HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਘਰੋਂ ਬੇਘਰ ਹੋਈ ਗੁਰਮੀਤ


Date: Apr 06, 2012

ਡਾ. ਰਹੀਸ਼ ਮਲਹੋਤਰਾ ਬ੍ਰਮਿੰਘਮ
ਚਾਲ੍ਹੀਆਂ ਨੂੰ ਪਹੁੰਚਾ ਸਤੀਸ਼ ਹੁਣ ਫਿਰ ਇੰਡੀਆ ਵਿਆਹ ਕਰਾਉਣ ਲਈ ਤਿਆਰੀਆਂ ਕਰ ਰਿਹਾ ਸੀ। ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਤਾਰਾਂ ਖੜਕਾ ਦਿੱਤੀਆਂ ਸਨ ਅਤੇ ਦੋਸਤਾਂ ਨੂੰ ਵੀ ਇਤਲਾਹ ਦੇ ਦਿੱਤੀ ਸੀ। ਅਖ਼ਬਾਰ ਵਿੱਚ ਇਸ਼ਤਿਹਾਰ ਦੇਣ ਦੇ ਝੰਜਟ ਵਿੱਚ ਐਤਕੀਂ ਉਹ ਨਹੀਂ ਸੀ ਪਿਆ। ਸਤੀਸ਼ ਦੀ ਪੜ੍ਹਾਈ ਦੇ ਮਹਿਕਮੇ ਵਿੱਚ ਚੰਗੀ ਨੌਕਰੀ ਸੀ ਜਿਥੇ ਉਹ ਇੱਕ ਉੱਚ-ਅਧਿਕਾਰੀ ਲੱਗਾ ਹੋਇਆ ਸੀ। ਬੋਲ ਚਾਲ ਨੂੰ ਚੰਟ ਅਤੇ ਚਲਦਾ ਪੁਰਜ਼ਾ! ਲੰਮਾ ਝੰਮਾ ਅਤੇ ਕੱਪੜਿਆਂ 'ਚ ਵਾਹਵਾ ਫੱਬਦਾ ਸੀ।

ਇੰਡੀਆ ਵਿੱਚ, ਸਤੀਸ਼ ਦੀ ਮਾਸੀ ਦੀ ਕੁੜੀ ਵੀ ਉਸੇ ਕਲੀਨਕ ਵਿੱਚ ਕੰਮ ਕਰਦੀ ਸੀ ਜਿਥੇ ਗੁਰਮੀਤ ਪਿਛਲੇ ੬ ਸਾਲ ਤੋਂ ਬਤੌਰ ਨਰਸ ਦਾ ਕੰਮ ਕਰ ਰਹੀ ਸੀ।ਇਹ ਦੋਵੇਂ ਗੂਹੜੀਆਂ ਸਹੇਲੀਆਂ ਵੀ ਸਨ। ਸਤੀਸ਼ ਦੀ ਮਾਸੀ ਦੀ ਕੁੜੀ ਸੁਰਜੀਤ ਨੇ ਗੁਰਮੀਤ ਨੂੰ ਦੱਸਿਆ ਕਿ, "ਸਤੀਸ਼ ਇੰਡੀਆ ਵਿਆਹ ਕਰਵਾਉਣ ਆ ਰਿਹੈ ਅਤੇ ਉਹ ਵਿਚੋਲੀ ਬਣ ਕੇ ਉਹਦਾ ਕੰਮ ਕਰਾ ਸਕਦੀ ਆ।" ਗੁਰਮੀਤ ਦੇ ਹਾਂ ਕਰਨ ਤੇ ਸੁਰਜੀਤ ਨੇ ਉਹਦੇ ਮਾਂ ਬਾਪ ਨਾਲ ਗੱਲ ਕੀਤੀ, "ਮੇਰੀ ਮਾਸੀ ਦਾ ਲੜਕਾ ਸਤੀਸ਼ ਵਿਆਹ ਕਰਵਾਉਣ ਇੰਡੀਆ ਆ ਰਿਹੈ। ਵਲੈਤ ਵਿੱਚ ਉਹ ਪੜ੍ਹਾਈ ਦੇ ਮਹਿਕਮੇ 'ਚ ਵੱਡਾ ਅਫਸਰ ਲੱਗਾ ਹੋਇਐ। ਦੇਖਣ ਚਾਖਣ ਨੂੰ ਫੱਬਦੈ। ਸਿਰਫ ਗੁਰਮੀਤ ਦੀ ਉਮਰ ਦਾ ਸਤੀਸ਼ ਨਾਲੋਂ ੧੫ ਕੁ ਸਾਲ ਦਾ ਫਰਕ ਆ। ਤੁਸੀ ਸਾਰੀ ਸਲਾਹ ਕਰਕੇ ਮੈਨੂੰ ਦੱਸ ਦਿਉ ਕਿਉਂਕਿ ਸਤੀਸ਼ ਨੇ ਅਗਲੇ ਹਫਤੇ ਇੰਡੀਆ ਆ ਜਾਣੈ। ਉਹਦੀ ਛੁੱਟੀ ਵੀ ਚੌਂਹ ਕੁ ਹਫਤਿਆਂ ਦੀ ਆ।" ਗੁਰਮੀਤ ਦੇ ਮਾਂ ਬਾਪ ਨੇ ਕਿਹਾ, "ਸੁਰਜੀਤ ਅਸੀਂ ਸਲਾਹ ਕਰਕੇ ਜਲਦੀ ਹੀ ਦੱਸਾਂਗੇ।"

ਜਿਸ ਹਫਤੇ ਸਤੀਸ਼ ਇੰਡੀਆ ਪਹੁੰਚਾ, ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਕੁੜੀਆਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦ ਸਤੀਸ਼ ਨੇ ਗੁਰਮੀਤ ਨੂੰ ਦੇਖਿਆ ਤਾਂ ਉਹਦਾ ਮਨ ਲੱਟੂ ਹੋ ਗਿਆ। ਗੁਰਮੀਤ ਦੇ ਮਾਂ ਪਿਉ ਅਤੇ ਗੁਰਮੀਤ ਨੂੰ ਵੀ ਸਤੀਸ਼ ਪਸੰਦ ਆ ਗਿਆ। ਬਹੁਤੇ ਅਡੰਬਰਾਂ ਦੇ ਚੱਕਰਾਂ 'ਚ ਪੈਣ ਦੀ ਬਜਾਏ ਸਤੀਸ਼ ਅਤੇ ਗੁਰਮੀਤ ਦਾ ਸਾਦਾ ਜਿਹਾ ਵਿਆਹ ਕਰ ਦਿੱਤਾ ਗਿਆ।

ਹਨੀਮੂਨ ਦੇ ਹਫਤੇ ਤੋਂ ਬਾਅਦ ਸਤੀਸ਼ ਦੀਆਂ ਵਾਪਸ ਇੰਗਲੈਂਡ ਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਖਰੀਦਾ ਫਰੋਖੀ ਅਤੇ ਮੇਲੇ ਗੇਲਿਆਂ ਵਿੱਚ ਸਮਾਂ ਬੀਤਣ ਦਾ ਪਤਾ ਵੀ ਨਾ ਲੱਗਾ। ਸਜ-ਵਿਆਹੀ ਗੁਰਮੀਤ ਨੂੰ ਛੱਡ ਸਤੀਸ਼ ਜਹਾਜ਼ੇ ਚੜ੍ਹ ਆਇਆ। ਸੁਰਜੀਤ ਅਤੇ ਗੁਰਮੀਤ ਦਾ ਸਹੇਲਪੁਣਾਂ ਕਾਰਗਰ ਸਾਬਤ ਹੋ ਗਿਆ ਸੀ ਪਰ ਹੁਣ ਦੂਜੇ ਪਾਸੇ ਇਹਨਾਂ ਖਬਰਾਂ ਦੀ ਵੀ ਭਰਮਾਰ ਸੀ ਕਿ, "ਵਲੈਤੀਏ, ਵਿਆਹ ਤੋਂ ਬਾਅਦ ਕੁੜੀਆਂ ਮੰਗਵਾਉਂਦੇ ਨਹੀਂ।"

ਗੁਰਮੀਤ ਦੇ ਗੁਆਂਢ ਰਹਿੰਦੀ ਜਗਤ ਤਾਈ ਉਹਨਾਂ ਦੇ ਘਰ ਆ ਕੇ ਰੋਜ਼ ਹੀ ਰਿਕਾਰਡ ਵਜਾਉਂਦੀ, "ਭੈਣੇ ਫਲਾਣੀ ਨੇ ਆਪਣੀ ਕੁੜੀ ਇੱਕ ਵਲੈਤੀਏ ਨਾਲ ਵਿਆਹ ਤੀ, ਬਸ ਮੁੜ ਉਹਨੇ ਪਾਂਧਾ ਨਹੀਂ ਪੁੱਛਿਐ। ਦਸ ਸਾਲ ਹੋ ਗਏ ਆ ਕੁੜੀ ਨੂੰ ਘਰ ਬੈਠਿਆਂ, ਚਿੱਠੀਆਂ ਉਡੀਕਦੀ ਨੂੰ।" ਜਗਤ ਤਾਈ ਦੀਆਂ ਐਹੋ ਜੇਹੀਆਂ ਗੱਲਾ ਗੁਰਮੀਤ ਅਤੇ ਉਹਦੇ ਮਾਂ-ਬਾਪ ਨੂੰ ਹੋਰ ਡਰਾਉਂਦੀਆਂ ਅਤੇ ਉਹ ਸੁਰਜੀਤ ਤੇ ਜ਼ੋਰ ਪਾਉਣ ਲੱਗੇ ਕਿ ਉਹ ਵੀ ਸਤੀਸ਼ ਨੂੰ ਕਹੇ ਕਿ ਗੁਰਮੀਤ ਨੂੰ ਜਲਦੀ ਇੰਗਲੈਂਡ ਮੰਗਾ ਲਵੇ। ਗੁਰਮੀਤ ਆਪ ਵੀ ਹਰ ਰੋਜ਼ ਚਿੱਠੀ ਲਿਖਦੀ ਅਤੇ ਕਦੇ ਕਦੇ ਫੋਨ ਕਰਦੀ ਕਿ, "ਹੁਣ ਉਹਦਾ ਦਿਲ ਨਹੀਂਉਂ ਜੇ ਲੱਗਦੈ ਅਤੇ ਮਨ ਦੀ ਵੇਦਨਾਂ ਕਿਸੇ ਹੋਰ ਨੂੰ ਦੱਸਦਿਆਂ ਉਹਨੂੰ ਸੰਗ ਲੱਗਦੀ ਆ।" ਗੁਰਮੀਤ ਆਪਣੇ ਪਤੀ ਸਤੀਸ਼ ਦੇ ਖਿਆਲਾਂ 'ਚ ਗੜੂੰਦ ਰਹਿੰਦੀ ਅਤੇ ਘਰ ਬਾਹਰ, ਦਿਨ ਰਾਤ, ਪਲ-ਪਲ ਵਲੈਤ ਦੇ ਚੱਕਰ ਲਾਉਂਦੀ ਅਤੇ ਇਹ ਸਭ ਸੋਚ ਕੇ ਅੰਦਰੋਂ ਖੀਵੀ ਹੁੰਦੀ ਰਹਿੰਦੀ। ਸਤੀਸ਼ ਉਹਨੂੰ ਫੋਨ ਤੇ ਦਿਲਾਸੇ ਦਿੰਦਾ ਕਿ, "ਬਸ ਕੁੱਝ ਹੀ ਦਿਨਾਂ ਦੀ ਗੱਲ ਆ। ਉਹ ਥੋੜਾ੍ਹ ਸਬਰ ਕਰੇ। ਆਪਣੀ ਸਿਹਤ ਦਾ ਖਿਆਲ ਰੱਖੇ।"

ਸਤੀਸ਼ ਨੇ ਸਾਰੇ ਜ਼ਰੂਰੀ ਕਾਗਜ਼ਾਤ ਹੁਣ ਭੇਜ ਦਿੱਤੇ ਅਤੇ ਗੁਰਮੀਤ ਨੂੰ ਬ੍ਰਿਟਿਸ਼ ਹਾਈ ਕਮਿਸ਼ਨ ਤੋਂ ਇੰਟਰਵਿਊ ਦੀ ਤਰੀਖ ਮਿਲ ਗਈ ਸੀ। ਗੁਰਮੀਤ ਨੂੰ ਇੰਟਰਵਿਊ ਤੇ ਸਰਕਾਰੀ ਅਫਸਰਾਂ ਜ਼ਿਆਦਾ ਸੁਆਲ ਵੀ ਨਾ ਪੁੱਛੇ ਕਿਉਂਕਿ ਪੜ੍ਹੇ-ਲਿਖੇ ਸਤੀਸ਼ ਦੇ ਸਾਰੇ ਕਾਗਜ਼ ਮੂੰਹੋ ਆਪ ਬੋਲਦੇ ਸਨ। ਇੰਟਰੀ ਸਰਟੀਫਿਕੇਟ ਮਿਲਣ ਤੇ ਗੁਰਮੀਤ ਉੱਡੂੰ-ਉੱਡੂੰ ਕਰਨ ਲੱਗੀ। ਗੁਰਮੀਤ ਅਤੇ ਉਹਦੇ ਘਰ ਦੇ ਬਹੁਤ ਖੂਸ਼ ਸਨ। ਉਹਨਾਂ ਸਭ ਨੂੰ ਲੱਗ ਰਿਹਾ ਸੀ ਕਿ, "ਵਲੈਤ ਜਾਣ ਤੇ ਉਹਨਾਂ ਦੀ ਕਾਇਆ ਪਲਟ ਜਾਵੇਗੀ ਅਤੇ ਉਹਨਾਂ ਦੀ ਕੋਈ ਕੁੜੀ ਰਾਜ ਕਰੇਗੀ।" ਉਹ ਸਮਝਦੇ ਸਨ ਕਿ, "ਵਲੈਤ ਵਿੱਚ ਦੁੱਖ ਨਾਂ ਦੀ ਕੋਈ ਚੀਜ਼ ਨਹੀਂ, ਉੱਥੇ ਤਾਂ ਬਸ ਸੁੱਖ ਅਰਾਮ ਈ ਆ। ਗੋਰੀ ਸਰਕਾਰ ਅਤੇ ਲੋਕ ਉਹਨਾਂ ਦੀ ਆਉ ਭਗਤ ਲਈ ਤਿਆਰ ਖੜ੍ਹੇ ਆ।"

ਇੰਟਰੀ ਸਰਟੀਫਿਕੇਟ ਮਿਲਣ ਤੋਂ ਮਹੀਨਾ ਕੁ ਬਾਅਦ ਗੁਰਮੀਤ ਇੰਗਲੈਂਡ ਆ ਗਈ। ਸਤੀਸ਼ ਨੇ ਆਪਣਾ ਘਰ ਲਿਆ ਹੋਇਆ ਸੀ ਅਤੇ ਇਸੇ ਕਰਕੇ ਕਿਰਾਏ ਦੇ ਕਮਰਿਆਂ ਅਤੇ ਮਕਾਨਾਂ ਦਾ ਝੰਜਟ ਨਹੀਂ ਸੀ। ਗੁਰਮੀਤ ਨੂੰ ਸਤੀਸ਼ ਵਲੈਤੀ ਰੰਗ ਢੰਗ ਸਿਖਾ ਰਿਹਾ ਸੀ ਕਿ, ਗੈਸ ਕੁੱਕਰ ਕਿਵੇਂ ਵਰਤਣੈ ਅਤੇ ਗਰਮ ਪਾਣੀ ਦੀ ਕੰਜੂਸੀ ਕਿਵੇਂ ਕਰਨੀ ਆ।" ਗੁਰਮੀਤ ਵਲੈਤ ਦੇ ਘਰਾਂ ਅਤੇ ਬਾਹਰੀ ਸਫਾਈ ਦੇਖ ਕੇ ਹੈਰਾਨ ਹੋ ਰਿਹਾ ਸੀ। ਉਹਨੂੰ ਇਸ ਗੱਲ ਦੀ ਹੈਰਾਨੀ ਹੋ ਰਹੀ ਸੀ ਕਿ ਵਲੈਤੀ ਘਰਾਂ ਵਿੱਚ ਖਿੜਕੀਆਂ ਸ਼ੀਸ਼ੇ ਦੀਆਂ ਹਨ ਅਤੇ ਕੀ ਕੋਈ ਖਿੜਕੀ ਭੰਨ ਕੇ ਘਰ ਅੰਦਰ ਨਹੀਂ ਸੀ ਆ ਸਕਦਾ? ਸੜਕਾਂ ਤੇ ਇੱਕ ਚਾਲੇ ਤੁਰੇ ਜਾਂਦੇ ਟਰੈਫਿਕ ਵੱਲ ਦੇਖ ਉਹਦੀਆਂ ਅੱਖਾਂ ਦੀਆਂ ਪੁਤਲੀਆਂ ਹੋਰ ਚੌੜੀਆਂ ਹੋ ਜਾਂਦੀਆਂ ਕਿ ਵਲੈਤ ਵਿੱਚ ਕੋਈ ਹੌਰਨ ਨਹੀਂ ਸੀ ਵਜਾ ਰਿਹਾ ਅਤੇ ਆਮ ਬੋਲ ਚਾਲ ਵਿੱਚ ਲੋਕ ਥੈਂਕ ਯੂ, ਪਲੀਜ਼ ਕਹਿ ਰਹੇ ਸਨ।ਗੁਰਮੀਤ ਨੂੰ ਸਭ ਤੋਂ ਜਿਆਦਾ ਹੈਰਾਨੀ ਹੋਈ ਕਿ ਵਲੈਤ ਵਿੱਚ ਸਾਰੇ ਲੋਕ ਆਪ ਆਪਣਾਂ ਕੰਮ ਕਰ ਰਹੇ ਸਨ ਅਤੇ ਨੌਕਰ ਨੌਕਰਾਣੀਆਂ ਦਾ ਕਿਤੇ ਨਾਂ ਨਿਸ਼ਾਨ ਨਹੀਂ ਸੀ। ਵਲੈਤ ਦੀ ਅਮੀਰੀ ਅਤੇ ਇੰਡੀਆ ਦੀ ਭੁੱਖ-ਨੰਗ ਦਾ ਫਰਕ ਉਹਨੂੰ ਸਾਫ ਦਿਸ ਰਿਹਾ ਸੀ। ਵਲੈਤ ਵਿੱਚ ਨਾਂ ਤਾਂ ਉਹਨੂੰ ਸਾਧਾਂ ਮੰਗਤਿਆਂ ਦੇ ਟੋਲੇ ਦਿਸ ਰਹੇ ਸਨ ਅਤੇ ਨਾਂ ਹੀ ਰਿਕਸ਼ੇ, ਥ੍ਰੀਵੀਲਰ, ਟੈਂਪੂ ਅਤੇ ਫੇਰੀਵਾਲੇ ਜੋ ਸੰਘ ਪਾੜ-ਪਾੜ ਇੰਡੀਆ 'ਚ ਆਪਣਾ ਮਾਲ ਵੇਚਦੇ ਹਨ। ਮੱਖੀ ਮੱਛਰ ਅਤੇ ਕੀੜੇ-ਮਕੌੜਿਆਂ ਦੀ ਅਣਹੋਂਦ ਨੇ ਵੀ ਗੁਰਮੀਤ ਨੂੰ ਬੜਾ ਪ੍ਰਭਾਵਿਤ ਕੀਤਾ ਸੀ। ਗੁਰਮੀਤ ਦੇ ਬਹੁਤ ਸਾਰੇ ਤੌਖਲੇ ਸਤੀਸ਼ ਨੇ ਗੱਲਾਂ ਰਾਹੀਂ ਦੂਰ ਕਰ ਦਿੱਤੇ ਸਨ ਅਤੇ ਕੁੱਝ ਗੰਢਾਂ ਉਹਨੇ ਆਪ ਈ ਖੋਹਲ ਲਈਆਂ ਸਨ।

ਹੁਣ ਗੁਰਮੀਤ ਘਰ ਬੈਠੀ ਟੀ.ਵੀ. ਦੇਖਦੀ ਰਹਿੰਦੀ ਪਰ ਉਹਨੂੰ ਵਲੈਤੀ ਅੰਗਰੇਜ਼ੀ ਦੀ ਸਮਝ ਨਾਂ ਲੱਗਦੀ। ਸਤੀਸ਼ ਉਹਨੂੰ ਅੰਗਰੇਜ਼ੀ ਦੇ ਉਚਾਰਣ ਬਾਰੇ ਸਮਝਾਉਂਦਾ ਅਤੇ ਉਹਨੇ ਕੁਝ ਟੇਪਸ ਵੀ ਲਾਇਬ੍ਰੇਰੀ ਵਿੱਚੋਂ ਲਿਆ ਕੇ ਗੁਰਮੀਤ ਨੂੰ ਦੇ ਦਿੱਤੀਆਂ ਤਾਂ ਕਿ ਉਹਦੀ ਅੰਗਰੇਜ਼ੀ ਵਿੱਚ ਸੁਧਾਰ ਹੋ ਸਕੇ। ਗੁਰਮੀਤ ਵਲੈਤ ਆ ਕੇ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖ ਰਹੀ ਸੀ ਅਤੇ ਉਹਦੇ ਪਹਿਲੇ ਤਿੰਨ ਹਫਤੇ ਬੜੇ ਚੰਗੇ ਗੁਜ਼ਰੇ। ਸਤੀਸ਼ ਸ਼ਾਮ ਨੂੰ ਘਰ ਆ ਕੇ ਗੁਰਮੀਤ ਨੂੰ ਬਾਹਰ ਘੁੰਮਣ ਫਿਰਨ ਲਈ ਲੈ ਜਾਂਦਾ ਅਤੇ ਵੀਕਇੰਡ ਤੇ ਸ਼ੌਪਿੰਗ ਕਰਾਂਉਦਾ। ਗੁਰਮੀਤ ਦਿਲ ਈ ਦਿਲ ਵਿੱਚ ਸੁਰਜੀਤ ਨੂੰ ਅਸੀਸਾਂ ਦਿੰਦੀ ਜਿਸਨੇ ਸਤੀਸ਼ ਵਾਰਗਾ ਪਤੀ ਲੱਭ ਕੇ ਦਿੱਤਾ ਸੀ। ਗੁਰਮੀਤ ਆਪਣੀਆਂ ਖੁਸ਼ੀਆਂ ਆਪਣੇ ਮਾਂ ਬਾਪ ਅਤੇ ਭੈਣ ਭਰਾ ਨਾਲ ਵੀ ਫੋਨ ਤੇ ਸ਼ਾਂਝੀਆਂ ਕਰਦੀ। ਸਤੀਸ਼ ਵੀ ਆਪਣੇ ਸਹੁਰਿਆਂ ਨੂੰ ਹਰ ਹਫਤੇ ਫੋਨ ਕਰ ਲੈਂਦਾ। ਗੁਰਮੀਤ ਦੀਆਂ ਖੁਸ਼ੀਆਂ ਨੂੰ ਉਸ ਵੇਲੇ ਤੇੜ ਆਉਣੀ ਸ਼ੁਰੂ ਹੋ ਗਈ ਜਿਸ ਦਿਨ ਅਚਾਨਕ ਈ ਦੋ ਲੜਕੇ ਉਹਦੇ ਘਰ ਆ ਗਏ।ਉਹਨਾਂ ਦੀਆਂ ਉਮਰਾਂ ੧੭ ਅਤੇ ੧੮ ਸਾਲ ਦੀਆਂ ਸਨ। ਲੜਕਿਆਂ ਦੇ ਡੋਰ ਕਰਨ ਤੇ ਗੁਰਮੀਤ ਨੇ ਦਰਵਾਜ਼ਾ ਖੋਹਲ ਦਿੱਤਾ ਅਤੇ ਉਹ ਦੋਵੇਂ ਧੁੱਸ ਕੇ ਅੰਦਰ ਆ ਵੜੇ। ਸਤੀਸ਼ ਅਜੇ ਕੰਮ ਤੋਂ ਵਾਪਿਸ ਘਰ ਨਹੀਂ ਆਇਆ ਸੀ। ਮੁੰਡਿਆਂ ਨੇ ਆਉਂਦਿਆਂ ਈ ਕਿਹਾ, "ਹੂਅ ਆਰ ਯੂ?"(ਤੂੰ ਕੌਣ ਆ?) ਇਹ ਸੁਣ ਕੇ ਗੁਰਮੀਤ ਦੇ ਖਾਨਿਉ ਗਈ ਕਿ ਇਹ ਕੀ ਭਾਣਾ ਵਰਤ ਗਿਆ ਸੀ। ਮੁੰਡਿਆਂ ਘਰ 'ਚ ਪਿਆ ਕੋਕ ਤੇ ਕ੍ਰਿਪਸ ਖਾਣੇ ਸ਼ੁਰੂ ਕਰ ਦਿੱਤੇ ਅਤੇ ਬੈੱਡਰੂਮ ਵਿੱਚ ਜਾ ਚੜ੍ਹੇ। ਉਹ ਦਗੜ-ਦਗੜ ਕਰਦੇ ਫਿਰਦੇ ਸਨ। ਘਰ ਦੀ ਕਾਰਪਿੱਟ ਜੁੱਤੀਆਂ ਨਾਲ ਖਰਾਬ ਕਰ ਦਿੱਤੀ ਅਤੇ ਘਰ 'ਚ ਪਈਆਂ ਚੀਜ਼ਾਂ ਖਿਲਾਰ ਦਿੱਤੀਆਂ। ਬਾਅਦ 'ਚ ਗੁਰਮੀਤ ਨੂੰ ਅਵਾ ਤਵਾ ਬੋਲਣ ਲੱਗ ਪਏ। ਉਹਨਾਂ ਦੀ ਅੰਗਰੇਜ਼ੀ ਦਾ ਬਹੁਤਾ ਹਿੱਸਾ ਗੁਰਮੀਤ ਨੂੰ ਸਮਝ ਨਾ ਲੱਗਾ ਅਤੇ ਉਹ ਬੁਰੀ ਤਰ੍ਹਾਂ ਬੌਦਲ ਗਈ ਕਿ ਇਹ ਸਭ ਮਾਜ਼ਰਾ ਕੀ ਸੀ। ਗੁਰਮੀਤ ਨੇ ਸਤੀਸ਼ ਨੂੰ ਫੋਨ ਕੀਤਾ ਅਤੇ ਇਸ ਸਾਰੇ ਬਾਰੇ ਦੱਸਿਆ। ਥੋੜ੍ਹੀ ਦੇਰ ਬਾਅਦ ਸਤੀਸ਼ ਘਰ ਆ ਗਿਆ। ਸਤੀਸ਼ ਨੇ ਗੁਰਮੀਤ ਨੂੰ ਦੱਸਿਆ, "ਇਹ ਮੇਰੇ ਪਹਿਲੇ ਵਿਆਹ ਦੇ ਲੜਕੇ ਆ ਅਤੇ ਮੈਨੂੰ ਮਿਲਣ ਆਏ ਆ।" ਗੁਰਮੀਤ ਪੁੱਛਿਆ, "ਤੁਸੀਂ ਮੈਨੂੰ ਪਹਿਲਾਂ ਤਾਂ ਇਸ ਬਾਰੇ ਕਦੇ ਨਹੀਂ ਦੱਸਿਆ? ਨਾਲੇ ਇਹਨਾਂ ਦੀ ਮਾਂ ਕਿੱਥੇ ਆ?" ਸਤੀਸ਼ ਨੇ ਜੁਆਬ ਦਿੱਤਾ, "ਮੈਂ ਸਮਝਿਆ ਕਿ ਤੇਰੀ ਸਹੇਲੀ ਸੁਰਜੀਤ ਨੇ ਸਭ ਕੁਝ ਦੱਸ ਦਿੱਤਾ ਹੋਵੇਗਾ। ਇਹਨਾਂ ਮੁੰਡਿਆਂ ਦੀ ਮਾਂ ਨੂੰ ਦਿਮਾਗੀ ਸਮੱਸਿਆ ਏ ਅਤੇ ਉਹ ਹਸਪਤਾਲ 'ਚ ਜ਼ੇਰੇ ਇਲਾਜ਼ ਆ।" ਦੋਵਾਂ ਮੁੰਡਿਆਂ ਨੂੰ ਵੀ ਸਤੀਸ਼ ਨੇ ਦੱਸ ਦਿੱਤਾ ਕਿ, "ਗੁਰਮੀਤ ਉਹਦੀ ਨਵੀਂ ਪਤਨੀ ਆ ਅਤੇ ਉਹ ਇੰਡੀਆ ਤੋਂ ਆਈ ਨੂੰ ਅਜੇ ਤਿੰਨ ਕੁ ਹਫਤੇ ਹੋਏ ਆ।" ਮੁੰਡਿਆਂ ਸੁਣ ਕੇ ਮੂੰਹ ਟੇਢਾ ਕੀਤਾ ਅਤੇ ਸਿਰਫ ਏਨਾ ਕਿਹਾ, "ਵੂਈ ਡੌਂਟ ਲਾਈਕ ਹਰ। (ਅਸੀਂ ਇਹਨੂੰ ਪਸੰਦ ਨਹੀਂ ਕਰਦੇ)।" ਸਤੀਸ਼ ਚੁੱਪ ਰਿਹਾ। ਥੋੜੀ ਦੇਰ ਬਾਅਦ ਦੋਵੇਂ ਮੁੰਡੇ ਘਰੋਂ ਬਾਹਰ ਚਲੇ ਗਏ।

ਮੁੰਡਿਆਂ ਦੇ ਜਾਣ ਤੋਂ ਬਾਅਦ ਸਤੀਸ਼ ਅਤੇ ਗੁਰਮੀਤ ਕਾਫੀ ਦੇਰ ਬਹਿਸਦੇ ਰਹੇ ਅਤੇ ਆਖਿਰ ਤੋੜਾ ਇਸ ਗੱਲ ਤੇ ਟੁੱਟਾ ਕਿ ਗੁਰਮੀਤ ਮੁੰਡਿਆਂ ਦੇ ਵਰਤਾਵ ਦਾ ਬੁਰਾ ਮਨਾਵੇ ਅਤੇ ਸਤੀਸ਼ ਵੀ ਉਨ੍ਹਾਂ ਨੂੰ ਸਮਝਾਵੇਗਾ ਕਿ ਉਹ ਗੁਰਮੀਤ ਨਾਲ ਅੱਥਰਾ ਵਰਤਾਵ ਨਾ ਕਰਨ। ਇਸ ਤੋਂ ਬਾਅਦ ਦੋਵੇਂ ਮੁੰਡੇ ਜਦ ਦਿਲ ਕਰਦਾ ਘਰ ਆ ਜਾਂਦੇ ਅਤੇ ਆਪੇ ਈ ਖਾ ਪੀ ਕੇ ਪਿਉ ਨੂੰ ਮਿਲ ਕੇ ਤੁਰ ਜਾਂਦੇ। ਘਰ ਦੀਆਂ ਚੀਜ਼ਾਂ ਤੋੜ ਭੰਨ ਜਾਂਦੇ, ਕੱਪੜੇ ਖਿਲਾਰ ਜਾਂਦੇ ਅਤੇ ਘਰ 'ਚ ਗੰਦ ਪਾ ਜਾਂਦੇ। ਗੁਰਮੀਤ ਨੂੰ, ਪਿਉ ਦੀ ਗੈਰ ਹਾਜ਼ਰੀ ਵਿੱਚ ਬਕਵਾਸ ਕਰਦੇ। ਮੁੰਡਿਆਂ ਨੂੰ ਅੰਗਰੇਜ਼ੀ ਈ ਆਉਂਦੀ ਸੀ ਅਤੇ ਉਹਨਾਂ ਦੀਆਂ ਬਹੁਤ ਗਾਲ੍ਹਾਂ ਦੀ ਸਮਝ ਵੀ ਨਾ ਲੱਗਦੀ। ਉਹ ਐਫ ਅਤੇ ਬੀ ਸ਼ਬਦ ਦੀ ਹਰ ਗੱਲ ਨਾਲ ਵਰਤੋਂ ਕਰਦੇ। ਉਹ ਹਫਤੇ ਵਿੱਚ ਦੋ ਤਿੰਨ ਵਾਰ ਗੇੜਾ ਮਾਰਦੇ ਅਤੇ ਗੁਰਮੀਤ ਨੂੰ ਰੋਣਹੱਕੀ ਕਰਕੇ ਛੱਡ ਜਾਂਦੇ। ਇਸ ਕੁੱਤਪੁਣੇ ਤੋਂ ਬਚਾਅ ਲਈ ਗੁਰਮੀਤ ਨੇ ਮੁੰਡਿਆਂ ਦੇ ਘਰ ਆਉਣ ਤੇ ਘਰੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ। ਉਹ ਉਸ ਵਕਤ ਗੁਰਦੁਆਰੇ ਚਲੇ ਜਾਂਦੀ ਅਤੇ ਘਰ ਵਾਪਿਸ ਦੋ ਕੁ ਘੰਟੇ ਬਾਅਦ ਆਉਂਦੀ ਇਸ ਤਰੀਕੇ ਦੀ ਸਲਾਹ ਵੀ ਸਤੀਸ਼ ਨੇ ਹੀ ਦਿੱਤੀ ਸੀ। ਗੁਰਮੀਤ ਨੇ ਮੁੰਡਿਆਂ ਨੂੰ ਆਪਣਾ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੀ।

ਹੁਣ ਇੱੱਕ ਐਤਵਾਰ ਅਤੇ ਉਹ ਸੁੱਤੇ ਵੀ ਨਹੀਂ ਸੀ ਉੱਠੇ ਕਿ ਘਰ ਦੀ ਘੰਟੀ ਵੱਜਣ ਲੱਗ ਪਈ। ਗੁਰਮੀਤ ਜਦ ਹੇਠਾਂ ਦਰਵਾਜ਼ਾ ਖੋਹਲਣ ਗਈ ਤਾਂ ਦੋ ਗੋਰੇ ਰੰਗ ਦੇ ਵੇਥਵੇ ਜਿਹੇ ਮੁੰਡੇ ਘਰ ਅੰਦਰ ਆ ਵੜੇ। ਇਹ ਦਸ ਅਤੇ ੧੨ ਸਾਲ ਦੇ ਮੁੰਡੇ ਪੁੱਛਣ ਲੱਗੇ, "ਵੇਅਰ ਇਜ਼ ਅਵਰ ਡੈਡ? (ਸਾਡਾ ਪਿਉ ਕਿਥੇ ਆ?) ਗੁਰਮੀਤ ਇਹ ਸੁਣ ਕੇ ਚਕਰਾ ਗਈ ਕਿ ਇਹ ਕੀ ਹੋ ਰਿਹਾ ਸੀ। ਇੰਨੇ ਨੂੰ ਸਤੀਸ਼ ਵੀ ਹੇਠਾਂ ਆ ਗਿਆ ਅਤੇ ਮੁੰਡਿਆਂ ਨੂੰ ਪਿਆਰ ਕਰਨ ਲੱਗ ਪਿਆ। ਦੋਵਾਂ ਮੁੰਡਿਆਂ ਟੀ.ਵੀ. ਲਾ ਲਿਆ ਅਤੇ ਸੈਟੀ ਉੱਪਰ ਬੈਠ ਗਏ। ਗੁਰਮੀਤ ਦਾ ਮੂੰਹ ਖੁਲ੍ਹੇ ਦਾ ਖੁਲ੍ਹਾ ਰਹਿ ਗਿਆ। ਕਿਚਨ ਵਿੱਚ ਲੈ ਜਾ ਗੁਰਮੀਤ ਨੇ ਜਦ ਸਤੀਸ਼ ਨੂੰ ਮੁੰਡਿਆਂ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ, "ਹਾਂ, ਇਹ ਮੇਰੇ ਨਿਆਣੇ ਆ। ਪਹਿਲੇ ਵਿਆਹ ਦੇ ਤਲਾਕ ਤੋਂ ਬਾਅਦ ਮੈਂ ਇੱਕ ਗੋਰੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਮੈਨੂੰ ਹੁਣ ਇਨ੍ਹਾਂ ਦੋਵੇਂ ਲੜਕਿਆਂ ਨੂੰ ਵੀ ਖਰਚਾ ਦੇਣਾ ਪੈਂਦਾ ਅਤੇ ਇਹ ਮੈਨੂੰ ਹਰ ਹਫਤੇ ਮਿਲਣ ਵੀ ਆ ਸਕਦੇ ਆ। ਇਹ ਆਪਣੀ ਮਾਂ ਨਾਲ ਛੁੱਟੀਆਂ ਤੇ ਗਏ ਸੀ ਅਤੇ ਬਸ ਫਰਾਈਡੇ ਈ ਵਾਪਿਸ ਆਏ ਆ। ਮੈਂ ਸੌਰੀ ਆ, ਮੈਂ ਤੈਨੂੰ ਇਹਨਾਂ ਬਾਰੇ ਪਹਿਲਾਂ ਨਹੀਂ ਦੱਸ ਸਕਿਆ।" ਗੁਰਮੀਤ ਇਹ ਸੁਣ ਕੁਝ ਨਾ ਬੋਲੀ ਅਤੇ ਉੱਪਰ ਜਾ ਕੇ ਲੰਮੀ ਪੈ ਗਈ। ਉਹ ਸੋਚ ਰਹੀ ਸੀ ਕਿ ਮੈਂ ਐਹੋ ਜੇਹੀਆਂ ਗੱਲਾਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚੀਆਂ। ਇਹ ਕੀ ਹੋ ਰਿਹਾ ਸੀ। ਮੈਨੂੰ ਮੇਰੇ ਆਦਮੀ ਨੇ ਅਜੇ ਖੋਰੇ ਕੀ ਕੀ ਸੱਚ ਨਹੀਂ ਸੀ ਦੱਸਿਆ। ਆਏ ਦਿਨ ਨਵੀਆਂ ਨਵੀਆਂ ਗੱਲਾਂ ਬਾਹਰ ਆ ਰਹੀਆਂ ਸਨ। ਗੁਰਮੀਤ ਨੇ ਮਨ ਨੂੰ ਧਰਵਾਸ ਦੇਣ ਲਈ ਉੱਠ ਕੇ ਤਿਆਰੀ ਕੀਤੀ ਅਤੇ ਗੁਰਦੁਆਰੇ ਚਲੇ ਗਈ। ਗੁਰਦੁਆਰੇ ਤੋਂ ਵਾਪਿਸ ਦੁਪਹਿਰ ਤੋਂ ਬਾਅਦ ਈ ਆਈ। ਗੁਰਦੁਆਰੇ ਈ ਉਹਨੇ ਕਿਸੇ ਨਾਲ ਕੰਮ ਬਾਰੇ ਗੱਲ ਕੀਤੀ ਤਾਂ ਇੱਕ ਨਰਸਿੰਗ ਹੋਮ ਵਿੱਚ ਕੰਮ ਮਿਲ ਗਿਆ। ਇਹ ਨਰਸਿੰੰਗ ਹੋਮ ਵੀ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ। ਘਰ ਦੇ ਕੋਲੋਂ ਈ ਬੱਸ ਜਾਂਦੀ ਸੀ ਲੰਬੀਆਂ ਸ਼ਿਫਟਾਂ ਹੋਣ ਕਰਕੇ ਗੁਰਮੀਤ ਦਾ ਹੁਣ ਜ਼ਿਆਦਾ ਸਮਾਂ ਨਰਸਿੰਗ ਹੋਮ ਵਿੱਚ ਬਜ਼ੁਰਗ ਗੋਰੇ ਗੋਰੀਆਂ ਦੀ ਦੇਖਭਾਲ ਕਰਨ ਵਿੱਚ ਈ ਗੁਜ਼ਰਦਾ। ਸ਼ਾਮ ਨੂੰ ਉਹ ਘਰ ਥੱਕੀ ਟੁੱਟੀ ਆਉਂਦੀ। ਉਹਦੇ ਬਣਾਏ ਅਤੇ ਸੋਚੇ ਸੁਪਨੇ ਫੀਤਾ ਫੀਤਾ ਹੋ ਰਹੇ ਸਨ ਪਰ ਉਹ ਫਿਰ ਵੀ ਸੰਭਾਲ ਰਹੀ ਸੀ ਅਤੇ ਹਾਲਾਤ ਨਾਲ ਸਮਝੋਤਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਹੁਣ ਵੀਕਇੰਡ ਤੇ ਜਾਂ ਛੁੱਟੀ ਵਾਲੇ ਦਿਨ ਚਾਰੇ ਮੁੰਡੇ ਪਿਉ ਨੂੰ ਮਿਲਣ ਆ ਜਾਂਦੇ ਅਤੇ ਜਿਸ ਦਿਨ ਸਤੀਸ਼ ਘਰ ਨਾਂ ਹੁੰਦਾ, ਉਹ ਖਪ ਮਚਾਂਉਦੇ ਅਤੇ ਗੁਰਮੀਤ ਨੂੰ ਗਾਲ੍ਹਾ ਬਕਦੇ। ਗੰਦਾ ਮੰਦਾ ਬੋਲਣਾ ਉਹਨਾਂ ਹੁਣ ਸਤੀਸ਼ ਦੇ ਸਾਹਮਣੇ ਵੀ ਸ਼ੁਰੂ ਕਰ ਦਿੱਤਾ ਸੀ। ਵਲੈਤੀ ਸਖਤ ਕਾਨੂੰਨਾਂ ਕਰਕੇ ਸਤੀਸ਼ ਮੁੰਡਿਆਂ ਤੇ ਹੱਥ ਵੀ ਨਹੀਂ ਸੀ ਚੁੱਕ ਸਕਦਾ ਅਤੇ ਇਸੇ ਕਰਕੇ ਗੁਰਮੀਤ ਨੂੰ ਉਹਨੇ ਕਹਿ ਦਿੱਤਾ ਸੀ ਕਿ, "ਉਹ ਗੁਰਦੁਆਰੇ ਚਲੇ ਜਾਇਆ ਕਰੇ।" ਕਈ ਵਾਰ ਬਾਹਰ ਬਾਰਸ਼ ਹੋ ਰਹੀ ਹੁੰਦੀ ਅਤੇ ਝੁੱਲਦੇ ਝੱਖੜ ਵਿੱਚ ਗੁਰਮੀਤ ਗੁਰਦੁਆਰੇ ਜਾਂਦੀ ਤਾਂ ਕਿ ਸਤੀਸ਼ ਆਪਣੇ ਚੌਂਹ ਮੁੰਡਿਆਂ ਨਾਲ ਘਰ ਵਿੱਚ ਸਮਾਂ ਗੁਜ਼ਾਰ ਸਕੇ। ਇੱਕ ਦਿਨ ਸ਼ਾਮ ਦੇ ੯ ਵੱਜ ਗਏ ਅਤੇ ਗੁਰਦਆਰੇ ਤੋਂ ਸਾਰੀ ਸੰਗਤ ਆਪਣੇ ਆਪਣੇ ਘਰੀਂ ਚਲੇ ਗਈ। ਗੁਰਮੀਤ ਨੂੰ ਬਾਹਰ ਪੈਂਦੀ ਬਰਫਬਾਰੀ ਵਿੱਚ ਬੱਸ ਸਟੈਂਡ ਤੇ ਘੰਟਾ ਗੁਜ਼ਾਰਨਾ ਪਿਆ ਕਿਉਂਕਿ ਸਤੀਸ਼ ਦਾ ਅਜੇ ਉਹਨੂੰ ਮੋਬਾਇਲ ਫੋਨ ਨਹੀਂ ਸੀ ਆਇਆ ਕਿ, "ਉਹ ਘਰ ਆ ਸਕਦੀ ਆ।" ਗੁਰਮੀਤ ਦਾ ਆਪਣਾ ਹੁੰਦਿਆਂ ਹੋਇਆਂ ਘਰ ਵੀ ਘਰ ਨਹੀਂ ਸੀ। ਉਹ ਆਪਣੇ ਈ ਘਰ ਵਿੱਚ ਜਾਨ ਲਕੋਂਦੀ ਫਿਰਦੀ ਸੀ। ਉਹ ਵਿਆਹੀ ਵਰ੍ਹੀ ਹੋਣ ਦੇ ਬਾਵਜੂਦ ਰੀਫਿਊਜ਼ੀਆਂ ਵਾਂਗ ਰਹਿ ਰਹੀ ਸੀ। ਉਹਦਾ ਇੰਗਲੈਂਡ ਵਿੱਚ ਨਾਂ ਤਾਂ ਕੋਈ ਰਿਸ਼ਤੇਦਾਰ ਸੀ ਅਤੇ ਨਾ ਹੀ ਜਾਣੂ ਪਛਾਣੂੰ। ਉਹ ਉਦਾਸ ਰਹਿਣ ਲੱਗ ਪਈ ਪਰ ਉਹਨੇ ਇਸ ਸਾਰੇ ਵਾਰੇ ਆਪਣੇ ਮਾਂ ਪਿਉ ਨੂੰ ਨਾ ਦੱਸਿਆ। ਉਹਨੇ ਸੋਚਿਆ ਕਿ ਉਹ ਇਹ ਸਭ ਜਾਣ ਕੇ ਦੁੱਖੀ ਹੋਣਗੇ ਅਤੇ ਕਰ ਉਹ ਸਕਦੇ ਕੁਝ ਨਹੀਂ। ਮੁੰਡਿਆਂ ਦੇ ਘਰ ਆਉਣ ਜਾਣ ਅਤੇ ਗੁਰਮੀਤ ਦਾ ਉਸ ਵੇਲੇ ਘਰੋਂ ਬਾਹਰ ਚਲੇ ਜਾਣ ਅਤੇ ਸਤੀਸ਼ ਦੇ ਫੋਨ ਆਉਣ ਤੇ ਈ ਘਰ ਵਾਪਿਸ ਆਉਣ ਵਾਲੀ ਗੱਲ, ਇੱਕ ਕਿਸਮ ਦੀ ਹੁਣ ਰੋਟੀਨ ਬਣ ਗਈ ਸੀ। ਇਸ ਤੋਂ ਬਿਨਾਂ ਸਤੀਸ਼ ਦੀ ਵਲੈਤ ਰਹਿੰਦੀ ਭੈਣ ਵੀ ਗੁਰਮੀਤ 'ਚ ਸਦਾ ਨੁਕਸ ਕੱਢਦੀ ਕਿ ਤੈਨੂੰ ਵਲੈਤ ਦੇ ਤੌਰ ਤਰੀਕੇ ਨਹੀਂ ਆਉਂਦੇ। ਤੈਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਤੂੰ ਨਰਕ ਤੋਂ ਸੁਰਗ 'ਚ ਆ ਗਈ ਆ।" ਰਹਿੰਦੀ ਖੂੰਹਦੀ ਕਸਰ ਉਦੋਂ ਪੂਰੀ ਹੋ ਗਈ ਜਦੋਂ ਸਤੀਸ਼ ਦੋ-ਦੋ, ਤਿੰਨ-ਤਿੰਨ ਹਫਤੇ ਘਰੋਂ ਬਾਹਰ ਰਹਿਣ ਲੱਗ ਪਿਆ ਕਿ, "ਕੰਮ ਦੇ ਸਿਲਸਿਲੇ ਵਿੱਚ ਉਹਨੂੰ ਸ਼ਹਿਰੋਂ ਬਾਹਰ ਜਾਣਾ ਪੈਂਦਾ।" ਗੁਰਮੀਤ ਲਈ ਇਹ ਸਮਾਂ ਬੜਾ ਮੁਸ਼ਕਲ ਹੁੰਦੈ। ਉਹ ਕਿਸੇ ਨਾਲ ਵੀ ਆਪਣੇ ਮਨ ਦੀ ਗੱਲ ਨਹੀਂ ਸੀ ਕਰ ਸਕਦੀ। ਗੁਰਮੀਤ ਨੂੰ ਹੁਣ ਚਾਰੇ ਮੁੰਡੇ ਫੋਨ ਤੇ ਵੀ ਮੰਦਾ ਬੋਲਦੇ ਅਤੇ ਸਦਾ ਇਹ ਕਹਿੰਦੇ ਕਿ, "ਵਾਈ ਡੌਂਟ ਯੂ ਗੋ ਬੈਕ। ਲੀਵ ਅਵਰ ਡੈਡ ਅਲੋਨ। ਯੂ ਬਿੱਚ।"(ਤੂੰ ਵਾਪਿਸ ਕਿਉਂ ਨਹੀਂ ਚਲੀ ਜਾਂਦੀ ਅਤੇ ਸਾਡੇ ਪਿਉ ਦਾ ਪਿੱਛਾ ਛੱਡ ਕੁੱਤੀਏ)।

ਗੁਰਮੀਤ ਘਰ ਬੈਠੀ ਰੋਂਦੀ ਰਹਿੰਦੀ ਅਤੇ ਇਸ ਸਾਰੇ ਮਾਹੌਲ ਨੇ ਉਹਨੂੰ ਉਦਾਸੀ ਵੱਲ ਧਕੇਲ ਦਿੱਤਾ। ਉਹਦਾ ਖਾਣ ਪੀਣ ਨੂੰ ਚਿੱਤ ਨਾ ਕਰਦਾ ਅਤੇ ਉਹਦਾ ਭਾਰ ਵੀ ਘੱਟਣ ਲੱਗਾ। ਉਹਨੂੰ ਹੁਣ ਇਹ ਵੀ ਭਿਣਕ ਪੈ ਗਈ ਸੀ ਕਿ ਸਤੀਸ਼ ਦਾ ਕਿਸੇ ਗੋਰੀ ਕੁਲੀਗ ਨਾਲ ਚੱਕਰ ਚੱਲ ਰਿਹਾ ਅਤੇ ਉਹ ਕੰਮ ਦੇ ਬਹਾਨੇ ਗੋਰੀ ਦੋਸਤ ਨਾਲ ਦੋ ਦੋ ਤਿੰਨ ਤਿੰਨ ਹਫਤੇ ਬਾਹਰ ਗੁਜ਼ਾਰਦੈ। ਗੋਰੀ ਜੂਲੀ ਦੇ ਅਕਸਰ ਘਰ ਫੋਨ ਘਰ ਫੋਨ ਆਉਂਦੇ ਅਤੇ ਕਦੇ ਕਦੇ ਸਤੀਸ਼ ਦੀ ਗੈਰਹਾਜ਼ਰੀ ਵਿੱਚ ਫੋਨ ਚੁੱਕਣ ਤੇ ਜੂਲੀ ਅੱਖੜ ਬੋਲਦੀ।ਗੁਰਮੀਤ ਨੂੰ ਕੰਮ ਤੇ ਵੀ ਉਹਦੀ ਇੱਕ ਬਣੀ ਸਹੇਲੀ ਨੇ ਦੱਸਿਆ ਕਿ, "ਸਤੀਸ਼ ਨੂੰ ਉਹਨੇ ਗੋਰੀ ਜੂਲੀ ਨੂੰ ਕਿੱਸਾਂ ਕਰਦੇ ਦੇਖਿਆ ਸੀ।" ਜੁਲੀ ਇੱਕ ਦੋ ਵਾਰ ਘਰ ਵੀ ਆਈ ਸੀ ਅਤੇ ਗੁਰਮੀਤ ਦੀ ਸਹੇਲੀ ਵੀ ਉਸਨੂੰ ਮਿਲਣ ਆਈ ਹੋਈ ਸੀ। ਜਦ ਗੁਰਮੀਤ ਨੇ ਸਤੀਸ਼ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਗੱਲ ਟਾਲ ਗਿਆ ਸੀ ਕਿ, "ਉਹਦੀ ਸਹੇਲੀ ਨੂੰ ਭੁਲੇਖਾ ਪੈ ਗਿਆ ਹੋਣੈਂ ਅਤੇ ਉਹਦਾ ਜੂਲੀ ਨਾਲ ਕੋਈ ਐਹੋ ਜੇਹਾ ਸੰਬੰਧ ਨਹੀਂ ਹੈ।" ਗੁਰਮੀਤ ਐਨੀ ਮੂਰਖ ਨਹੀਂ ਸੀ ਜਿੰਨੀ ਸਤੀਸ਼ ਸਮਝ ਰਿਹਾ ਸੀ। ਉਹਨੇ ਜੂਲੀ ਅਤੇ ਸਤੀਸ਼ ਦੇ ਮਿਲਣ ਦੇ ਲਹਿਜੇ ਤੋਂ ਭਾਂਪ ਲਿਆ ਸੀ। ਗੁਰਮੀਤ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਕੀ ਕਰੇ।ਹੁਣ ਇੱਕ ਦਿਨ ਜਦ ਉਹ ਡਾਕਟਰ ਕੋਲੋਂ ਸਿਰ ਦਰਦ ਬਾਰੇ ਸਲਾਹ ਲੈਣ ਗਈ ਤਾਂ ਸਰਜ਼ਰੀ ਵਿੱਚ ਈ ਉਹਨੂੰ ਉਲਟੀ ਆ ਗਈ। ਨਰਸ ਅਤੇ ਡਾਕਟਰ ਦੀ ਚੈਕਅੱਪ ਤੋਂ ਬਾਅਦ ਪਤਾ ਲੱਗਾ ਕਿ ਉਹ ਗਰਭਵਤੀ ਹੈ। ਸ਼ਾਮ ਨੂੰ ਜਦ ਗੁਰਮੀਤ ਨੇ ਸਤੀਸ਼ ਨੂੰ ਇਸ ਬਾਰੇ ਦੱਸਿਆ ਤਾਂ ਉਹਨੇ ਕੋਈ ਖੁਸ਼ੀ ਮਹਿਸੂਸ ਨਾ ਕੀਤੀ। ਗੁਰਮੀਤ ਨੂੰ ਇਸ ਨਾਲ ਧੱਕਾ ਤਾਂ ਲੱਗਾ ਪਰ ਉਹ ਕੀ ਕਰ ਸਕਦੀ ਸੀ। ਸਤੀਸ਼ ਦੇ ਤਾਂ ਭਾਵੇਂ ਪਹਿਲੇ ਚਾਰ ਬੱਚੇ ਸਨ ਪਰ ਗੁਰਮੀਤ ਦਾ ਤਾਂ ਇਹ ਪਹਿਲਾ ਬੱਚਾ ਸੀ। ਉਹ ਆਪਣੇ ਅਰਮਾਨਾਂ ਨੂੰ ਦੱਬੀ ਬੈਠੀ ਰਹਿੰਦੀ। ਠੀਕ ਖੁਰਾਕ ਦੀ ਘਾਟ, ਉਦਾਸੀ ਅਤੇ ਇਹ ਸਭ ਉਲਝਣਾਂ ਦਾ ਨਤੀਜਾ ਇਹ ਨਿੱਕਲਿਆ ਕਿ ਗੁਰਮੀਤ ਦਾ ਗਰਭਪਾਤ ਹੋ ਗਿਆ। ਗਰਭਪਾਤ ਨੇ ਗੁਰਮੀਤ ਨੂੰ ਬਹੁਤ ਉਦਾਸ ਕਰ ਦਿੱਤਾ। ਉਹਨੂੰ ਹੌਂਸਲਾ ਦੇਣ ਦੀ ਬਜਾਏ ਸਤੀਸ਼ ਉਹਦੇ ਮੂੰਹ 'ਚ ਮਠਿਆਈ ਪਾਉਣ ਲੱਗ ਪਿਆ ਕਿ, "ਸ਼ੁਕਰ ਕਰ ਤੇਰਾ ਛੁਟਕਾਰਾ ਹੋ ਗਿਐ।" ਉਹਦੇ ਕੋਲ ਆਪਣੇ ਮਨ ਦੀ ਵੇਦਨਾ ਸਾਂਝੀ ਕਰਨ ਵਾਲਾ ਕੋਈ ਨਹੀਂ ਸੀ। ਬਸ, ਜਦ ਵੀ ਵਿਹਲ ਮਿਲਦੀ ਉਹ ਗੁਰਦੁਆਰੇ ਚਲੇ ਜਾਂਦੀ। ਸਿਰਫ ਗੁਰਦੁਆਰਾ ਹੀ ਉਸ ਨੂੰ ਧਰਵਾਸ ਦਿੰਦਾ।

ਗੁਰਮੀਤ ਨੂੰ ਇੰਗਲੈਂਡ ਆਇਆਂ ਹੁਣ ਸਾਲ ਤੋਂ ਉੱਪਰ ਹੋ ਗਿਆ ਸੀ ਅਤੇ ਉਹਦੇ ਪਾਸਪੋਰਟ ਤੇ ਪੱਕੀ ਮੋਹਰ ਲੱਗਣ ਲਈ ਅਜੇ ਇੱਕ ਸਾਲ ਹੋਰ ਬਾਕੀ ਸੀ। ਉਹ ਜੇਹੋ ਜੇਹੇ ਖਲਜਗਣ ਵਿੱਚ ਖਿਲੌਣਾ ਬਣ ਗਈ ਸੀ, ਉਹਨੇ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਉਹਦਾ ਮਨ ਤਾਂ ਕਰਦਾ ਸੀ ਕਿ ਵਾਪਿਸ ਇੰਡੀਆ ਚਲੇ ਜਾਵੇ ਪਰ ਸਮਾਜ ਦੀਆਂ ਹੱਦਾਂ ਉਹਨੂੰ ਮਜ਼ਬੂਰ ਕਰ ਰਹੀਆਂ ਸਨ ਕਿ ਲੋਕ ਅਤੇ ਉਹਦੇ ਮਾਂ ਬਾਪ ਨੂੰ ਚੈਨ ਨਾਲ ਨਹੀਂ ਰਹਿਣ ਦੇਣਗੇ ਅਤੇ ਤਾਹਨੇ ਮਿਹਣੇ ਉਹਨੂੰ ਛਲਣੀ ਕਰ ਦੇਣਗੇ। ਜਿੰਦਗੀ ਬਸ ਇਸੇ ਚਾਲੇ ਚਲ ਰਹੀ ਸੀ। ਉਦਾਸ ਰਹਿਣ ਕਰਕੇ ਗੁਰਮੀਤ ਦਾ ਭਾਰ ਘਟਣ ਲੱਗ ਪਿਆ ਸੀ ਅਤੇ ਯਾਦਸ਼ਕਤੀ ਕਮਜ਼ੋਰ ਹੋਣ ਲੱਗ ਪਈ ਸੀ। ਸਤੀਸ਼ ਨੂੰ ਉਹਦੀ ਕੋਈ ਪ੍ਰਵਾਹ ਨਹੀਂ ਸੀ। ਸਤੀਸ਼ ਅਤੇ ਉਹਦੇ ਚਾਰੇ ਮੁੰਡੇ ਹੁਣ ਗੁਰਮੀਤ ਨੂੰ 'ਪਾਗਲ' ਵੀ ਕਹਿਣ ਲੱਗ ਪਏ ਸਨ। ਗੁਰਮੀਤ ਲਈ ਇਹ ਬਹੁਤ ਔਖਾ ਸਮਾਂ ਸੀ। ਉਹਨੇ ਜ਼ਿਆਦਾ ਸਮਾਂ ਘਰੋਂ ਬਾਹਰ ਬਿਤਾਉਣ ਦਾ ਫੈਸਲਾ ਕਰ ਲਿਆ ਸੀ। ਹੁਣ ਉਹ ਸੱਤੇ ਦਿਨ ਕੰਮ ਕਰਨ ਲੱਗ ਪਈ ਸੀ ਅਤੇ ਜਦ ਵੀ ਥੋੜ੍ਹੀ ਬਹੁਤ ਵਿਹਲ ਮਿਲਦੀ ਘਰ ਦੀ ਬਜਾਏ ਗੁਰਦੁਆਰਾ ਉਹਦੀ ਠਾਹਰ ਬਣਨ ਲੱਗ ਪਿਆ ਸੀ। ਇਸੇ ਸਮੇਂ ਦੌਰਾਨ ਗੁਰਮੀਤ ਹੁਣ ਦੁਬਾਰਾ ਗਰਭਵਤੀ ਹੋ ਗਈ। ਗੁਰਮੀਤ ਨੂੰ ਆਇਆਂ ਹੁਣ ਦੋ ਕੁ ਸਾਲ ਹੋ ਗਏ ਸਨ। ਮਿੰਨਤਾਂ ਤਰਲੇ ਕਰਕੇ ਗੁਰਮੀਤ ਨੇ ਆਪਣਾ ਪਾਸਪੋਰਟ ਸਤੀਸ਼ ਕੋਲੋਂ 'ਹਾਂ' ਕਰਵਾ ਕੇ ਹੋਮ ਆਫਿਸ ਨੂੰ ਪੱਕੀ ਮੋਹਰ ਲਈ ਭੇਜ ਦਿੱਤਾ। ਸ਼ਾਇਦ ਗਰਭਵਤੀ ਹੋਣਾ ਇਸ ਕੰਮ ਲਈ ਸਹਾਈ ਹੋਇਆ ਸੀ। ਪਾਸਪੋਰਟ ਤੇ ਪੱਕੀ ਮੋਹਰ ਲੱਗਣ ਤੋਂ ਬਾਅਦ ਗੁਰਮੀਤ ਨੂੰ ਥੋੜਾ ਹੌਂਸਲਾ ਹੋਇਆ ਪਰ ਮੁੰਡਿਆਂ, ਸਤੀਸ਼ ਦੀ ਭੈਣ ਅਤੇ ਸਤੀਸ਼ ਦੇ ਵਰਤਾਵ ਵਿ ੱਚ ਕੋਈ ਖਾਸ ਤਬਦੀਲੀ ਨਾ ਆਈ। ਗੁਰਮੀਤ ਅਜੇ ਚਾਰ ਮਹੀਨੇ ਦੀ ਹੀ ਗਰਭਵਤੀ ਸੀ ਕਿ ਸਤੀਸ਼ ਦੇ ਅੱਥਰੇ ਮੁੰਡਿਆਂ ਉਹਨੂੰ ਧੱਕਾ ਦੇ ਦਿੱਤਾ। ਗੁਰਮੀਤ ਡਿੱਗ ਪਈ ਅਤੇ ਕਾਫੀ ਦੇਰ ਤੱਕ ਉੱਠ ਨਾ ਸਕੀ। ਸਤੀਸ਼ ਦੇ ਘਰ ਆਉਣ ਤੇ ਗੁਰਮੀਤ ਨੇ ਜਦ ਉਹਦੇ ਮੁੰਡਿਆਂ ਦੀ ਕਰਤੂਤ ਬਾਰੇ ਦੱਸਿਆ ਤਾਂ ਉਹਨੇ ਮੁੰਡਿਆਂ ਨੂੰ ਕੁੱਝ ਨਾ ਕਿਹਾ। ਤੀਜੇ ਦਿਨ ਅਚਾਨਕ ਈ ਗੁਰਮੀਤ ਦਾ ਗਰਭਪਾਤ ਹੋ ਗਿਆ। ਸਤੀਸ਼ ਦਾ ਵਰਤਾਵ ਹੁਣ ਪਹਿਲਾਂ ਵਾਲਾ ਹੀ ਸੀ। ਹੌਂਸਲਾ ਦੇਣ ਦੀ ਬਜਾਏ ਉਹਨੇ ਗੁਰਮੀਤ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ, "ਆਪਾਂ ਨੂੰ ਹੋਰ ਬੱਚੇ ਚਾਹੀਦੇ ਵੀ ਨਹੀਂ ਸੀ। ਇਹ ਵੀ ਚੰਗਾ ਹੋਇਐ! ਚਲ ਇਸ ਖੁਸ਼ੀ 'ਚ ਆਪਾਂ ਬਾਹਰ ਖਾਣਾ ਖਾਣ ਜਾਂਦੇ ਆ।"

ਗੁਰਮੀਤ ਇਹ ਚਾਹੁੰਦੀ ਸੀ ਕਿ ਆਪਣੇ ਮਾਂ ਬਾਪ ਨੂੰ ਜਾ ਕੇ ਮਿਲ ਆਵੇ ਅਤੇ ਇਸ ਕੰਮ ਲਈ ਉਹਨੇ ਸਤੀਸ਼ ਨੂੰ ਤਿਆਰ ਕਰ ਲਿਆ। ਇੰਡੀਆ ਆ ਕੇ ਸਤੀਸ਼ ਦਾ ਵਰਤਾਵ ਬਦਲ ਗਿਆ। ਉਹ ਗੁਰਮੀਤ ਨਾਲ ਬੜੇ ਪਿਆਰ ਨਾਲ ਪੇਸ਼ ਆ ਰਿਹਾ ਸੀ। ਅਜੇ ਇੰਡੀਆ ਗਿਆਂ ਹਫਤਾ ਈ ਹੋਇਆ ਸੀ ਕਿ ਸਤੀਸ਼ ਨੇ ਗੁਰਮੀਤ ਨੂੰ ਕਿਹਾ, "ਤੂੰ ਆਪਣੇ ਮਾਂ ਪਿਉ ਨੂੰ ਮਿਲਣ ਚਲੇ ਜਾ, ਮੈਂ ਸ਼ਾਮ ਨੂੰ ਆਪਣੀਆਂ ਟਿਕਟਾਂ ਕਨਫਰਮ ਕਰਾ ਕੇ ਆਵਾਂਗਾ।" ਗੁਰਮੀਤ ਜਦ ਪੇਕੇ ਘਰ ਚਲੀ ਗਈ ਤਾਂ ਉਹਨਾਂ ਸ਼ਾਮ ਨੂੰ ਪਾਰਟੀ ਦਾ ਪ੍ਰਬੰਧ ਕਰ ਲਿਆ ਕਿ ਜੁਆਈ ਰਾਜੇ ਦੇ ਆਉਣ ਤੇ ਜਸ਼ਨ ਮਨਾਇਆ ਜਾਵੇਗਾ। ਪਰ ਜੁਆਈ ਰਾਜਾ ਨਾ ਬਹੁੜਿਆ। ਦੂਜੇ ਦਿਨ ਵੀ ਇੰਤਜ਼ਾਰ ਕੀਤਾ ਪਰ ਸਤੀਸ਼ ਦਾ ਕੋਈ ਥੋਹ ਪਤਾ ਨਾ ਲੱਗਾ। ਤੀਜੇ ਦਿਨ ਗੁਰਮੀਤ ਨੇ ਜਦ ਆਪਣੇ ਸਹੁਰੇ ਘਰ ਜਾ ਕੇ ਪਤਾ ਕੀਤਾ ਤਾਂ ਉਹਨਾਂ ਦੱਸਿਆ ਕਿ, "ਸਤੀਸ਼ ਉਥੇ ਨਹੀ ਆਇਆ।" ਹੁਣ ਗੁਰਮੀਤ ਨੇ ਇੰਗਲੈਂਡ 'ਚ ਆਪਣੇ ਗੁਆਂਢ ਫੋਨ ਕੀਤਾ ਤਾਂ ਉਹਨਾਂ ਦੱਸਿਆ ਕਿ, "ਸਤੀਸ਼ ਤਾਂ ਇੰਗਲੈਂਡ 'ਚ ਆ।" ਇਹ ਸੁਣ ਕੇ ਗੁਰਮੀਤ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ ਕਿ, "ਆਹ ਕੀ ਹੋ ਗਿਆ ਸੀ।" ਗੁਰਮੀਤ ਦਾ ਪਾਸਪੋਰਟ ਅਤੇ ਟਿਕਟਾਂ ਸਤੀਸ਼ ਦੇ ਕੋਲ ਸਨ। ਜਦ ਗੁਰਮੀਤ ਦੀ ਸਤੀਸ਼ ਨਾਲ ਉਹਦੇ ਮੋਬਾਇਲ ਤੇ ਗੱਲ ਹੋਈ ਤਾਂ ਉਹਨੇ ਕਿਹਾ, "ਮੈਂ ਪਾਸਪੋਰਟ ਦੇਣ ਨੂੰ ਤਿਆਰ ਆਂ, ਤੂੰ ਤਲਾਕ ਦੇਣ ਲਈ ਤਿਆਰ ਹੋ ਜਾ।" ਇਸ ਚੁਸਤੀ ਦੀ ਗੁਰਮੀਤ ਨੂੰ ਉਮੀਦ ਨਹੀਂ ਸੀ। ਜਦ ਗੁਰਮੀਤ ਅਤੇ ਉਹਦੇ ਮਾਂ ਬਾਪ ਨੇ ਸਤੀਸ਼ ਦੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਵੀ ਸਤੀਸ਼ ਵਾਲੀ ਬੋਲੀ ਹੀ ਬੋਲੀ। ਗੁਰਮੀਤ ਅਤੇ ਉਹਦੇ ਮਾਂ ਬਾਪ ਇਸ ਨਵੀਂ ਆ ਪਈ ਬਿਪਤਾ ਲਈ ਤਿਆਰ ਨਹੀਂ ਸਨ। ਥੋੜ੍ਹਾ ਸੰਭਲ ਕੇ ਉਹਨਾਂ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਦੇਸੀ ਪੁਲਸ ਆਪਣੀ ਮਾਰ ਤੇ ਬੈਠੀ ਹੁੰਦੀ ਆ। ਦੇਸੀ ਪੁਲਸ ਗੁਰਮੀਤ ਨੂੰ ਕੋਈ ਲੜ ਪੱਲਾ ਨਾ ਫੜਾਇਆ। ਗੁਰਮੀਤ ਨੇ ਸਤੀਸ਼ ਦੀ ਭੈਣ ਨਾਲ ਵੀ ਫੋਨ ਤੇ ਗੱਲ ਕੀਤੀ ਪਰ ਉਹਨੇ ਵੀ ਇਹੋ ਕਿਹਾ, "ਤੂੰ ਤਲਾਕ ਦੇ ਦੇ, ਪਾਸਪੋਰਟ ਮਿਲ ਜਾਵੇਗਾ।" ਹੁਣ ਗੁਰਮੀਤ ਨੇ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਪਹੁੰਚ ਕੀਤੀ ਅਤੇ ਨਾਲ ਹੀ ਬਲਵੰਤ ਸਿੰਘ ਰਾਮੂਵਾਲੀਏ ਦੇ ਜਾ ਪੈਰ ਫੜੇ। ਇਸ ਤੋਂ ਬਿਨਾ ਗੁਰਮੀਤ ਨੇ ਇੰਗਲੈਂਡ ਵਿੱਚ ਲੋਕ ਭਲਾਈ ਅਦਾਰੇ ਨਾਲ ਸੰਪਰਕ ਕੀਤਾ ਅਤੇ ਨਾਲ ਹੀ ਇੱਕ ਦੇਸੀ ਰੇਡੀਓ ਸਟੇਸ਼ਨ ਨੂੰ ਆਪਣੀ ਸਾਰੀ ਕਹਾਣੀ ਲਿਖ ਭੇਜੀ। ਜਿਸ ਤਰ੍ਹਾਂ ਕਹਿੰਦੇ ਹਨ ਕਿ, "ਚੰਗਿਆਈ ਦਾ ਅਜੇ ਬੀਅ ਨਾਸ਼ ਨਹੀਂ ਹੋeਐ," ਗੁਰਮੀਤ ਦੀ ਮਦਦ ਹੋਣ ਲੱਗੀ ਅਤੇ ਕੇਸ ਵਿੱਚ ਇੱਕ ਐਮ.ਪੀ. ਵੀ ਮਦਦ ਲਈ ਨਿੱਤਰ ਪਿਆ। ਵਲੈਤੀ ਐਮ.ਪੀ. ਅਤੇ ਬਾਕੀ ਸਭ ਦੀ ਮਦਦ ਦਾ ਨਤੀਜਾ ਇਹ ਹੋਇਆ ਕਿ ਨਵੇਂ ਪਾਸਪੋਰਟ ਤੇ ਬ੍ਰਿਟਿਸ਼ ਹਾਈ ਕਮਿਸ਼ਨ ਨੇ ਪੁਰਾਣਾ ਰਿਕਾਰਡ ਕੱਢ ਕੇ ਇੰਟਰੀਵੀਜ਼ਾ ਲਾ ਦਿੱਤਾ ਕਿ, "ਉਹਦੇ ਨਾਲ ਧੋਖਾ ਤਾਂ ਹੋਇਆ ਈ ਆ ਸਗੋਂ ਮਾਨਸਿਕ ਪ੍ਰੇਸ਼ਾਨੀ ਦੇ ਨਾਲ ਨਾਲ ਡੇਢ ਸਾਲ ਖੱਜਲ ਖੁਆਰੀ ਵੀ ਹੋਈ ਆ।" ਇੱਕ ਕਿਰਾਏ ਦੇ ਮਕਾਨ 'ਚ ਬੈਠੀ ਗੁਰਮੀਤ ਹੁਣ ਆਪਣੇ ਕੇਸ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ।

Tags: ਰਿਸ਼ਤਿਆਂ ਦਾ ਕਤਲ ਘਰੋਂ ਬੇਘਰ