HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਮਹਾਨ ਗੁਰੂ ਦਾ ਮਹਾਨ ਬੰਦਾ-ਬਾਬਾ ਬੰਦਾ ਸਿੰਘ ਬਹਾਦਰ


Date: Mar 11, 2012

ਕੁਲਬੀਰ ਸਿੰਘ ਸਿੱਧੂ (ਆਈ. ਏ. ਐੱਸ) ਸਾਬਕਾ ਕਮਿਸ਼ਨਰ ਮੋਹਾਲੀ, ਪੰਜਾਬ ਮੋਬਾਇਲ ੯੮੧੪੦-੩੨੦੦੯
ਲੇਖਕ ਕੁਲਬੀਰ ਸਿੰਘ ਸਿੱਧੂ (ਆਈ.ਏ.ਐਸ.) ਬਤੌਰ ਕਮਿਸ਼ਨਰ ਫਿਰੋਜ਼ਪੁਰ ਤੇ ਫਰੀਦਕੋਟ ਡਵੀਜ਼ਨ ਰਿਟਾਇਰ ਹੋਏ ਹਨ। ਇਸ ਤੋਂ ਪਹਿਲਾਂ ਉਹ ੩੦੦ ਸਾਲਾ ਖਾਲਸਾ ਸਿਰਜਨਾ ਦਿਵਸ ਵੇਲੇ ੧੯੯੯ ਵਿਚ ਡੀ.ਸੀ. ਰੋਪੜ ਅਤੇ ਉਸ ਤੋਂ ਬਾਦ ਡੀ.ਸੀ. ਫਿਰੋਜ਼ਪੁਰ ਤੇ ਗੁਰਦਾਸਪੁਰ ਰਹੇ।ਹੁਣ ਉਹ ਰਿਟਾਇਰਮੈਂਟ ਤੋਂ ਬਾਦ ਮੁਹਾਲੀ ਵਿਚ ਹਹਿ ਰਹੇ ਹਨ ਅਤੇ ਵਖ-ਵਖ ਵਿਸ਼ਿਆਂ ਤੇ ਕਾਫੀ ਕਿਤਾਬਾਂ ਲਿਖ ਚੁੱਕੇ ਹਨ। ਇਸ ਲੜੀਵਾਰ ਸੰਬੰਧੀ ਪਾਠਕ ਆਪਣੇ ਵਿਚਾਰ ਉਨ੍ਹਾਂ ਦੇ ਫੋਨ ਨੰਬਰ ਉਪਰ ਵੀ ਸਾਂਝੇ ਕਰ ਸਕਦੇ ਹਨ।ਬਾਬਾ ਬੰਦਾ ਸਿੰਘ ਬਹਾਦਰ ਨੇ ਸਾਹਿਬੇ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਤਿ-ਕਰੜੀ ਕੱਸਵਟੀ ਤੋਂ ਲੰਘ ਕੇ, ਜੁਗਤ-ਮੁਕਤ ਦਾ ਪਾਂਧੀ ਹੋ ਕੇ ੯ ਜੂਨ, ੧੭੧੬ ਨੂੰ ਸੰਸਾਰਿਕ ਬੰਧਨਾਂ ਨੂੰ ਤੋੜਦੇ ਹੋਏ, ਉੱਚ ਮੰਡਲਾਂ ਤੋਂ ਵੀ ਪਾਰ ਬ੍ਰਹਿਮੰਡੀ ਰੂਹਾਂ ਦੇ ਨਿਵਾਸ ਸੱਚਖੰਡ ਲਈ ਉਡਾਣ ਭਰੀ ਅਤੇ 'ਮਹਾਨ ਗੁਰੂ ਦਾ ਮਹਾਨ ਬੰਦਾ' ਹੋਣ ਦਾ ਮਨੁੱਖਤਾ ਤੋਂ ਮਾਣ ਹਾਸਲ ਕੀਤਾ।

ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਮਹਾਨ ਸ਼ਹੀਦੀ ਸਾਕੇ ਨੇ ਇਤਿਹਾਸ ਦੀਆਂ ਮੁੱਢ-ਕਦੀਮੀ ਸ਼ਹੀਦੀਆਂ ਤੋਂ ਲੈ ਕੇ ਹੁਣ ਤੱਕ ਦੀਆਂ ਸ਼ਹੀਦੀਆਂ ਵਿਚ ਇਕ ਸੁਨਹਿਰਾ ਬਾਬ ਰਚਿਆ। ਇਨ੍ਹਾਂ ਸ਼ਹੀਦਾਂ-ਮੁਰੀਦਾਂ ਦੀਆਂ ਕੁਰਬਾਨੀਆਂ ਦੀ ਕਲਪਨਾ ਮਾਤਰ ਨਾਲ ਹੀ ਸਾਡੇ ਵਰਗੀਆਂ ਪਾਰੇ ਵਾਂਗ ਕੰਬਦੀਆਂ, ਅਸਥਿਰ ਰੂਹਾਂ, ਡੱਬ-ਡਬਾਈਆਂ ਅੱਖਾਂ ਨਾਲ ਮਨੁੱਖੀ ਹਉਮੈਂ ਦਾ ਕੜ੍ਹ ਤੋੜ ਕੇ, ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਨੱਤ-ਮਸਤੱਕ ਹੁੰਦੀਆਂ ਹੋਈਆਂ, ਧੁਰ-ਅੰਦਰ ਤੋਂ ਕਬੂਲਦੀਆਂ ਰਹੀਆਂ ਹਨ। ''ਉਹ ਮੈਂ ਨਹੀਂ ਉਹ ਤੂੰ ਨਹੀਂ। ਉਹ ਤਾਂ, ਉਹ ਪੁਰ ਨੂਰ ਸ਼ਹੀਦ ਹੀ ਸਨ ਜੋ ਕਿ ਅਕਾਲ ਪੁਰਖ ਦੀ ਧੰਨਤਾ ਦਾ ਕਾਬਲ ਬਣੇ।" ਇਸ ਤਰ੍ਹਾਂ ਉਨ੍ਹਾਂ ਸ਼ਹੀਦਾਂ ਨੂੰ ਜੁਗੋ-ਜੁਗ ਸ਼ਰਧਾ ਪੁਸ਼ਪਾਂਜਲੀ ਮਾਨਵਤਾ ਸਦਾ ਹੀ ਪੇਸ਼ ਕਰਦੀ ਰਹੀ ਹੈ।

ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ੨੭ ਅਕਤੂਬਰ, ੧੬੭੦ ਈ: ਵਿਚ ਜੰਮੂ ਦੇ ਇਲਾਕੇ ਵਿਚ ਰਾਜੌਰੀ ਦੇ ਨਜ਼ਦੀਕ ਪਿੰਡ ਤਹਿਚਲ ਜ਼ਿਲ੍ਹਾ ਪੁੰਛ ਵਿਚ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਮ ਰਾਮ ਦੇਵ ਸੀ। ਜੋ ਕਿ ਖੇਤੀਬਾੜੀ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਸਨ। ਬਚਪਨ ਵਿਚ ਇਕ ਦਿਨ ਸ਼ਿਕਾਰ ਖੇਡਦੇ ਸਮੇਂ ਲਛਮਣ ਦੇਵ ਨੇ ਇਕ ਹਿਰਨੀ ਨੂੰ ਮਾਰਿਆ। ਉਸ ਦੇ ਪੇਟ ਨੂੰ ਸਾਫ ਕਰਦੇ ਸਮੇਂ ਉਸ ਦੀਆਂ ਅੱਖਾਂ ਦੇ ਸਾਹਮਣੇ ਹਿਰਨੀ ਦੇ ਦੋ ਬੱਚੇ ਤੜਫ-ਤੜਫ ਕੇ ਮਰ ਗਏ। ਇਸ ਘਟਨਾ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਮਾਨਸਿਕ ਪੱਖੋਂ ਧਾਰਮਿਕ ਤੇ ਬਿਰੱਕਤ ਬ੍ਰਿਤੀ ਵਾਲੇ ਬਣ ਗਏ। ਹੁਣ ਤੱਕ ਰੈਵਨਿਊ ਰਿਕਾਰਡ ਵਿਚ ਇਸ ਪਿੰਡ ਦਾ ਨਾਮ ਹਿਰਨੀ ਪਿੰਡ ਵਜੋਂ ਹੀ ਅੰਕਿਤ ਹੈ।

ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਉਮਰ ਤਕਰੀਬਨ ੧੫ ਸਾਲ ਸੀ। ਇਹ ਆਪਣਾ ਘਰ-ਬਾਰ ਛੱਡ ਕੇ ਸਾਧੂਆਂ ਨਾਲ ਮਿਲ ਗਏ। ਸਭ ਤੋਂ ਪਹਿਲਾਂ ਇਹ ਜਾਨਕੀ ਪ੍ਰਸ਼ਾਦ ਦੇ ਚੇਲੇ ਬਣੇ। ਉਸ ਤੋਂ ਬਾਅਦ ਰਾਮ ਥਮਣ ਦੇ ਸਥਾਨ 'ਤੇ ਕਸੂਰ ਵਿਚ ਇਨ੍ਹਾਂ ਨੇ ਬੈਰਾਗੀ ਰਾਮ ਦਾਸ ਨੂੰ ਆਪਣਾ ਗੁਰੂ ਧਾਰ ਲਿਆ। ਉਸ ਸਮੇਂ ਤੋਂ ਇਹ ਬੈਰਾਗੀ ਮਾਧੋ ਦਾਸ ਨਾਮ ਨਾਲ ਮਸ਼ਹੂਰ ਹੋਏ। ਇਹ ਬੈਰਾਗੀ ਸਾਧੂਆਂ ਦੇ ਡੇਰੇ ਨਾਲ ਹਰਿਦੁਆਰ ਤੇ ਰਿਸ਼ੀਕੇਸ਼ ਦੇ ਇਲਾਕਿਆਂ ਦੇ ਭਰਮਣ ਸਮੇਂ ਪਾਉਂਟਾ ਸਾਹਿਬ ਵਿਖੇ ਸੰਨ ੧੬੮੮ ਦੇ ਕਰੀਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਮਿਲੇ। ਇਸ ਤੋਂ ਉਪਰੰਤ ਸਾਰੇ ਵੱਡੇ ਤੀਰਥਾਂ ਦੀ ਯਾਤਰਾ ਤੋਂ ਬਾਅਦ ਆਪ ਜੀ ਨੇ ਗੋਦਾਵਰੀ ਦੇ ਕੰਢੇ ਨਾਸਿਕ ਦੇ ਨਜ਼ਦੀਕ ਰਮਾਇਣ ਕਾਲ ਦੇ ਰਮਣੀਕ ਜੰਗਲ ਪੰਚਵਟੀ ਵਿਖੇ ਡੇਰਾ ਲਾ ਲਿਆ। ਇਥੇ ਇਨ੍ਹਾਂ ਨੇ ਨਾਥ ਸੰਪਰਦਾਇ ਦੇ ਜੋਗੀ ਔਘੜ ਨਾਥ ਨੂੰ ਜੋਗ ਵਿਦਿਆ ਲਈ ਆਪਣਾ ਗੁਰੂ ਧਾਰਿਆ। ਜੋਗੀ ਔਘੜ ਨਾਥ ਦੇ ਦੇਹਾਂਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਸਿਕ ਦਾ ਡੇਰਾ ਛੱਡ ਦਿੱਤਾ। ਕੁਝ ਸਮਾਂ ਸ਼ਿਵਾਜੀ ਮਰਹੱਟਾ ਦੇ ਰਾਜ ਵਿਚ ਪੇਸ਼ਵਾ ਮੋਰੋਪੰਤ ਦਾ ਮੁੱਖ ਅੰਗ ਰੱਖਿਅਕ ਰਹਿਣ ਤੋਂ ਬਾਅਦ ਬੰਦਾ ਬਹਾਦਰ ਨੇ ਗੋਦਾਵਰੀ ਦੇ ਕਿਨਾਰੇ ਨੰਦੇੜ ਦੇ ਸਥਾਨ 'ਤੇ ਪੱਕਾ ਡੇਰਾ ਲਾ ਲਿਆ।

ਇਥੇ ਹੀ ੩ ਸਤੰਬਰ ੧੭੦੮ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਇਸ ਦੀ ਭੇਂਟ ਹੋਈ। ਜਦੋਂ ਗੁਰੂ ਦਸਮ ਪਾਤਿਸ਼ਾਹ; ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਦੱਖਣ ਗਏ ਤਾਂ ਤਾਂ ਬੰਦਾ ਸਿੰਘ ਬਹਾਦਰ ਨੂੰ ਮਿਲੇ। ਗੁਰੂ ਜੀ ਦੀ ਚੁੰਬਕੀ ਸ਼ਖਸੀਅਤ ਤੇ ਵਾਰਤਾਲਾਪ ਦਾ ਇਸ ਉਪਰ ਐਸਾ ਪ੍ਰਭਾਵ ਪਿਆ ਕਿ ਇਹ ਬੈਰਾਗੀ ਸਾਧੂ, ਗੁਰੂ ਜੀ ਦਾ ਬੰਦਾ ਭਾਵ ਸੇਵਕ ਬਣ ਗਿਆ ਉਪਰੰਤ ਗੁਰੂ ਜੀ ਆਗਿਆ ਅਨੁਸਾਰ ਅੰਮ੍ਰਿਤ ਛੱਕ ਕੇ ਗੁਰਬਖਸ਼ ਸਿੰਘ ਦਾ ਨਾਮ ਧਾਰਨ ਕਰਕੇ ਪੰਜਾਬ ਪਹੁੰਚੇ।

ਇਥੇ ਦਸਵੇਂ ਪਾਤਿਸ਼ਾਹ ਦੀ ਪ੍ਰੇਰਣਾ ਨਾਲ ਬੈਰਾਗੀ ਮਾਧੋ ਦਾਸ ਨੇ ਆਪਣੇ ਆਪ ਨੂੰ ਹਮੇਸ਼ਾਂ ਲਈ ਗੁਰੂ ਦੇ ਸਮਰਪਿਤ ਕੀਤਾ। ਬੇਸ਼ੱਕ ਇਸ ਦਾ ਨਾਮ ਕੁਝ ਇਤਿਹਾਸਕਾਰਾਂ ਅਨੁਸਾਰ ਗੁਰਬਖਸ਼ ਸਿੰਘ ਰੱਖਿਆ ਗਿਆ। ਪਰ ਦਰਅਸਲ ਇਸ ਦਾ ਨਾਮ ਗੁਰੂ ਦਾ ਬੰਦਾ ਭਾਵ ਬਾਬਾ ਬੰਦਾ ਸਿੰਘ ਬਹਾਦਰ ਹੀ ਜਗਤ ਪ੍ਰਸਿੱਧ ਹੋਇਆ ਹੈ। ਇਥੋਂ ਹੀ ਇਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾਲ ਪੰਜਾਬ ਵਿਚ ਮੁਗਲ ਹਕੂਮਤ ਵੱਲੋਂ ਹੋ ਰਹੇ ਜ਼ੁਲਮ ਤੇ ਜਬਰ ਦੇ ਖਿਲਾਫ ਬੀੜਾ ਚੁੱਕਣ ਦਾ ਬਚਨ ਦਿੱਤਾ।

ਜਿਵੇਂ ਕਿ ਸੰਸਾਰ ਪ੍ਰਸਿੱਧ ਸੱਚਾਈ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਬਿਲਕੁੱਲ ਇਸ ਤਰ੍ਹਾਂ ਹੀ ਇਥੇ ਇਹ ਪ੍ਰਤੱਖ ਜਾਪਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਦੇ ਨੇੜੇ ਗੋਦਾਵਰੀ ਉਪਦੇਸ਼ ਮਹਾਂਭਾਰਤ ਦੇ ਮੈਦਾਨ ਕੁਰਕਸ਼ੇਤਰ ਦੇ ਗੀਤਾ ਉਪਦੇਸ਼ ਨਾਲ ਹੂ-ਬ-ਹੂ ਮੇਲ ਖਾਂਦਾ ਹੈ। ਇਤਿਹਾਸ ਨੇ ੫੦੦੦ ਸਾਲ ਬਾਅਦ ਸਰਵ ਸਮਰੱਥ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਤੇ ਕਰਤੱਵ ਪਾਲਕ ਮਹਾਨ ਯੋਧੇ ਅਰਜਨ ਨੂੰ ਫਿਰ ਰੂ-ਬ-ਰੂ ਕੀਤਾ। ਜਿਸ ਤਰ੍ਹਾਂ ਬੇਦਿਲ ਹੋਏ ਅਰਜਨ ਨੇ ਆਪਣਾ ਧਨੁਸ਼ ਬਾਣ ਗੰਡੀਵ ਫਰਜ਼ ਮਾਤਰ ਚੁੱਕ ਲਿਆ। ਬਿਲਕੁਲ ਇਸ ਤਰ੍ਹਾਂ ਹੀ ਬੈਰਾਗੀ ਸਾਧੂ ਲਛਮਣ ਦਾਸ ਉਰਫ ਮਾਧੋ ਦਾਸ ਨੇ ਗੁਰੂ ਦਾ ਹੁਕਮ ਪ੍ਰਵਾਨ ਕਰਕੇ ਪੰਜਾਬ ਦੇ ਮਜ਼ਲੂਮਾਂ ਤੇ ਬੇਸਹਾਰਾ ਲੱਖਾਂ ਲੋਕਾਂ 'ਤੇ ਹੋ ਰਹੇ ਮੁਗਲ ਸਲਤਨਤ ਦੇ ਅਹਿਲਕਾਰਾਂ ਵੱਲੋਂ ਹੋ ਰਹੇ ਅਣਸੁਣੇ ਤੇ ਅਣਕਹੇ ਅੱਤਿਆਚਾਰਾਂ ਵਿਰੁੱਧ ਖੰਡਾ ਖੜਕਾਇਆ।

ਇਥੇ ਜ਼ਿਕਰਯੋਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਜਗਾਧਰੀ ਕੋਲ ਮੁਖਲਿਸਗੜ੍ਹ ਦੇ ਸਥਾਨ 'ਤੇ ਪਹੁੰਚੇ। ਨੰਦੇੜ ਤੋਂ ਆਗਰਾ ਤੇ ਦਿੱਲੀ ਰਾਹੀਂ ਇਸ ਸਾਰੇ ਲੰਬੇ ਰਸਤੇ ਵਿਚ ਉਨ੍ਹਾਂ ਨੇ ਮੁੱਖ ਸ਼ਾਹ ਰਾਹ ਨੂੰ ਨਹੀਂ ਅਪਣਾਇਆ ਸਗੋਂ ਪ੍ਰਚੱਲਿਤ ਰਾਹ ਨੂੰ ਛੱਡ ਕੇ ਮੁਗਲਾਂ ਦੇ ਸੂਹੀਆਂ ਤੋਂ ਬਚਦੇ-ਬਚਾਉਂਦੇ ਪਿੰਡਾਂ ਤੇ ਨਗਰਾਂ ਦੇ ਡਾਂਡੇ-ਮੀਂਡੇ ਰਸਤਿਆਂ ਨੂੰ ਅਪਣਾਇਆ। ਇਸ ਸਾਰੇ ਲੰਮੇ ਪੈਂਡੇ ਵਿਚ ਲੁਬਾਣਾ ਸਿੰਘਾਂ ਦੇ ਤਜਾਰਤੀ ਕਾਫਲਿਆਂ ਨੇ ਇਨ੍ਹਾਂ ਸਿੰਘਾਂ ਦੀ ਬਹੁਤ ਮਦਦ ਕੀਤੀ। ਇਨ੍ਹਾਂ ਕਾਫਲਿਆਂ ਨੂੰ ਵਪਾਰਕ ਟਾਂਡੇ ਵੀ ਕਿਹਾ ਜਾਂਦਾ ਸੀ। ਇਨ੍ਹਾਂ ਦੇ ਮੁੱਖ ਜਥੇਦਾਰਾਂ ਵਿਚੋਂ ਭਾਈ ਨਗਾਹੀਆ ਸਿੰਘ ਜੀ ਸਨ; ਜੋ ਕਿ ਲੱਖੀ ਸ਼ਾਹ ਵਣਜਾਰੇ ਦੇ ਸਪੁੱਤਰ ਸਨ; ਜਿਨ੍ਹਾਂ ਨੇ ਕਿ ਗੁਰੂ ਤੇਗ ਬਹਾਦਰ ਪਾਤਿਸ਼ਾਹ ਦੇ ਧੜ ਦਾ ਮੌਜੂਦਾ ਗੁਰਦੁਆਰਾ ਰਕਾਬਗੰਜ ਦਿੱਲੀ ਦੇ ਸਥਾਨ 'ਤੇ ਆਪਣੇ ਘਰ ਨੂੰ ਅੱਗ ਲਾ ਕੇ ਸਸਕਾਰ ਕੀਤਾ ਸੀ। ਉਪਰੰਤ ਇਹ ਭਾਈ ਨਗਾਹੀਆ ਜੀ ਹੀ ਸਨ ਜਿਨ੍ਹਾਂ ਨੇ ਗੁਰਦੁਆਰਾ ਆਲਮਗੀਰ ਦੇ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੁਬਾਰਾ ਬਹੁਤ ਸੋਹਣਾ ਘੋੜਾ ਦਲਸ਼ਿੰਗਾਰ ਅਰਪਿਤ ਕੀਤਾ ਕਿਉਂਕਿ ਦਸਵੇਂ ਪਾਤਿਸ਼ਾਹ ਦੀ ਸਵਾਰੀ ਦਾ ਪਹਿਲਾ ਘੋੜਾ ਦਲ ਬਿਡਾਰ ਅਨੰਦਪੁਰ ਦੇ ਘੇਰੇ ਸਮੇਂ ਚੜ੍ਹਾਈ ਕਰ ਗਿਆ ਸੀ।

ਇਥੇ ਇਹ ਵੀ ਦੱਸਣਾ ਯੋਗ ਹੈ ਕਿ ਇਸ ਤੋਂ ਪਹਿਲਾਂ ਲੁਬਾਣਾ ਬਰਾਦਰੀ ਦੇ ਹੀ ਭਾਈ ਮੱਖਣ ਸ਼ਾਹ ਲੁਬਾਣਾ ਨੇ ਦਿੱਲੀ ਵਿਖੇ ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਜੋਤੀ ਜੋਤਿ ਸਮਾਉਣ ਸਮੇਂ ਦਿਸ਼ਾ-ਨਿਰਦੇਸ਼ ਮੁਤਾਬਿਕ ਗੁਰੂ ਤੇਗ ਬਹਾਦਰ ਪਾਤਿਸ਼ਾਹ ਨੂੰ ਬਾਬਾ ਬਕਾਲਾ ਵਿਖੇ ਪ੍ਰਗਟ ਕੀਤਾ ਸੀ। ਇਸ ਤਰ੍ਹਾਂ ਲੁਬਾਣਾ ਬਰਾਦਰੀ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਪੰਜ ਜਥੇਦਾਰ ਸਾਥੀਆਂ ਬਾਬਾ ਬਿਨੋਧ ਸਿੰਘ ਤੇ ਬਾਬਾ ਰਾਮ ਸਿੰਘ ਆਦਿ ਦੀ ਬਾਅਦ ਵਿਚ ਜਗਾਧਰੀ ਦੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਬਣਾਈ ਗਈ ਪਹਿਲੀ ਸਿੱਖ ਰਾਜਧਾਨੀ ਮੁਖਲਿਸਗੜ੍ਹ ਤੱਕ ਪਹੁੰਚਣ ਵਿਚ ਬਹੁਤ ਮਦਦ ਕੀਤੀ। ਲੁਬਾਣਾ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪੰਜਾਬ ਨੂੰ ਆ ਰਹੇ ਜਥੇਦਾਰਾਂ ਤੇ ਸਿੰਘਾਂ ਨੂੰ ਆਪਣੇ ਵਪਾਰਿਕ ਕਾਫਲਿਆਂ ਦਾ ਰੂਪ ਦਿੱਤਾ| ਇਨ੍ਹਾਂ ਵਪਾਰਕ ਕਾਫਲਿਆਂ ਨੂੰ ਟਾਂਡੇ ਜਾਂ ਵਪਾਰੀ ਟਾਂਡੇ ਕਿਹਾ ਜਾਂਦਾ ਸੀ।

ਬਾਬਾ ਬੰਦਾ ਸਿੰਘ ਬਹਾਦਰ ਦੀ ਪੰਜਾਬ ਵਿਚ ਪਹੁੰਚ ਇਨ੍ਹਾਂ ਮੁਗਲ ਸਲਤਨਤ ਤੋਂ ਖੁਫੀਆ ਰਹੀ| ਉਪਰੰਤ ਲੁਬਾਣਾ ਸਿੰਘਾਂ ਨੇ ਤੇ ਗੁੱਜਰ ਬਰਾਦਰੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਾਰੀਆਂ ਮੁਹਿੰਮਾਂ ਤੇ ਲੜਾਈਆਂ ਵਿਚ ਲੁਬਾਣੇ ਸਿੰਘਾਂ ਤੇ ਗੁੱਜਰ ਬਰਾਦਰੀ ਦੇ ਬਹਾਦਰ ਸੂਰਬੀਰਾਂ ਨੇ ਉਨ੍ਹਾਂ ਨੂੰ ਵਧ ਚੜ੍ਹ ਕੇ ਸਹਿਯੋਗ ਦਿੱਤਾ। ਇਤਿਹਾਸਕਾਰ ਪ੍ਰੋ: ਸੁਖਦਿਆਲ ਸਿੰਘ ਦੇ ਅਨੁਸਾਰ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਆਪ ਨੂੰ ਪਿੰਡ ਸਿਹਰ ਖੰਡਾ ਵਿਖੇ ਸੰਨ ੧੭੦੮ ਦੇ ਅਖੀਰ ਵਿਚ ਉਜਾਗਰ ਕੀਤਾ। ਇਹ ਪਿੰਡ ਸੋਨੀਪਤ ਤੇ ਰੋਹਤਕ ਦੇ ਵਿਚਕਾਰ ਖਰਖੋਦੇ ਇਲਾਕੇ ਵਿਚ ਹੈ। ਇਨ੍ਹਾਂ ਪਿੰਡਾਂ ਵਿਚ ਤੂਰ ਗੋਤ ਦੇ ਲੋਕ ਜ਼ਿਆਦਾ ਵਸਦੇ ਸਨ। ਇਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਪਹਿਲਾ ਕੈਂਪ ਬਣਾਇਆ ਤੇ ਸਾਰੇ ਪੰਜਾਬ ਵਿਚ ਆਪਣੀ ਆਮਦ ਬਾਰੇ ਚਿੱਠੀਆਂ ਰਾਹੀਂ ਜਾਣਕਾਰੀ ਭੇਜੀ। ਉਸ ਦੀਆਂ ਗਤੀਵਿਧੀਆਂ ਬਾਰੇ ਸਭ ਤੋਂ ਪਹਿਲੀ ਰਿਪੋਰਟ ਜੋ ਕਿ ਮੁਗਲ ਦਰਬਾਰ ਨੂੰ ਭੇਜੀ ਗਈ; ਉਹ ੩੧ ਜਨਵਰੀ ।੧੭੦੯ ਦੀ ਹੈ।

੧੭੦੯ ਈ: ਵਿਚ ਸਮਾਣੇ 'ਤੇ ਹਮਲਾ ਕਰਕੇ ਸਮਾਣੇ ਨਗਰ ਨੂੰ ਤਹਿਸ-ਨਹਿਸ ਕਰ ਦਿੱਤਾ। ਇਸ ਦਾ ਮੁੱਖ ਕਾਰਨ ਇਹ ਸੀ ਕਿ ਸੱਯਦ ਜਲਾਲੁਦੀਨ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਜਲਾਦ ਸੀ ਅਤੇ ਉਸ ਦੇ ਭਰਾ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਵਾਲੇ ਜਲਾਦ ਸਨ। ਬਾਬਾ ਬੰਦਾ ਬਹਾਦਰ ਨੇ ਸਢੌਰੇ ਕਸਬੇ ਨੂੰ ਇਸ ਲਈ ਉਜਾੜਿਆ ਕਿਉਂਕਿ ਪੀਰ ਬੁਧੂ ਸ਼ਾਹ ਤੇ ਉਸ ਦੇ ਪੁੱਤਰਾਂ ਨੂੰ ਕਤਲ ਕਰਨ ਵਾਲਾ ਉਸਮਾਨ ਖਾਂ ਸਢੌਰੇ ਨਗਰ ਦਾ ਸੀ। ਬੰਦਾ ਬਹਾਦਰ ਦੀ ਅਗਵਾਈ ਵਿਚ ਸਮਾਣਾ, ਸਢੌਰਾ ਅਤੇ ਸਹਾਰਪੁਰ ਤਕ ਦਾ ਇਲਾਕਾ ਸੋਧਿਆ ਗਿਆ। ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨੇ ਬਨੂੜ ਨੂੰ ਫਤਿਹ ਕਰਦੇ ਹੋਏ, ਸਰਹਿੰਦ ਵੱਲ ਨੂੰ ਕੂਚ ਕੀਤਾ।

ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੀਆਂ ਫੌਜਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਟੱਕਰ ੧੨ ਮਈ, ੧੭੧੦ ਨੂੰ 'ਛਪੜ ਝਿੜੀ' ਦੇ ਸਥਾਨ 'ਤੇ ਹੋਈ। ਛਪੜ ਝਿੜੀ ਨੂੰ ਹੁਣ ਚਪੜ ਚਿੜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਹ ਚੰਡੀਗੜ੍ਹ ਤੋਂ ਤਕਰੀਬਨ ੧੦-੧੨ ਕਿਲੋਮੀਟਰ ਦੀ ਦੂਰੀ 'ਤੇ ਲਾਂਡਰਾਂ-ਸਰਹਿੰਦ ਸੜਕ 'ਤੇ ਵਾਕਿਆ ਹੈ। ਇਥੇ ਬੜੀ ਘਮਸਾਨ ਦੀ ਜੰਗ ਹੋਈ। ਇਸ ਜੰਗ ਵਿਚ ਜਥੇਦਾਰ ਬਾਜ ਸਿੰਘ ਨੇ ਵਜ਼ੀਰ ਖਾਂ 'ਤੇ ਬਰਛੇ ਨਾਲ ਵਾਰ ਕੀਤਾ। ਇਹ ਬਰਛਾ ਵਜ਼ੀਰ ਖਾਂ ਦੇ ਘੋੜੇ ਦੇ ਮੱਥੇ ਵਿਚ ਵੱਜਿਆ। ਉਪਰੰਤ ਵਜ਼ੀਰ ਖਾਂ ਤੇ ਉਸ ਦੇ ਅੰਗ ਰੱਖਿਅਕਾਂ ਨੇ ਬਾਬਾ ਬਾਜ ਸਿੰਘ ਨੂੰ ਘੇਰ ਲਿਆ। ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਫਤਹਿ ਸਿੰਘ ਤੁਰੰਤ ਬਾਜ ਸਿੰਘ ਦੀ ਮਦਦ 'ਤੇ ਪਹੁੰਚੇ| ਇਸ ਘਮਸਾਨ ਵਿਚ ਬਾਬਾ ਫਤਹਿ ਸਿੰਘ ਨੇ ਵਜ਼ੀਰ ਖਾਂ 'ਤੇ ਇੰਨਾ ਭਰਵਾਂ ਵਾਰ ਕੀਤਾ ਕਿ ਉਹ ਮੋਢੇ ਤੋਂ ਲੈ ਕੇ ਛਾਤੀ ਤੱਕ ਚੀਰਿਆ ਗਿਆ। ਇਸ ਤਰ੍ਹਾਂ ਅੰਤ ਵਿਚ ਸਿੰਘਾਂ ਦੇ ਜੋਸ਼ ਅਤੇ ਗੁਰੂ ਘਰ ਦੇ ਪ੍ਰਤੀ ਵਫਾਦਾਰੀ ਅਤੇ ਪਿਆਰ ਦੇ ਸਾਹਮਣੇ ਸੂਬਾ ਸਰਹਿੰਦ ਦੀ ਟਿੱਡੀ ਦਲ ਜਿੰਨੀ ਫੌਜ ਸੂਬੇਦਾਰ ਵਜ਼ੀਰ ਖਾਨ ਦੀ ਜ਼ਲਾਲਤ ਭਰੀ ਮੌਤ ਤੋਂ ਬਾਅਦ ਮੈਦਾਨ ਛੱਡ ਕੇ ਭੱਜ ਉਠੀ।

ਇਸ ਤਰ੍ਹਾਂ ਮਾਸੂਮ ਤੇ ਨਿਰਦੋਸ਼ ਸਾਹਿਬਜ਼ਾਦਿਆਂ ਦਾ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਤੇ ਗੁਰੂ ਦਸਵੇਂ ਪਾਤਿਸ਼ਾਹ ਦੇ ਸਿੰਘਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਜਿੱਤ ਦੀ ਨਿਸ਼ਾਨੀ ਵਜੋਂ ਇਕ ਸਿੱਕਾ ਵੀ ਚਲਾਇਆ ਜਿਸ ਸਿੱਕੇ ਉਤੇ ਉਨ੍ਹਾਂ ਨੇ ਆਪਣਾ ਨਾਮ ਨਹੀਂ ਲਿਖਵਾਇਆ ਸਗੋਂ ਇਹ ਸ਼ਬਦ ਲਿਖੇ, šਸਿੱਕਾ ਜ਼ਦ ਬਰਹਰ ਦੋ ਆਲਮ ਤੇਗ਼-ਏ-ਨਾਨਕ ਵਾਹਿਬ ਅਸਤ ਫਤਹਿ ਗੋਬਿੰਦ ਸਿੰਘ ਸ਼ਾਹ ਸ਼ਾਹਾਨ ਫਜ਼ਲ-ਏ-ਸੱਚ ਸਾਹਿਬ ਅਸਤ* ਭਾਵ ਇਹ ਸਿੱਕਾ ਸੱਚੇ ਪਾਤਿਸ਼ਾਹ ਦੀ ਮਿਹਰ ਸਦਕਾ ਅਤੇ ਗੁਰੂ ਗੋਬਿੰਦ ਸਿੰਘ ਬਾਦਸ਼ਾਹਾਂ ਦੇ ਬਾਦਸ਼ਾਹ ਵਲੋਂ ਬਖਸ਼ੀ ਜਿੱਤ ਸਦਕਾ ਜਾਰੀ ਕੀਤਾ ਗਿਆ ਹੈ। ਇਸ ਦੇ ਦੂਸਰੇ ਪਾਸੇ ਇਹ ਸ਼ਬਦ ਹਨ : ਜ਼ਰਬ-ਬਾ-ਅਮਾਨ-ਉਲ-ਦਹਰ ਮੁਸੱਵਰਤ ਸ਼ਹਿਰ ਜ਼ੀਨਤ-ਉਲ-ਤਖ਼ਤ ਮੁਬਾਕ ਬਖਤ* ਭਾਵ ਇਹ ਸਿੱਕਾ ਆਦਮੀ ਦੇ ਚੰਗੀ ਭਾਗੀਂ ਤੇ ਉਸਦੀ ਬਖਸ਼ੀ ਹੋਈ ਗੱਦੀ ਸਦਕਾ ਅਮਨ-ਚੈਨ ਦੇ ਸ਼ਹਿਰ ਤੋਂ ਜਾਰੀ ਹੋਇਆ ਹੈ। ਇਸ ਤਰ੍ਹਾਂ ਹੀ ਬਾਬਾ ਬੰਦਾ ਬਹਾਦਰ ਨੇ ਸ਼ਾਹੀ ਮੋਹਰ ਵੀ ਬਣਾਈ| ਜਿਸ ਉਪਰ ਫਿਰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਉਸਤਤਿ ਦੇ ਹੇਠ ਲਿਖੇ ਸ਼ਬਦ ਉਕਰੇ ਸਨ: ''ਦੇਗ਼-ਓ-ਤੇਗ਼-ਓ-ਫ਼ਤਹਿ-ਓ-ਨੁਸਰਤ ਬੇਦਰੰਗ ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।" ਭਾਵ ਮੈਨੂੰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਮਿਹਰ ਸਦਕਾ ਦੁਨਿਆਵੀ ਖਜ਼ਾਨੇ, ਜਿੱਤ ਦੀ ਤਲਵਾਰ ਅਤੇ ਤਾਕਤ ਮਿਲੀ ਹੈ। ਸਰਹਿੰਦ ਦੀ ਫਤਿਹ ਤੋਂ ਬਾਅਦ ਉਨ੍ਹਾਂ ਨੇ ਸਰਹਿੰਦ ਦਾ ਰਾਜ ਪ੍ਰਬੰਧ ਬਾਬਾ ਬਾਜ ਸਿੰਘ ਨੂੰ ਸੌਂਪ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਗਰੀਬਾਂ ਅਤੇ ਖਾਸ ਤੌਰ 'ਤੇ ਗਰੀਬ ਕਿਸਾਨਾਂ ਦੀ ਮਸੀਹਾ ਬਣੇ। ਉਨ੍ਹਾਂ ਨੇ ਜ਼ਿੰਮੀਦਾਰੀ ਸਿਸਟਮ ਖਤਮ ਕਰਕੇ ਜ਼ਮੀਨਾਂ ਕਾਸ਼ਤਕਾਰਾਂ ਅਤੇ ਛੋਟੇ ਕਿਸਾਨਾਂ ਵਿਚ ਵੰਡ ਦਿੱਤੀਆਂ।

ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਲਈ ਹੀ ਨਹੀਂ ਸਗੋਂ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਲਈ ਵੀ ਵੱਡਾ ਖਤਰਾ ਸਮਝਿਆ ਜਾਣ ਲੱਗ ਪਿਆ ਸੀ। ਇਹ ਕਾਰਨ ਹੀ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਥੇ ਕਿਤੇ ਵੀ ਗਏ, ਦਿੱਲੀ ਤੱਕ ਦੀ ਮੁਗਲ ਫੌਜ ਨੇ ਉਨ੍ਹਾਂ ਦਾ ਪਿੱਛਾ ਕੀਤਾ। ਇਥੋਂ ਤੱਕ ਕਿ ਮੁਖਲਿਸਗੜ੍ਹ ਦੇ ਸਥਾਨ 'ਤੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਆਪ ਬੰਦਾ ਬਹਾਦਰ 'ਤੇ ਹਮਲਾ ਕਰਨਾ ਪਿਆ। ਪਰ ਬਾਬਾ ਬੰਦਾ ਸਿੰਘ ਬਹਾਦਰ ਨਾਹਨ ਦੀਆਂ ਪਹਾੜੀਆਂ ਵਿਚੋਂ ਦੀ ਗੁਰੀਲਾ ਫੌਜ ਦੇ ਤੌਰ-ਤਰੀਕਿਆਂ ਨਾਲ ਲੰਘਦਾ ਹੋਇਆ ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਦੇ ਰਸਤੇ ਗੁਰਦਾਸਪੁਰ ਦੇ ਇਲਾਕੇ ਵਿਚ ਪਹੁੰਚ ਗਿਆ।

ਇਥੇ ਅਖੀਰ ਵਿਚ ਮਹੀਨਿਆਂ ਬੱਧੀ ਘੇਰੇ ਤੋਂ ਬਾਅਦ ਗੁਰਦਾਸਪੁਰ ਤੋਂ ਪੰਜ ਕਿਲੋਮੀਟਰ ਦੂਰ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਘੇਰੇ ਗਏ। ਆਪਣੇ ਹੀ ਸਾਥੀ ਜਥੇਦਾਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਇਹ ਰਾਇ ਦਿੱਤੀ ਕਿ ਲੜਣ-ਮਰਨ ਦੀ ਬਜਾਏ ਮੁਗਲ ਫੌਜ ਨਾਲ ਸੁਲਾਹ ਕਰਨ ਦੀ ਨੀਤੀ ਅਪਣਾਈ ਜਾਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਨਾਲ ਸਹਿਮਤ ਨਾ ਹੋਏ। ਉਨ੍ਹਾਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਆਪਣੀ ਅਨੰਦਪੁਰੀ ਨੂੰ ਛੱਡਣ ਵੇਲੇ ਮੁਗਲ ਸੂਬੇਦਾਰਾਂ ਦੀਆਂ ਸੌਹਾਂ ਪਾਉਣ ਤੇ ਤੋੜਣ ਦਾ ਇਤਿਹਾਸ ਪ੍ਰਤੱਖ ਸਾਹਮਣੇ ਸੀ। ਸੋ ਉਨ੍ਹਾਂ ਨੇ ਬਾਬਾ ਬਿਨੋਦ ਸਿੰਘ, ਬਾਬਾ ਕਾਹਨ ਸਿੰਘ ਤੇ ਬਾਬਾ ਬਾਜ ਸਿੰਘ ਆਦਿ ਸਪਸ਼ਟ ਦੱਸ ਦਿੱਤਾ ਕਿ ਗੁਲਾਮੀ ਦੀ ਜ਼ਿੰਦਗੀ ਨਾਲੋਂ ਬਹਾਦਰੀ ਦੀ ਮੌਤ ਨੂੰ ਉਹ ਕਿਤੇ ਵੱਧ ਤਰਜੀਹ ਦੇਣਗੇ।

ਗੁਰਦਾਸ ਨੰਗਲ ਵਿਚ ਸਿੱਖ ਜਥੇਦਾਰਾਂ ਵਿਚ ਇਕ ਇਤਫਾਕ ਰਾਇ ਨਾ ਬਣ ਸਕੀ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਹਮਰਾਏ ਸਾਥੀਆਂ ਨਾਲ ਮਹੀਨਿਆਂ ਬੱਧੀ ਮੁਗਲ ਫੌਜ ਦਾ ਟਾਕਰਾ ਕਰਦੇ ਰਹੇ। ਪਰ ਅਖੀਰ ਵਿਚ ਹਾਲਤ ਇਹ ਹੋ ਗਈ ਕਿ ਸਿੰਘਾਂ ਨੂੰ ਆਪਣੇ ਘੋੜੇ ਵੀ ਮਾਰ ਕੇ ਖਾਣੇ ਪਏ। ਉਪਰੰਤ ਗੜ੍ਹੀ ਟੁੱਟ ਜਾਣ 'ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ੭੦੦ ਸਿੰਘਾਂ ਸਮੇਤ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਇਥੇ ਕੁਤਬ ਮਿਨਾਰ ਕੋਲ ਸੰਨ ੧੭੧੬ ਈ: ਇਨ੍ਹਾਂ ਦੇ ੭੦੦ ਸਾਥੀਆਂ ਨੂੰ ਹਰ ਦਿਨ ੧੦੦ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ।॥ ਸਭ ਤੋਂ ਬਾਅਦ ਵਿਚ ਸਿੰਘਾਂ ਦੇ ੨੩ ਜਥੇਦਾਰਾਂ ਨੂੰ ਸ਼ਹੀਦ ਕੀਤਾ ਗਿਆ। ਉਪਰੰਤ ੯ ਜੂਨ, ੧੭੧੬ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੀਆਂ ਗਰਮ ਸੂਇਆਂ ਨਾਲ ਅੱਖਾਂ ਕੱਢਣ ਤੋਂ ਬਾਅਦ ਤੇ ਹੱਥ-ਪੈਰ ਕੱਟਣ ਤੋਂ ਬਾਅਦ ਉਨ੍ਹਾਂ ਦਾ ਜੰਬੂਰਾਂ ਨਾਲ ਮਾਸ ਨੋਚ-ਨੋਚ ਕੇ ਸ਼ਹੀਦ ਕੀਤਾ ਗਿਆ। ਇਨ੍ਹਾਂ ਦਾ ਪੰਜ ਸਾਲ ਦਾ ਬੇਟਾ ਅਜੈ ਸਿੰਘ ਵੀ ਨਾਲ ਸੀ। ਜਲਾਦਾਂ ਨੇ ਉਸ ਨੂੰ ਵੀ ਇਨ੍ਹਾਂ ਦੇ ਸਾਹਮਣੇ ਕਤਲ ਕੀਤਾ ਤੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਠੋਸਿਆ ਗਿਆ। ਬਾਬਾ ਬੰਦਾ ਸਿੰਘ ਜੀ ਦੀ ਸੁਪਤਨੀ ਸੁਸ਼ੀਲ ਕੌਰ ਨੂੰ ਵੀ ਉਨ੍ਹਾਂ ਦੇ ਸਾਹਮਣੇ ਕਤਲ ਕੀਤਾ ਗਿਆ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਅਡੋਲ ਰਹਿ ਕੇ ਗੁਰੂ ਦਾ ਬੰਦਾ ਹੋਣ ਤੇ ਵਚਨਾਂ ਦੀ ਪ੍ਰਤਿਗਿਆ ਨਿਭਾਉਂਦੇ ਹੋਏ ਜੋ ਕੁਰਬਾਨੀ ਦੀ ਮਿਸਾਲ ਦੀਨ-ਦੁਨੀਆਂ ਵਿਚ ਕਾਇਮ ਕੀਤੀ ਹੈ, ਉਸ ਦੀ ਉਦਾਹਰਣ ਸਿੱਖ ਇਤਿਹਾਸ ਵਿਚ ਅਦੁੱਤੀ ਹੈ ਤੇ ਸੰਸਾਰ ਦੇ ਇਤਿਹਾਸ ਵਿਚ ਅਜਿਹੀ ਮਿਸਾਲ ਘਟ ਹੀ ਮਿਲਦੀ ਹੈ।

ਉਸ ਸਮੇਂ ਮੁਸਲਮਾਨ ਵਾਕਿਆ ਨਵੀਸ ਖਾਫੀ ਖਾਨ, ਮਿਰਜ਼ਾ ਮੁਹੰਮਦ ਹਰੀਸੀ, ਮੁਹੰਮਦ ਕਾਸਿਮ ਲਾਹੌਰੀ ਵਰਗਿਆਂ ਤੋਂ ਬਿਨਾਂ ਈਸਟ ਇੰਡੀਆ ਕੰਪਨੀ ਦੇ ਵਾਕਿਆ ਨਵੀਸ ਜਿਵੇਂ ਕਿ ਜੌਹਨ ਸਰਮਨ, ਐਡਵਰਡ ਸਟੀਫਨਸਨ, ਕੋਜ਼ੀ, ਸਿਰਹੌਦ ਅਤੇ ਹਿਊ ਬਾਰਕਰ ਬਤੌਰ ਸੈਕਟਰੀ ਹਾਜ਼ਰ ਸਨ। ਇਨ੍ਹਾਂ ਨੇ ਇਸ ਵਾਕਿਆ ਦੀ ਬਹੁਤ ਅਰਥ ਭਰਪੂਰ ਸ਼ਬਦਾਂ ਵਿਚ ਰਿਪੋਰਟ ਉਸ ਵਕਤ ਦੇ ਫੋਰਟ ਵਿਲੀਅਮ ਕਲਕੱਤਾ ਦੇ ਗਵਰਨਰ ਰੌਬਰਟ ਹੈਜਿਜ਼ ਨੂੰ ਭੇਜੀ ਸੀ। ਉਸ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਨਾਲ ਤਕਰੀਬਨ ੭੪੦ ਸਿੰਘਾਂ ਨੇ ਗੁਰੂ ਦੇ ਭਾਣੇ ਵਿਚ ਰਹਿੰਦੇ ਹੋਏ ਚੀਕ ਚਿਹਾੜਾ ਤਾਂ ਦੂਰ ਦੀ ਗੱਲ ਸਗੋਂ ਮਾਨਸਿਕ ਜਾਂ ਸਰੀਰਕ ਪੀੜ ਦੇ ਤਹਿਤ ਸੀਅ ਜਾਂ ਉਫ ਤੱਕ ਨਹੀਂ ਕੀਤੀ। ਸਗੋਂ ਖਿੜੇ ਮੱਥੇ ਮੌਤ ਨੂੰ ਕਬੂਲ ਕੀਤਾ। ਇਸ ਸਾਰੇ ਹਵਾਲੇ ਦਾ ਜ਼ਿਕਰ ਸੀ.ਆਰ. ਵਿਲਸਨ ਨੇ ਏਸ਼ਿਐਟਿਕ ਸੋਸਾਇਟੀ ਕਲਕੱਤਾ ਦੇ ਮੈਗਜ਼ੀਨ ਵਿਚ ਕੀਤਾ ਹੈ।

ਪਰ ਕੁਦਰਤ ਦੀ ਇਹ ਵੀ ਅਣਹੋਣੀ ਹੈ ਕਿ ਅਸੀਂ ਗੁਰੂ ਦੇ ਉਸ ਮਹਾਨ ਬੰਦੇ ਨੂੰ ਉਸ ਦਾ ਬਣਦਾ ਯੋਗ ਸਥਾਨ ਨਹੀਂ ਦੇ ਸਕੇ। ਅਸੀਂ ਬਹੁਤ ਘੱਟ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਤੋਂ ਬਾਅਦ ਸਿੱਖਾਂ ਵੱਲੋਂ ਮੁਗਲਾਂ 'ਤੇ ਪ੍ਰਾਪਤ ਕੀਤੀ 'ਪਹਿਲੀ ਜਿੱਤ' ਨੂੰ ੧੨ ਮਈ ਦੇ ਦਿਨ ਚਪੜ ਚਿੜੀ ਦੇ ਮੈਦਾਨ ਵਿਚ ਮਨਾਉਂਦੇ ਹਾਂ। ਇਸ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਗੁਰੂ ਪ੍ਰਤੀ ਵਫਾਦਾਰੀ ਅਤੇ ਵਫਾਦਾਰੀ ਨੂੰ ਨਿਭਾਉਣ ਦੀ ਖਾਤਿਰ ਕੀਤੀ ਕੁਰਬਾਨੀ ਨੂੰ ਵੀ ਅਸੀਂ ਬਹੁਤ ਘੱਟ ਯਾਦ ਕਰਦੇ ਹਾਂ| ਮਿਸਾਲ ਵਜੋਂ ਅਸੀਂ ਕਦੇ-ਕਦਾਈਂ ਹੀ ੯ ਜੂਨ ਨੂੰ ਉਨ੍ਹਾਂ ਦੇ ਸ਼ਹੀਦੀ ਦਿਨ ਵਜੋਂ ਮਨਾਉਂਦੇ ਹਾਂ। ਇਸ ਤੋਂ ਵੱਧ ਹੋਰ ਅਲੋਕਾਰੀ ਵਾਲੀ ਗੱਲ ਕੀ ਹੋਵੇਗੀ ਕਿ ਚੰਡੀਗੜ੍ਹ ਤੋਂ ੧੦ ਕਿਲੋਮੀਟਰ ਦੀ ਦੂਰੀ 'ਤੇ ਚਪੜ ਚਿੜੀ ਦੇ ਮੈਦਾਨ ਬਾਰੇ ਸਿਰਫ ਸੈਂਕੜਿਆਂ ਦੀ ਗਿਣਤੀ ਵਿਚ ਹੀ ਲੋਕਾਂ ਨੂੰ ਜਾਣਕਾਰੀ ਹੋਵੇਗੀ ਅਤੇ ਉਸ ਤੋਂ ਵੀ ਘੱਟ ਲੋਕਾਂ ਨੇ ਚਪੜ ਚਿੜੀ ਦੇ ਮੈਦਾਨ ਦੀ ਪਵਿੱਤਰ ਮਿੱਟੀ ਨੂੰ ਨੱਤ-ਮਸਤਕ ਹੋਣ ਦੀ ਖੇਚਲ ਕੀਤੀ ਹੋਵੇਗੀ।

ਇਥੇ ਜ਼ਿਕਰਯੋਗ ਹੈ ਕਿ ਅਸੀਂ ਬੇਸ਼ੱਕ ਬਾਬਾ ਬੰਦਾ ਬਹਾਦਰ ਨੂੰ ਸ਼ੁਰੂ ਤੋਂ ਹੁਣ ਤੱਕ ਅਣਗੌਲਿਆ ਰੱਖਿਆ ਹੈ। ਪਰ ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਵਰੋਸਾਇਆ ਇਹ ਗੁਰੂ ਦਾ ਮਹਾਨ ਜਰਨੈਲ ਸਿੱਖ ਕੌਮ ਦਾ ਪਹਿਲਾ ਸਮਰਾਟ ਬਣਿਆ। ਜਿਸ ਦੇ ਤਪ ਤੇ ਤੇਜ ਦੀ ਬੁਨਿਆਦ ਉਤੇ ੧੮ਵੀਂ ਸਦੀ ਵਿਚ ਸਿੱਖਾਂ ਲਈ ਬੇਹੱਦ ਖੌਫਨਾਕ ਹਾਲਾਤਾਂ ਦੇ ਬਾਵਜੂਦ ਵੀ ੧੨ ਮਿਸਲਾਂ ਦੇ ਸਰਦਾਰਾਂ ਨੇ ਆਪਣੇ ਰਾਜ ਕਾਇਮ ਕੀਤੇ।

Tags: ਮਹਾਨ ਗੁਰੂ ਦਾ ਬੰਦਾ-ਬਾਬਾ ਬੰਦਾ ਸਿੰਘ ਬਹਾਦਰ