਮਰਿਆਦਾ ਵਾਪਸ ਆ ਕੇ ਨਿਭਾਈ। ਫਿਰ ਉਦੋਂ ਤੱਕ ਉਨ੍ਹਾਂ ਦੀ ਧਰਮ-ਪਤਨੀ ਸੁਸ਼ੀਲ ਕੌਰ ਹਸਪਤਾਲ ਤੋਂ ਵਾਪਸ ਘਰ ਆ ਚੁੱਕੀ ਸੀ ਅਤੇ ਉਨ੍ਹਾਂ ਨੇ ਸ੍ਰ. ਬਲਬੀਰ ਸਿੰਘ ਨੂੰ ਮਿਲਣ 'ਤੇ ਸਭ ਤੋਂ ਪਹਿਲੀ ਖਾਹਿਸ਼ ਵਜੋਂ ਸੋਨੇ ਵਿਚ ਮੜ੍ਹੇ 'ਵਰਲਡ ਹਾਕੀ ਕੱਪ' ਦੇ ਦਰਸ਼ਨ ਕਰਨ ਦੀ ਮੰਗ ਕੀਤੀ।

ਇਸ ਸੰਦਰਭ ਵਿਚ ਬੇਹੱਦ ਹੈਰਾਨੀ ਹੁੰਦੀ ਹੈ ਕਿ ਇਹ ਭਾਰਤ ਦਾ ਰਤਨ ਸਿਰਫ਼ ਪਹਿਲੇ ਪੜਾਅ ਦੇ ਸਨਮਾਨ 'ਪਦਮਸ਼ਿਰੀ' ਦੇ ਨਾਲ ਹੀ ਸਨਮਾਨਿਆ ਗਿਆ ਹੈ। ਦੁਨੀਆਂ ਤਾਂ ਅੱਜ ਵੀ ਸ. ਬਲਬੀਰ ਸਿੰਘ ਨੂੰ ਭਾਰਤ ਦਾ ਮਹਾਨ ਸਪੂਤ ਤੇ ਭਾਰਤ ਰਤਨ ਹੀ ਮੰਨਦੀ ਹੈ। ਇਸ ਦਾ ਸਿੱਧਾ-ਪੱਧਰਾ ਸਬੂਤ ਇਹ ਹੈ ਕਿ ੨੦੧੨ ਦੀਆਂ ਲੰਦਨ ਉਲੰਪਿਕ ਵਿਚ ੧੬ ਸੰਸਾਰ ਪ੍ਰਸਿੱਧ ਸਨਮਾਨਿਤ ਖਿਡਾਰੀਆਂ ਵਿਚ ਉਹ ਭਾਰਤ ਦੇ ਇਕੱਲੇ ਹੀ ਖਿਡਾਰੀ ਸਨ; ਪਰ ਇਹ 'ਪੰਜਾਬ ਦਾ ਕੋਹਿਨੂਰ' ਤੇ 'ਭਾਰਤ ਦਾ ਰਤਨ' ਅੱਜ ਭਾਰਤ ਸਰਕਾਰ ਵੱਲੋਂ 'ਭਾਰਤ ਰਤਨ' ਦੀ ਉਪਾਧੀ ਤੋਂ ਵਾਂਝਾ ਹੈ।

ਖ਼ੈਰ! ਜਦੋਂ ੩੧ ਦਸੰਬਰ ੧੯੨੩ ਨੂੰ ਜਨਮੇ ਪੰਜਾਬ ਦੇ ਇਸ ਸਪੂਤ ਸ੍ਰ. ਬਲਬੀਰ ਸਿੰਘ ਸੀਨੀਅਰ ਦਾ ੯੦ਵਾਂ ਜਨਮ ਦਿਨ ਆ ਰਿਹਾ ਹੈ ਤਾਂ ਅੱਜ ਸਾਰੇ ਭਾਰਤੀਆਂ ਨੂੰ ਤੇ ਖ਼ਾਸ ਕਰਕੇ ਹਰ ਇਕ ਪੰਜਾਬੀ ਨੂੰ ਇਹ ਸੋਚਣ ਦੀ ਲੋੜ ਹੈ ਕਿ ਪੰਜਾਬ ਦੇ ਇਸ ਮਹਾਨ ਉਲੰਪੀਅਨ ਨੇ ਤਾਂ ਆਪਣੇ ਦੇਸ਼ ਨੂੰ ਸੰਸਾਰ ਭਰ ਵਿਚ ਇੰਨਾ ਮਾਣ ਦੁਆਇਆ ਹੈ, ਪਰ ਅਸੀਂ ਸਾਰੇ ਸ੍ਰ. ਬਲਬੀਰ ਸਿੰਘ ਦੀ ਕਿੰਨੀ ਕੁ ਕਦਰ ਕਰਦੇ ਹਾਂ ਅਤੇ ਉਨ੍ਹਾਂ ਦਾ ਬਣਦਾ ਕਿੰਨਾ ਕੁ ਮਾਣ-ਸਨਮਾਨ ਕਰਦੇ ਹਾਂ।

Tags: ਪੰਜਾਬ ਦਾ ਕੋਹਿਨੂਰ; ਭਾਰਤ ਰਤਨ : ਉਲੰਪੀਅਨ ਬਲਬੀਰ ਸਿੰਘ ਸੀਨੀਅਰ ਕੁਲਬੀਰ ਸਿੱਧੂ ਸਾਬਕਾ ਕਮਿਸ਼ਨਰ ਸੰਪਰਕ ੯੮੧੪੦-੩੨੦੦