HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਕਿਸੇ ਸੱਚ ਹੀ ਕਿਹਾ ਹੈ-ਗੁਲਾਮੀ ਵਾਲੀ ਜੂਨ ਬੁਰੀ


Date: May 08, 2012

ਗੁਰਚਰਨ ਸਿੰਘ ਜੈਤੋ
ਆਸਟਿਨ ਸਟੀਵਰਡ ਅਮਰੀਕਾ ਦੇ ਵਰਜੀਨੀਆ ਸੂਬੇ ਵਿੱਚ ਗੁਲਾਮ ਦੇ ਘਰ ਪੈਦਾ ਹੋਇਆ। ਉਸ ਦੇ ਜਨਮ ਤਾਰੀਖ ਦਾ ਹੋਰਨਾ ਗੁਲਾਮਾਂ ਵਾਂਗ ਕਿਸੇ ਨੂੰ ਵੀ ਪਤਾ ਨਹੀਂ ਸੀ ਪਰ ਗੁਲਾਮਾਂ ਵਾਂਗ ਅੰਦਾਜ਼ਾ ਸੀ ਕਿ ਉਹ ੧੭੯੩ ਵਿੱਚ ਪੈਦਾ ਹੋਇਆ ਸੀ। ਅੱਠ ਸਾਲ ਦੀ ਉਮਰ ਵਿੱਚ ਹੀ ਉਹ ਵਿਲੀਅਮ ਹੈਲਮ ਨਾਂ ਦੇ ਮਾਲਕ ਦੇ ਘਰ ਗੁਲਾਮੀ ਕਰਨ ਲੱਗ ਪਿਆ ਸੀ। ਉਸ ਦੇ ਮਾਲਕ ਕੋਲ ਕੋਈ ਸੌ ਤੌ ਵੱਧ ਗੁਲਾਮ ਸਨ। ਉਹਦੇ ਮਾਲਕ ਨੇ ਜਦੋਂ ਆਪਣੀ ਜਮੀਨ ਜਾਇਦਾਦ ਵੇਚ ਕੇ ਕਿਧਰੇ ਹੋਰ ਜਾ ਕੇ ਰਹਿਣ ਦਾ ਫੈਸਲਾ ਕਰ ਲਿਆ ਤਾਂ ਉਸ ਨੇ ਬਹੁਤੇ ਗੁਲਾਮ ਦੂਜੇ ਮਾਲਕਾਂ ਨੂੰ ਕਿਰਾਏ ਤੇ ਦੇ ਦਿੱਤੇ ਜਾਂ ਵੇਚ ਦਿੱਤੇ।

ਆਸਟਿਨ ਇੱਕ ਤੋਂ ਦੂਜੇ ਮਾਲਕਾਂ ਕੋਲ ਵਿਕਦਾ ਰਿਹਾ ਤੇ ਗੁਲਾਮੀ ਕਰਦਾ ਰਿਹਾ। ਉਸ ਦੇ ਮਾਲਕਾਂ ਨੇ ਉਹਦੇ ਉੱਤੇ ਬੜੇ ਜ਼ੁਲਮ ਕੀਤੇ। ਜ਼ੁਲਮਾਂ ਦੀ ਮਾਰ ਜਦੋਂ ਉਸ ਤੋਂ ਝੱਲੀ ਨਾ ਗਈ ਤਾਂ ਉਹ ਘਰੋਂ ਭੱਜ ਗਿਆ। ੧੮੧੫ ਵਿੱਚ ਉਹ ਕੈਨੇਡਾ ਪਹੁੰਚ ਗਿਆ ਜਿਥੇ ਉਹਦੇ ਵਾਂਗ ਭੱਜ ਕੇ ਆਜ਼ਾਦ ਹੋਏ ਕਾਲੇ ਅਮਰੀਕਨਾਂ ਨੇ 'ਦੋਸਤਾਂ ਦੀ ਸੁਸਾਇਟੀ' ਨਾ ਦੀ ਇੱਕ ਕਾਲੋਨੀ ਬਣਾ ਲਈ ਸੀ। ਉਹਨਾਂ ਨੇ ਆਪਣੀ ਭਾਈਚਾਰਕ ਸਾਂਝ ਕਾਇਮ ਕਰ ਲਈ ਸੀ। ਆਸਟਿਨ ਸਟੀਵਰਡ ਨੇ 'ਬਾਈ ਸਾਲ ਗੁਲਾਮੀ ਨੇ' ਨਾਂ ਦੀ ਸਵੈ ਜੀਵਨੀ ੧੮੫੭ ਵਿੱਚ ਲਿਖੀ ਜਿਹੜੀ ਕਿਸੇ ਵੀ ਗੁਲਾਮ ਵੱਲੋਂ ਲਿਖੀ ਸਭ ਤੋਂ ਵਧੀਆ ਸਵੈ-ਜੀਵਨੀ ਦੇ ਨਾਂ ਨਾਲ ਜਾਣੀ ਜਾਂਦੀ ਸੀ। ਆਸਟਿਨ ੧੮੬੦ ਵਿੱਚ ਗੁਜ਼ਰ ਗਿਆ ਸੀ। ਉਹਨੇ ਆਪਣੀ ਜੀਵਨੀ ਦੇ ਕੁਝ ਅੰਸ਼ ਇਉਂ ਲਿਖੇ:

ਸਾਡੇ ਪਰਿਵਾਰ ਵਿੱਚ ਮੇਰੇ ਮਾਂ-ਪਿਓ, ਜਿੰਨ੍ਹਾਂ ਦਾ ਨਾਂ ਰੌਬਰਟ ਤੇ ਸੂਜ਼ਨ ਸਟੀਵਰਡ ਸੀ ਤੇ ਇੱਕ ਮੇਰੀ ਭੈਣ ਜਿਸ ਦਾ ਨਾਂ ਮੇਰੀ ਸੀ ਤੇ ਚੌਥਾ ਮੈਂ ਸਾਂ। ਜਿਵੇਂ ਓਥੇ ਗੁਲਾਮ ਰਹਿੰਦੇ ਹੁੰਦੇ, ਅਸੀਂ ਵੀ ਇੱਕ ਕੋਠੜੀ ਵਿੱਚ ਰਹਿੰਦੇ ਹੁੰਦੇ ਸਾਂ। ਕੋਠੜੀਆਂ ਦੀਆਂ ਕੰਧਾਂ ਅਣਘੜ ਲੱਕੜ ਦੇ ਫੱਟਿਆਂ ਦੀਆਂ ਬਣੀਆਂ ਹੁੰਦੀਆਂ ਸਨ। ਹੇਠਾਂ ਫਰਸ਼ ਤਾਂ ਕੋਈ ਨਹੀਂ ਸੀ ਹੁੰਦੀ, ਕੱਚਾ ਥਾਂ ਈ ਹੁੰਦਾ। ਲੱਕੜ ਦੇ ਫੱਟਿਆਂ ਦੀਆਂ ਕੰਧਾਂ ਵਿੱਚ ਵੱਡੀਆਂ ਵੱਡੀਆਂ ਵਿਰਲਾਂ ਖਿੜਕੀਆਂ ਦਾ ਕੰਮ ਦਿੰਦੀਆਂ। ਕੋਠੜੀਆਂ ਵਿੱਚ ਇੱਕ ਪਾਸੇ ਕਾਨਿਆਂ ਤੇ ਕੱਚੀ ਮਿੱਟੀ ਨਾਲ ਲਿੱਪ ਕੇ ਚਿਮਨੀਆਂ ਬਣਾ ਲਈਆਂ ਜਾਂਦੀਆਂ ਜਿਹੜੀਆਂ ਚੁਲ੍ਹਿਆਂ ਦਾ ਧੂੰਆਂ ਕੋਠੜੀ ਦੀ ਛੱਤ ਵਿੱਚੋਂ ਦੀ ਬਾਹਰ ਕੱਢਦੀਆਂ। ਬੂਹੇ ਵੀ ਅਣਘੜ ਲੱਕੜ ਦੇ ਫੱਟਿਆਂ ਦੇ ਈ ਹੁੰਦੇ। ਇਹ ਸਾਰਾ ਕੁਝ ਬੜੇ ਕੁਢਵੇ ਜਿਹੇ ਢੰਗ ਨਾਲ ਉਸਾਰ ਕੇ ਕੋਠੜੀਆਂ ਬਣਾਈਆਂ ਜਾਂਦੀਆਂ। ਅਸੀਂ ਵੀ ਇਹੋ ਜਿਹੀ ਕੋਠੜੀ ਵਿੱਚ ਰਹਿੰਦੇ ਹੁੰਦੇ ਸਾਂ। ਕੋਠੜੀ ਵਿੱਚ ਕੋਈ ਮੰਜਾ ਜਾਂ ਮੇਜ਼ ਕੁਰਸੀ ਤਾਂ ਹੁੰਦੇ ਨਹੀਂ ਸਨ। ਸਾਰੇ ਗੁਲਾਮਾਂ ਨੂੰ ਜੇ ਕੋਈ ਅਜਿਹਾ ਸਮਾਨ ਚਾਹੀਦਾ ਹੁੰਦਾ ਤਾਂ ਉਹਨਾਂ ਨੂੰ ਸਾਰੀ ਦਿਹਾੜੀ ਦਾ ਕੰਮ ਖਤਮ ਕਰਨ ਤੋਂ ਪਿੱਛੋਂ, ਕਿਧਰੇ ਹੋਰ ਜਾ ਕੇ ਚਾਰ ਪੈਸੇ ਕਮਾਉਣ ਲਈ ਜੇ ਕਦੇ ਕਦਾਈਂ ਮਾਲਕ ਆਗਿਆ ਦੇ ਵੀ ਦਿੰਦਾ, ਤਾਂ ਉਹ ਚਾਰ ਪੈਸੇ ਇਕੱਠੇ ਕਰਕੇ ਇੱਕ ਅੱਧ ਮੰਜੇ ਦਾ ਜੁਗਾੜ ਕਰ ਲੈਂਦੇ।

ਖੇਤਾਂ ਵਿੱਚ ਕੰਮ ਕਰਨ ਵਾਲੇ ਗੁਲਾਮਾਂ ਨੂੰ ਹਫਤੇ ਵਿੱਚ ਇੱਕ ਵਾਰੀ ਰਾਸ਼ਨ ਦਿੱਤਾ ਜਾਂਦਾ। ਆਮ ਤੌਰ ਤੇ ਮੱਕੀ ਦੇ ਦਾਣਿਆਂ ਦੇ ਭਰੇ ਛੋਟੇ ਝੋਲੇ ਜਾਂ ਆਟਾ ਹਰ ਇੱਕ ਗੁਲਾਮ ਨੂੰ ਦਿੱਤਾ ਜਾਂਦਾ। ਆਟਾ ਤਾਂ ਕਦੇ ਕਦਾਈ ਮਿਲਦਾ। ਆਮ ਤੌਰ ਤੇ ਆਪੋ ਆਪਣੀਆਂ ਕੋਠੜੀਆਂ ਵਿੱਚ ਰਾਤ ਨੂੰ ਸਾਰੇ ਦਿਨ ਦੇ ਕੰਮ ਤੋਂ ਵਿਹਲੇ ਹੋ ਕੇ ਉਹ ਮੱਕੀ ਨੂੰ ਕੁੱਟ-ਕੁੱਟ ਕੇ ਦਲੀਆ ਬਣਾ ਲੈਂਦੇ। ਸਾਨੂੰ ਖੇਤਾਂ ਵਿੱਚ ਕੰਮ ਕਰਨ ਵਾਲੇ ਗੁਲਾਮਾਂ ਨੂੰ ਮੀਟ ਤਾਂ ਕਦੇ ਕਦਾਈਂ ਹੀ ਖਾਣ ਨੂੰ ਦਿੱਤਾ ਜਾਂਦਾ। ਮੱਕੀ ਦੇ ਦਾਣਿਆਂ ਜਾਂ ਆਟੇ ਤੋਂ ਇਲਾਵਾ ਗੁਲਾਮਾਂ ਨੂੰ ਥੋੜਾ ਜਿੰਨਾ ਲੂਣ ਤੇ ਸੁੱਕੀ ਮੱਕੀ ਦੇ ਕੁਝ ਟੁਕੜੇ ਵੀ ਕਦੇ ਕਦਾਈਂ ਮਿਲ ਜਾਂਦੇ। ਜੇ ਕਿਸੇ ਨੂੰ ਵਾਧੂ ਜਾਂ ਹੋਰ ਰਾਸ਼ਨ ਚਾਹੀਦਾ ਹੁੰਦਾ ਤਾਂ ਉਸਨੂੰ ਆਮ ਦਿਨਾਂ ਨਾਲੋਂ ਵਾਧੂ ਕੰਮ ਕਰਕੇ ਫੇਰ ਹੀ ਰਾਸ਼ਨ ਮਿਲ ਸਕਦਾ ਸੀ। ਕੋਠੜੀਆਂ ਦੇ ਲਾਗੇ ਦੋ ਕੁ ਮੰਜਿਆਂ ਦੀ ਥਾਂ ਜੇ ਕੋਈ ਚਾਹੇ ਤਾਂ ਸਬਜ਼ੀ ਵਗੈਰਾ ਬੀਜ ਸਕਦਾ ਸੀ ਪਰ ਉਹ ਵੀ ਸਾਰੇ ਦਿਨ ਦਾ ਕੰਮ ਖਤਮ ਹੋਣ ਤੋਂ ਪਿੱਛੋਂ, ਰਾਤ ਵੇਲੇ ਹੀ ਅਜਿਹਾ ਸਮਾਂ ਮਿਲਦਾ। ਇਹ ਥਾਵਾਂ ਸਿਰਫ ਉਹਨਾਂ ਗੁਲਾਮਾਂ ਨੂੰ ਦਿੱਤੀਆਂ ਜਾਂਦੀਆਂ ਜਿਹੜੇ ਦੂਜਿਆਂ ਨਾਲੋਂ ਵੱਧ ਅਤੇ ਦੱਬ ਕੇ ਕੰਮ ਕਰਦੇ। ਗੁਲਾਮਾਂ ਦਾ ਮਾਲਕ ਕੈਪਟਨ ਵਿਲੀਅਮ ਹੈਲਮ ਵਾਢੀਆਂ ਵੇਲੇ ਗੁਲਾਮਾਂ ਨੂੰ ਮੀਟ ਵੀ ਖਾਣ ਨੂੰ ਦੇ ਦਿੰਦਾ ਹੁੰਦਾ। ਪਰ ਜਿਉਂ ਹੀ ਵਾਢੀਆਂ ਖਤਮ ਹੁੰਦੀਆਂ ਗੁਲਾਮਾਂ ਨੂੰ ਮੁੜ ਉਹੀ ਰਾਸ਼ਨ ਮਿਲਣਾ ਸ਼ੁਰੂ ਹੋ ਜਾਂਦਾ।

ਖੇਤਾਂ ਵਿੱਚ ਆਮ ਤੌਰ ਤੇ ਆਦਮੀ ਤੇ ਔਰਤਾਂ ਬਰਾਬਰ ਕੰਮ ਕਰਦੇ। ਅਕਸਰ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਕੰਮ ਕਰਨ ਲਈ ਮਜ਼ਬੂਰ ਕਰ ਦਿੱਤਾ ਜਾਂਦਾ। ਮਾਲਕ ਨੇ ਇੱਕ ਓਵਰਸੀਅਰ ਰੱਖਿਆ ਹੋਇਆ ਸੀ ਜਿਸ ਦਾ ਕੰਮ ਹਰੇਕ ਗੁਲਾਮ ਤੋਂ ਵੱਧ ਤੋਂ ਵੱਧ ਕੰਮ ਕਰਵਾਉਣਾ ਸੀ। ਉਸ ਦੀਆਂ ਨਜ਼ਰਾਂ ਤੋਂ ਕੋਈ ਨਹੀਂ ਸੀ ਬਚ ਸਕਦਾ। ਓਵਰਸੀਅਰ ਆਪਣੇ ਹੱਥ ਵਿੱਚ ਵੱਡਾ ਸਾਰਾ ਛਾਂਟਾ ਲੈ ਕੇ ਗੁਲਾਮਾਂ ਦੇ ਆਲੇ ਦੁਆਲੇ ਤੁਰਿਆ ਫਿਰਦਾ। ਛਾਂਟਾ ਕੋਈ ਨੌਂ ਕੁ ਫੁੱਟ ਲੰਮਾ ਹੁੰਦਾ ਤੇ ਉਹ ਗਾਂ ਦੇ ਸਖਤ ਚਮੜੇ ਦਾ ਬਣਿਆਂ ਹੁੰਦਾ। ਮੁੱਠੇ ਵਾਲਾ ਪਾਸਾ ਦੋ ਕੁ ਫੁੱਟ ਦਾ ਲੰਮਾ ਡੰਡਾ ਜਿਸ ਦੇ ਇੱਕ ਸਿਰੇ ਤੇ ਭਾਰੀ ਸਿੱਕਾ ਗੋਲ ਜਿਹੀ ਗੇਂਦ ਵਾਂਗ ਭਰਿਆ ਹੁੰਦਾ ਅਤੇ ਦੂਜੇ ਪਾਸੇ ਚਮੜੇ ਦੀਆਂ ਛੇ ਕੁ ਫੁੱਟ ਲੰਮੀਆਂ ਲਗਰਾਂ ਹੁੰਦੀਆਂ ਜਿੰਨ੍ਹਾਂ ਦੇ ਸਿਰਿਆਂ ਤੇ ਲੋਹੇ ਦੀਆਂ ਬਰੀਕ ਤਾਰਾਂ ਪਰੋਈਆਂ ਹੁੰਦੀਆਂ। ਗੁਲਾਮਾਂ ਤੇ ਜ਼ੁਲਮ ਢਾਹੁਣ ਲਈ ਇਸ ਭੈੜੇ ਹਥਿਆਰ ਨੂੰ ਉਹ ਘੁਮਾਂਉਦਿਆਂ ਇਧਰ ਉਧਰ ਤੁਰਿਆ ਫਿਰਦਾ। ਤਕੜੇ ਤੋਂ ਤਕੜੇ ਗੁਲਾਮ ਵੀ ਛਾਂਟੇ ਦੀ ਮਾਰ ਤੋਂ ਡਰਦੇ ਹੁੰਦੇ। ਛਾਂਟੇ ਦੀ ਮਾਰ ਅਜਿਹੀ ਹੁੰਦੀ ਸੀ ਕਿ ਜੇ ਕਿਸੇ ਘੋੜੇ ਜਾਂ ਬਲਦ ਦੇ ਇਕ ਜ਼ੋਰ ਛਾਂਟਾ ਮਾਰ ਦਿੱਤਾ ਜਾਵੇ ਤਾਂ ਉਹਦੀ ਚਮੜੀ ਉੱਧੜ ਜਾਂਦੀ, ਬੰਦੇ ਦਾ ਤਾਂ ਮਾਜਨਾ ਹੀ ਕੀ ਸੀ। ਗਰੀਬ ਗੁਲਾਮਾਂ ਦੀਆਂ ਛਾਂਟਿਆਂ ਦੀ ਮਾਰ ਨਾਲ ਉੱਚੜੀਆਂ ਤੇ ਲਹੂ-ਲੂਹਾਨ ਹੋਈਆਂ ਪਿੱਠਾਂ ਆਮ ਦਿਸ ਪੈਂਦੀਆਂ। ਸਾਡੇ ਖੇਤਾਂ ਵਾਲੇ ਓਵਰਸੀਅਰ ਦੇ ਇੱਕ ਹੱਥ ਛਾਂਟਾ ਤੇ ਦੂਜੇ ਹੱਥ ਵੱਡੇ ਖੂੰਖਾਰ ਕੁੱਤੇ ਦੀ ਸੰਗਲੀ ਹੁੰਦੀ। ਸਾਰਾ ਦਿਨ ਉਹ ਗੁਲਾਮਾਂ ਦੇ ਮਗਰ ਪਿਆ ਰਹਿੰਦਾ। ਜਿਹੜਾ ਵੀ ਗੁਲਾਮ ਕੰਮ ਕਰਨ ਦੀ ਰਫਤਾਰ ਵਿੱਚ ਪਿੱਛੇ ਰਹਿ ਜਾਂਦਾ ਤਾਂ ਛਾਂਟੇ ਦਾ ਇਸਤੇਮਾਲ ਕਰਨ ਲਈ ਜ਼ਰਾ ਵੀ ਢਿੱਲ ਨਹੀਂ ਸੀ ਵਰਤੀ ਜਾਂਦੀ। ਆਪਣੇ ਸਾਰੇ ਜ਼ੋਰ ਨਾਲ ਓਵਰਸੀਅਰ ਛਾਂਟੇ ਮਾਰਦਾ। ਇੱਕ ਹੁੱਝਕਾ ਉਹ ਕੁੱਤੇ ਨੂੰ ਮਾਰਦਾ ਜਿਹੜਾ ਆਪਣੇ ਦੰਦ ਕੱਢ ਕੇ ਗੁਲਾਮ ਨੂੰ ਖਾਣ ਨੂੰ ਪੈਂਦਾ ਪਰ ਦੂਜੇ ਹੱਥ ਫੜਿਆ ਛਾਂਟਾ ਉਹ ਸਾਰੇ ਜ਼ੋਰ ਨਾਲ ਗੁਲਾਮ ਦੀ ਪਿੱਠ ਤੇ ਮਾਰਦਾ। ਕੁੱਤਾ ਵੀ ਕੰਮ ਵਿੱਚ ਪਛੜਨ ਵਾਲੇ ਗੁਲਾਮਾਂ ਨੂੰ ਝਈਆਂ ਲੈ ਲੈ ਪੈਂਦਾ।

ਸਾਰੇ ਗੁਲਾਮਾਂ ਨੂੰ ਮੂੰਹ ਹਨੇਰੇ ਉੱਠਣਾ ਪੈਂਦਾ ਤੇ ਸੂਰਜ ਚੜ੍ਹਦੇ ਸਾਰ ਕੰਮ ਤੇ ਜਾਣ ਲਈ ਤਿਆਰ ਹੋਣਾ ਪੈਂਦਾ। ਉਸ ਵੇਲੇ ਇੱਕ ਹਾਰਨ ਵਜਾਇਆ ਜਾਂਦਾ।ਜਿਹੜਾ ਉਸ ਸਮੇਂ ਖੇਤਾਂ ਵਿੱਚ ਗੈਰਹਾਜ਼ਰ ਹੁੰਦਾ ਉਹ ਦੀ ਤਾਂ ਸ਼ਾਮਤ ਆ ਜਾਂਦੀ। ਮੈਂ ਆਪਣੇ ਅੱਖੀਂ ਦੇਖਿਆ ਕਿ ਕਿਵੇਂ ਵਿਚਾਰੇ ਗੁਲਾਮ ਓਵਰਸੀਅਰ ਤੋਂ ਮਿੰਨਤਾਂ ਕਰਦਿਆਂ ਆਪਣੀ ਜਾਨ ਦੀ ਭੀਖ ਮੰਗਦਿਆਂ ਲਿਲਕੜੀਆਂ ਕੱਢਦੇ ਹੁੰਦੇ ਸਨ ਤਾਂ ਕਿ ਕਿਵੇਂ ਨਾ ਕਿਵੇਂ ਉਹ ਉਸ ਜ਼ਾਲਮਾਨਾ ਮਾਰ ਤੋਂ ਬਚ ਜਾਣ। ਦਿਨ ਚੜ੍ਹਨ ਤੋਂ ਲੈ ਕੇ ਸਵੇਰੇ ਨੌਂ ਵਜੇ ਤੱਕ ਖੇਤਾਂ ਵਿੱਚ ਗੁਲਾਮ ਕੰਮ ਕਰਦੇ। ਫੇਰ ਅੱਧੇ ਘੰਟੇ ਦੀ ਛੁੱਟੀ ਸਵੇਰ ਦਾ ਖਾਣਾ ਖਾਣ ਦੀ ਹੁੰਦੀ ਜਿਸ ਵਿੱਚ ਡਬਲਰੋਟੀ ਦੇ ਕੁਝ ਟੁਕੜੇ ਗੁਲਾਮਾਂ ਨੂੰ ਦੇ ਦਿੱਤੇ ਜਾਂਦੇ। ਫੇਰ ਦੁਪਹਿਰ ਤੱਕ ਕੰਮ ਹੁੰਦਾ ਤੇ ਦੁਪਹਿਰ ਵੇਲੇ ਖਾਣਾ ਖਾਣ ਦੀ ਛੁੱਟੀ ਕੀਤੀ ਜਾਂਦੀ। ਅਕਸਰ ਕਿਸੇ ਬੁੱਢੇ ਜਾਂ ਬੁੱਢੀ ਹੋ ਚੁੱਕੀ ਗੁਲਾਮ ਨੂੰ ਸਾਰਿਆਂ ਲਈ ਖਾਣਾ ਬਨਾਉਣ ਦਾ ਕੰਮ ਸੌਂਪ ਦਿੱਤਾ ਜਾਂਦਾ। ਸਾਰੇ ਗੁਲਾਮ ਹਫਤੇ ਦੇ ਰਾਸ਼ਨ ਵਿੱਚੋਂ ਆਪੋ ਆਪਣਾ ਚੂਰ ਭੂਰ ਵਾਲਾ ਹਿੱਸਾ ਲਿਆ ਕੇ ਉਸ ਨੂੰ ਪਕਾਉਣ ਲਈ ਦਿੰਦੇ। ਖਾਣਾ ਬਨਾਉਣ ਵਾਲਾ ਪਹਿਲਾ ਤੋਂ ਹੀ ਅੱਗ ਮਚਾ ਕੇ ਰੱਖਦਾ ਤੇ ਹਰੇਕ ਗੁਲਾਮ ਤੋਂ ਉਹਦਾ ਹਿੱਸਾ ਫੜਕੇ ਬੰਦ ਗੋਭੀ ਦੇ ਪੱਤਿਆਂ ਵਿੱਚ ਲਪੇਟ ਕੇ ਅੱਗ ਤੇ ਰੱਖ ਦਿੰਦਾ। ਜਦੋਂ ਤਕ ਖਾਣਾ ਪਕਦਾ ਤਾਂ ਗੋਭੀ ਦੇ ਪੱਤ ਤਾਂ ਸੜ ਜਾਂਦੇ ਤੇ ਇਉਂ ਲੱਕੜ ਦੇ ਕੋਲਿਆਂ ਤੇ ਪੱਕੀਆਂ ਗੋਲ ਡੰਡਿਆਂ ਵਰਗੀਆਂ ਰੋਟੀਆਂ, ਹੁੰਦੀਆਂ ਤਾਂ ਸਵਾਦ ਹੀ ਸਨ ਪਰ ਸੁਆਹ ਨਾਲ ਲਿਬੜੀਆਂ ਹੋਣ ਕਰਕੇ ਸੁਆਦ ਵੀ ਖਰਾਬ ਹੋ ਜਾਂਦਾ। ਦੁਪਹਿਰ ਦੇ ਖਾਣੇ ਲਈ ਇੱਕ ਘੰਟਾ ਹੁੰਦਾ। ਜਿਉਂ ਹੀ ਹਾਰਨ ਵੱਜਦਾ ਸਾਰੇ ਕੰਮ ਵਾਲੀ ਥਾਂ ਖੇਤਾਂ ਨੂੰ ਤੁਰ ਪੈਂਦੇ। ਕਸੂਰਵਾਰਾਂ ਦੀ ਖਬਰ ਲੈਣ ਲਈ ਓਵਰਸੀਅਰ ਤਾਂ ਕਿਸੇ ਨਾ ਕਿਸੇ ਮੌਕੇ ਅਤੇ ਤਾੜ ਵਿੱਚ ਰਹਿੰਦਾ ਸੀ। ਜਦੋਂ ਕਿਸੇ ਨੂੰ ਛਾਂਟਿਆਂ ਦੀ ਮਾਰ ਪੈਂਦੀ ਤਾਂ ਉਹਦੀਆਂ ਚੀਕਾਂ ਖੇਤਾਂ ਵਿੱਚ ਵੀ ਸੁਣਾਈ ਦਿੰਦੀਆਂ।

ਗੁਲਾਮਾਂ ਨੂੰ ਸਜ਼ਾ ਦੇ ਲਈ ਉਹਨਾਂ ਨੂੰ ਕੱਪੜੇ ਲਾਹ ਕੇ ਪਿੱਠ ਨੰਗੀ ਕਰਨ ਲਈ ਕਿਹਾ ਜਾਂਦਾ। ਉਹਨਾਂ ਦੇ ਹੱਥ, ਅੱਗੇ ਬੰਨ੍ਹ ਕੇ ਉੱਤੇ ਕਿਸੇ ਲੱਕੜ ਦੀ ਲਟੈਣ ਵਰਗੇ ਲੱਕੜ ਦੇ ਬਾਲੇ ਨਾਲ ਬੰਨ੍ਹ ਦਿੱਤੇ ਜਾਂਦੇ। ਹੱਥਾਂ ਨਾਲ ਬੰਨ੍ਹਿਆ ਰੱਸਾ ਓਦੋਂ ਤਕ ਖਿੱਚਿਆ ਜਾਂਦਾ ਜਦੋਂ ਤਕ ਗੁਲਾਮ ਪੱਬਾਂ ਭਾਰ ਨਾ ਹੋ ਜਾਵੇ। ਕਦੇ ਕਦਾਈ ਪੈਰਾਂ ਵਿਚਾਲੇ ਕੋਈ ਟੰਬਾ ਰੱਖ ਕੇ, ਉਸ ਨਾਲ ਦੋਵੇਂ ਪੈਰ ਚੌੜੇ ਕਰਕੇ ਬੰਨ੍ਹ ਦਿੱਤੇ ਜਾਂਦੇ। ਇੰਜ ਨਿਹੱਥੇ ਤੇ ਬੇਬੱਸ ਗੁਲਾਮਾਂ ਨੂੰ ਆਮ ਉਨਤਾਲੀ ਕੌੜੇ ਮਾਰਨ ਦਾ ਰਿਵਾਜ ਸੀ। ਇਹੋ ਜਿਹੀ ਸਖ਼ਤ ਉਨਤਾਲੀ ਕੌੜਿਆਂ ਦੀ ਸਜ਼ਾ ਬਹੁਤ ਛੋਟੀ-ਮੋਟੀ ਗਲਤੀ ਕਾਰਨ ਦਿੱਤੀ ਜਾਂਦੀ ਹੁੰਦੀ। ਉਸ ਜ਼ਾਲਮਾਨਾ ਸਜ਼ਾ ਦਾ ਅੰਦਾਜ਼ਾ ਵੀ ਕੌਣ ਲਾ ਸਕਦਾ ਹੈ ਕਿ ਉਹ ਕਿੰਨੀ ਦੁਖਦਾਈ ਹੁੰਦੀ ਸੀ? ਕੋਈ ਇਨਸਾਨ ਜਿਸ ਦੇ ਸੀਨੇ ਵਿੱਚ ਦਿਲ ਧੜਕਦਾ ਹੋਵੇ, ਉਹ ਕਿਵੇਂ ਅਜਿਹੀ ਦਿੱਤੀ ਜਾਂਦੀ ਸਜ਼ਾ ਦੇਖ ਵੀ ਸਕਦਾ ਸੀ, ਝਲਣੀ ਤੇ ਭੁਗਤਣੀ ਤਾਂ ਦੂਰ ਦੀ ਗੱਲ ਹੈ। ਕਿਵੇਂ ਕੋਈ ਕਿਸੇ ਬੇ ਬਸ ਤੇ ਲਾਚਾਰ ਮਨੁੱਖ, ਜਿਸ ਦੇ ਹੱਥ-ਪੈਰ ਬੰਨ ਦਿੱਤੇ ਹੋਣ ਉਸ ਉੱਤੇ ਹੱਥ ਚੁੱਕਣ ਦੀ ਜੁਰੱਤ ਕਰ ਸਕਦਾ ਹੈ? ਜਦੋਂ ਕਿਸੇ ਦੇ ਹੱਥ- ਪੈਰ ਬੰਨ ਦਿੱਤੇ ਹੋਣ, ਉਹਦੀ ਪਿੱਠ ਦੀ ਚਮੜੀ ਉਧੜ ਗਈ ਹੋਵੇ ਤੇ ਲਹੂ-ਲੁਹਾਣ ਹੋ ਕੇ, ਖੁਨ ਪੈਰਾਂ ਤੱਕ ਇੰਜ ਵਗਿਆ ਹੋਵੇ ਕਿ ਜਿਥੇ ਉਹ ਗੁਲਾਮ ਖੜ੍ਹਾ ਹੋਵੇ ਉਥੇ ਲਹੂ ਦਾ ਛੱਪੜ ਲੱਗ ਜਾਵੇ ਤੇ ਉਹ ਵੀ ਕਿਸ ਲਈ? ਸਿਰਫ ਇੱਕ ਛੋਟੀ ਜਿਹੀ ਗਲਤੀ ਲਈ? ਜਾਂ ਸਿਰਫ ਕਿਸੇ ਸਿਰ ਫਿਰੇ ਇਹੋ ਜਿਹੇ ਜੱਲਾਦ ਲਈ ਜਿਸ ਦੇ ਹੱਥ ਵਿੱਚ ਛਾਂਟਾ ਹੋਵੇ ਤੇ ਉਹ ਜਦੋਂ ਜੀ ਕਰੇ ਕਿਸੇ ਨੂੰ ਬਿਨਾਂ ਕਸੂਰ ਤੋਂ ਵੀ ਭੈੜੀ ਮਾਰ, ਮਾਰੀ ਤੁਰੀ ਜਾਵੇ? ਉੱਤੋਂ ਉਸ ਜੱਲਾਦ ਦਾ ਚਿਹਰਾ ਲਾਲ ਤੇ ਅੱਖਾਂ ਚੰਗਿਆੜੇ ਛੱਡਦੀਆਂ ਹੋਣ ਤੇ ਉਹ ਆਪਣੇ ਭਾਰੇ ਸਰੀਰ ਵਿੱਚ ਸਾਰਾ ਗੁੱਸਾ ਭਰ ਕੇ, ਮੂੰਹ ਵਿੱਚੋਂ ਝੱਗ ਕਢੀ ਜਾਂਦਾ ਹੋਵੇ ਤੇ ਸਾਰੇ ਜ਼ੋਰ ਨਾਲ ਛਾਂਟੇ ਮਾਰ ਮਾਰ ਕੇ ਚਾਰੇ ਪਾਸੇ ਮੌਤ ਤੇ ਤਬਾਹੀ ਦਾ ਆਲਮ ਫੈਲਾਉਂਦਿਆਂ ਗੁਲਾਮਾਂ ਦੀਆਂ ਪਿੱਠਾਂ ਤੇ ਛਾਂਟਿਆਂ ਨਾਲ ਮਾਰੋ-ਮਾਰ ਕਰੀ ਜਾਂਦਾ ਹੋਵੇ, ਜਦੋਂ ਤੱਕ ਉਹਦੀਆਂ ਬਾਹਾਂ ਨਾ ਥੱਕ ਜਾਣ ਤੇ ਜਾਂ ਥੱਕ ਕੇ ਉਹਨੂੰ ਓਥੇ ਹੀ ਨਾ ਬੈਠ ਜਾਣਾ ਪਵੇ ਉਹਨੇ ਛਾਂਟੇ ਮਾਰ-ਮਾਰ ਕੇ ਲਹੂ ਦੇ ਛੱਪੜ ਲਾ ਦਿੱਤੇ ਹੋਣ?

ਇਹ ਸਜ਼ਾ ਸਿਰਫ ਆਦਮੀਆਂ ਨੂੰ ਹੀ ਨਹੀਂ ਸੀ ਦਿੱਤੀ ਜਾਂਦੀ। ਜਦੋਂ ਕੋਈ ਔਰਤ ਨੂੰ ਇਹ ਸਜ਼ਾ ਦਿੱਤੀ ਜਾਂਦੀ ਤਾਂ ਉਸ ਦੇ ਪਤੀ ਨੂੰ ਬਿਨਾਂ ਕਿਸੇ ਚੂੰ-ਚਰਾਂ ਤੋਂ ਇਹ ਸਭ ਕੁਝ ਦੇਖਣਾ ਪੈਂਦਾ ਸੀ। ਉਹ ਸਿਰਫ ਜੱਲਾਦ ਦੀਆਂ ਵੱਢ ਖਾਣੀਆਂ ਅੱਖਾਂ ਆਪਣੀ ਪਤਨੀ ਦੀ ਪਿੱਠ ਤੇ ਭੈੜੀ ਨੀਯਤ ਨਾਲ ਪੈਂਦੀਆਂ ਹੀ ਨਹੀਂ ਸੀ ਬਰਦਾਸ਼ਤ ਕਰਦਾ ਸਗੋਂ ਹਰ ਛਾਂਟੇ ਦੀ ਮਾਰ ਨਾਲ ਆਪਣੀ ਪਤਨੀ ਦੀ ਉੱਧੜ ਰਹੀ ਚਮੜੀ ਵਿੱਚੋਂ ਸਿੰਮਦਾ ਲਹੂ ਵੀ ਦੇਖਦਾ ਰਹਿ ਜਾਂਦਾ ਸੀ। ਔਰਤ ਦੇ ਅੰਗ ਮਾਰ ਨਾਲ ਪੀੜ ਵਿੱਚ ਮਰੋੜੇ ਖਾਂਦੇ ਤੇ ਉਹਦੀਆ ਮਿੰਨਤਾਂ ਤੇ ਚੀਕਾਂ ਉਸ ਦੀ ਜਾਨ ਬਖਸ਼ੀ ਲਈ ਕੀਤੇ ਤਰਲੇ ਵੀ ਉਹਨੂੰ ਸੁਣਨੇ ਪੈਂਦੇ। ਧੜਕਦੇ ਦਿਲ ਨੂੰ ਥੰਮਣਾ ਪੈਂਦਾ ਤੇ ਗੁੱਸਾ ਪੀਣਾ ਪੈਂਦਾ ਤਾਂ ਕਿ ਮੂੰਹੋਂ ਇੱਕ ਸ਼ਬਦ ਨਾ ਨਿੱਕਲੇ ਤੇ ਉਹ ਵੀ ਉਸ ਰਾਕਸ਼ਸ਼ ਦੇ ਸਾਹਮਣੇ ਜਿਸ ਦੀ ਮਰਜ਼ੀ ਦਾ ਉਹ ਗੁਲਾਮ ਹੁੰਦਾ। ਇਨਸਾਨੀਅਤ ਨੂੰ ਇਸ ਤੋਂ ਵੱਡੀ ਗਾਲ੍ਹ ਹੋਰ ਕੀ ਹੋ ਸਕਦੀ ਹੈ?

ਸਾਡੇ ਮਾਲਕ ਹੈਲਮ ਦੀ ਘਰ ਵਾਲੀ ਘਰ ਦੇ ਕੰਮਾਂ ਵਿੱਚ ਹਮੇਸ਼ਾ ਰੁੱਝੀ ਰਹਿੰਦੀ। ਸਿਉਣਾ-ਪਰੋਣਾ, ਨੌਕਰਾਂ ਦਾ ਖਿਆਲ ਰੱਖਣਾ ਤੇ ਰਸੋਈ ਵਿੱਚ ਖਾਣਾ ਪਕਾਉਣ ਦੀ ਨਿਗਰਾਨੀ ਕਰਨੀ। ਪਰ ਉਹ ਸੀ ਬੜੀ ਲੀਚੜ। ਨੌਕਰਾਂ ਦੇ ਕੰਮਾਂ ਵਿੱਚ ਹਰ ਰੋਜ਼ ਕੋਈ ਨਾ ਕੋਈ ਨੁਕਸ ਕੱਢਦੀ ਰਹਿੰਦੀ ਤੇ ਛੋਟੇ ਨੌਕਰਾਂ ਨੂੰ ਉਹ ਮਾਰ ਕੁੱਟ ਕਰਦਿਆਂ ਆਪਣੇ ਹੱਥੀਂ ਸਜ਼ਾਵਾਂ ਦਿੰਦੀ। ਕਦੇ ਕਿਸੇ ਦੇ ਸਿਰ ਤੇ ਭਾਰੀ ਲੋਹੇ ਦਾ ਡੰਡਾ ਕੱਢ ਮਾਰਦੀ। ਅਗਲੇ ਦਾ ਸਿਰ ਲਹੂ-ਲੁਹਾਣ ਹੋ ਜਾਂਦਾ, ਪਰ ਉਹਨੂੰ ਕੋਈ ਪਰਵਾਹ ਨਹੀਂ ਸੀ ਹੁੰਦੀ। ਜਿਹੜੀ ਕੁਰਸੀ ਤੇ ਉਹ ਹਾਲ ਕਮਰੇ ਵਿੱਚ ਬਹਿੰਦੀ ਉਹਦੇ ਨਾਲ ਚਮੜੇ ਦਾ ਪਟਾ ਰੱਖ ਲੈਂਦੀ। ਨੌਕਰਾਂ ਨੂੰ ਬੁਲਾ ਕੇ ਪਟੇ ਦੀ ਮਾਰ ਨਾਲ ਸਜ਼ਾਵਾਂ ਦਿੰਦੀ। ਵੱਡੇ ਨੌਕਰਾਂ ਨੂੰ ਉਹ ਕਿਸੇ ਬੰਦੇ ਕੋਲੋਂ ਕੁਟਵਾਉਂਦੀ ਅਤੇ ਨਿੱਕੀ ਤੋਂ ਨਿੱਕੀ ਗਲਤੀ ਲਈ ਸਜ਼ਾ ਦੇਣੀ ਕਦੇ ਨਾ ਭੂੱਲਦੀ। ਬਹੁਤ ਹੀ ਨਿੱਕੀਆਂ ਭੁੱਲਾਂ ਤੇ ਗਲਤੀਆਂ ਲਈ ਮੈਂ ਵੀ ਉਹਦੇ ਲੋਹੇ ਦੇ ਡੰਡਿਆਂ ਦੀ ਮਾਰ ਨਾਲ ਆਪਣਾ ਸਿਰ ਕਈ ਵਾਰ ਪੜਵਾਇਆ ਸੀ। ਕੋਈ ਵੀ ਗੁਲਾਮ ਮਾਰ ਤੋਂ ਨਹੀਂ ਸੀ ਬਚ ਸਕਦਾ। ਭਾਵੇਂ ਕੋਈ ਕਿੰਨਾ ਵੀ ਮਿਹਨਤੀ, ਸਤਰਕ ਤੇ ਵਧੀਆ ਕੰਮ ਕਰਨ ਵਾਲਾ ਹੁੰਦਾ, ਮਾਰ ਪੈਣੀ ਤਾਂ ਆਮ ਜਿਹੀ ਗੱਲ ਸੀ। ਕੋਈ ਦਿਨ ਨਹੀਂ ਸੀ ਜਾਂਦਾ ਜਿਹੜੇ ਦਿਨ ਮਾਲਕ ਦੀ ਪਤਨੀ ਨੂੰ ਮਾਰਨ ਦੀ ਅੱਚਵੀ ਨਾ ਲੱਗੀ ਹੁੰਦੀ।

ਇੱਕ ਦਿਨ ਜਦੋਂ ਮੇਰੀ ਮਾਂ ਨੇ ਸਵੇਰ ਦਾ ਖਾਣਾ ਰਸੋਈ ਵਿੱਚ ਤਿਆਰ ਕਰਕੇ ਮੇਜ਼ ਤੇ ਰੱਖਿਆ ਹੀ ਸੀ ਤਾਂ ਮਾਲਕਣ ਰਸੋਈ ਵਿੱਚ ਆ ਵੜੀ। ਉਸ ਨੇ ਆਪਣਾ ਰੁਮਾਲ ਕੱਢ ਕੇ ਰਸੋਈ ਵਿੱਚੋਂ ਇੱਕ ਭਾਂਡਾ ਚੁੱਕ ਕੇ ਉਸ ਵਿੱਚ ਫੇਰਿਆ। ਰੁਮਾਲ ਥੋੜਾ ਤਾਂ ਗੰਦਾ ਹੋਣਾ ਹੀ ਸੀ। ਬੱਸ ਮਾਲਕਣ ਦਾ ਗੁੱਸਾ ਭੜਕਾਉਣ ਲਈ ਏਨਾ ਹੀ ਬਹੁਤ ਸੀ। ਉਸ ਨੇ ਘੋੜਿਆਂ ਵਾਲਾ ਚਾਬੁਕ ਚੁੱਕ ਲਿਆਂਦਾ ਤੇ ਮੇਰੀ ਮਾਂ ਨੂੰ ਉਹ ਮਾਰ ਮਾਰੀ ਜਿਹੜੀ ਉਹਨੇ ਕਦੇ ਕਿਸੇ ਘੋੜੇ ਨੂੰ ਨਹੀਂ ਮਾਰੀ ਹੋਣੀ। ਮੇਰੀ ਮਾਂ ਤੇ ਹੁੰਦਾ ਜ਼ੁਲਮ ਦੇਖ ਕੇ ਮੇਰੀਆਂ ਚੀਕਾਂ ਨਿੱਕਲ ਗਈਆਂ ਤੇ ਮੈਂ ਕੋਠੜੀ ਵਿੱਚ ਜਾ ਲੁਕਿਆ।

ਕੁਝ ਲੋਕਾਂ ਨੇ ਇਹ ਕਹਿ ਕੇ ਗੁਲਾਮੀ ਲਈ ਮਾਫੀ ਮੰਗਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਲੇ ਲੋਕ ਗੋਰਿਆਂ ਨਾਲੋਂ ਹਰ ਪਾਸਿਓਂ ਘਟੀਆ ਹੁੰਦੇ ਨੇ। ਮੈਂ ਇਸ ਤੋਹਮਤ ਨੂੰ ਨਕਾਰਦਾ ਹਾਂ ਕਿਉਂਕਿ ਇਹ ਇੱਕ ਸਫੈਦ ਝੂਠ ਹੈ। ਕੀ ਬਾਈਬਲ ਵਿੱਚ ਇਹ ਨਹੀਂ ਲਿਖਿਆ ਕਿ ਦੁਨੀਆਂ ਦੀਆਂ ਸਾਰੀਆਂ ਕੌਮਾਂ ਦੀਆਂ ਰਗਾਂ ਵਿੱਚ ਰੱਬ ਦਾ ਵਰੋਸਾਇਆ ਇੱਕੋ ਖੁਨ ਵਗਦਾ ਹੈ? ਜਿਥੋਂ ਤੱਕ ਜਿਸਮਾਨੀ ਤੇ ਜ਼ਹਿਨੀ ਤਾਕਤਾਂ ਦਾ ਸਵਾਲ ਹੈ ਕਾਲਾ ਆਦਮੀ ਗੋਰੇ ਆਦਮੀ ਤੋਂ ਕਿਸੇ ਵੀ ਤਰਾਂ ਘੱਟ ਨਹੀਂ ਸਗੋਂ ਕੁਝ ਕੰਮਾਂ ਵਿੱਚ ਬਿਹਤਰ ਵੀ ਹੈ। ਪਰ ਜੇ ਇਹ ਗੱਲ ਉਲਟ ਵੀ ਹੋਵੇ ਤਾਂ ਇਹ ਕਿਧਰਲਾ ਇਨਸਾਫ ਹੋਇਆ ਕਿ ਰੱਬ ਦਾ ਇੱਕ ਚਹੇਤਾ ਤਬਕਾ ਦੂਜੇ ਤਬਕੇ ਤੋਂ ਗੁਲਾਮੀ ਕਰਵਾਵੇ? ਚਲੋ, ਜੇ ਇਹ ਗੱਲ ਮੰਨ ਲਈ ਜਾਵੇ ਕਿ ਰੱਬ ਨੇ ਕਾਲਿਆਂ ਨੂੰ ਕਾਲਾ ਤੇ ਗੋਰਿਆਂ ਨੂੰ ਗੋਰਾ ਰੰਗ ਦਿੱਤਾ ਹੈ ਤਾਂ ਵੀ ਦੋਹਾਂ ਦੀਆਂ ਉਮੀਦਾਂ ਤੇ ਭਾਵਨਾਵਾਂ ਤਾਂ ਇੱਕੋ ਜਿਹੀਆਂ ਹੀ ਹਨ। ਕੁਦਰਤੀ ਤੌਰ ਤੇ ਦੋਹਾਂ ਨੂੰ ਠੰਢ ਵਿੱਚ ਅੱਗ ਦੇ ਨਿੱਘ ਨਾਲ ਇੱਕੋ ਜਿੰਨਾ ਸੁਆਦ ਆਉਂਦਾ ਹੈ, ਦੋਵੇਂ ਬਸੰਤ ਰੁੱਤ ਦਾ ਇੱਕੋ ਜਿਹੇ ਚਾਅ ਨਾਲ ਸਵਾਗਤ ਕਰਦੇ ਹਨ। ਗਰਮੀਆਂ ਵਿੱਚ ਵੀ ਦੋਹਾਂ ਨੂੰ ਦਰਖਤਾਂ ਦੀ ਛਾਂ ਹੇਠ ਇੱਕੋ ਜਿਹਾ ਸਕੂਨ ਮਿਲਦਾ ਹੈ। ਸੋ ਮੈਂ ਤਾਂ ਇਸ ਨਤੀਜੇ ਤੇ ਅਪੜਿਆ ਹਾਂ ਕਿ ਰੱਬ ਨੇ ਸਾਰੇ ਬੰਦੇ ਇੱਕੋ ਜਿਹੇ ਬਣਾਏ ਹਨ, ਇੱਕੋ ਜਿੰਨੀ ਆਜ਼ਾਦੀ ਉਹਨਾਂ ਦਾ ਬਰਾਬਰ ਦਾ ਹੱਕ ਹੈ ਤੇ ਉਹਨੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਸਹਾਇਤਾ ਕਰਨ ਲਈ ਅਤੇ ਕੁਝ ਚੰਗਾ ਕਰਨ ਲਈ ਭੇਜਿਆ ਹੈ। ਸੰਸਾਰਕ ਜੰਗਾਂ ਅਤੇ ਗੁਲਾਮੀ, ਸਾਡੀ ਏਸ ਧਰਤੀ ਤੋਂ ਹਮੇਸ਼ਾ ਲਈ ਖਤਮ ਕਰ ਦੇਣੀਆਂ ਚਾਹੀਦੀਆਂ ਹਨ।

ਅਮਰੀਕਾ ਤੋਂ ਭੱਜ ਕੇ ਆਏ ਅਸੀਂ ਕੁਝ ਗੁਲਾਮਾਂ ਨੇ 'ਦੋਸਤਾਂ ਦੀ ਸੁਸਾਇਟੀ' ਨਾਂ ਦੀ ਇਹ ਕਲੋਨੀ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਕੋਈ ਅੱਠ ਸੌ ਏਕੜ ਵਿੱਚ ਇੱਕ ਪਾਸੇ ਬਣਾ ਲਈ ਸੀ। ਅਸੀ ਸਾਰੇ ਮਿਹਨਤੀ ਕਿਸਾਨ ਸਾਂ। ਧਰਤੀ ਸਾਫ ਕਰਕੇ ਅਸੀਂ ਫਸਲਾਂ ਬੀਜੀਆਂ, ਬਾਗ ਲਾਏ, ਦੁਧਾਰੂ ਪਸ਼ੂ ਰੱਖੇ। ਗੱਲ ਕੀ ਦੁਨੀਆ ਨੂੰ ਅਸੀਂ ਇਹ ਸਾਬਤ ਕਰ ਦਿੱਤਾ ਕਿ ਅਸੀਂ ਕਿਸੇ ਨਾਲੋਂ ਵੀ ਕਿਸੇ ਗੱਲੋਂ ਘੱਟ ਨਹੀਂ ਤੇ ਘੱਟੋ ਘੱਟ ਗੋਰਿਆਂ ਦੀ ਨਸਲ ਤੋਂ ਤਾਂ ਕਿਸੇ ਵੀ ਤਰ੍ਹਾਂ ਘਟੀਆ ਨਹੀਂ, ਖਾਸ ਕਰਕੇ ਜੇ ਸਾਨੰ ਇੱਕੋ ਜਿਹੇ ਮੌਕੇ ਦਿੱਤੇ ਜਾਣ ਤਾਂ। ਨਸਲ ਭਾਵੇਂ ਕੋਈ ਵੀ ਹੋਵੇ ਜੇ ਗੁਲਾਮੀ ਦੀ ਪੰਜਾਲੀ ਗਲੋਂ ਲੱਥ ਜਾਵੇ ਤਾਂ ਉਹ ਆਪਣੀ ਕਾਬਲੀਅਤ ਸਾਬਤ ਕਰ ਸਕਦੇ ਹਨ। ਸਾਡੇ ਵਿੱਚ ਕਈਆਂ ਨੂੰ ਮਾਲਕਾਂ ਦੀ ਜ਼ਾਲਮਾਨਾ ਮਾਰ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਪਤਾ ਸੀ। ਉਹ ਸਮਝਦਾਰ ਤੇ ਅਗਾਂਹ ਵਧੂ ਖਿਆਲਾਂ ਦੇ ਨਾਲ ਅਪਣਾ ਜੀਵਨ ਆਜ਼ਾਦ ਹੋ ਕੇ ਜਿਉਣ ਲੱਗ ਪਏ ਨੇ। ਉਹਨਾਂ ਦੀ ਗੁਲਾਮੀ ਵਾਲੀ ਬੁਰੀ ਜੂਨ ਕੱਟੀ ਜਾ ਚੁੱਕੀ ਹੈ।

Tags: ਗੁਲਾਮੀ ਵਾਲੀ ਜੂਨ ਬੁਰੀ ਆਸਟਿਨ ਸਟੀਵਰਡ