HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਪੰਜਾਬ ਤੇ ਪੰਜਾਬੀਅਤ ਦਾ ਸੱਚਾ ਸਪੂਤ-ਸੁੱਖੀ ਬਾਠ


Date: Dec 15, 2013

ਮੁਲਾਕਾਤੀ ਗੁਰਦੀਸ਼ ਕੌਰ ਗਰੇਵਾਲ ਸੰਪਰਕ ੬੦੪-੪੯੬-੪੯੬੭ ਸਰੀ-ਕੈਨੇਡਾ
ਇਸ ਦੁਨੀਆਂ ਵਿੱਚ ਬਹੁਤੇ ਲੋਕ ਆਪਣੇ ਤੇ ਆਪਣੇ ਪਰਿਵਾਰ ਨੂੰੰ ਬੁਲੰਦੀਆਂ ਤੇ ਪਹੁੰਚਾਉਂਦੇ ਹੋਏ ਹੀ ਇਸ ਦੁਨੀਆਂ ਤੋਂ ਚਲੇ ਜਾਂਦੇ ਹਨ ਪਰ ਕੁੱਝ ਵਿਰਲੇ ਉਹ ਵੀ ਹਨ ਜੋ ਸਮਾਜ ਲਈ ਵੀ ਕੁੱਝ ਕਰ ਗੁਜ਼ਰਨ ਦੀ ਤਮੰਨਾ ਰੱਕਦੇ ਹਨ। ਇਸੇ ਤਰ੍ਹਾਂ ਦੀ ਹੀ ਇਕ ਸ਼ਖਸੀਅਤ ਦਾ ਨਾਮ ਹੈ- ਸੁੱਖੀ ਬਾਠ, ਜੋ ਕਨੇਡਾ ਦੀ ਬ੍ਰਿਟਸ਼ ਕੋਲੰਬੀਆ (ਬੀ. ਸੀ.) ਸਟੇਟ ਦੇ, ਬਹੁਤ ਹੀ ਖੂਬਸੂਰਤ ਸ਼ਹਿਰ ਵੈਨਕੋਵਰ ਦੇ ਨਾਲ ਲਗਦੇ ਸ਼ਹਿਰ, ਸਰੀ- ਜਿਸ ਨੂੰ ਮਿੰਨੀ ਪੰਜਾਬ ਕਰਕੇ ਜਾਣਿਆਂ ਜਾਂਦਾ ਹੈ, ਦੇ ਵਸਨੀਕ ਹਨ। ਉਹਨਾਂ ਦਾ ਪੂਰਾ ਨਾਮ ਸੁੱਖਜਿੰਦਰ ਸਿੰਘ ਬਾਠ ਤਾਂ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ, ਪਰ ਇਹ ਦੋ ਮਾਵਾਂ ਦਾ ਪੁੱਤਰ ਸੁੱਖਾ, ਪੂਰੇ ਬੀ. ਸੀ. ਵਿੱਚ, ਸੁੱਖੀ ਬਾਠ ਮੋਟਰਜ਼ ਦੇ ਨਾਮ ਨਾਲ ਮਸ਼ਹੂਰ ਹੈ। ਇਹ, ਉਚੀ ਤੇ ਸੁੱਚੀ ਸੋਚ ਵਾਲਾ ਉਹ ਸ਼ਖਸ ਹੈ ਜਿਸ ਨੇ ਧੁਰ ਅਸਮਾਨੇ ਚੜ੍ਹ ਕੇ ਵੀ ਆਪਣੇ ਪੈਰ ਜ਼ਮੀਨ ਤੇ ਟਿਕਾਏ ਹੋਏ ਹਨ। ਜਿਸ ਨੂੰ ਮਾਂ ਬੋਲੀ ਪੰਜਾਬੀ ਤੇ ਪੰਜਾਬ ਦੀ ਮਿੱਟੀ ਨਾਲ ਅੰਤਾਂ ਦਾ ਮੋਹ ਹੈ ਜਿਸ ਕਾਰਨ ਉਹ ਹਰ ਸਾਲ ਆਪਣੀ ਜਨਮ ਭੂਮੀ ਨੂੰ ਪਰਿਵਾਰ ਸਮੇਤ, ਕੇਵਲ ਨਮਸਕਾਰ ਕਰਨ ਹੀ ਨਹੀਂ ਆਉਂਦਾ ਸਗੋਂ ਇਸ ਮਿੱਟੀ ਦਾ ਕਰਜ਼ ਉਤਾਰਨ ਦੀ ਵੀ ਪੂਰੀ ਕੋਸ਼ਿਸ਼ ਕਰਦਾ ਹੈ।

ਪਿਛਲੇ ਦਿਨੀ ਉਹਨਾਂ ਬਾਰੇ ਜਾਨਣ ਦੀ ਇੱਛਾ ਹੋਈ ਤਾਂ ਮੈਂ ਸਮਾਂ ਲੈ ਕੇ ਉਹਨਾਂ ਨਾਲ ਮੁਲਾਕਾਤ ਕਰਨ ਲਈ, ਉਹਨਾਂ ਦੇ ਬਾਠ ਮੋਟਰਜ਼ ਵਾਲੇ ਦਫ਼ਤਰ, ਬੇਟੇ ਨੂੰ ਨਾਲ ਲੈ ਕੇ ਗਈ। ਪੇਸ਼ ਹਨ- ਉਹਨਾਂ ਨਾਲ ਮੁਲਾਕਾਤ ਦੇ ਕੁਝ ਅੰਸ਼-

ਤੁਹਾਡਾ ਜਨਮ ਕਿੱਥੇ ਤੇ ਕਦੋਂ ਹੋਇਆ?

ਮੇਰਾ ਜਨਮ ੧੯੫੭ ਵਿੱਚ, ਪੰਜਾਬ ਵਿੱਚ- ਜਲੰਧਰ ਜਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਹਰਦੋ ਫਰਵਾਲਾ ਵਿੱਚ ਹੋਇਆ। ਇਹ ਪਿੰਡ ਜਲੰਧਰ ਹੁਸ਼ਿਆਰਪੁਰ ਸੜਕ ਤੇ, ਰਾਮਾਮੰਡੀ ਜਲੰਧਰ ਅਤੇ ਕਸਬਾ ਜੰਡੂ ਸਿੰਘਾ ਦੇ ਵਿਚਕਾਰ ਪਿੰਡ ਪਤਾਰਾ ਦੇ ਕੋਲ, ਮੇਨ ਰੋਡ ਤੋਂ ੨ ਕੁ ਕਿਲੋਮੀਟਰ ਹਟ ਕੇ ਹੈ।

ਆਪਣੇ ਪਰਿਵਾਰਕ ਪਿਛੋਕੜ ਦੇ ਬਾਰੇ ਕੁੱਝ ਦੱਸੋ।

- ਮੇਰੇ ਪਿਤਾ ਜੀ ਇਕ ਸੁਲਝੇ ਖਿਆਲਾਂ ਦੇ ਮਾਲਕ ਅਤੇ ਪੜ੍ਹੇ ਲਿਖੇ ਇਨਸਾਨ ਸਨ। ਪਿੰਡ ਦੋ ਕੁ ਕਿੱਲੇ ਪੈਲੀ ਸੀ ਅਤੇ ਨਾਲ ਮੱਝਾਂ ਗਾਈਆਂ ਰੱਖ ਕੇ ਘਰ ਦਾ ਗੁਜ਼ਾਰਾ ਕਰਦੇ ਸਨ। ਨਾਲ ਦੇ ਪਿੰਡ ਪਤਾਰਾ ਵਿੱਚ ਮੇਰੇ ਮਾਸੀ ਜੀ ਸਨ, ਜਿਹਨਾਂ ਦੇ ੬ ਲੜਕੀਆਂ ਸਨ, ਲੜਕਾ ਕੋਈ ਨਹੀਂ ਸੀ। ਉਹ ਕੁਝ ਉਦਾਸ ਰਹਿੰਦੇ ਸਨ। ਮੇਰੇ ਮਾਤਾ ਜੀ ਮੈਂਨੂੰ ਉਹਨਾਂ ਪਾਸ ਭੇਜ ਕੇ ਆਪਣੀ ਭੈਣ ਨੂੰ ਕਹਿੰਦੇ, "ਇਹ ਸੁੱਖਾ ਵੀ ਤੇਰਾ ਹੀ ਹੈ"। ਮੇਰੀਆਂ ਵੀ ਦੋ ਭੈਣਾਂ ਸਨ। ਸੋ ਇਸ ਤਰ੍ਹਾਂ ਮੈਨੂੰ, ਇਕ ਜਨਮ ਦੇ ਮਾਂ-ਪਿਓ ਅਤੇ ਇਕ ਧਰਮ ਦੇ ਮਾਂ-ਪਿਓ ਦਾ ਪੁੱਤਰ ਹੋਣ ਅਤੇ ੮ ਭੈਣਾਂ ਦਾ ਭਰਾ ਹੋਣ ਦਾ ਮਾਣ ਪ੍ਰਾਪਤ ਹੋਇਆ।

ਮੁੱਢਲੀ ਵਿਦਿਆ ਅਤੇ ਅਗਲੀ ਪੜ੍ਹਾਈ ਕਿੱਥੋਂ ਕੀਤੀ?

- ਮੈਂ ਆਪਣੀ ਸਾਰੀ ਪੜ੍ਹਾਈ ਆਪਣੇ ਧਰਮ ਮਾਤਾ ਜੀ ਕੋਲ ਰਹਿ ਕੇ ਕੀਤੀ। ਪਹਿਲਾਂ ਦਸਵੀਂ ਪਿੰਡ ਪਤਾਰਾ ਦੇ ਹਾਈ ਸਕੂਲ ਤੋਂ ਕਰਕੇ, ਫਿਰ ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾਖਲ ਹੋ ਗਿਆ, ਜਿਥੋਂ ਮੈਂ ਬੀ. ਏ. ਕੀਤੀ। ਕਾਲਜ ਦੇ ਦਿਨਾਂ ਵਿੱਚ ਮੈਨੂੰ ਖੇਡਾਂ ਦਾ ਬਹੁਤ ਸ਼ੌਕ ਸੀ ਅਤੇ ਯੂਨੀਵਰਸਿਟੀ ਪੱਧਰ ਤੱਕ ਐਥਲੈਟਿਕਸ ਵਿਚੋਂ ਮੈਨੂੰ ਗੋਲਡ ਮੈਡਲਿਸਟ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ। ੧੯੭੭ ਵਿੱਚ ਹੋਈਆਂ ਏਸ਼ੀਅਨ ਗੇਮਜ਼ ਵਿੱਚ ਵੀ ਮੈਂ ਭਾਗ ਲਿਆ।

ਕਨੇਡਾ ਆਉਣ ਦਾ ਵਿਚਾਰ ਕਿਵੇਂ ਬਣਿਆਂ?

- ਇਕਨੌਮੀਕਲੀ ਸਾਊਂਡ ਹੋਣ ਲਈ ਤੇ ਅੱਠ ਭੈਣਾਂ ਦੇ ਵਿਆਹ ਕਰਨ ਲਈ ਹੀ ਮੈਂ ਇਹ ਰਸਤਾ ਚੁਣਿਆਂ ਜੋ ਕਿ ਇੰਡੀਆ ਵਿੱਚ ਰਹਿ ਕੇ ਸੰਭਵ ਨਹੀਂ ਸੀ। ਸੋ ਦੋ ਕੁ ਸਾਲ ਦੀ ਸੋਚ ਵਿਚਾਰ ਮਗਰੋਂ ਮੈਂ ਕਨੇਡਾ ਆਉਣ ਦਾ ਪੱਕਾ ਮਨ ਬਣਾ ਲਿਆ।

ਕਨੇਡਾ ਕਿਵੇਂ ਤੇ ਕਦੋਂ ਆਏ?

- ੧੯੭੭ ਵਿੱਚ ਮੈਂ ਬੀ.ਏ. ਕੀਤੀ ਅਤੇ ੧੯੭੯ ਵਿੱਚ ਮੈਂ ਕਨੇਡਾ ਆ ਗਿਆ। ਉਦੋਂ ਕਨੇਡਾ ਆਉਣਾ ਇੰਨਾ ਔਖਾ ਨਹੀਂ ਸੀ। ਜਲੰਧਰ ਦੇ ਇਕ ਏਜੰਟ ਤੋਂ ਪਾਸਪੋਰਟ ਬਣਾਇਆ, ਟਿਕਟ ਲਈ ਤੇ ਇਥੇ ਪੁੱਜ ਗਿਆ। ਪਰ ਮੈਂ ਇਸ ਨੂੰ ਆਪਣੇ ਚੰਗੇ ਭਾਗ ਸਮਝਦਾ ਹਾਂ ਜੋ ਮੈਂ ਇਥੇ ਆ ਗਿਆ।

ਕਨੇਡਾ ਆ ਕੇ ਪਹਿਲਾਂ ਪਹਿਲਾਂ ਤੁਹਾਨੂੰ ਵੀ ਕਈ ਮੁਸ਼ਕਿਲਾਂ ਪੇਸ਼ ਆਈਆਂ ਹੋਣਗੀਆਂ?

- ਹਾਂ, ਇਥੇ ਕੋਈ ਵੀ ਮੇਰਾ ਆਪਣਾ ਨਹੀਂ ਸੀ। ਮੈਂ ਕੁਝ ਦੇਰ ਤਾਂ ਗੁਰਦੁਆਰੇ ਹੀ ਰਿਹਾ। ਮਸ਼ਰੂਮ ਫਾਰਮ ਵਿੱਚ ਕੰਮ ਕੀਤਾ, ਫਿਰ ਟੈਕਸੀ ਚਲਾਈ ਤੇ ਫਿਰ ਮੁੰਡਿਆਂ ਨਾਲ ਰਲ ਕੇ ਇਕ ਬੇਸਮੈਂਟ ਲੈ ਲਈ। ਮਿਹਨਤ ਕਰਨ ਤੋਂ ਮੈਂ ਕਦੇ ਵੀ ਘਬਰਾਇਆ ਨਹੀਂ। ਕੁੱਝ ਰੱਬ ਨੇ ਦਿੱਲ ਹੀ ਇੰਨਾ ਵੱਡਾ ਦਿੱਤਾ ਹੈ ਕਿ ਮੈਂ ਭਾਵੇਂ ਗਲੇ ਤੱਕ ਚਿੱਕੜ ਵਿੱਚ ਖੁੱਭ ਜਾਵਾਂ, ਜੇ ਸਿਰ ਬਾਹਰ ਹੋਵੇ ਤਾਂ ਮੈਂ ਬਾਹਰ ਨਿੱਕਲਣ ਲਈ ਹੰਭਲਾ ਮਾਰ ਹੀ ਲੈਂਦਾ ਹਾਂ।

ਸ਼ਾਇਦ ਇਹੀ ਤੁਹਾਡੀ ਕਾਮਯਾਬੀ ਦਾ ਰਾਜ਼ ਹੈ। ਹੁਣ ਇਹ ਵੀ ਦੱਸੋ ਕਿ ਤੁਹਾਡਾ ਵਿਆਹ ਕਦੋਂ ਤੇ ਕਿੱਥੇ ਹੋਇਆ?

- ਜਿੱਥੇ ਮੈਂ ਕੰਮ ਕਰਦਾ ਸੀ, ਉਥੋਂ ਹੀ ਕਿਸੇ ਨੇ ਮੇਰੇ ਸਹੁਰਿਆਂ ਨੂੰ ਦੱਸ ਪਾਈ ਕਿ ੨੨ਕੁ ਸਾਲ ਦਾ, ਪੜ੍ਹਿਆ ਲਿਖਿਆ ਮਿਹਨਤੀ ਮੁੰਡਾ ਇੰਡੀਆ ਤੋਂ ਆਇਆ ਹੈ, ਦੇਖ ਲਵੋ। ਸੋ ਅਸੀਂ ਦੋ ਚਾਰ ਵਾਰ ਆਪਸ ਵਿੱਚ ਮਿਲੇ ਤੇ ਰਿਸ਼ਤਾ ਪੱਕਾ ਹੋ ਗਿਆ ਤੇ ੧੯੭੯ ਵਿੱਚ ਹੀ ਸਾਡਾ ਵਿਆਹ ਹੋ ਗਿਆ। ਮੇਰੇ ਸਹੁਰੇ ਪਿੰਡ ਮੋਰਾਂਵਾਲੀ ਜਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਹਨ। ਮੇਰੇ ਮਿਸਜ਼ ਵੀ ਮੇਰੀ ਤਰ੍ਹਾਂ ਇਕ ਸਾਲ ਪਹਿਲਾਂ ਹੀ ਆਪਣੇ ਮਾਪਿਆਂ ਨਾਲ ਇੱਧਰ ਆਏ ਸਨ। ਉਹ ਬਹੁਤ ਉੱਚੀ ਸੁੱਚੀ ਸੋਚ ਦੇ ਮਾਲਕ ਹਨ। ਉਹਨਾਂ ਦੇ ਮਸਤਕ ਸਦਕਾ ਹੀ ਸ਼ਾਇਦ ਕਿਸਮਤ ਮੇਰੇ ਤੇ ਮਿਹਰਬਾਨ ਹੋਈ ਅਤੇ ਵਾਹਿਗੁਰੁ ਦੀ ਕਿਰਪਾ ਦੁਆਰਾ ਕਦੇ ਕੋਈ ਕਮੀ ਮਹਿਸੂਸ ਹੀ ਨਹੀਂ ਹੋਈ ਅਤੇ ਸਮਾਂ ਪਾ ਕੇ ਅਸੀਂ ਆਪਣਾ ਬਿਜ਼ਨੈਸ ਸੈੱਟ ਕਰਨ ਵਿੱਚ ਸਫਲ ਹੋ ਗਏ।

ਆਪਣਾ ਬਿਜ਼ਨੈਸ ਕਰਨ ਦਾ ਸਬੱਬ ਕਿਵੇਂ ਬਣਿਆਂ?

- ਦੋ ਕੁ ਸਾਲ ਤਾਂ ਇੱਧਰ ਉੱਧਰ ਕੰਮ ਕਰਦਿਆਂ ਨਿਕਲ ਗਏ, ਫਿਰ ਇੰਮੀਗਰੇਸ਼ਨ ਮਿਲ ਗਈ ਤੇ ਇਕ ਜਨਰਲ ਸਟੋਰ ਤੇ ਸੇਲਜ਼ ਪਰਸਨ ਵਜੋਂ ਕੰਮ ਕਰਨ ਲੱਗਾ। ਇੱਥੇ ਮੈਂ ੯ ਸਾਲ ਕੰੰਮ ਕੀਤਾ। ਫਿਰ ਡੇਢ ਕੁ ਸਾਲ ਮੈਂ ਇਕ ਕਾਰ ਸੇਲਜ਼ ਦੀ ਕੰਪਨੀ ਵਿੱਚ ਅਸਿਸਟੈਂਟ ਮੈਨੇਜਰ ਵਜੋਂ ਕੰਮ ਕੀਤਾ। ਇਥੇ ਸਾਰੇ ਵਰਕਰ ਗੋਰੇ ਸਨ, ਮੈਂ ਇਕੱਲਾ ਹੀ ਪੰਜਾਬੀ ਸੀ। ਸੋ ਬਿਜ਼ਨੈਸ ਦਾ ਤਜ਼ਰਬਾ ਹੋਣ ਬਾਅਦ ਮੈਂ ਆਪਣਾ ਬਿਜ਼ਨੈਸ ਸ਼ੁਰੂ ਕਰਨ ਦੀ ਸੋਚੀ।

ਤੁਸੀਂ ਆਪਣੀਆਂ ਭੈਣਾਂ ਬਾਰੇ ਫਿਕਰਮੰਦ ਸੀ। ਉਹਨਾਂ ਦੇ ਵਿਆਹ ਇੰਡੀਆ ਹੋਏ ਜਾਂ ਇੱਧਰ?

-ਆਪਣੇ ਪੈਰਾਂ ਤੇ ਖੜ੍ਹਨ ਲਈ ਮਿਹਨਤ ਤਾਂ ਮੈਂਨੂੰ ਕਰਨੀ ਹੀ ਪੈਣੀ ਸੀ ਕਿਉਂਕਿ ਮੇਰੇ ਸਿਰ ਭੈਣਾਂ ਦੀ ਜਿੰਮੇਵਾਰੀ ਸੀ। ਪਰ ਉਹ ਉਪਰ ਵਾਲਾ ਬੜਾ ਦਿਆਲੂ ਹੈ, ਉਸ ਨੇ ਹਰ ਕਦਮ ਤੇ ਮੇਰਾ ਸਾਥ ਦਿੱਤਾ। ਐਸ ਵੇਲੇ ਮੇਰੀਆਂ ਸਾਰੀਆਂ ਭੈਣਾਂ ਦੇ ਪਰਿਵਾਰ ਕਨੇਡਾ ਵਿੱਚ ਹਨ। ਕਿਸੇ ਭੈਣ ਨੂੰ ਮੈਂ ਵਿਆਹ ਲਈ ਸੱਦਿਆ ਕਿਸੇ ਨੂੰ ਵਿਆਹ ਤੋਂ ਪਹਿਲਾਂ ਪੜ੍ਹਨ ਲਈ ਅਤੇ ਜੋ ਵੱਡੀਆਂ ਇੰਡੀਆ ਵਿਆਹੀਆਂ ਗਈਆਂ ਸਨ ਉਹਨਾਂ ਦੇ ਬੱਚੇ ਮੰਗਵਾ ਲਏ ਤੇ ਉਹ ਵੀ ਇੱਧਰ ਆ ਗਈਆਂ।

ਆਪਣੇ ਪਰਿਵਾਰ ਬਾਰੇ ਵੀ ਕੁੱਝ ਦੱਸੋ।

- ਮੇਰੀ ਕਾਮਯਾਬੀ ਪਿੱਛੇ ਮੇਰੇ ਮਿਸਜ਼ 'ਸੁੱਖਵਿੰਦਰ' ਦਾ ਬਹੁਤ ਵੱਡਾ ਹੱਥ ਹੈ। ਮੇਰਾ ਬੇਟਾ 'ਕਿਰਤਬੀਰ' ੨੭ ਸਾਲ ਦਾ ਹੈ ਜਿਸ ਨੇ ਸੀ. ਏ. ਕੀਤੀ ਹੋਈ ਹੈ ਅਤੇ ਬਿਜ਼ਨੈਸ ਵਿੱਚ ਮੈਨੂੰ ਪੂਰਾ ਸਹਿਯੋਗ ਦਿੰਦਾ ਹੈ। ਉਹ ਵਿਆਹਿਆ ਹੋਇਆ ਹੈ ਅਤੇ ਮੈਂਨੂੰ ਇਹ ਦੱਸਣ ਵਿੱਚ ਵੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਦਾਦਾ ਬਨਣ ਵਾਲਾ ਹਾਂ। ਬੇਟੀ 'ਜੀਵਨ' ਯੂ. ਬੀ. ਸੀ. ਤੋਂ ਐਮ. ਡੀ. ਕਰ ਰਹੀ ਹੈ। ਮੇਰੇ ਮਾਤਾ ਜੀ ੨੨ ਸਾਲ ਪਹਿਲਾਂ ਪੂਰੇ ਹੋ ਗਏ ਸਨ ਪਰ ਪਿਤਾ ਜੀ ਤਿੰਨ ਮਹੀਨੇ ਪਹਿਲਾਂ, ਮੇਰੇ ਕੋਲ ਹੀ ਪੂਰੇ ਹੋਏ ਹਨ। ਮੇਰੇ ਬੱਚਿਆਂ ਦਾ ਆਪਣੇ ਦਾਦਾ ਜੀ ਨਾਲ ਅਥਾਹ ਪਿਆਰ ਸੀ।

ਅੱਜਕਲ ਤੁਹਾਡੇ ਕਿਹੜੇ ਕਿਹੜੇ ਬਿਜ਼ਨੈਸ ਚਲ ਰਹੇ ਹਨ?

- ਐਸ ਵੇਲੇ ਕੁੱਲ ੫ ਬਿਜ਼ਨੈਸ ਚਲ ਰਹੇ ਹਨ- ਸੁੱਖੀ ਬਾਠ ਮੋਟਰਜ਼, ਸਬ ਵੇਅ ਆਊਟ, ਗਰੀਨ ਲਾਈਟ ਫਾਈਨਾਂਸ ਕਾਰਪੋਰੇਸ਼ਨ, ਐਨ ਆਰ ਆਈ ਸੈਲਿਉਸ਼ਨ ਲਿਮਟਿਡ, ਕੰਨਸਟਰਕਸ਼ਨ- ਜਿਸ ਵਿੱਚ ਕੋਈ ੫੦ ਕੁ ਘਰ ਸਾਲ ਦੇ ਬਣਾ ਕੇ ਵੇਚੇ ਜਾਂਦੇ ਹਨ। ਇਹਨਾਂ ਵਿੱਚ ਤਕਰੀਬਨ ੧੪੦ ਕੁ ਵਰਕਰ ਹਨ। ਸੋ ਮੈਂਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਹ ਬਿਜ਼ਨੈਸ ੧੪੦ ਘਰਾਂ ਦੀ ਰੋਜ਼ੀ ਰੋਟੀ ਦਾ ਸਾਧਨ ਹਨ। ਐਨ. ਆਰ. ਆਈ. ਸੈਲਿਊਸ਼ਨ ਲਿਮਟਿਡ- ਐਨ ਆਰ ਆਈ ਦੇ ਇੰਡੀਆ ਦੀ ਪ੍ਰਾਪਰਟੀ ਦੇ ਝਗੜੇ ਨਜਿੱਠਣ ਵਿੱਚ ਮਦਦ ਕਰਨ ਲਈ ਬਣਾਈ ਗਈ ਹੈ। ਇਹ ਕਨੂੰਨੀ ਕਾਰਵਾਈ ਵਿੱਚ ਐਨ. ਆਰ. ਆਈ. ਦੀ ਸਹਾਇਤਾ ਕਰਦੀ ਹੈ। ਇਸ ਦੇ ਦਫਤਰ- ਰਾਮਾਮੰਡੀ ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਹਨ ਜਿਨ੍ਹਾਂ ਵਿੱਚ ੧੮ ਬੰਦੇ ਕੰਮ ਕਰਦੇ ਹਨ।

ਇੰਡੀਆ ਵਿੱਚ ਮੈਂ ਤੁਹਾਡੇ ਬਾਰੇ ਸੁਣਿਆਂ ਸੀ ਕਿ ਤੁਸੀਂ ਸਮਾਜ ਸੇਵਾ ਨੂੰ ਵੀ ਸਮਰਪਿਤ ਹੋ।ਤੁਸੀਂ ਕਿਹੜੇ ਪ੍ਰੌਜੈਕਟ ਇੰਡੀਆ ਵਿੱਚ ਇਸ ਸਬੰਧ ਵਿੱਚ ਚਲਾ ਰਹੇ ਹੋ ਤੇ ਇਹ ਕਿਵੇਂ ਸ਼ੁਰੂ ਕੀਤੇ?

- ਇਸ ਲਈ 'ਸੁੱਖੀ ਬਾਠ ਸੇਵਾ ਕਲੱਬ' ਬਣਾਇਆ ਗਿਆ ਹੈ ਜੋ ਕਿ ਇਕ ਨੌਨ ਪਰੌਫਟ ਔਰਗੇਨਾਈਜੇਸ਼ਨ ਹੈ ਅਤੇ ਜਿਸ ਦਾ ਦਫਤਰ ਜਲੰਧਰ ਵਿੱਚ ਹੈ। ਇਹ ਸੇਵਾ ਕਲੱਬ ਕੇਵਲ ਆਪਣੇ ਬਲਬੂਤੇ ਤੇ ਹੀ ਚਲ ਰਹੀ ਹੈ, ਕਿਸੇ ਹੋਰ ਦਾ, ਡੋਨੇਸ਼ਨ ਦਾ, ਇੱਕ ਪੈਸਾ ਵੀ ਇਸ ਵਿੱਚ ਨਹੀਂ ਪਾਇਆ ਜਾਂਦਾ। ਅੱਜ ਤੋਂ ੧੪ ਕੁ ਸਾਲ ਪਹਿਲਾਂ ਜਦੋਂ ਮੈਂਨੂੰ ਲੱਗਾ ਕਿ ਹੁਣ ਕੁੱਝ ਸੈਟਲ ਹੋ ਗਏ ਹਾਂ, ਕੇਵਲ ਤਿੰਨ ਭੈਣਾਂ ਹੀ ਵਿਆਹੁਣ ਵਾਲੀਆਂ ਰਹਿ ਗਈਆਂ ਸਨ ਜੋ ਅਜੇ ਛੋਟੀਆਂ ਸਨ, ਤਾਂ ਮੈਂ ੫੦,੦੦੦ ਦਾ ਬੱਜਟ ਇੰਡੀਆ ਦਾਨ ਪੁੰਨ ਕਰਨ ਲਈ ਰੱਖਿਆ ਪਰ ਸਮਝ ਨਾ ਲੱਗੇ ਕਿ ਕਿਸ ਪੁੰਨ ਦੇ ਕੰਮ ਤੇ ਲਾਵਾਂ। ਸੋ ਮੈਂ ਕਨੇਡਾ ਰਹਿੰਦੇ ਇਕ ਦੋਸਤ ਦੀ ਸਲਾਹ ਪੁੱਛੀ। ਉਸ ਕਿਹਾ, "ਆਪਣੇ ਪਿੰਡ ਵਿੱਚ ਅੱਖਾਂ ਦਾ ਕੈਂਪ ਲਵਾਓ, ਮੈਂ ਤੁਹਾਨੂੰ ਗਾਈਡ ਕਰਾਂਗਾ।" ਸੋ ਮੈਂ ੧੯੯੯ ਵਿੱਚ ਪਹਿਲਾ ਅੱਖਾਂ ਦਾ ਕੈਂਪ ਪਤਾਰੇ ਪਿੰਡ ਵਿੱਚ ਲਾਇਆ ਜਿਸ ਵਿੱਚ ੨੫-੩੦ ਅੱਖਾਂ ਬਣੀਆਂ। ਉਥੋਂ ਐਸਾ ਚਸਕਾ ਪਿਆ ਕਿ ਹਰ ਸਾਲ ਕੈਂਪਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਗਿਆ, ਅਪਣੇ ਦੋਹਾਂ ਪਿੰਡਾਂ ਤੋਂ ਇਲਾਵਾ ਹੋਰ ੫-੭ ਹੋਰ ਪਿੰਡ ਚੁਣੇ ਗਏ। ਬਜਟ ਭਾਵੇਂ ਹਰ ਸਾਲ ਵਧੀ ਗਿਆ ਪਰ ਜੋ ਰੂਹ ਨੂੰ ਖੁਸ਼ੀ ਤੇ ਤਸੱਲੀ ਹੁੰਦੀ ਹੈ, ਉਹ ਬਿਆਨ ਕਰਨੀ ਔਖੀ ਹੈ।

ਐਤਕੀਂ ਤਾਂ ਤੁਹਾਡੀਆਂ ਅਖਬਾਰਾਂ ਵਿੱਚ ਖਬਰਾਂ ਵੀ ਛਪੀਆਂ ਸਨ। ਇਸ ਵਾਰੀ ਤੁਸੀਂ ਕਿੰਨੇ ਕੈਂਪ ਲਾਏ ਅਤੇ ਕਿੰਨੇ ਕੁ ਲੋੜਵੰਦਾਂ ਨੂੰ ਫਾਇਦਾ ਹੋਇਆ?

- ਮੈਂ ਨਹੀਂ ਚਾਹੁੰਦਾ ਕਿ ਮੇਰੀ ਖਬਰਾਂ ਵਿੱਚ ਚਰਚਾ ਹੋਵੇ, ਪਰ ਇਸ ਵਾਰੀ ਮੇਰਾ ਦੋਸਤ ਬਲਜੀਤ ਬੱਲੀ ਮਿਲ ਪਿਆ ਜਿਸ ਨੇ ਰਿਪੋਰਟਰ ਹੋਣ ਕਾਰਨ ਅਖਬਾਰਾਂ ਵਿੱਚ ਰੌਲਾ ਪੁਆ ਦਿੱਤਾ। ਇਸ ਵਾਰੀ ਅਸੀਂ ੩੫ ਕੈਂਪ ਲਾਏ ਜੋ ਜਲੰਧਰ ਜ਼ਿਲੇ ਤੋਂ ਇਲਾਵਾ- ਮੋਗਾ, ਜਗਰਾਉਂ, ਪਟਿਆਲਾ, ਅੰਮ੍ਰਿਤਸਰ ਦੇ ਆਸ ਪਾਸ ਪਿੰਡਾਂ ਵਿੱਚ ਵੀ ਲਾਏ ਗਏ। ਇਹਨਾਂ ਕੈਂਪਾਂ ਵਿੱਚ ਕੁੱਲ ੨੫,੦੦੦ ਲੋਕਾਂ ਦਾ ਜਨਰਲ ਮੈਡੀਕਲ ਚੈੱਕ ਅੱਪ ਹੋਇਆ ਅਤੇ ੬੮੨੧ ਅੱਖਾਂ ਦੇ ਅਪ੍ਰੇਸਨ ਕਰਕੇ ਲੈਨਜ਼ ਪਾਏ ਗਏ। ਇਸ ਤੋਂ ਇਲਾਵਾ ਦੋ ਕੈਂਪ ਐਤਕੀਂ ਅੰਗ ਦਾਨ ਦੇ ਵੀ ਲਾਏ ਗਏ ਜਿਹਨਾਂ ਵਿੱਚ ੧੪੩, ਕੱਟੀਆਂ ਲੱਤਾਂ ਬਾਹਵਾਂ ਵਾਲਿਆਂ ਨੂੰ ਨਕਲੀ ਅੰਗ ਲਾਏ ਗਏ ਅਤੇ ਲੋੜਵੰਦਾਂ ਨੂੰ ਵੀਲ੍ਹ ਚੇਅਰ ਵੀ ਦਿੱਤੀਆਂ ਗਈਆਂ।

ਇਹ ਤਾਂ ਤੁਸੀਂ ਬਹੁਤ ਭਲੇ ਦਾ ਕੰਮ ਕਰ ਰਹੇ ਹੋ। ਪਰ ਮੈਂ ਇਹ ਵੀ ਸੁਣਿਆਂ ਹੈ ਕਿ ਤੁਸੀਂ ਅਨਾਥ ਬੱਚੀਆਂ ਲਈ ਆਪਣੇ ਪਿੰਡ ਵਿੱਚ ਕੋਈ ਆਸ਼ਰਮ ਵੀ ਬਣਾਇਆ ਹੋਇਆ ਹੈ?

- ਦਰਅਸਲ ਸਾਡਾ ਪਤਾਰੇ ਵਾਲਾ ਜੱਦੀ ਘਰ ਖੇਤਾਂ ਵਿੱਚ ਇਕ ਸਾਈਡ ਤੇ ਬਣਿਆਂ ਹੋਇਆ ਸੀ। ਮੇਰੇ ਜਨਮ ਦੇ ਮਾਤਾ ਜੀ ਤਾਂ ਵੀਹ ਸਾਲ ਪਹਿਲਾਂ ਪੂਰੇ ਹੋ ਚੁੱਕੇ ਸਨ ਅਤੇ ਪਿਤਾ ਜੀ ਨੂੰ ਮੈਂ ਆਪਣੇ ਪਾਸ ਕਨੇਡਾ ਲੈ ਆਇਆ ਸੀ। ਮੇਰੇ ਪਤਾਰੇ ਵਾਲੇ ਮਾਤਾ ਜੀ ਉਦੋਂ ਜਿਉਂਦੇ ਸਨ, ਮੈਂ ਉਹਨਾਂ ਨਾਲ ਸਲਾਹ ਕਰਕੇ ਇਕ ਸਾਈਡ ਤੇ ਪੰਜ ਕਮਰੇ ਅਨਾਥ ਬੱਚੀਆਂ ਲਈ ਬਣਵਾ ਦਿੱਤੇ ਅਤੇ ਉਹਨਾਂ ਦੀ ਸਾਂਭ ਸੰਭਾਲ ਲਈ ਮਾਤਾ ਜੀ ਨਾਲ ਇਕ ਲੜਕੀ ਰੱਖ ਦਿੱਤੀ। ਹੁਣ ਇਹ ਕਮਰੇ ਵੱਧ ਕੇ ੨੭ ਹੋ ਚੁੱਕੇ ਹਨ ਜਿਹਨਾਂ ਵਿੱਚੋਂ ੨੫ ਕਮਰੇ ਬੱਚੀਆਂ ਲਈ ਹਨ। ਇਹ ਬੱਚੀਆਂ ੪ ਤੋਂ ੧੬ ਸਾਲ ਦੀਆਂ ਹਨ। ਮਾਤਾ ਜੀ ਤੋਂ ਬਾਅਦ ਸਾਨੂੰ ੪੦-੪੫ ਸਾਲ ਦਾ ਇਕ ਜੋੜਾ ਮਿਲਿਆ ਜਿਹਨਾਂ ਦੇ ਕੋਈ ਔਲਾਦ ਨਹੀਂ ਸੀ। ਉਹਨਾਂ ਨੂੰ ਵੀ ਵਿੱਚ ਹੀ ਘਰ ਬਣਾ ਦਿੱਤਾ ਅਤੇ ਉਹਨਾਂ ਬੱਚੀਆਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਉਹਨਾਂ ਦੀ ਹਰ ਲੋੜ ਦੀ ਜ਼ਿੰਮੇਵਾਰੀ ਅਸੀਂ ਆਪਣੇ ਸਿਰ ਲੈ ਲਈ, ਇਕ ਛੋਟੀ ਕਾਰ ਵੀ ਲੈ ਦਿੱਤੀ ਅਤੇ ੧੦੦੦੦ ਤਨਖਾਹ ਵੀ ਲਾ ਦਿੱਤੀ। ਉਹ ਬੱਚੀਆਂ ਨੂੰ ਆਪਣਾ ਪਰਿਵਾਰ ਸਮਝ ਕੇ ਪਾਲਦੇ ਹਨ। ਉਹਨਾਂ ਹੁਣ ਤਨਖਾਹ ਲੈਣੀ ਛੱਡ ਦਿੱਤੀ ਹੈ, ਕਹਿੰਦੇ ਹਨ ਕਿ ਸਾਡੀ ਹਰ ਲੋੜ ਪੂਰੀ ਹੋ ਜਾਂਦੀ ਹੈ ਅਸੀਂ ਪੈਸੇ ਕੀ ਕਰਨੇ ਹਨ? ਪਰ ਨਾਲ ਹੀ ਕਹਿੰਦੇ ਹਨ ਕਿ ਜੇ ਕਿਤੇ ਤੁਸੀਂ ਸਾਨੂੰ ਇਹਨਾਂ ਬੱਚੀਆਂ ਤੋਂ ਵੱਖ ਕਰ ਦਿੱਤਾ ਤਾਂ ਅਸੀਂ ਮਰ ਜਾਵਾਂਗੇ ਕਿਉਂਕਿ ਸਾਡੀ ਜਿੰਦ ਜਾਨ ਹੁਣ ਇਹ ਬੱਚੀਆਂ ਹੀ ਹਨ।

ਕੀ ਤੁਸੀਂ ਕਦੇ ਇਹਨਾਂ ਬੱਚੀਆਂ ਦੇ ਮਾਪਿਆਂ ਬਾਰੇ ਜਾਨਣ ਦੀ ਕੋਸ਼ਿਸ਼ ਵੀ ਕੀਤੀ?

- ਨਹੀਂ, ਤੇ ਹੁਣ ਅਸੀਂ ਜਾਨਣਾ ਵੀ ਨਹੀਂ ਚਾਹੁੰਦੇ ਕਿਉਂਕਿ ਹੁਣ ਇਹਨਾਂ ਨਾਲ ਸਾਡਾ ਇੰਨਾ ਮੋਹ ਪੈ ਗਿਆ ਹੈ ਕਿ ਅਸੀਂ ਉਹਨਾਂ ਨੂੰ ਛੱਡ ਹੀ ਨਹੀਂ ਸਕਦੇ। ਇਹ ਸਾਡੀਆਂ ਆਪਣੀਆਂ ਧੀਆਂ ਹਨ।

ਕੀ ਇਹਨਾਂ ਦੀ ਪੜ੍ਹਾਈ ਲਿਖਾਈ ਦਾ ਵੀ ਕੋਈ ਪ੍ਰਬੰਧ ਕੀਤਾ ਹੈ?

- ਜੀ ਹਾਂ, ਇਹਨਾਂ ਲਈ ਇਕ ੨੫ ਸੀਟਾਂ ਦੀ ਬੱਸ ਲਈ ਹੋਈ ਹੈ ਜੋ ਜਲੰਧਰ ਦੇ ਵੱਖ ਵੱਖ ੩ ਸਕੂਲਾਂ ਵਿੱਚ ਛੱਡ ਕੇ ਆਉਂਦੀ ਹੈ। ਇਹਨਾਂ ਵਿੱਚੋਂ ਦੋ ਕੁੜੀਆਂ ੧੯-੨੦ ਸਾਲ ਦੀਆਂ ਹੋ ਗਈਆਂ ਸਨ ਜਿਹਨਾਂ ਦੇ ਯੋਗ ਵਰ ਲੱਭ ਕੇ ਮੈਂ ਵਿਆਹ ਕਰ ਦਿੱਤੇ ਹਨ।

ਪਰ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਸੱਤ ਸਮੁੰਦਰੋਂ ਪਾਰ ਬੈਠੇ, ਉਸ ਆਸ਼ਰਮ ਨੂੰ ਕਿਵੇਂ ਚਲਾ ਰਹੇ ਹੋ?

- ਚਲਾਉਣ ਵਾਲਾ ਤਾਂ ਉਹ ਉਪਰ ਵਾਲਾ ਹੈ ਭੈਣ ਜੀ, ਅਸੀਂ ਤਾਂ ਇਕ ਜਰੀਆ ਹੀ ਹਾਂ। ਸਭ ਤੋਂ ਛੋਟੀ ਭੈਣ ਨੂੰ ਅਸੀਂ ਪਤਾਰੇ ਵਾਲੀ ਜਾਇਦਾਦ ਦੀ ਦੇਖ ਭਾਲ ਸੌਂਪ ਦਿੱਤੀ ਹੈ। ਉਸ ਦੇ ੨੦-੨੨ ਸਾਲ ਦੇ ਦੋ ਜੁਆਨ ਮੁੰਡੇ ਇੰਡੀਆ ਵਿੱਚ ਮੇਰੀਆਂ ਬਾਹਵਾਂ ਹਨ ਜੋ ਸਾਰੇ ਕਾਰੋਬਾਰ ਦਾ ਧਿਆਨ ਰੱਖਦੇ ਹਨ। ਬਾਕੀ ਮੇਰੀ ਬੇਟੀ ਜੋ ਇਥੇ ਐਮ.ਡੀ. ਕਰ ਰਹੀ ਹੈ ਉਸ ਆਸ਼ਰਮ ਦੀ ਓਵਰਆਲ ਇੰਚਾਰਜ ਉਹ ਹੀ ਹੈ। ਹਰ ਰੋਜ਼ ਉਸ ਨੇ ਬੱਚੀਆਂ ਨੂੰ ਸਵੇਰੇ ਫੋਨ ਤੇ ਗੁੱਡ ਮੌਰਨਿੰਗ ਕਰਨੀ, ਉਹਨਾਂ ਦਾ ਹਾਲ ਪੁੱਛਣਾ, ਫਿਰ ਉਸ ਅੰਟੀ ਨੂੰ ਦੱਸਣਾ ਕਿ ਅੱਜ ਖਾਣੇ ਵਿੱਚ ਕੀ ਬਨਾਉਣਾ ਹੈ, ਉਹਨਾਂ ਦੇ ਮੈਡੀਕਲ ਚੈੱਕ ਅੱਪ ਦਾ ਵੀ ਧਿਆਨ ਰੱਖਣਾ ਅਤੇ ਸ਼ਾਮ ਨੂੰ ਫਿਰ ਸਭ ਦਾ ਹਾਲ ਪੁਛਣਾ- ਇਹ ਉਸ ਦਾ ਰੁਟੀਨ ਵਰਕ ਹੈ।

ਤੁਸੀਂ ਬਹੁਤ ਕਰਮਾਂ ਵਾਲੇ ਹੋ, ਕਨੇਡਾ ਦੇ ਜੰਮੇ ਪਲੇ ਬੱਚੇ ਤਾਂ ਆਪਣੇ ਮਾਪਿਆਂ ਨੂੰ ਨਹੀਂ ਪੁੱਛਦੇ, ਦੂਜਿਆਂ ਨੂੰ ਤਾਂ ਕਿਹਨੇਂ ਪੁੱਛਣਾ? ਕੀ ਤੁਹਾਡਾ ਬੇਟਾ ਵੀ ਇਸੇ ਸੋਚ ਦਾ ਮਾਲਕ ਹੈ?

- ਜੀ ਹਾਂ, ਮੇਰੇ ਪਰਿਵਾਰ ਦੇ ਸਾਰੇ ਮੈਂਬਰ ਇੰਡੀਆ ਜਾ ਕੇ, ਕੈਂਪਾਂ ਵਿੱਚ ਮੈਨੂੰ ਪੂਰਾ ਸਹਿਯੋਗ ਦਿੰਦੇ ਹਨ। ਪਿਛਲੇ ਸਾਲ ਦੀ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ- ਅਸੀਂ ਔਜਲਾ ਪਿੰਡ ਵਿੱਚ ਕੈਂਪ ਲਾਇਆ। ਲੋਕ ਦੂਰੋਂ ਦੂਰੋਂ ਆਉਂਦੇ ਹਨ ਸੋ ਅਸੀਂ ਇਕ ਰਾਤ ਉਹਨਾਂ ਦੇ ਠਹਿਰਨ ਦਾ ਪ੍ਰਬੰਧ ਜਰੂਰ ਕਰਦੇ ਹਾਂ। ਸੋ ਅਸੀਂ ੫੦-੬੦ ਕੁ ਬਿਸਤਰਿਆਂ ਦਾ ਪ੍ਰਬੰਧ ਕੀਤਾ ਪਰ ੩੦ ਮਰੀਜ਼ ਵੱਧ ਆ ਗਏ। ਬਹੁਤਿਆਂ ਨੂੰ ਦੋ ਦੋ ਨੂੰ ਵੀ ਇੱਕ ਬੈੱਡ ਸ਼ੇਅਰ ਕਰਨਾ ਪਿਆ। ਜਦੋਂ ੧੦ ਵੱਜ ਗਏ ਮੈਂ ਸਾਰੇ ਮਰੀਜ਼ਾਂ ਦਾ ਹਾਲ ਚਾਲ ਪੁੱਛ ਕੇ ਵਿਹਲਾ ਹੋਇਆ ਤਾਂ ਦੇਖਿਆ ਕਿ ਸਾਡੇ ਪਿਓ ਪੁੱਤ ਲਈ ਕੋਈ ਬਿਸਤਰਾ ਨਾ ਬਚਿਆ। ਮੈਂ ਗੁਰਦੁਆਰੇ ਦੀ ਇਕ ਦਰੀ ਲੱਭ ਲਿਆਇਆ ਤੇ ਆਪਣੇ ਬੇਟੇ ਨੂੰ ਕਿਹਾ ਕਿ ਆਪਾਂ ਨੂੰ ਤਾਂ ਇਸ ਤੇ ਹੀ ਸੌਣਾ ਪਏਗਾ। ਉਸ ਨੇ ਕਿਹਾ, "ਇਟ ਇਜ਼ ਓ.ਕੇ." ਪਰ ੫-੭ ਮਿੰਟ ਬਾਅਦ ਮੈਂ ਦੇਖਿਆ ਕਿ ਉਹ ਸੌਂ ਨਹੀ ਰਿਹਾ ਤੇ ਮੈਂ ਕਿਹਾ, "ਬੇਟਾ ਨੀਂਦ ਨਹੀਂ ਆ ਰਹੀ ਦਰੀ ਤੇ?" ਉਸ ਕਿਹਾ, "ਨਹੀਂ ਇਹ ਗੱਲ ਨਹੀਂ, ਪਰ ਮੈਂਨੂੰ ਸਿਰਹਾਣਾ ਲੈਣ ਦੀ ਆਦਤ ਹੈ" ਮੈਨੂੰ ਆਸ ਪਾਸ ਕੋਈ ਕੱਪੜਾ ਨਜ਼ਰ ਨਾ ਆਇਆ ਜੋ ਉਸ ਨੂੰ ਸਿਰਹਾਣੇ ਦਾ ਕੰਮ ਦੇ ਸਕੇ। ਅਖੀਰ ਮੈਨੂੰ ਆਪਣੇ ਪੈਰਾਂ ਤੋਂ ਉਤਾਰੇ ਹੋe ੇ ਰਨਰਜ਼ ਸ਼ੂ ਦਿਸ ਪਏ। ਮੈਂ ਉਹਨਾਂ ਨੂੰ ਅੰਦਰ ਨੂੰ ਕਰਕੇ ਉਸ ਦੀ ਗਰਦਨ ਥੱਲੇ ਦੇ ਦਿੱਤੇ। ਕੁਝ ਹੀ ਮਿੰਟਾਂ ਵਿੱਚ ਮੈਂ ਦੇਖਿਆ ਕਿ ਉਹ ਘੂਕ ਸੁੱਤਾ ਪਿਆ ਸੀ। ਮੈਂ ਉਠ ਬੈਠਾ ਤੇ ਧਰਤੀ ਨੂੰ ਨਮਸਕਾਰ ਕੀਤੀ, ਉਸ ਦਾਤੇ ਦਾ ਲੱਖ ਲੱਖ ਸ਼ੁਕਰ ਮਨਾਇਆ ਤੇ ਆਪਣੇ ਆਪ ਨੂੰ ਕਿਹਾ," ਕਨੇਡਾ ਦਾ ਜੰਮ ਪਲ ਬੱਚਾ, ਕ੍ਰੋੜਾਂ ਵਿੱਚ ਖੇਡਣ ਵਾਲਾ, ਅੱਜ ਤੇਰੇ ਨਾਲ ਜ਼ਮੀਨ ਤੇ ਇਕ ਦਰੀ ਉੱਤੇ ਜੁੱਤੀ ਦਾ ਸਿਰਹਾਣਾ ਲੈ ਕੇ ਸੁੱਤਾ ਪਿਆ ਹੋਵੇ- ਤੇਰੀ ਇਸ ਤੋਂ ਵੱਡੀ ਹੋਰ ਕੀ ਪ੍ਰਾਪਤੀ ਹੋ ਸਕਦੀ ਹੈ?"

ਸੱਚਮੁੱਚ ਤੁਹਾਡੀ ਇਹ ਬਹੁਤ ਹੀ ਵੱਡੀ ਪ੍ਰਾਪਤੀ ਹੈ। ਕੀ ਤੁਹਾਡੀ ਨੂੰਹ ਵੀ ਤੁਹਾਡਾ ਇਸੇ ਤਰ੍ਹਾਂ ਸਾਥ ਦਿੰਦੀ ਹੈ?

- ਉਹ 'ਰਾਜਨੀਤ' ਤਾਂ ੨੨ ਕੁ ਸਾਲ ਦੀ ਹੁੰਦੇ ਹੋਏ ਵੀ, ਸੇਵਾ ਦੇ ਮਾਮਲੇ ਵਿੱਚ ਸਾਥੋਂ ਸਭ ਤੋਂ ਅੱਗੇ ਹੈ। ਮੇਰਾ ਸਾਰਾ ਪਰਿਵਾਰ ਹੀ ਇਕ ਮਹੀਨੇ ਲਈ ਮੇਰੇ ਨਾਲ ਇੰਡੀਆ ਜਾ ਕੇ ਸਾਰੀਆਂ ਸੇਵਾਵਾਂ ਵਿੱਚ ਹੱਥ ਵਟਾਉਂਦਾ ਹੈ।

ਇਕ ਮੈਂ ਹੋਰ ਸੁਣਿਆਂ ਕਿ ਤੁਸੀਂ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਵੀ ਇੰਡੀਆ ਕਰ ਕੇ ਆaਂਦੇ ਹੋ?

- ਇਕ ਸਮਾਂ ਸੀ- ਕਿ ਮੈਂਨੂੰ ੮ ਭੈਣਾਂ ਦੇ ਵਿਆਹ ਦਾ ਫਿਕਰ ਸੀ ਪਰ ਹੁਣ ੧੪ ਸਾਲਾਂ ਵਿੱਚ ਮੈਂ ੯੮ ਹੋਰ ਡੋਲੀਆਂ ਆਪਣੇ ਹੱਥੀਂ ਤੋਰ ਚੁੱਕਾ ਹਾਂ। ਆਸ਼ਰਮ ਦੀਆਂ ਦੋ ਲੜਕੀਆਂ ਮੈਂ ਇਸ ਵਿੱਚ ਨਹੀਂ ਗਿਣਦਾ ਕਿਉਂਕਿ ਉਹ ਤਾਂ ਸਾਡੀਆਂ ਘਰ ਦੀਆਂ ਧੀਆਂ ਹਨ। ਇਹ ਸਭ ਧੀਆਂ ਇੰਡੀਆ ਵਿੱਚ ਮੇਰੀਆਂ ਧਿਰਾਂ ਬਣ ਗਈਆਂ ਹਨ- ਕੈਂਪਾਂ ਵਿੱਚ ਸੇਵਾ ਕਰਵਾਉਣ ਆਉਂਦੀਆਂ ਹਨ, ਦੋ ਦੋ ਬੱਚੇ ਚੁੱਕੇ ਹੋਏ ਹੁੰਦੇ ਹਨ, ਕਈ ਵਾਰ ਉਹਨਾਂ ਦੇ ਪੇਕੇ ਸਹੁਰੇ ਵੀ ਨਾਲ ਆ ਜਾਂਦੇ ਹਨ।

ਇਹ ਸ਼ਾਦੀਆਂ ਤੁਸੀਂ ਕਿੱਥੇ ਤੇ ਕਦੋਂ ਕਰਦੇ ਹੋ?

- ਲੋੜਵੰਦ ਲੋਕ ਆਪਣੀ ਡਿਟੇਲ ਲਿਖਵਾ ਕੇ ਸ਼ਾਦੀਆਂ ਬੁੱਕ ਕਰਵਾ ਜਾਂਦੇ ਹਨ। ਮੇਰੀ ਭੈਣ ਤੇ ਭਾਣਜੇ ਉਹਨਾਂ ਦੀ ਮਾਲੀ ਹਾਲਤ ਬਾਰੇ ਜਾਣਕਾਰੀ ਹਾਸਲ ਕਰਦੇ ਹਨ ਕਿ- ਕੀ ਉਹ ਵਾਕਿਆ ਹੀ ਲੋਵਵੰਦ ਹਨ? ਪੂਰਾ ਸਾਲ ਇਹ ਸਿਲਸਿਲਾ ਚਲਦਾ ਹੈ। ਪਰ ਲੜਕੀਆਂ ਲਈ ਵਰ ਘਰ ਲੱਭਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ। ਹੁਣ ਵੀ ੫ ਸ਼ਾਦੀਆਂ ਬੁੱਕ ਹੋ ਚੁੱਕੀਆਂ ਹਨ। ਅਸੀਂ ਫਰਵਰੀ ਮਾਰਚ ਦੇ ਮਹੀਨੇ ਜਾਂਦੇ ਹਾਂ। ਪਤਾਰੇ ਪਿੰਡ ਦਾ ਪੈਲੇਸ ਪਹਿਲਾਂ ਹੀ ਚਾਰ ਦਿਨ ਲਈ ਬੁੱਕ ਕਰਵਾਇਆ ਹੁੰਦਾ ਹੈ- ਦੋ ਦਿਨ ਕੈਂਪ ਲਈ ਤੇ ਦੋ ਦਿਨ ਸ਼ਾਦੀਆਂ ਲਈ। ਜਾਤ ਪਾਤ ਜਾਂ ਧਰਮ ਦੇ ਅਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ- ਹਰ ਲੋੜਵੰਦ ਦੀ ਸ਼ਾਦੀ ਬੁੱਕ ਕੀਤੀ ਜਾਂਦੀ ਹੈ ਤੇ ਲੜਕੀਆਂ ਦੀ ਮਰਜ਼ੀ ਅਨੁਸਾਰ ਹੀ ਲਾਵਾਂ ਹੁੰਦੀਆਂ ਹਨ। ਇਸ ਵਾਰੀ ੫ ਵਿਆਹ ਸਾਨੂੰ ਪਿੰਡ ਜੰਡੂ ਸਿੰਘਾ ਜਾ ਕੇ ਚਰਚ ਵਿੱਚ ਵੀ ਕਰਨੇ ਪਏ। ਦੋਹਾਂ ਪਰਿਵਾਰਾਂ ਦੇ ੨੦-੨੦ ਮੈਂਬਰ ਬੁਲਾਏ ਜਾਂਦੇ ਹਨ ਤੇ ਵਧੀਆ ਵਿਆਹ ਕਰਦੇ ਹਾਂ। ਸਭ ਦੀ ਡੋਲੀ ਮੈਂ ਹੱਥੀਂ ਤੋਰਦਾ ਹਾਂ। ਦੂਜੇ ਤੇ ਤੀਜੇ ਦਿਨ, ਅਸੀਂ ਪੂਰਾ ਪਰਿਵਾਰ, ਉਸ ਲੜਕੀ ਦੇ ਸਹੁਰੇ ਘਰ ਇਕ ਲੱਖ ਦਾ ਸਮਾਨ ਜਾ ਕੇ ਦੇ ਆਉਂਦੇ ਹਾਂ- ਜਿਸ ਵਿੱਚ ਇਕ ਪੇਟੀ, ਬੈੱਡ, ਸੋਫਾ, ਸਿਲਾਈ ਮਸ਼ੀਨ, ਪੰਜ ਬਿਸਤਰੇ, ਕੁਝ ਭਾਂਡੇ, ਸੂਟ, ਸ਼ਗਨ ਆਦਿ ਹੁੰਦਾ ਹੈ। ਸਾਡਾ ਅਸੂਲ ਹੈ ਕਿ ਕੈਸ਼ ਨਹੀਂ ਦੇਣਾ, ਵਰਤੋਂ ਦਾ ਸਮਾਨ ਦੇਣਾ ਹੈ।

ਤੁਹਾਡੀ ਸੋਚ ਨੂੰ ਸਲਾਮ, ਪਰ ਇਹ ਦੱਸੋ ਕਿ ਤੁਹਾਨੂੰ ਇਹ ਸਮਾਜ ਸੇਵਾ ਤੇ ਸਰਬੱਤ ਦੇ ਭਲੇ ਵਾਲੀ ਸੋਚ ਕਿੱਥੋਂ ਮਿਲੀ?

- ਮੇਰੀਆਂ ਦੋਵੇਂ ਮਾਤਾ ਹੀ ਧਾਰਮਿਕ ਖਿਆਲਾਂ ਦੀਆਂ ਸਨ ਪਰ ਮੈਂ ਜ਼ਿਆਦਾ ਸਮਾਂ ਆਪਣੇ ਧਰਮ ਦੇ ਮਾਤਾ ਜੀ ਕੋਲ ਹੀ ਰਿਹਾ। ਉਹਨਾਂ ਨੇ ਮੈਂਨੂੰ ਸਬਰ ਵਿੱਚ ਰਹਿਣਾ ਸਿਖਾਇਆ। ਉਹ ਕਹਿੰਦੇ ਹੁੰਦੇ ਸਨ, "ਪੁੱਤ, ਬਾਜਰੇ ਦੀ ਰੋਟੀ ਪਾਣੀ ਨਾਲ ਖਾਣੀ ਪਵੇ ਤਾਂ ਵੀ ਸਬਰ ਵਿੱਚ ਰਹਿ ਕੇ ਦਾਤੇ ਦਾ ਸ਼ੁਕਰ ਹੀ ਮਨਾਉਣਾ ਹੈ"। ਉਹ ਹੱਥੀਂ ਸੇਵਾ ਕਰਨ ਦੀ ਸਿੱਖਿਆ ਵੀ ਦਿੰਦੇ। ਇਕ ਛੋਟੀ ਜਿਹੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ- ਸਾਡੇ ਪਿੰਡ ਪਤਾਰੇ ਵਿੱਚ ਸਾਡੇ ਬਜ਼ੁਰਗ ਗੁਰਪੁਰਬ ਦੇ ਦਿਨਾਂ ਹਰ ਸਾਲ ਛਬੀਲ ਲਾਉਂਦੇ ਸਨ। ਜਦੋਂ ਮੈਂ ਕਾਲਜ ਜਾਣ ਲੱਗ ਪਿਆ ਤਾਂ ਉਨ੍ਹਾਂ ਕਿਹਾ,"ਐਤਕੀਂ, ਛਬੀਲ ਦਾ ਕੰਮ ਤੂੰ ਸਾਂਭ"। ਮੈਂ ਚਾਰ ਦੋਸਤ ਨਾਲ ਲਏ, ਸਭ ਨੂੰ ਡਿਊਟੀਆਂ ਵੰਡ ਦਿੱਤੀਆਂ। ਖੰਡ ਦੀ ਬੋਰੀ, ਬਰਫ਼, ਭਾਂਡੇ ਆਦਿ- ਸਭ ਕੁੱਝ ਲਿਆ ਕੇ, ਸਾਰਾ ਦਿਨ ਲੋਕਾਂ ਨੂੰ ਸਾਈਕਲਾਂ ਤੋਂ ਲਾਹ ਲਾਹ ਕੇ ਛਬੀਲ ਵਰਤਾਈ। ਮੇਰੇ ਮਾਤਾ ਜੀ ਬਹੁਤ ਧਾਰਮਿਕ ਖਿਆਲਾਂ ਦੇ ਸਨ ਤੇ ਬਾਹਰ ਵੀ ਘੱਟ ਹੀ ਨਿਕਲਦੇ ਸਨ। ਪਤਾ ਨਹੀਂ ਉਹ ਕਦ ਮੈਂਨੂੰ, ਦੋਸਤਾਂ ਤੋਂ ਕੰਮ ਕਰਵਾਉਂਦੇ ਨੂੰ ਦੇਖ ਆਏ। ਸਾਡੇ ਘਰ ਦਾ ਅਸੂਲ ਸੀ ਕਿ ਸ਼ਾਮ ਨੂੰ ਰਹਿਰਾਸ ਦਾ ਪਾਠ ਹੋਣਾਂ, ਅਰਦਾਸ ਹੋਣੀ, ਫਿਰ ਸਭ ਨੇ ੨੦ ਕੁ ਮਿੰਟ ਦੇ ਪਰਿਵਾਰ ਦੇ ਦੀਵਾਨ ਵਿੱਚ ਕੋਈ ਨਾ ਕੋਈ ਗੱਲ ਸੁਨਾਉਣੀ ਤੇ ਫਿਰ ਰੋਟੀ ਵਰਤਾਈ ਜਾਣੀ। ਉਸ ਰਾਤ ਦੇ ਦੀਵਾਨ ਵਿੱਚ ਜਦੋਂ ਮੈਂਨੂੰ ਛਬੀਲ ਬਾਰੇ ਪੁੱਛਿਆ ਗਿਆ ਤਾਂ ਮੈਂ ਕਿਹਾ,"ਐਦਾਂ ਦੀ ਛਬੀਲ ਕਦੇ ਨਹੀਂ ਲੱਗੀ ਹੋਣੀ" ਤਾਂ ਅੱਗੋਂ ਮੇਰੇ ਮਾਤਾ ਜੀ ਕਹਿਣ ਲੱਗੇ,"ਛਬੀਲ ਤਾਂ ਠੀਕ ਸੀ ਪਰ ਪੁੱਤ ਤੂੰ ਕੀ ਖੱਟਿਆ? ਤੂੰ ਤਾਂ ਸਾਰਾ ਦਿਨ ਉਂਗਲ ਹੀ ਘੁੰਮਾਈ, ਹੱਥੀਂ ਸੇਵਾ ਤਾਂ ਕੀਤੀ ਹੀ ਨਹੀਂ- ਸਾਰਾ ਪੁੰਨ ਤਾਂ ਤੇਰੇ ਦੋਸਤ ਹੀ ਲੈ ਗਏ"। ਮੇਰੇ ਤੇ ਇਸ ਛੋਟੀ ਜਿਹੀ ਗੱਲ ਦਾ ਬੜਾ ਡੂੰਘਾ ਅਸਰ ਪਿਆ।

ਇਕ ਹੋਰ ਗੱਲ, ਮੈਂ ਤੁਹਾਨੂੰ ਲੇਖਕਾਂ ਦੇ ਬੁੱਕ ਰਲੀਜ਼ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਹੋਏ ਅਤੇ ਲੇਖਕਾਂ ਦਾ ਉਤਸ਼ਾਹ ਵਧਾਉਂਦੇ ਹੋਏ ਵੀ ਤੱਕਿਆ ਹੈ। ਕੀ ਤੁਸੀਂ ਪੰਜਾਬੀ ਸਾਹਿਤ ਨੂੰ ਵੀ ਪਿਆਰ ਕਰਦੇ ਹੋ?

- ਭੈਣ ਜੀ, ਅਸੀਂ ਭਾਵੇਂ ਕਿਤੇ ਵੀ ਰਹੀਏ, ਪਰ ਮਾਂ ਬੋਲੀ ਪੰਜਾਬੀ ਤਾਂ ਸਾਡੇ ਪੰਜਾਬੀਆਂ ਦੇ ਹੱਡਾਂ ਵਿੱਚ ਰਚੀ ਹੋਈ ਹੈ। ਸੋ ਮੈਨੂੰ ਤਾਂ ਮਾਂ ਬੋਲੀ ਦੇ ਸਾਹਿਤ ਨਾਲ ਵੀ ਪਿਆਰ ਹੈ ਤੇ ਸਾਹਿਤਕਾਰਾਂ ਨਾਲ ਵੀ। ਮੈਂਨੂੰ ਫੁਰਸਤ ਦੇ ਪਲਾਂ ਵਿੱਚ ਚੰਗੀਆਂ ਪੁਸਤਕਾਂ ਪੜ੍ਹਨ ਦੀ ਵੀ ਆਦਤ ਹੈ ਤੇ ਕੁਝ ਲਿਖਣ ਦਾ ਵੀ ਸ਼ੌਕ ਹੈ। ਕਾਫੀ ਕੁੱਝ ਮੇਰੇ ਪਾਸ ਡਾਇਰੀ ਵਿੱਚ ਲਿਖਿਆ ਪਿਆ ਹੈ, ਜਿਸ ਨੂੰ ਪੁਸਤਕ ਦਾ ਰੂਪ ਦੇਣ ਦੀ ਮੈਂ ਅਜੇ ਕੋਸ਼ਿਸ਼ ਹੀ ਨਹੀਂ ਕੀਤੀ। ਬਾਕੀ ਰਹੀ ਲੇਖਕਾਂ ਦੇ aਤਸ਼ਾਹ ਵਧਾਉਣ ਦੀ ਗੱਲ- ਭੈਣ ਜੀ, ਤਕੜੇ ਨਾਲ ਤਾਂ ਅੱਜਕਲ ਹਰ ਕੋਈ ਖੜ੍ਹਨ ਨੂੰ ਤਿਆਰ ਰਹਿੰਦਾ ਹੈ ਪਰ ਮੈਂ ਤਾਂ ਮਾੜਿਆਂ ਨਾਲ ਖੜ੍ਹਨ ਦਾ ਆਦੀ ਹਾਂ। ਬਹੁਤੇ ਲੇਖਕ ਵਿਚਾਰੇ ਕਿਤਾਬਾਂ ਤਾਂ ਲਿਖ ਲੈਂਦੇ ਹਨ ਪਰ ਛਪਵਾਉਣ ਦੇ ਸਮਰੱਥ ਨਹੀਂ ਹੁੰਦੇ ਤੇ ਜੋ ਔਖੇ ਹੋ ਕੇ ਛਪਾਉਂਦੇ ਹਨ- ਉਹ ਕੋਈ ਖਰੀਦਦਾ ਨਹੀਂ। ਪ੍ਰਕਾਸ਼ਕ ਅਮੀਰ ਹੋਈ ਜਾ ਰਿਹਾ ਤੇ ਲੇਖਕ ਗਰੀਬ। ਸੋ ਜੇ ਮੇਰੇ ਕੁਝ ਪੁਸਤਕਾਂ

ਚੰਗੀ ਗੱਲ ਹੈ। ਲੇਖਕਾਂ ਦੀ ਬਾਂਹ ਫੜਨ ਵਾਲਾ ਤਾਂ ਕੋਈ ਤੁਹਾਡੇ ਵਰਗਾ ਵਿਰਲਾ ਹੀ ਨਿੱਤਰਦਾ ਹੈ। ਹੋਰ ਤੁਹਾਡੇ ਤੇ, ਤੁਹਾਡੇ ਮਾਤਾ ਜੀ ਦਾ ਕਾਫ਼ੀ ਪ੍ਰਭਾਵ ਰਿਹਾ ਹੈ। ਉਨ੍ਹਾਂ ਦੀ ਕੋਈ ਐਸੀ ਨਸੀਹਤ ਜੋ ਤੁਹਾਨੂੰ ਹਮੇਸ਼ਾ ਯਾਦ ਰਹਿੰਦੀ ਹੋਵੇ?

- ਮੇਰੇ ਪਤਾਰੇ ਵਾਲੇ ਮਾਤਾ ਜੀ ਨੇ ਮੈਂਨੂੰ, ੨੦ ਸਾਲ ਦੀ ਉਮਰ ਵਿੱਚ, ਦੋ ਗੱਲਾਂ ਪੱਕੀਆਂ ਕਰਵਾਈਆਂ ਸਨ ਜਿਹਨਾਂ ਨੂੰ ਮੈਂ ਹਮੇਸ਼ਾ ਯਾਦ ਰੱਖਦਾ ਹਾਂ ਤੇ ਸਾਰੀ ਜਿੰਦਗੀ ਉਨ੍ਹਾਂ ਦੇ ਬੋਲਾਂ ਤੇ ਪਹਿਰਾ ਦਿਆਂਗਾ। ਇਕ- "ਮੇਰਾ ਬੀਬਾ ਪੁੱਤ ਬਣਕੇ, ਕਦੇ ਪੌਲੀਟੀਸ਼ਨ ਨਾ ਬਣੀ" ਤੇ ਦੂਜਾ- "ਕਿਸੇ ਧਾਰਮਿਕ ਸਥਾਨ ਦਾ ਲੀਡਰ ਨਾ ਬਣੀ"। ਸੋ ਮੈਂ ਤਾਂ ਧਾਰਮਿਕ ਸਥਾਨਾਂ ਤੇ ਵੀ ਬਹੁਤ ਘੱਟ ਜਾਂਦਾ ਹਾਂ, ਘਰ ਬਾਬਾ ਜੀ ਦਾ ਸਰੂਪ ਰੱਖਿਆ ਹੋਇਆ ਹੈ। ਮੇਰੇ ਬੱਚੇ ਭਾਵੇਂ ਇੱਧਰ ਦੇ ਜੰਮਪਲ ਹਨ ਤੇ ਇੱਧਰ ਦੇ ਹਿਸਾਬ ਨਾਲ ਮਾਡਰਨ ਵੀ ਹਨ ਪਰ ਉਹ ਸਵੇਰੇ ਸ਼ਾਮ ਬਾਬਾ ਜੀ ਦੇ ਕਮਰੇ ਵਿੱਚ ਜਾਣਾ ਨਹੀਂ ਭੁੱਲਦੇ ਅਤੇ ਕਈ ਵਾਰੀ ਪ੍ਰਕਾਸ਼ ਤੇ ਸੁੱਖ ਆਸਨ ਵੀ ਕਰ ਦਿੰਦੇ ਹਨ। ਤੁਸੀਂ ਜੋ ਸਰਬੱਤ ਦੇ ਭਲੇ ਦੇ ਕਾਰਜ ਕਰ ਰਹੇ ਹੋ ਉਹ ਗੁਰਦੁਆਰਿਆਂ ਵਿੱਚ ਪੱਥਰ ਲਵਾਉਣ ਤੋਂ ਕਿਤੇ ਚੰਗੇ ਹਨ। ਅੰਤ ਵਿੱਚ, ਤੁਸੀਂ ਆਪਣੇ ਪਾਠਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?

- ਭੈਣ ਜੀ, ਮੈਂ ਆਪਣੇ ਇੱਧਰ ਤੇ ਉੱਧਰ ਦੇ ਸਾਰੇ ਪਾਠਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਕਿਸੇ ਦਾ ਵੀ ਕੁੱਝ ਸਵਾਰੋ- ਕਿਸੇ ਲੋੜਵੰਦ ਬੱਚੇ ਨੂੰ ਵੀਲ੍ਹ ਚੇਅਰ ਲੈ ਦਿਓ, ਕਿਸੇ ਗਰੀਬ ਦੀ ਪੜ੍ਹਾਈ ਦਾ ਖਰਚ ਦੇ ਦਿਓ, ਕਿਸੇ ਇਕ ਲੋੜਵੰਦ ਦੀ ਧੀ ਦਾ ਵਿਆਹ ਕਰ ਦੇਵੋ- ਇਸ ਤੋਂ ਵੱਡਾ ਪੁੰਨ ਹੋਰ ਕੋਈ ਨਹੀਂ। ਅਗਰ ਇਸ ਕੰਮ ਲਈ ਕਿਸੇ ਨੂੰ ਮੇਰੀ ਗਾਈਡੈਂਸ ਦੀ ਲੋੜ ਹੋਵੇ ਜਾਂ ਵਲੰਟੀਅਰਜ਼ ਦੀ ਲੋੜ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹਨ। ਤੁਸੀਂ ਬਿਨਾਂ ਸ਼ਰਤ, ਸੱਚੇ ਦਿਲੋਂ ਪਿਆਰ ਕਰਨ ਵਾਲੇ ਬਣੋ, ਤੁਹਾਨੂੰ ਵੀ ਇਸ ਦੁਨੀਆਂ ਤੋਂ ਪਿਆਰ ਮਿਲੇਗਾ ਅਤੇ ਉੱਪਰ ਵਾਲਾ ਵੀ ਮੇਹਰਬਾਨ ਹੋਏਗਾ।ਪ੍ਰਵਾਸੀ ਪੰਜਾਬੀਆਂ ਪ੍ਰਤੀ ਉਦਾਸੀਨਤਾ ਅਤੇ ਬੇ-ਰੁਖੀ ਕਿਉਂ?

ਗੁਰਮੀਤ ਸਿੰਘ ਪਲਾਹੀ, ੨੧੮, ਗੁਰੂ ਹਰਿਗੋਬਿੰਦ ਨਗਰ, ਫਗਵਾੜਾ। ਸੰਪਰਕ ੯੮੧੫੮-੦੨੦੭੦

ਸਮੁੰਦਰੋਂ ਪਾਰ ਲਗਭਗ ੧੦੦ ਦੇਸ਼ਾਂ 'ਚ ਵਸੇ ਪ੍ਰਵਾਸੀਆਂ ਖਾਸ ਕਰ ਪੰਜਾਬੀ ਪ੍ਰਵਾਸੀਆਂ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ। ਮੇਰੇ ਸਾਹਵੇਂ ਮੇਰੇ ਮੇਜ ਤੇ ਪਈ ਪੁਸਤਕ 'ਸਮੁੰਦਰੋਂ ਪਾਰ ਦਾ ਪੰਜਾਬੀ ਸੰਸਾਰ' ਰਚਿਤ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਇਸ ਗੱਲ ਦੀ ਜ਼ਾਮਨੀ ਭਰਦੀ ਹੈ। ਇਨ੍ਹਾਂ ਵਿਚੋਂ ਕਈਆਂ ਨੇ ਤਾਂ ਵੱਡੇ ਕਾਰੋਬਾਰਾਂ ਅਤੇ ਰਾਜਨੀਤੀ ਦੇ ਖੇਤਰ 'ਚ ਵਰਨਣਯੋਗ ਥਾਂ ਬਣਾਇਆ ਹੈ ਅਤੇ ਆਪਣੀ ਪਹਿਚਾਨ ਇਹੋ ਜਿਹੀ ਬਣਾਈ ਹੈ ਕਿ ਹਰ ਕਿਸੇ ਦਾ ਉਨ੍ਹਾਂ 'ਤੇ ਮਾਣ ਕਰਨ ਨੂੰ ਜੀਅ ਚਾਹੁੰਦਾ ਹੈ ਅਤੇ ਇਹ ਆਖਣ ਨੂੰ ਵੀ ''ਬੱਲੇ ਉਏ ਪੰਜਾਬੀਓ।'' ਵੱਡੀਆਂ ਪ੍ਰਾਪਤੀਆਂ ਦੀ ਇਸ ਲੜੀ ਵਿਚ ਪੰਜਾਬੀ ਮਰਦਾਂ ਨੇ ਹੀ ਨਹੀਂ ਸਗੋਂ ਤ੍ਰੀਮਤਾਂ ਨੇ ਵੀ ਵੱਡਾ ਹਿੱਸਾ ਪਾਇਆ ਅਤੇ ਵੱਖੋ-ਵੱਖਰੇ ਖੇਤਰਾਂ 'ਚ ਨਾਮਣਾ ਖੱਟਿਆ।

ਵੱਡੀਆਂ ਪ੍ਰਾਪਤੀਆਂ ਨਾਲ ਭਰੇ-ਭੁਕੁੰਨੇ ਪੰਜਾਬੀਆਂ ਸਖ਼ਤ ਮਿਹਨਤ ਨਾਲ ਕੀਤੀ ਕਮਾਈ ਵਿਚੋਂ ਆਪਣੇ ਵਿਰਸੇ ਨੂੰ ਯਾਦ ਰੱਖਦਿਆਂ ਆਪਣੀਆਂ ਰਿਹਾਇਸ਼ੀ ਥਾਵਾਂ,ਸ਼ਹਿਰਾਂ, ਦੇਸ਼ਾਂ 'ਚ ਧਾਰਮਿਕ ਅਸਥਾਨਾਂ ਦੀ ਉਸਾਰੀ 'ਚ ਹਿੱਸਾ ਪਾਇਆ, ਉਥੇ ਮਾਂ-ਬੋਲੀ ਪੰਜਾਬੀ ਨੂੰ ਵਿਦੇਸ਼ 'ਚ ਜਿੰਦਾ ਰੱਖਣ ਲਈ ਸਿਰਤੋੜ ਯਤਨ ਕੀਤੇ। ਭਾਵੇਂ ਮੁੱਢਲੇ ਸਮੇਂ 'ਚ ਇਨ੍ਹਾਂ ਪੰਜਾਬੀਆਂ ਨੂੰ ਸਖ਼ਤ ਮਿਹਨਤ ਵਾਲੇ ਕੰਮ ਕਰਨੇ ਪਏ, ਪਰ ਇਨ੍ਹਾਂ ਪੰਜਾਬੀਆਂ ਦੇ ਸਿਰੜ, ਹੌਂਸਲੇ ਨੂੰ 'ਸਲਾਮ' ਕਰਨ ਨੂੰ ਜੀਅ ਕਰਦਾ ਹੈ, ਜਿਨ੍ਹਾਂ ਔਖੇ ਸਮੇਂ ਕੱਟ ਕੇ ਆਪਣੀ ਔਲਾਦ ਨੂੰ ਪੜ੍ਹਾਇਆ, ਲਿਖਾਇਆ, ਡਾਕਟਰ, ਇੰਜੀਨੀਅਰ, ਬਿਜਨੈਸਮੈਨ, ਵੱਡੇ ਕਾਰੋਬਾਰੀਏ, ਵਕੀਲ ਬਨਾਉਣ ਲਈ ਯਥਾਯੋਗ ਹਿੱਸਾ ਪਾਇਆ। ਕੀ ਪ੍ਰਵਾਸ ਸਹਿਣਾ, ਓਪਰੇ ਥਾਵਾਂ 'ਤੇ ਓਪਰੇ ਲੋਕਾਂ ਨਾਲ ਰਹਿਣਾ, ਕੰਮ ਕਰਨਾ ਉਨ੍ਹਾਂ ਦੇ ਹਾਸੇ ਠੱਠੇ ਮਖੌਲ ਸਹਿਣੇ, ਪੁੱਠੀਆਂ ਸਿੱਧੀਆਂ ਗਾਲੀਆਂ ਖਾਣੀਆਂ ਕੋਈ ਸੌਖਾ ਕੰਮ ਹੈ?

ਇਹ ਸਭ ਕੁਝ ਕਰਦਿਆਂ, ਸਹਿੰਦਿਆਂ, ਉਨ੍ਹਾਂ ਨਾ ਕਦੇ ਆਪਣੇ ਮਾਂ, ਪਿਉ, ਭਰਾਵਾਂ, ਭੈਣਾਂ, ਸ਼ਰੀਕੇ ਭਾਈਚਾਰੇ ਨੂੰ ਭੁਲਾਇਆ, ਨਾ ਆਪਣੇ ਪਿੰਡ ਸ਼ਹਿਰ ਨੂੰ। ਇਹਨਾਂ ਪੰਜਾਬੀਆਂ ਜਿਥੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰੀ, ਉਨ੍ਹਾਂ ਲਈ ਸਿਆੜਾਂ ਦੇ ਸਿਆੜ ਖਰੀਦੇ, ਜਾਇਦਾਦਾਂ ਬਣਾ ਕੇ ਦਿੱਤੀਆਂ, ਕੋਠੀਆਂ, ਘਰ ਖਰੀਦੇ, ਬਣਾਏ, ਉਥੋਂ ਆਪਣੇ ਪਿੰਡਾਂ, ਸ਼ਹਿਰਾਂ ਦੇ ਲੋਕਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਸਕੂਲਾਂ, ਗੁਰੂ ਘਰਾਂ, ਮੰਦਿਰਾਂ, ਹਸਪਤਾਲਾਂ ਦੀ ਉਸਾਰੀ ਲਈ ਵੱਡੇ ਯੋਗਦਾਨ ਦਿੱਤੇ। ਇਕ 'ਲੋਅ' ਜਿਹੜੀ ਉਨ੍ਹਾਂ ਵਿਕਾਸ ਕਰ ਰਹੇ ਦੇਸ਼ਾਂ 'ਚ ਹੰਢਾਈ, ਆਪਣੇ ਹਿਰਦੇ 'ਚ ਵਸਾਈ, ਉਸੇ ਲੋਅ ਨੂੰ ਉਨ੍ਹਾਂ 'ਆਪਣਿਆਂ' ਦੇ ਘਰਾਂ ਤੱਕ ਪਹੁੰਚਾਉਣ ਲਈ ਉਪਰਾਲੇ ਵੀ ਕੀਤੇ। ਸੈਂਕੜੇ ਨਹੀਂ ਹਜ਼ਾਰਾਂ ਉਦਾਹਰਨਾਂ ਪੇਸ਼ ਕੀਤੀਆਂ ਜਾਣ ਯੋਗ ਹਨ ਕਿ ਪ੍ਰਵਾਸੀ ਪੰਜਾਬੀ ਵੀਰਾਂ ਨੇ ਆਪਣੇ ਪਿੰਡਾਂ ਲਈ ਘਰ ਪ੍ਰਤੀ ਉਗਰਾਹੀ ਕਰਕੇ ਜਾਂ ਕਰਵਾ ਕੇ ਪਿੰਡਾਂ ਦੇ ਸਕੂਲਾਂ ਦੀਆਂ ਇਮਾਰਤਾਂ ਬਣਾਈਆਂ, ਗੁਰੂ ਘਰਾਂ ਨੂੰ ਰਕਮਾਂ ਭੇਜੀਆਂ, ਪਿੰਡਾਂ ਦੀਆਂ ਗਲੀਆਂ-ਨਾਲੀਆਂ ਅਤੇ ਫਿਰ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ਼ ਸਿਸਟਮ ਪਾਉਣ, ਪਿੰਡਾਂ-ਸ਼ਹਿਰਾਂ 'ਚ ਹਸਪਤਾਲਾਂ ਦੀ ਉਸਾਰੀ ਲਈ ਵੱਡੇ ਯਤਨ ਕੀਤੇ। ਇਨ੍ਹਾਂ ਯਤਨਾਂ 'ਚ ਨੌਜਵਾਨਾਂ ਲਈ ਖੇਡ ਸਟੇਡੀਅਮ ਦੇ ਪ੍ਰਬੰਧ ਤੋਂ ਲੈ ਕੇ ਸਲਾਨਾ ਖੇਡਾਂ ਦੇ ਮੁਕਾਬਲੇ ਕਰਾਉਣ ਅਤੇ ਫਿਰ ਪਿੰਡਾਂ ਦੀਆਂ ਧੀਆਂ, ਭੈਣਾਂ ਲਈ ਯੋਗ ਵਰ ਲੱਭ ਕੇ ਸ਼ਾਦੀਆਂ ਕਰਾਉਣ ਦੇ ਉੱਦਮ ਵੀ ਸ਼ਾਮਲ ਹਨ ਅਤੇ ਇਸ ਤੋਂ ਵੀ ਅੱਗੇ ਸੈਂਕੜੇ ਉਹ ਪੰਜਾਬੀ ਉਦਮੀ ਤੁਹਾਨੂੰ ਮਿਲ ਜਾਣਗੇ ਜਿਹੜੇ ਆਪਣੀ ਕਿਰਤ ਕਮਾਈ ਵਿਚੋਂ ਰਕਮਾਂ ਕੱਢ ਕੇ ਉਨ੍ਹਾਂ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਹੀ ਨਹੀਂ ਦਿੰਦੇ ਸਗੋਂ ਉਨ੍ਹਾਂ ਦੇ ਸਮੁੱਚੇ ਰਹਿਣ-ਸਹਿਣ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਉੱਚ ਡਿਗਰੀਆਂ ਦਵਾਉਣ 'ਚ ਸਹਾਈ ਹੋਏ ਹਨ ਜਾਂ ਹੋ ਰਹੇ ਹਨ।

ਪਰ ਕੀ ਅਸੀਂ ਉਨ੍ਹਾਂ ਪ੍ਰਵਾਸੀ ਵੀਰਾਂ ਦੀਆਂ ਕੀਤੀਆਂ ਕੋਸ਼ਿਸ਼ਾਂ ਦਾ ਮੁੱਲ ਪਾ ਸਕੇ ਹਾਂ? ਕੀ ਅਸੀਂ ਕਦੇ ਇਹ ਸਮਝ ਸਕੇ ਹਾਂ ਕਿ ਆਖ਼ਰ ਉਨ੍ਹਾਂ ਦੇ ਮਨ 'ਚ ਹੈ ਕੀ, ਕਿ ਉਹ ਵਾਰ-ਵਾਰ ਆਪਣੀ ਮਿੱਟੀ ਦੇ ਮੋਹ ਸਦਕਾ ਆਪਣਿਆਂ ਦਾ ਜਾਂ ਇਉਂ ਕਹਾਂ ਸੁਤੇ ਪਿਆ ਆਪਣਿਆਂ ਦਾ ਮੂੰਹ ਚੁੰਮ ਰਹੇ ਹਨ? ਉਹ ਜੋ ਕੁਝ ਉਨ੍ਹਾਂ ਤੋਂ ਬਣਦਾ ਸਰਦਾ ਹੈ, ਉਹ ਸਹਾਇਤਾ ਦੇਂਦੇ ਹਨ, ਆਪਣੇ ਵਤਨੀਂ ਫੇਰੀ ਸਮੇਂ ਅਤੇ ਸਮਾਂ, ਧਨ ਆਪਣੀ ਜਨਮ ਭੂਮੀ ਲਈ ਲਗਾਉਣ ਲਈ ਤਤਪਰ ਰਹਿੰਦੇ ਹਨ। ਪਰ ਇਤਨਾ ਕੁਝ ਕਰਕੇ ਜਾਂਦਿਆਂ, ਉਹ ਸਾਡੇ ਵਤੀਰੇ, ਸਾਡੇ ਯਤਨਾਂ ਤੋਂ ਸੰਤੁਸ਼ਟ ਕਿਉਂ ਨਹੀਂ ਹੁੰਦੇ? ਅਸੀਂ ਉਨ੍ਹਾਂ ਪ੍ਰਤੀ, ਉਨ੍ਹਾਂ ਦੀਆਂ ਆਪਣੇ ਪੰਜਾਬ ਲਈ ਕੀਤੀਆਂ ਕੋਸ਼ਿਸ਼ਾਂ ਪ੍ਰਤੀ ਉਦਾਸੀਨਤਾ ਕਿਉਂ ਵਿਖਾ ਰਹੇ ਹਾਂ?

ਪੰਜਾਬ ਦੇ ਦੁਆਬਾ ਖਿੱਤੇ ਦੇ ਬਹੁਤੇ ਲੋਕ ਵਿਦੇਸ਼ ਗਏ ਹੋਏ ਹਨ। ਭਾਵੇਂ ਕਿ ਪੰਜਾਬ ਦੇ ਦੂਜੇ ਜ਼ਿਲ੍ਹਿਆਂ 'ਚੋਂ ਵਿਦੇਸ਼ ਪੁੱਜੇ ਜਾਂ ਪੁੱਜ ਰਹੇ ਲੋਕਾਂ ਦੀ ਵੀ ਕਮੀ ਨਹੀਂ। ਦੁਆਬਾ ਦੇ ਪ੍ਰਵਾਸੀ ਪੰਜਾਬੀਆਂ ਲਗਭਗ ੧੩ ਹਸਪਤਾਲ, ਡਿਸਪੈਂਸਰੀਆਂ ਆਪਣੇ ਪਿੰਡਾਂ 'ਚ ਇਸ ਕਰਕੇ ਖੋਲ੍ਹੀਆਂ ਜਾਂ ਖੋਲ੍ਹਣ 'ਚ ਮੱਦਦ ਕੀਤੀ ਕਿਉਂਕਿ ਉਹ ਲੋੜ ਮਹਿਸੂਸ ਕਰ ਰਹੇ ਸਨ ਕਿ ਪੰਜਾਬ ਦੇ ਪਿੰਡਾਂ 'ਚ ਸਿਹਤ ਸਹੂਲਤਾਂ ਦੀ ਕਮੀ ਹੈ, ਸਰਕਾਰ ਨੇ ਡਿਸਪੈਂਸਰੀਆਂ ਤਾਂ ਖੋਲ੍ਹ ਰੱਖੀਆਂ ਹਨ, ਪਰ ਉਨ੍ਹਾਂ 'ਚ ਨਾ ਡਾਕਟਰ ਹਨ ਨਾ ਪੂਰਾ ਸਿਖਿਅਤ ਅਮਲਾ, ਨਾ ਚੰਗੀਆਂ ਇਮਾਰਤਾਂ, ਨਾ ਸਾਜੋ-ਸਮਾਨ ਅਤੇ ਨਾ ਹੀ ਦਵਾਈਆਂ? ਇਹੋ ਜਿਹੀਆਂ ਹਾਲਤਾਂ 'ਚ ਭਲਾ ਮਰੀਜ਼ਾਂ ਦਾ ਕਿਹੋ ਜਿਹਾ ਇਲਾਜ ਹੁੰਦਾ ਹੋਵੇਗਾ, ਇਹ ਜਾਣਕੇ ਹੀ ਵਡੇਰੇ ਯਤਨਾਂ ਨਾਲ ਉਨ੍ਹਾਂ ਵੱਲੋਂ ਸਖ਼ਤ ਮਿਹਨਤ ਨਾਲ ਕੀਤੀ ਕਮਾਈ ਵਿਚੋਂ, ਦਸਵੰਧ ਕੱਢਦਿਆਂ ਢਾਹਾ ਕਲੇਰਾਂ (ਨਵਾਂ ਸ਼ਹਿਰ), ਬਿਲਗਾ (ਫਿਲੋਰ), ਔੜ (ਨਵਾਂ ਸ਼ਹਿਰ), ਸ਼ਾਮਚੁਰਾਸੀ (ਕੁਠਾਰ), ਆਦਮਪੁਰ, ਜਲੰਧਰ, ਪੰਡਵਾਂ (ਫਗਵਾੜਾ), ਗੁੜ੍ਹਾ (ਗੁਰਾਇਆ) ਆਦਿ ਹਸਪਤਾਲਾਂ ਦੀਆਂ ਕਰੋੜਾਂ ਰੁਪਏ ਖਰਚ ਕੇ ਇਮਾਰਤਾਂ ਬਣਾਈਆਂ, ਡਾਕਟਰਾਂ ਦੀ ਨਿਯੁਕਤੀ ਕਰਵਾਈ, ਮੁਫ਼ਤ ਦਵਾਈਆਂ ਦੇਣ ਅਤੇ ਗਰੀਬ ਲੋਕਾਂ ਲਈ ਮੁਫ਼ਤ ਇਲਾਜ ਕਰਨ ਦੇ ਸੁਫ਼ਨੇ ਲਈ। ਪਰ ਕੀ ਅਸੀਂ ਇਥੇ ਰਹਿੰਦੇ ਪੰਜਾਬੀਆਂ ਉਨ੍ਹਾਂ ਦੇ ਉੱਦਮਾਂ ਨੂੰ ਪ੍ਰਵਾਨਿਆਂ, ਸਲਾਹਿਆ ਜਾਂ ਉਨ੍ਹਾਂ ਦੀ ਪ੍ਰਸੰਸ਼ਾ ਕੀਤੀ? ਜੇਕਰ ਉਨ੍ਹਾਂ ਪ੍ਰਵਾਸੀਆਂ ਦੇ ਯਤਨਾਂ ਨੂੰ ਸਲਾਹਿਆ ਹੁੰਦਾ ਤਾਂ ਗੁੜ੍ਹਾ (ਗੁਰਾਇਆ) ਵਿਖੇ ਸੰਤ ਨੌਰੰਗ ਸਿੰਘ ਜੀ ਵੱਲੋਂ ਕਰੋੜਾਂ ਦੀ ਰਕਮ ਨਾਲ ਬਣਵਾਇਆ ਹਸਪਤਾਲ ਉਜਾੜ ਕਿਉਂ ਪਿਆ ਹੁੰਦਾ? ਜਿਥੇ ਹਸਪਤਾਲ ਦੀ ਇਮਾਰਤ ਬਣੀ, ਪਰ ਨਾ ਸਾਜੋ-ਸਮਾਨ ਆਇਆ, ਨਾ ਕੋਈ ਡਾਕਟਰ, ਨਾ ਹੋਰ ਮੁਲਾਜ਼ਮ। ਫਗਵਾੜਾ ਨੇੜਲੇ ਪਿੰਡ ਪੰਡਵਾਂ 'ਚ ਕਰੋੜਾਂ ਦੀ ਲਾਗਤ ਨਾਲ ਹਸਪਤਾਲ ਦੀ ਇਮਾਰਤ ਬਣੀ, ਜਿਸ ਹਸਪਤਾਲ ਦੀ ਸੰਭਾਲ ਲਈ ਜੋ ਪ੍ਰਬੰਧਕ ਕਮੇਟੀ ਬਣੀ, ਉਹ ਆਪਸੀ ਝਗੜਿਆਂ ਦਾ ਸ਼ਿਕਾਰ ਹੋ ਗਈ ਤੇ ਇਮਾਰਤ 'ਚ ਸਾਜੋ-ਸਾਮਾਨ ਤਾਂ ਆਉਣਾ ਦੂਰ ਦੀ ਗੱਲ ਰਹੀ, ਇਹ ਇਮਾਰਤ ਵੀ ਖੰਡਰ ਬਣੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਸਰਕਾਰੀ ਸਹਾਇਤਾ ਐਨ.ਆਰ.ਆਈ. ਮੈਚਿੰਗ ਗ੍ਰਾਂਟ ਪਲਾਨ ਸਕੀਮ ੨.੩੫ ਅਧੀਨ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਬਣਾਏ ਗਏ ਅੰਡਰਗਰਾਊਂਡ ਸੀਵਰੇਜ਼ ਸਿਸਟਮਾਂ ਦਾ ਹੋਇਆ, ਇਨ੍ਹਾਂ ਵਿਚੋਂ ਅੱਧੇ ਪਚੱਧੇ ਸਿਸਟਮ ਜਿਵੇਂ ਪਲਾਹੀ (ਫਗਵਾੜਾ), ਮਾਹਿਲਪੁਰ ਬਲਾਕ ਦੇ ਪਿੰਡ ਖੜੌਦੀ ਜਿਥੇ ਭਾਰਤ ਦੇ ਰਾਸ਼ਟਰਪਤੀ ਪਧਾਰੇ ਸਨ, ਚਿਹੇੜੂ (ਫਗਵਾੜਾ) ਚੱਲ ਰਹੇ ਹਨ, ਪਰ ਪਿੰਡ ਅਠੌਲੀ (ਫਗਵਾੜਾ) ਅਤੇ ਹੋਰ ਕਈ ਪਿੰਡਾਂ 'ਚ ਬਣਾਏ ਗਏ ਸੀਵਰੇਜ਼ ਸਿਸਟਮ ਜਿਨ੍ਹਾਂ ਲਈ ਪ੍ਰਵਾਸੀ ਵੀਰਾਂ ਧੰਨ ਜੁਟਾਇਆ, ਅੱਖਾਂ ਦੇ ਅੱਥਰੂ ਰੋ ਰਹੇ ਹਨ, ਭਾਵ ਚੱਲ ਹੀ ਨਹੀਂ ਰਹੇ। ਕੀ ਅਸੀਂ ਇਧਰਲੇ ਪੰਜਾਬੀ ਇਤਨੇ ਨਾਸ਼ੁਕਰੇ ਹੋ ਗਏ ਹਾਂ ਕਿ ਆਪਣਿਆਂ ਦੀ ਕਮਾਈ ਦੇ ਦਸਵੰਧ ਨੂੰ ਪੈਰਾਂ 'ਚ ਮਧੋਲ ਕੇ ਖੁਸ਼ੀ ਮਹਿਸੂਸ ਕਰਨ ਲੱਗ ਪਏ ਹਾਂ, ਜੋ ਇਨ੍ਹਾਂ ਸੰਸਥਾਵਾਂ/ਪ੍ਰਾਜੈਕਟਾਂ ਨੂੰ ਚਲਾ ਹੀ ਨਹੀਂ ਰਹੇ? ਜਾਂ ਚਲਾ ਹੀ ਨਹੀਂ ਸਕਦੇ? ਜੇਕਰ ਅਸੀਂ ਇਨ੍ਹਾਂ ਪ੍ਰਾਜੈਕਟਾਂ ਨੂੰ ਸੰਭਾਲ ਹੀ ਨਹੀਂ ਸਕਦੇ ਤਾਂ ਫਿਰ ਇਨ੍ਹਾਂ ਨੂੰ ਜੀਅ ਆਇਆਂ ਕਿਉਂ ਆਖਦੇ ਹਾਂ? ਕੀ ਅਧਿਕਾਰ ਹੈ ਸਾਨੂੰ ਪ੍ਰਵਾਸੀਆਂ ਦੀ ਸਖ਼ਤ ਮਿਹਨਤ ਦੀ ਕਮਾਈ ਕੌਡੀਆਂ ਦੇ ਭਾਅ ਲੁਟਾਉਣ ਦਾ?

ਅਸਲ 'ਚ ਪਿੰਡਾਂ ਦੀ ਪੰਚਾਇਤਾਂ ਜੋ ਧੜੇਬੰਦੀ ਦਾ ਸ਼ਿਕਾਰ ਤੇ ਅਧਿਕਾਰਾਂ ਤੋਂ ਊਣੀਆਂ ਹਨ, ਪਿੰਡਾਂ 'ਚ ਬਣੀਆਂ ਸਵੈ-ਸੇਵੀ ਸੰਸਥਾਵਾਂ ਜੋ ਏਕਾਅਧਿਕਾਰ ਦਾ ਸ਼ਿਕਾਰ ਹੋ ਕੇ ਰਹਿ ਗਈਆਂ ਹਨ ਇਨ੍ਹਾਂ ਪ੍ਰਾਜੈਕਟਾਂ ਨੂੰ ਸੰਭਾਲਣ ਜਾਂ ਦੇਖ-ਰੇਖ ਤੋਂ ਅਸਮਰਥ ਦਿੱਖਦੀਆਂ ਹਨ। ਕੇਹੀ ਵਿਡੰਬਨਾ ਹੈ ਇਹ ਕਿ ਕੋਈ ਸਾਡੇ ਤੁਹਾਡੇ ਲਈ ਕੁਝ ਵੀ ਕਰਨ ਲਈ ਤਿਆਰ ਬੈਠਾ ਹੈ ਤੇ ਅਸੀਂ ਤੁਸੀਂ ਉਹਨੂੰ ਜੀਅ ਆਇਆਂ ਕਹਿਣ ਲਈ ਵੀ ਤਿਆਰ ਨਹੀਂ? ਕੇਹੀ ਉਦਾਸੀਨਤਾ ਹੈ ਇਹ?

ਕਦੇ ਰਿਸ਼ਤਿਆਂ 'ਚ ਬੱਝੇ ਜਾਂ ਕਦੇ ਲਾਲਚਵੱਸ ਸ਼ਰੀਕਾ ਭਾਈਚਾਰਾ ਆਪਣੇ ਪਿਆਰੇ ਪ੍ਰਵਾਸੀ ਵੀਰ ਨੂੰ ਚਾਈਂ ਚਾਈਂ ਉਡੀਕਦਾ ਸੀ, ਉਹਦੇ ਵਾਰੇ ਵਾਰੇ ਜਾਂਦਾ ਸੀ, ਉਹਦੇ ਹੱਥੀਂ ਛਾਵਾਂ ਕਰਦਾ ਸੀ, ਅੱਜ ਉਸੇ ਦੀ ਜਾਇਦਾਦ ਹੜੱਪਣ, ਤੁਰੇ ਜਾਂਦਿਆਂ ਉਹਦੇ ਕੱਪੜੇ ਲਾਹੁਣ ਅਤੇ ਕਿਸੇ ਵੀ ਹਾਲਤ 'ਚ ਉਸਨੂੰ ਲੁੱਟਣ ਦਾ ਰਾਹ ਲੱਭਦਾ ਦਿੱਸਦਾ ਹੈ। ਜਾਂ ਬਹੁਤੀਆਂ ਹਾਲਤਾਂ 'ਚ ਉਸਤੋਂ ਦੂਰੀ ਬਣਾਈ ਰੱਖਣ ਨੂੰ ਤਰਜੀਹ ਦੇਣ ਲੱਗ ਪਿਆ ਹੈ, ਕਾਰਨ ਭਾਵੇਂ ਇਹ ਵੀ ਹੋਵੇ ਕਿ ਕੁਝ ਪ੍ਰਵਾਸੀ ਪੰਜਾਬੀਆਂ ਇਥੋਂ ਦੀਆਂ ਧੀਆਂ-ਭੈਣਾਂ ਨਾਲ ਧੋਖੇ ਧੜੀਆਂ ਕੀਤੀਆਂ, ਉਨ੍ਹਾਂ ਨਾਲ ਵਿਆਹ ਕਰਵਾਏ, ਕੁੜੀਆਂ ਦੀਆਂ ਖੁਸ਼ੀਆਂ ਲੁੱਟੀਆਂ, ਪਰ ਮੁੜ ਵਤਨੀਂ ਫੇਰੇ ਨਹੀਂ ਪਾਏ ਤੇ ਕੁੜੀਆਂ ਉਨ੍ਹਾਂ ਦੀਆਂ ਰਾਹਾਂ ਵੇਖਦੀਆਂ ਲਹੂ ਦੇ ਅੱਥਰੂ ਰੋਂਦੀਆਂ ਰਹੀਆਂ। ਭਾਵੇਂ ਕਿ ਪੰਜਾਬ ਵਸਦੇ ਠੱਗਾਂ ਦੇ ਟੋਲਿਆਂ ਵਿਦੇਸ਼ ਵਸਦੀਆਂ ਪ੍ਰਵਾਸੀ ਕੁੜੀਆਂ ਨੂੰ ਸੱਦ ਕੇ ਇਥੇ ਵਸਦੇ ਭੋਲੇ ਭਾਲੇ ਮੁੰਡਿਆਂ ਨਾਲ ਵਿਆਹ ਕਰਵਾਏ, ਉਨ੍ਹਾਂ ਦੀਆਂ ਲੱਖਾਂ ਦੀਆਂ ਜਾਇਦਾਦਾਂ ਲੁੱਟੀਆਂ ਅਤੇ ਮੁੜ ਪੰਜਾਬ ਵੱਲ ਮੂੰਹ ਨਹੀਂ ਕੀਤਾ।

ਕਾਰਨ ਇਹ ਵੀ ਹੋ ਸਕਦਾ ਹੈ ਉਸ ਤੋਂ ਦੂਰੀਆਂ ਬਨਾਉਣ ਦਾ, ਉਸ ਪ੍ਰਤੀ ਉਦਾਸੀਨਤਾ ਦਾ ਕਿ ਉਹ ਆਪਣੀ ਜੱਦੀ ਜਾਇਦਾਦ 'ਚੋਂ ਆਪਣਾ ਹੱਕ ਮੰਗਣ ਲੱਗ ਪਿਆ ਹੈ, ਉਸ ਨੂੰ ਵੇਚ ਵੱਟ ਰਿਹਾ ਹੈ ਤੇ ਵੱਟੀ ਰਕਮ ਆਪਣੇ 'ਨਵੇਂ ਦੇਸ਼' ਲਿਜਾ ਰਿਹਾ ਹੈ, ਕਿਉਂਕਿ ਉਸਨੂੰ ਨਾ ਆਪਣਾ ਅਤੇ ਨਾ ਹੀ ਆਪਣੇ ਬੱਚਿਆਂ ਦਾ ਭਵਿੱਖ ਇਸ ਸਮੱਸਿਆਵਾਂ ਦੇ ਗੜ੍ਹ ਪੰਜਾਬ 'ਚ ਸੁਰੱਖਿਅਤ ਦਿੱਸਦਾ ਹੈ। ਕੀ ਉਸ ਦਾ ਆਪਣਾ ਹੱਕ ਮੰਗਣਾ ਜਾਂ ਆਪਣੇ ਹੱਕਾਂ ਦੀ ਰਾਖੀ ਕਰਨਾ ਗਲਤ ਹੈ? ਅਤੇ ਇਸ ਕਾਰਨ ਸਾਡੀ ਉਨ੍ਹਾਂ ਪ੍ਰਤੀ ਉਦਾਸੀਨਤਾ ਕਿਸੇ ਵੀ ਤਰ੍ਹਾਂ ਜਾਇਜ਼ ਠਹਿਰਾਈ ਜਾ ਸਕਦੀ ਹੈ?

ਜਿਸ ਖੁਲ੍ਹਦਿਲੀ ਨਾਲ ਪ੍ਰਵਾਸ ਭੋਗ ਰਹੇ ਪੰਜਾਬੀਆਂ ਆਪਣੇ ਵਤਨ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਉਪਰਾਲੇ ਕੀਤੇ ਹਨ, ਸਿੱਖਿਆ, ਸਿਹਤ ਅਤੇ ਪੰਜਾਬ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਪਣਾ ਹਿੱਸਾ ਪਾਉਣਾ ਚਾਹਿਆ ਹੈ, ਅਸੀਂ ਪੰਜਾਬੀਆਂ ਆਪਣੀ ਡੰਗ ਟਪਾਊ ਸੋਚ ਅਤੇ ਜ਼ਿੰਦਗੀ ਪ੍ਰਤੀ ਅਵੇਸਲੇਪਨ ਕਾਰਨ, ਉਨ੍ਹਾਂ ਪ੍ਰਤੀ ਬੇ-ਰੁਖੀ ਹੀ ਜਿਤਾਈ ਹੈ। ਇਸ ਲਈ ਜ਼ੁੰਮੇਵਾਰ ਪੰਜਾਬ ਦਾ ਹਰ ਰਾਜਨੀਤਕ ਨੇਤਾ ਤਾਂ ਹੈ ਹੀ, ਸਾਡੇ ਧਾਰਮਿਕ, ਸਮਾਜਿਕ ਆਗੂ ਅਤੇ ਪਿੰਡਾਂ ਸ਼ਹਿਰਾਂ ਦੀਆਂ ਸਥਾਨਕ ਸਰਕਾਰਾਂ ਦੇ ਮੁੱਖੀ ਵੀ ਹਨ, ਜਿਨ੍ਹਾਂ ਪ੍ਰਵਾਸੀਆਂ ਦੇ ਪੈਸੇ 'ਤੇ ਟੇਕ ਅਤੇ ਅੱਖ ਤਾਂ ਰੱਖੀ ਹੈ ਪਰ ਉਨ੍ਹਾਂ ਦੇ ਪੰਜਾਬੀਆਂ ਪ੍ਰਤੀ ਪਿਆਰ, ਲਗਾਅ, ਸੁਹਿਰਦਤਾ ਨੂੰ ਪਹਿਚਾਨਣ ਦਾ ਤਰੱਦਦ ਹੀ ਨਹੀਂ ਕੀਤਾ।

Tags: ਪੰਜਾਬ ਤੇ ਪੰਜਾਬੀਅਤ ਦਾ ਸੱਚਾ ਸਪੂਤ-ਸੁੱਖੀ ਬਾਠ ਮੁਲਾਕਾਤੀ ਗੁਰਦੀਸ਼ ਕੌਰ ਗਰੇਵਾਲ ਸੰਪਰਕ ੬੦੪-੪੯੬-੪੯੬੭ ਸਰੀ-ਕੈਨੇਡ