HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਉਲੰਪਿਕ ਮਸ਼ਾਲ ਲੈ ਕੇ ਦੌੜਿਆ ਫ਼ੌਜਾ ਸਿੰਘ-ਜੈਕਾਰਿਆਂ ਨਾਲ ਗੂੰਜਿਆ ਲੰਦਨ


Date: Aug 11, 2012

ਲੰਦਨ (ਸ.ਸ.ਪਾਰ ਬਿਉਰੋ) ੧੦੧ ਸਾਲਾ ਬਾਬਾ ਫੌਜਾ ਸਿੰਘ ਨੇ ੨੦੧੨ ਲੰਦਨ ਉਲੰਪਿਕ ਖੇਡਾਂ ਮੌਕੇ ਉਲੰਪਿਕ ਮਸ਼ਾਲ ਨੂੰ ਨਿਉਹੈਮ ਵਿਖੇ ਚੁੱਕਿਆ, ਜਿਸ ਦੌਰਾਨ ਖਾਲਸਾਈ ਰੰਗ 'ਚ ਰੰਗਿਆ ਗਿਆ ਪੂਰਾ ਇਲਾਕਾ। ਪੰਜਾਬ 'ਚ ਜਨਮੇ ਬਜ਼ੁਰਗ ਦੌੜਾਕ ਫੌਜਾ ਸਿੰਘ ਨੇ ਲੰਦਨ ਉਲੰਪਿਕ ਦੀ ਉਲੰਪਿਕ ਮਸ਼ਾਲ ਦੌੜਾਕਾਂ 'ਚ ਸਭ ਤੋਂ ਵੱਡੀ ਉਮਰ ਦੇ ਮਸ਼ਾਲ ਦੌੜਾਕ ਹੋਣ ਦਾ ਮਾਣ ਪ੍ਰਾਪਤ ਕੀਤਾ। ਉਲੰਪਿਕ ਦੇ ਤਗਮਾ ਜੇਤੂਆਂ ਤੇ ਹੋਰ ਵਿਸ਼ਵ ਪ੍ਰਸਿੱਧ ਸ਼ਖਸੀਅਤਾਂ ਨੇ ਫੌਜਾ ਸਿੰਘ ਦੀ ਮਸ਼ਾਲ ਦੌੜ ਦਾ ਬਹੁਤ ਹੀ ਮਾਣ ਸਨਮਾਨ ਨਾਲ ਸਵਾਗਤ ਕੀਤਾ। ਫੌਜਾ ਸਿੰਘ ਜਦ ਉਲੰਪਿਕ ਦੀ ਮਸ਼ਾਲ ਲੈ ਕੇ ਦੌੜ ਰਹੇ ਸਨ ਤਾਂ ਸਭ ਉਨ੍ਹਾਂ ਨੂੰ ਵੇਖ ਕੇ ਹੈਰਾਨ ਹੋ ਰਹੇ ਸਨ। ੧੦੧ ਸਾਲਾ ਪੰਜਾਬੀ ਬਜ਼ੁਰਗ ਦੀ ਇਸ ਦੌੜ ਨੂੰ ਵੇਖਣ ਲਈ ਲੋਕਾਂ ਦਾ ਭਾਰੀ ਇਕੱਠ ਸੀ। ਫੌਜਾ ਸਿੰਘ ਦੇ ਸੈਂਕੜਾ ਪ੍ਰੇਮੀ ਪਿੱਲੇ ਰੰਗ ਦੀਆਂ ਪੁਸ਼ਾਕਾਂ ਪਹਿਨੇ ਹੋਏ ਉਨ੍ਹਾਂ ਦੇ ਨਾਲ ਦੌੜੇ। ਫੌਜਾ ਸਿੰਘ ਦੇ ਪ੍ਰਸ਼ੰਸਕ ਇਸ ਬਜ਼ੁਰਗ ਦੌੜਾਕ ਨਾਲ ਉਨ੍ਹਾਂ ਦੇ ਤੈਅ ਰੂਟ ਤਕ ਨਾਲ-ਨਾਲ ਦੌੜੇ। ੧੦੧ ਸਾਲਾ ਦੌੜਾਕ ਬਜ਼ੁਰਗ ਫੌਜਾ ਸਿੰਘ ਨੇ ਆਪਣੀ ਚਿੱਟੀ ਦੌੜਾਕਾਂ ਵਾਲੀ ਪੁਸ਼ਾਕ ਨਾਲ ਚਿੱਟੇ ਰੰਗ ਦੀ ਦਸਤਾਰ ਸਜਾਈ ਹੋਈ ਸੀ। ਫੌਜਾ ਸਿੰਘ ਦਾ ਜਨਮ ੧੯੧੧ 'ਚ ਹੋਇਆ। ਜ਼ਿਕਰਯੋਗ ਹੈ ਕਿ ਫੌਜਾ ਸਿੰਘ ਨੇ ੮੬ ਸਾਲ ਦੀ ਉਮਰ 'ਚ ਦੌੜਨਾ ਸ਼ੁਰੂ ਕੀਤਾ ਤੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਦੌੜਾਕ ਹੋਣ ਦਾ ਮਾਣ ਪ੍ਰਾਪਤ ਕੀਤਾ। ਫੌਜਾ ਸਿੰਘ ਨੇ ਆਪਣੀ ਉਮਰ ਦੇ ਲੋਕਾਂ 'ਚ ਬਹੁਤ ਰਿਕਾਰਡ ਬਣਾਏ ਹਨ।ਉਹ ਲੰਡਨ ਦੀਆਂ ਛੇ ਮੈਰਾਥਾਨ ਦੌੜਾਂ, ਦੋ ਕੈਨੇਡੀਅਨ ਮੈਰਾਥਾਨ ਤੇ ਨਿਊਯਾਰਕ ਮੈਰਾਥਾਨ 'ਚ ਹਿੱਸਾ ਲੈ ਚੁੱਕੇ ਹਨ। ਇਸ ਮਸ਼ਾਲ ਦੌੜ 'ਚ ਹਿੱਸਾ ਲੈਣ ਵਾਲਿਆਂ ਬਾਕੀ ਮਸ਼ਹੂਰ ਹਸਤੀਆਂ ਨੇ ਇਸ ਸਮੇਂ ਨੂੰ 'ਇਤਿਹਾਸਕ ਸਮਾਂ' ਕਰਾਰ ਦਿੱਤਾ। ਫੌਜਾ ਸਿੰਘ ਅੱਠ ਸਾਲ ਪਹਿਲਾਂ ਏਥਨਜ਼ 'ਚ ਹੋਈਆ ਉਲੰਪਿਕ ਖੇਡਾਂ 'ਚ ਵੀ ਉਲੰਪਿਕ ਮਸ਼ਾਲ ਲੈ ਕੇ ਦੌੜੇ ਸਨ ਤੇ ਹੁਣ ਉਨ੍ਹਾਂ ਇੱਛਾ ਪ੍ਰਗਟ ਕੀਤੀ ਹੈ ਕਿ ਉਹ ੨੦੧੬ 'ਚ ਹੋਣ ਵਾਲੀਆਂ ਉਲੰਪਿਕ ਖੇਡਾਂ ਤੋਂ ਪਹਿਲਾਂ ੧੦੫ ਸਾਲ ਦੀ ਉਮਰ 'ਚ ਮਸ਼ਾਲ ਲੈ ਕੇ ਦੌੜਨ। ਇਸ ਮੌਕੇ ਗਰੀਨਚ ਪਾਰਕ ਤੋਂ ਲੈ ਕੇ ਵਿਲਥੈਮ ਫੌਰਿਸਟ ਤਕ ੩੦ ਮੀਲ ਦੇ ਲੰਮੇ ਸਫਰ ਦੌਰਾਨ ਸਿੱਖਾਂ ਵਲੋਂ ਵੱਖ ਵੱਖ ਥਾਵਾਂ 'ਤੇ ਲੰਗਰ ਲਾਇਆ ਹੋਇਆ ਸੀ। ਇਸ ਉਲੰਪਿਕ ਮਸ਼ਾਲ ਦੌੜ 'ਚ ਕਈ ਸਾਬਕਾ ਉਲੰਪਿਅਨ ਵੀ ਸ਼ਾਮਿਲ ਹੋਏ। ਇਸ ਦੌੜ 'ਚ ਸਭ ਤੋਂ ਘੱਟ ਉਮਰ ਦੇ ਮਸ਼ਾਲ ਦੌੜਾਕ ਨਤਾਸ਼ਾ ਸਿਨਹਾ(੧੫) ਸਨ ਤੇ ਸਭ ਤੋਂ ਵੱਡੀ ਉਮਰ ਦੇ ਦੌੜਾਕ ਪੰਜਾਬੀਆਂ ਦੇ ਮਾਣ ਫੌਜਾ ਸਿੰਘ ਸਨ। ੩੦ ਮੀਲ ਦੇ ਇਸ ਸਫਰ ਦੌਰਾਨ ਯੂਨਾਈਟਿਡ ਸਿੱਖਸ ਦੀ ਅਗਵਾਈ ਵਿਚ ਵੱਖ-ਵੱਖ ਗੁਰੂ ਘਰਾਂ ਅਤੇ ਸੰਗਤਾਂ ਨੇ ਲੰਗਰ ਲਗਾਏ ਜਿਸ ਦਾ ਹਜ਼ਾਰਾਂ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਅਨੰਦ ਮਾਣਿਆ। ਬਾਬਾ ਫੌਜਾ ਸਿੰਘ ਨੂੰ ਆਪਣੇ ਜੀਵਨ ਕਾਲ ਦੌਰਾਨ ਇਹ ਦੂਜਾ ਮੌਕਾ ਮਿਲਿਆ ਜਦੋਂ ਉਨ੍ਹਾਂ ਉਲੰਪਿਕ ਮਸ਼ਾਲ ਚੁੱਕੀ ਹੈ। ਇਸ ਮੌਕੇ ਗਰੀਨ ਪਾਰਕ ਤੋਂ ਲੈ ਕੇ ਵਿਲਥੈਮ ਫੌਰਿਸਟ ਤੱਕ ੩੦ ਮੀਲ ਦੇ ਲੰਮੇ ਸਫਰ ਦੌਰਾਨ ਸਿੱਖਾਂ ਦੀ ੫੦੦ ਸਾਲ ਪੁਰਾਣੀ ਰੀਤ ਲੰਗਰ ਚਲਾਇਆ ਹੋਇਆ ਸੀ ਅਤੇ ਖੁਸ਼ੀ ਵਿਚ ਸਿੱਖ ਸੰਗਤਾਂ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਰਹੀਆਂ ਸਨ।

Tags: ਉਲੰਪਿਕ ਮਸ਼ਾਲ ਫ਼ੌਜਾ ਸਿੰਘ ਨਾਲ ਗੂੰਜਿਆ ਲੰਦਨ