HOMEePaper
Chief Editor: Inderjit Singh, Mobile: +91 98148 05761, Email: satsamundropaar@yahoo.com
Live KirtanAboutTariffContact usPayment
Category


ਮਿਲਵਾਕੀ ਗੁਰੂ-ਘਰ ਗੋਲ਼ੀਕਾਂਡ ਦੀ ਜਾਂਚ ਐਫ਼ ਬੀ ਆਈ ਵੱਲੋਂ ਸ਼ੁਰੂ


Date: Aug 11, 2012

ਮਿਲਵਾਕੀ (ਵਿਸਕੌਨਸਿਨ, ਅਮਰੀਕਾ) (ਸ.ਸ.ਪਾਰ ਬਿਉਰੋ) ਇੱਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਬੀਤੇ ਦਿਨੀਂ ਇੱਕ ਗੋਰੇ ਵਿਅਕਤੀ ਨੇ ਅੰਨ੍ਹੇਵਾਹ ਗੋਲ਼ੀ ਚਲਾ ਕੇ ਸਮੁੱਚੇ ਵਿਸ਼ਵ ਵਿੱਚ ਸਨਸਨੀ ਫੈਲਾ ਦਿੱਤੀ। ਇਸ ਗੋਲ਼ੀਬਾਰੀ ਕਾਰਣ ੬ ਸ਼ਰਧਾਲੂ ਮਾਰੇ ਗਏ ਹਨ ਅਤੇ ੨੦ ਤੋਂ ਲੈ ਕੇ ੩੦ ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ੩ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਹ ਗੁਰਦੁਆਰਾ ਸਾਹਿਬ ਓਕ ਕ੍ਰੀਕ ਦੇ ੭੫੧੨ ਐਸ. ਹੌਵੈਲ ਐਵੇਨਿਊ 'ਤੇ ਸਥਿਤ ਹੈ। ਮੁਢਲੀਆਂ ਰਿਪੋਰਟਾਂ ਅਨੁਸਾਰ ਇਕ ਹਮਲਾਵਰ ਗੋਰਾ ਤੇ ਗੰਜਾ ਵਿਅਕਤੀ ਸੀ। ਉਹ ਦੇਖਣ ਨੂੰ ਭਾਰੀ-ਭਰਕਮ ਜਾਪਦਾ ਸੀ। ਉਸ ਨੇ ਸਲੀਵਲੈੱਸ ਟੀ-ਸ਼ਰਟ ਪਹਿਨੀ ਹੋਈ ਸੀ ਅਤੇ ਦੋ ਹੈਂਡ ਗੰਨਜ਼ ਨਾਲ ਲੈਸ ਸੀ। ਜਦੋਂ ਇਹ ਘਟਨਾ ਵਾਪਰੀ, ਤਦ ਗੁਰੂ ਘਰ ਅੰਦਰ ਅਰਦਾਸ ਚੱਲ ਰਹੀ ਸੀ। ਪਹਿਲਾਂ ਕਿੰਨਾ ਚਿਰ ਇਹੋ ਖ਼ਦਸ਼ਾ ਬਣਿਆ ਰਿਹਾ ਕਿ ਹਮਲਾਵਰਾਂ ਦੀ ਗਿਣਤੀ ਇੱਕ ਤੋਂ ਵੱਧ ਹੈ। ਹਾਲ਼ੇ ਵੀ ਪੁਲਿਸ ਬਹੁਤਾ ਕੁੱਝ ਨਹੀਂ ਦੱਸ ਰਹੀ। ਉਂਝ ਇਸ ਮਾਮਲੇ ਦੀ ਜਾਂਚ ਐਫ਼ ਬੀ ਆਈ ਨੇ ਅਰੰਭ ਕਰ ਦਿੱਤੀ ਹੈ। ਪੁਲਿਸ ਨੇ ਇਸ ਹਮਲੇ ਨੂੰ 'ਘਰੇਲੂ ਦਹਿਸ਼ਤਗਰਦੀ' ਦੀ ਸ਼੍ਰੇਣੀ ਵਿੱਚ ਰੱਖਿਆ ਹੈ ਕਿਉਂਕਿ ਜਾਂਚ ਅਧਿਕਾਰੀਆਂ ਨੂੰ ਇਸ ਹਮਲੇ ਦਾ ਮਕਸਦ ਸਮਝ ਨਹੀਂ ਆਇਆ। ਉਂਝ ਹਮਲਾਵਰ ਦੇ ਸਰੀਰ ਉਤੇ ਕਈ ਤਰ੍ਹਾਂ ਦੇ ਟੈਟੂ ਉਕਰੇ ਹੋਏ ਵੇਖੇ ਗਏ ਹਨ, ਜਿਨ੍ਹਾਂ ਵਿਚੋਂ ਇੱਕ ਟੈਟੂ ੯/੧੧ ਦਾ ਵੀ ਹੈ। ਹੋ ਸਕਦਾ ਹੈ ਕਿ ਉਸ ਵਿਅਕਤੀ ਨੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਇਹ ਹਮਲਾ ਕੀਤਾ ਹੋਵੇ; ਇਸ ਤਰ੍ਹਾਂ ਇਹ ਮਾਮਲਾ ਸਿੱਧੇ ਤੌਰ ਉਤੇ ਨਸਲੀ ਹਿੰਸਾ ਦਾ ਬਣਦਾ ਹੈ।

ਅਮਰੀਕੀ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਨੇ ਇਸ ਘਟਨਾ ਤੋਂ ਬਾਅਦ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਗੁਰਦੁਆਰਾ ਸਾਹਿਬ ਦੇ ਟਰੱਸਟੀ ਨੂੰ ਫ਼ੋਨ ਕਰ ਕੇ ਆਪਣਾ ਸੋਗ ਸੁਨੇਹਾ ਮਿਲਵਾਕੀ/ਓਕ ਕ੍ਰੀਕ ਦੀ ਸੰਗਤ ਤੱਕ ਪਹੁੰਚਾਇਆ। ਸ੍ਰੀ ਓਬਾਮਾ ਨੇ ਐਫ਼ ਬੀ ਆਈ ਦੇ ਡਾਇਰੈਕਟਰ ਸ੍ਰੀ ਰਾਬਰਟ ਮਿਊਲਰ, ਚੀਫ਼ ਆੱਫ਼ ਸਟਾਫ਼ ਜੈਕ ਲਿਊ ਅਤੇ ਗ੍ਰਹਿ ਸੁਰੱਖਿਆ ਵਿਭਾਗ ਦੇ ਸਲਾਹਕਾਰ ਸ੍ਰੀ ਜੌਨ ਬਰੈਨਨ ਨਾਂਲ਼ ਵੀ ਮੀਟਿੰਗਾਂ ਕੀਤੀ ਅਤੇ ਓਕ ਕ੍ਰੀਕ ਦੀ ਤਾਜ਼ਾ ਸਥਿਤੀ ਦਾ ਹਾਲ ਜਾਣਿਆ। ਇਸ ਤੋਂ ਬਾਅਦ ਸ੍ਰੀ ਓਬਾਮਾ ਨੇ ਵਿਸਕੌਨਸਿਨ ਦੇ ਗਵਰਨਰ ਸ੍ਰੀ ਸਕੌਟ ਵਾਕਰ, ਓਕ ਕ੍ਰੀਕ ਦੇ ਮੇਅਰ ਸਟੀਵ ਸਕੈਫ਼ਿਡੀ ਅਤੇ ਗੁਰਦੁਆਰਾ ਸਾਹਿਬ ਦੇ ਟਰੱਸਟੀ ਸ. ਚਰਨਜੀਤ ਸਿੰਘ ਨਾਲ਼ ਵੀ ਗੱਲਬਾਤ ਕੀਤੀ। ਪਹਿਲਾਂ ਹਮਲਾਵਰ ਨੇ ਗੁਰੂ ਘਰ ਦੇ ਮੁੱਖ ਗ੍ਰੰਥੀ ਨੂੰ ਇੱਕ ਰੈਸਟ ਰੂਮ ਵਿੱਚ ਬੰਦ ਕੀਤਾ ਹੋਇਆ ਸੀ, ਜਿਨ੍ਹਾਂ ਕੋਲ਼ ਕੁਦਰਤੀ ਸੈਲਫ਼ੋਨ ਮੌਜੂਦ ਸੀ, ਜਿੱਥੋਂ ਇਸ ਗੁਰੂ ਘਰ 'ਤੇ ਹੋਏ ਹਮਲੇ ਦੀ ਖ਼ਬਰ ਸਾਰੀ ਦੁਨੀਆਂ ਨੂੰ ਮਿਲ਼ੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਵਾਪਰਨ ਵੇਲੇ ਬੱਚਿਆਂ, ਔਰਤਾਂ ਸਮੇਤ ਗੁਰਦੁਆਰਾ ਸਾਹਿਬ ਅੰਦਰ ੪੦੦ ਦੇ ਕਰੀਬ ਸ਼ਰਧਾਲੂ ਮੌਜੂਦ ਸਨ। ਓਕ ਕ੍ਰੀਕ ਪੁਲਿਸ, ਮਿਲਵਾਕੀ ਕਾਊਂਟੀ ਸ਼ੈਰਿਫ਼ ਦੇ ਅਧਿਕਾਰੀ ਤੁਰੰਤ ਘਟਨਾ ਸਥਾਨ ਉਤੇ ਪੁੱਜ ਗਏ ਸਨ। ਗੁਰੂ ਘਰ ਦੇ ਬਾਹਰ ਕੁੱਝ ਸੁਰੱਖਿਅਤ ਦੂਰੀ ਉਤੇ ਮੀਡੀਆ ਦੇ ਪੱਤਰਕਾਰਾਂ ਅਤੇ ਹੋਰ ਆਮ ਲੋਕਾਂ ਦੀ ਵੱਡੀ ਭੀੜ ਜੁੜ ਗਈ ਸੀ। ਬਾਹਰ ਖੜ੍ਹੇ ਸੈਂਕੜੇ ਲੋਕਾਂ ਨੂੰ ਰੈਡ ਕ੍ਰਾਸ ਅਤੇ ਈਸਾਈ ਜੱਥੇਬੰਦੀ ਸਾਲਵੇਸ਼ਨ ਆਰਮੀ ਦੇ ਕਾਰਕੁੰਨਾਂ ਨੇ ਪਾਣੀ ਤੇ ਹੋਰ ਲੋੜੀਂਦਾ ਸਾਮਾਨ ਪਹੁੰਚਾਇਆ। ਫ਼ਰੌਡਰਟ ਹਸਪਤਾਲ ਵਿੱਚ ੩ ਜ਼ਖ਼ਮੀਆਂ ਨੂੰ ਦਾਖ਼ਲ ਕਰਵਾਇਆ ਗਿਆ। ਇਹ ਜ਼ਖ਼ਮੀ ਵਿਅਕਤੀ ਗੁਰੂ ਘਰ ਦੀ ਪਾਰਕਿੰਗ ਵਿੱਚ ਪਏ ਸਨ, ਸ਼ਾਇਦ ਹਮਲਾਵਰ ਨੇ ਗੁਰੂ ਘਰ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਹੀ ਗੋਲ਼ੀਬਾਰੀ ਅਰੰਭ ਕਰ ਦਿੱਤੀ ਸੀ। ਇਨ੍ਹਾਂ ਫੱਟੜਾਂ 'ਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ, ਉਸ ਪੁਲਿਸ ਅਧਿਕਾਰੀ ਦੇ ਕਈ ਗੋਲ਼ੀਆਂ ਲੱਗੀਆਂ ਹੋਈਆਂ ਹਨ। ਹਸਪਤਾਲ ਦੇ ਪ੍ਰਬੰਧਕਾਂ ਨੇ ਹਰ ਤਰ੍ਹਾਂ ਦੇ ਹੰਗਾਮੀ ਹਾਲਾਤ ਨਾਲ਼ ਸਿੱਝਣ ਦੇ ਇੰਤਜ਼ਾਮ ਕਰ ਲਏ ਹਨ। ਗੁਰੂ ਘਰ ਦੇ ਅੰਦਰ ਗੜਬੜੀ ਚਲਦੇ ਰਹਿਣ ਤੱਕ ਬਾਹਰ ਸੜਕ ਉਤੇ ਵੱਖੋ ਵੱਖਰੇ ਹਸਪਤਾਲਾਂ ਦੀਆਂ ੧੨ ਐਂਬੂਲੈਂਸਾਂ ਤਿਆਰ ਖੜ੍ਹੀਆਂ ਰਹੀਆਂ ਸਨ। ਗੁਰੂ ਘਰ ਦੇ ਮੈਂਬਰ ਸ੍ਰੀ ਅਮਰਦੀਪ ਸਿੰਘ ਕਾਲੇਕਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੁਰੂ ਘਰ ਦੇ ਅੰਦਰ ਹੀ ਸਨ ਅਤੇ ਉਨ੍ਹਾਂ ਦੀ ਮਾਂ ਅੰਦਰ ਕਿਤੇ ਲੁਕੀ ਰਹੀ ਸੀ। ਸ੍ਰੀ ਸਤਵੰਤ ਸਿੰਘ ਕਾਲੇਕਾ ਇਸ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਨ, ਉਨ੍ਹਾਂ ਦੀ ਪਿੱਠ ਉਤੇ ਗੋਲ਼ੀ ਲੱਗੀ ਹੈ। ਉਨ੍ਹਾਂ ਨੂੰ ਸੇਂਟ ਫ਼ਰਾਂਸਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਇਹ ਘਟਨਾ ਵਾਪਰੀ, ਤਦ ਭਾਰਤ ਵਿੱਚ ਰਾਤ ਦਾ ਸਮਾਂ ਸੀ। ਦੇਸ਼ ਦੇ ਵਿਦੇਸ਼ ਮੰਤਰੀ ਸ੍ਰੀ ਐਸ ਐਮ ਕ੍ਰਿਸ਼ਨਾ ਨੇ ਅਮਰੀਕਾ ਵਿੱਚ ਭਾਰਤ ਦੇ ਸਫ਼ੀਰ ਸ੍ਰੀਮਤੀ ਨਿਰੂਪਮਾ ਰਾਓ ਨਾਲ਼ ਗੱਲਬਾਤ ਕਰ ਕੇ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲਈ। ਇੱਧਰ ਪੰਜਾਬ ਸਰਕਾਰ ਨੇ ਇਸ ਦੁਖਦਾਈ ਘਟਨਾ ਉਤੇ ਤੁਰੰਤ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਵੀ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਭੂਮਿਕਾ ਅਮਰੀਕਾ ਵਿੱਚ ਬੇਹੱਦ ਅਹਿਮ ਹੈ ਅਤੇ ਉਸ ਦੇਸ਼ ਦੇ ਪ੍ਰਸ਼ਾਸਨ ਨੂੰ ਸਮੂਹ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਹੈ। ਗੁਰਦੁਆਰਾ ਸਾਹਿਬ ਵਿੱਚ ਗੋਲ਼ੀਕਾਂਡ ਨੂੰ ਅੰਜਾਮ ਦੇਣ ਵਾਲ਼ੇ ਵਿਅਕਤੀ ਦੀ ਸ਼ਨਾਖ਼ਤ ਅਮਰੀਕਾ ਦੇ ੪੦ ਸਾਲਾ ਸਾਬਕਾ ਫ਼ੌਜੀ ਵੇਡ ਮਾਈਕਲ ਪੇਜ ਵਜੋਂ ਹੋਈ ਹੈ। ਇੱਕ ਸਰਕਾਰੀ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ਉਤੇ ਇਹ ਜਾਣਕਾਰੀ ਦਿੱਤੀ। ਮਾਈਕਲ ਪੇਜ ਨੂੰ ਪੁਲਿਸ ਨੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਅੰਦਰ ਹੀ ਮਾਰ ਮੁਕਾਇਆ ਸੀ। ਪੇਜ ੧੯੯੨ ਤੋਂ ੧੯੯੮ ਦੌਰਾਨ ਫ਼ੌਜ ਵਿੱਚ ਇੱਕ ਮਾਹਿਰ ਵਜੋਂ ਕੰਮ ਕਰਦਾ ਸੀ। ਉਹ ਕੁਡਾਹੀ 'ਚ ਕਿਰਾਏ ਦੇ ਇੱਕ ਅਪਾਰਟਮੈਂਟ ਵਿੱਚ ਰਹਿ ਰਿਹਾ ਸੀ। ਉਸ ਦਾ ਇਹ ਅਪਾਰਟਮੈਂਟ ਘਟਨਾ ਸਥਾਨ ਵਾਲ਼ੇ ਗੁਰਦੁਆਰਾ ਸਾਹਿਬ ਤੋਂ ਪੰਜ ਕੁ ਮੀਲ ਦੀ ਦੂਰੀ ਉਤੇ ਸਥਿਤ ਹੈ। ਜਿਸ ਥਾਂ ਓਕ ਕ੍ਰੀਕ ਵਿਖੇ ਇਹ ਘਟਨਾ ਵਾਪਰੀ ਹੈ, ਉਹ ਮਿਲਵਾਕੀ ਸ਼ਹਿਰ ਦਾ ਹੀ ਇੱਕ ਇਲਾਕਾ ਹੈ। ਪੁਲਿਸ ਨੇ ਪੇਜ ਨੂੰ ਗੁਰੂ ਘਰ ਦੀ ਪਾਰਕਿੰਗ ਵਿੱਚ ਮਾਰ ਮੁਕਾਇਆ ਸੀ। ਉਹ ਅਜਿਹਾ ਗੋਰਾ ਸੀ, ਜਿਹੜਾ ਆਪਣੇ ਆਪ ਨੂੰ ਹੋਰਨਾਂ ਤੋਂ ਉਪਰ ਸਮਝਦਾ ਸੀ ਭਾਵ ਆਪਣੇ ਗੋਰੇ ਹੋਣ ਉਤੇ ਹੀ ਹੰਕਾਰਿਆ ਹੋਇਆ ਸੀ, ਕੁੱਝ ਨਿਰਾਸ਼, ਨਵ-ਨਾਜ਼ੀ ਤੇ ਸਨਕੀ ਕਿਸਮ ਦਾ ਸੀ।ਗੁਰਦੁਆਰਾ ਸਾਹਿਬ ਦੇ ਬਾਹਰ ਓਕ ਕ੍ਰੀਕ ਪੁਲਿਸ ਦੇ ਮੁਖੀ ਸ੍ਰੀ ਜੌਨ ਐਡਵਰਡਜ਼ ਨੇ ਦੱਸਿਆ ਕਿ ਪੁਲਿਸ ਇਸ ਘਟਨਾ ਨੂੰ ਘਰੇਲੂ ਦਹਿਸ਼ਤਗਰਦੀ ਮੰਨ ਕੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਘਰੇਲੂ ਦਹਿਸ਼ਤਗਰਦੀ ਉਹ ਹੁੰਦੀ ਹੈ, ਜੋ ਅਮਰੀਕਾ ਦੇ ਅੰਦਰ ਹੀ ਸਰਗਰਮ ਹੋਈ ਹੋਵੇ। ਉਨ੍ਹਾਂ ਦੱਸਿਆ ਕਿ ਫ਼ੈਡਰਲ ਬਿਊਰੋ ਆੱਫ਼ ਇਨਵੈਸਟੀਗੇਸ਼ਨ ਭਾਵ ਐਫ਼ ਬੀ ਆਈ ਵੱਲੋਂ ਇਸ ਮਾਮਲੇ ਦੀ ਜਾਂਚ ਉਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਐਫ਼ ਬੀ ਆਈ ਦੇ ਅਧਿਕਾਰੀਆਂ ਨੇ ਰਸਮੀ ਤੌਰ ਉਤੇ ਇਸ ਘਟਨਾ ਦੇ ਪੀੜਤਾਂ ਨਾਲ਼ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਗੁਰੂ ਘਰ 'ਤੇ ਹਮਲੇ ਦੀ ਇਸ ਘਿਨਾਉਣੀ ਘਟਨਾ ਨੇ ਪੰਜਾਬੀਆਂ ਨੂੰ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਨੂੰ ਹੀ ਹਿਲਾ ਕੇ ਰੱਖ ਦਿੱਤਾ ਹੈ।

ਲਗਭਗ ਪੂਰੀ ਦੁਨੀਆ ਦੇ ਪ੍ਰਮੁੱਖ ਆਗੂਆਂ, ਅਮਰੀਕੀ ਸੰਸਦ ਮੈਂਬਰਾਂ ਅਤੇ ਪੰਜਾਬੀ ਆਗੂਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਵਿਸਕੌਨਸਿਨ ਦੇ ਸੈਨੇਟਰ ਹਰਬ ਕੋਹਲ ਨੇ ਕਿਹਾ ਕਿ ਸ਼ਹਿਰ ਲਈ ਇਹ ਬੇਹੱਦ ਦੁਖਦਾਈ ਦਿਹਾੜਾ ਰਿਹਾ ਹੈ। 'ਸਾਡੀ ਅਰਦਾਸ ਮਿਲਵਾਕੀ ਦੀ ਸਮੂਹ ਸਿੱਖ ਸੰਗਤ ਨਾਲ਼ ਹੈ। ਅਸੀਂ ਉਨ੍ਹਾਂ ਦੀ ਸੁੱਖ-ਸ਼ਾਂਤੀ ਦੀ ਕਾਮਨਾ ਕਰਦੇ ਹਾਂ।' ਸੈਨੇਟਰ ਰੌਨ ਜੌਨਸਨ ਨੇ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਪੂਰੀ ਤਰ੍ਹਾਂ ਪੀੜਤ ਪਰਿਵਾਰਾਂ ਦੇ ਨਾਲ਼ ਹਨ।

Tags: ਮਿਲਵਾਕੀ ਗੁਰੂ-ਘਰ ਗੋਲ਼ੀਕਾਂਡ ਦੀ ਜਾਂਚ ਐਫ਼ ਬੀ ਆਈ ਵੱਲੋਂ ਸ਼ੁਰੂ


Warning: include(bot.php): failed to open stream: No such file or directory in /home/satsamun/public_html/story.php on line 266

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/satsamun/public_html/story.php on line 266