HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਸਾਇਬੇਰੀਆ ਦੀਆਂ ਕੂੰਜਾਂ ਬਨਾਮ ਪੰਜਾਬੀਆਂ ਦਾ ਪਰਵਾਸ


Date: Dec 09, 2014

ਜਗਮੋਹਨ ਸਿੰਘ ਲੱਕੀ
-ਕਾਦਰ ਵੱਲੋਂ ਸਾਜੀ ਇਸ ਕੁਦਰਤ ਵਿੱਚ ਜੇ ਮਨੁੱਖ ਅਤੇ ਪੰਛੀਆਂ ਵਿਚਾਲੇ ਕੁਦਰਤੀ ਸਾਂਝ ਹੈ ਤਾਂ ਹੁਣ ਮਨੁੱਖ ਅਤੇ ਪੰਛੀਆਂ ਦੀ 'ਹੋਣੀ' ਵੀ ਇਕੋ ਜਿਹੀ ਹੈ। ਦੋਵੇਂ ਹੀ ਪਰਵਾਸ ਦਾ ਦਰਦ ਹੰਢਾ ਰਹੇ ਹਨ। ਦੋਵੇਂ ਹੀ ਚੋਗ ਚੁਗਣ ਲਈ ਹੁਣ ਲੰਬੀਆਂ ਉਡਾਰੀਆਂ ਮਾਰਨ ਲੱਗੇ ਹਨ। ਜੇ ਪੰਛੀ ਪੁਰਾਤਨ ਸਮੇਂ ਤੋਂ ਹੀ ਚੋਗ ਲਈ ਲੰਬੀਆਂ ਉਡਾਰੀਆਂ ਮਾਰਦੇ ਹਨ ਤਾਂ ਹੁਣ ਮਨੁੱਖ ਵੀ ਸੱਤ ਸਮੁੰਦਰ ਪਾਰ ਕਰਦੇ ਹਨ ਅਤੇ ਡਾਲਰ ਅਤੇ ਪੋਂਡ ਕਮਾ ਰਹੇ ਹਨ। ਇਹ ਇੱਕ ਹਕੀਕਤ ਹੈ ਕਿ ਮਨੁੱਖ ਅਤੇ ਪੰਛੀਆਂ ਦਾ ਸਬੰਧ ਮੁੱਢ ਤੋਂ ਹੀ ਹੈ, ਦੋਵਾਂ ਵਿੱਚ ਬੜੀ ਜ਼ਜਬਾਤੀ ਸਾਂਝ ਵੀ ਹੈ। ਇਸੇ ਕਾਰਨ ਜੇ ਵੱਡੀ ਗਿਣਤੀ ਲੋਕ ਪੰਛੀਆਂ ਨੂੰ ਚੋਗਾ ਖਿਲਾਰਦੇ ਹਨ ਤਾਂ ਉਹਨਾਂ ਲੋਕਾਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ ਜੋ ਕਿ ਪੰਛੀਆਂ ਨੂੰ ਆਪਣੇ ਘਰ ਵਿਚ ਪਾਲਕੇ ਰੱਖਦੇ ਹਨ ਜਾਂ ਫਿਰ ਪਿੰਜਰੇ ਵਿਚ ਕੈਦ ਕਰਕੇ। ਤੋਤੇ, ਰੰਗ ਬਿੰਰੰਗੀਆਂ ਚਿੜੀਆਂ ਰੱਖਣਾ ਅਤੇ ਕਬੂਤਰ ਪਾਲਣੇ ਵੀ ਅਸਲ ਵਿਚ ਮਨੁੱਖ ਦੀ ਪੰਛੀਆਂ ਨਾਲ ਸਾਂਝ ਦਾ ਪ੍ਰਤੀਕ ਨੇ। ਪਹਿਲਾਂ ਜਦੋਂ ਜੰਗਲ ਹੁੰਦੇ ਸਨ ਤਾਂ ਅਕਸਰ ਹੀ ਲੋਕ ਬਾਜ਼ ਜਾਂ ਸ਼ਿਕਰਾ ਪਾਲਦੇ ਸਨ, ਸ਼ਿਕਰੇ ਨੂੰ ਬਾਜ਼ ਪਰਿਵਾਰ ਦਾ ਅੰਗ ਅਤੇ ਬਾਜ਼ ਦੇ ਤਾਏ -ਚਾਚੇ ਦਾ ਹੀ ਮੁੰਡਾ ਯਾਨੀ ਪੰਛੀ ਕਿਹਾ ਜਾਂਦਾ ਹੈ। ਮਨੁੱਖ ਨੇ ਪੰਛੀਆਂ ਵਾਂਗ ਹੀ ਹੁਣ ਉਡਣਾ ਸ਼ੁਰੂ ਕਰ ਦਿਤਾ ਹੈ , ਅਸਲ ਵਿਚ ਹਵਾਈ ਜਹਾਜ ਦੀ ਖੋਜ ਹੀ ਪੰਛੀਆਂ ਨੂੰ ਉਡਦੇ ਹੋਏ ਵੇਖ ਕੇ ਕੀਤੀ ਗਈ ।
ਹਰ ਸਾਲ ਹੀ ਸਰਦੀਆਂ ਦੀ ਰੁੱਤ ਸ਼ੁਰੂ ਹੁੰਦੇ ਹੀ ਕੂੰਜਾਂ ਰੂਸ ਦੇ ਸਾਈਬੇਰੀਆ ਇਲਾਕੇ ਅਤੇ ਹੋਰ ਦੇਸ਼ਾਂ ਵਿਚੋਂ ਹਜ਼ਾਰਾਂ ਮੀਲ ਦਾ ਸਫਰ ਤੈਅ ਕਰਕੇ ਭਾਰਤ ਆਉਂਦੀਆਂ ਨੇ , ਇਹ ਪਰਵਾਸੀ ਪੰਛੀ ਕਾਫੀ ਸਮਾਂ ਭਾਰਤ ਦੇ ਵੱਖ- ਵੱਖ ਇਲਾਕਿਆਂ ਵਿਚ ਰਹਿ ਕੇ ਮੁੜ ਆਪਣੇ ਵਤਨ ਨੂੰ ਉਡ ਜਾਂਦੀਆਂ ਨੇ। ਸਾਈਬੇਰੀਆਂ ਰੂਸ ਦਾ ਇਕ ਅਜਿਹਾ ਇਲਾਕਾ ਹੈ ਜਿਥੇ ਕਿ ਜੰਗਲ ਹੋਣ ਦੇ ਨਾਲ ਨਾਲ ਸਰਦੀ ਵੀ ਬਹੁਤ ਪੈਂਦੀ ਹੈ। ਇਸੇ ਤਰਾਂ ਦੁਨੀਆਂ ਵਿਚ ਹੋਰ ਵੀ ਕਈ ਇਲਾਕੇ ਅਜਿਹੇ ਹਨ ਜਿਥੇ ਸਰਦੀਆਂ ਵਿਚ ਤਾਂ ਉਥੇ ਲਗਾਤਾਰ ਅਸਮਾਣ ਵਿਚੋਂ ਬਰਫ ਡਿਗਦੀ ਹੈ ਅਤੇ ਬਰਫੀਲੇ ਤੂਫਾਨ ਚਲਦੇ ਹਨ। ਉਥੇ ਝੀਲਾਂ ਜੰਮ ਜਾਂਦੀਆਂ ਹਨ, ਪੰਛੀਆਂ ਲਈ ਖਾਣ ਲਈ ਕੋਈ ਚੀਜ਼ ਨਹੀਂ ਬੱਚਦੀ ਕਿਉਂਕਿ ਰੁੱਖ ਵੀ ਬਰਫ ਹੇਠ ਦੱਬ ਜਾਂਦੇ ਹਨ। ਹਰੇ ਭਰੇ ਰੁੱਖਾਂ ਉਪਰ ਚਿੱਟੀ ਬਰਫ ਜੰਮ ਜਾਂਦੀ ਹੈ ਅਤੇ ਉਹ ਸਫੈਦ ਭਾਅ ਮਾਰਦੇ ਹਨ ਰਾਤ ਸਮੇਂ ਇਹ ਰੁੱਖ ਚੰਨ ਦੀ ਚਾਨਣੀ ਵਿਚ ਚਮਕਦੇ ਤਾਂ ਬਹੁਤ ਹਨ ਪਰ ਇਹ ਚਮਕ ਚੰਨ ਦੀ ਚਾਣਨੀ ਵਾਂਗ ਉਧਾਰੀ ਹੀ ਹੁੰਦੀ ਹੈ ਜਿਵੇਂ ਚੰਨ ਸੁਰਜ ਤੋਂ ਰੋਸ਼ਨੀ ਲੈ ਕੇ ਹੀ ਰਾਤ ਨੂੰ ਦਿੰਦਾ ਹੈ ਉਵੇਂ ਹੀ ਰੁੱਖਾਂ ਦੀ ਚਮਕ ਪੰਛੀਆਂ ਨੂੰ ਚੋਗ ਨਹੀਂ ਦੇ ਸਕਦੀ । ਇਸ ਤੋਂ ਇਲਾਵਾ ਹੱਡ ਚੀਰਵੀਂ ਠੰਡ ਵਿਚ ਜਦੋਂ ਸਰਦ ਅਤੇ ਬਰਫੀਲੀਆਂ ਹਵਾਵਾਂ ਚਲਦੀਆਂ ਹਨ, ਅਤੇ ਰੂੰ ਦੇ ਫੰਬਿਆਂ ਵਾਂਗ ਬਰਫ ਹਵਾ ਵਿਚ ਉਡਦੀ ਹੈ ਤਾਂ ਇਹਨਾਂ ਪੰਛੀਆਂ ਲਈ ਪਰਵਾਸ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਹਿੰਦਾ । ਜਿਸ ਧਰਤੀ ਉਪਰ ਇਹ ਪੰਛੀ ਜੰਮੇ ਪਲੇ ਹੁੰਦੇ ਹਨ ਜਿਸ ਧਰਤੀ ਦੇ ਆਕਾਸ ਉਪਰ ਇਹਨਾਂ ਨੇ ਉਡਾਰੀਆਂ ਮਾਰੀਆਂ ਹੁੰਦੀਆਂ ਹਨ, ਉਹ ਹੀ ਅਸਮਾਣ ਇਹਨਾਂ ਲਈ ਪਰਾਇਆ ਹੋ ਜਾਂਦਾ ਹੈ। ਮਜ਼ਬੁਰੀ ਵੱਸ ਇਹਨਾਂ ਪੰਛੀਆਂ ਨੂੰ ਪਰਵਾਸ ਕਰਨਾ ਪੈਂਦਾ ਹੈ। ਇਹ ਪੰਛੀ ਹਜ਼ਾਰਾਂ ਮੀਲ ਦੀ ਉਡਾਰੀ ਮਾਰਕੇ ਭਾਰਤ-ਪੰਜਾਬ ਦੇ ਵਿੱਚ ਪਹੁੰਚ ਜਾਂਦੇ ਹਨ ਅਤੇ ਜਦੋਂ ਉਹਨਾਂ ਦੇ ਆਪਣੇ ਵਤਨ ਮੌਸਮ ਸਾਫ ਹੁੰਦਾ ਹੈ ਤਾਂ ਇਹ ਮੁੜ ਵਤਨਾਂ ਲਈ ਵਾਪਸ ਉਡਾਰੀ ਮਾਰ ਜਾਂਦੇ ਹਨ। ਇਹ ਪੰਛੀ ਜਿਹਨਾਂ ਵਿਚ ਵੱਡੀ ਗਿਣਤੀ ਕੂੰਜਾਂ ਦੀ ਹੁੰਦੀ ਹੈ, ਇਹ ਕੂੰਜਾਂ ਪਰਵਾਸ ਕਰਨ ਲਈ ਲੰਬੀ ਉਡਾਰੀ ਮਾਰਨ ਤੋਂ ਪਹਿਲਾਂ ਹੀ ਸਾਈਬੇਰੀਆ ਵਿੱਚ ਹੀ ਅੰਡੇ ਦੇ ਦਿੰਦੀਆਂ ਹਨ ਅਤੇ ਉਹਨਾਂ ਅੰਡਿਆਂ ਨੂੰ ਚੰਗੀ ਤਰਾਂ ਆਪਣੇ ਆਲਣੇ ਵਿਚ ਢੱਕ ਕੇ ਉਡਾਰੀ ਮਾਰਦੀਆਂ ਹਨ। ਜਦੋਂ ਪਰਵਾਸ ਦਾ ਦਰਦ ਹੰਡਾ ਕੇ ਅਗਲੀ ਵਾਰੀ ਇਹ ਕੂੰਜਾਂ ਸਾਈਬੇਰੀਆ ਵਾਪਸ ਜਾਂਂਦੀਆਂ ਹਨ ਤਾਂ ਆਪਣੇ ਅੰਡਿਆਂ ਵਿਚੋਂ ਬੱਚੇ ਕੱਢ ਲੈਂਦੀਆਂ ਹਨ। ਇਹ ਵਰਤਾਰਾ ਹਰ ਸਾਲ ਹੀ ਚੱਲਦਾ ਹੈ ਅਤੇ ਸਦੀਆਂ ਤੋਂ ਹੀ ਇਹ ਵਰਤਾਰਾ ਚੱਲ ਰਿਹਾ ਹੈ। ਇਹ ਕੂੰਜਾਂ ਰਾਤ ਸਮੇਂ ਵੀ ਉਡਾਰੀ ਮਾਰ ਲੈਂਦੀਆਂ ਹਨ, ਬਚਪਣ ਤੋਂ ਹੀ ਮੈਂ ਪਰਵਾਸੀ ਪੰਛੀਆਂ ਦੀ ਰਾਤ ਸਮੇਂ ਮਾਰੀ ਜਾਂਦੀ ਉਡਾਰੀ ਵੇਖਦਾ ਆ ਰਿਹਾ ਹਾਂ। ਇਹ ਪਰਵਾਸੀ ਪੰਛੀ ਬੜੀ ਲੈਅ ਬੱਧ ਉਡਾਣ ਭਰਦੇ ਹਨ। ਇਹਨਾਂ ਦੇ ਅੱਗੇ ਇਕ ਪੰਛੀ, ਫੇਰ ਉਸਦੇ ਪਿਛੇ ਤਿੰਨ , ਫੇਰ ਪੰਜ ਫੇਰ ਸੱਤ, ਫੇਰ ਨੋ ਪੰਛੀ ਫੇਰ ਸੱਤ , ਫੇਰ ਪੰਜ, ਫੇਰ ਤਿੰਨ ਪੰਛੀ ਹੁੰਦੇ ਹਨ। ਜੋ ਸਭ ਤੋਂ ਅੱਗੇ ਪੰਛੀ ਹੁੰਦਾ ਹੈ ਉਹ ਹੀ ਅਸਲ ਵਿਚ ਰਸਤੇ ਦੀ ਪੈੜ ਨੱਪਦਾ ਹੈ ਅਤੇ ਬਾਕੀ ਪੰਛੀ ਉਸਦੇ ਪਿਛੇ ਹੀ ਉਡੇ ਜਾਂਦੇ ਹਨ, ਕੁੱਝ ਮੀਲਾਂ ਦੇ ਸਫਰ ਤੋਂ ਬਾਅਦ ਸਭ ਤੋਂ ਅਗਲਾ ਪਰਵਾਸੀ ਪੰਛੀ ਪਿਛੇ ਆ ਜਾਂਦਾ ਹੈ ਅਤੇ ਪਿਛਲਿਆਂ ਵਿਚੋਂ ਇਕ ਪੰਛੀ ਅਗੇ ਆ ਜਾਂਦਾ ਹੈ। ਇਹਨਾਂ ਪੰਛੀਆਂ ਦੇ ਖੰਭ ਇਕ ਹੀ ਸਮੇਂ ਹਿਲਦੇ ਹਨ। ਜੋ ਕਿ ਰਾਤ ਦੇ ਸਮੇਂ ਚਿੱਟੇ ਰੰਗ ਦੇ ਹੋਣ ਕਰਕੇ ਬਹੁਤ ਸੋਹਣੇ ਲੱਗਦੇ ਹਨ।
ਹੁਣ ਗਲ ਕਰੀਏ ਮਨੁੱਖਾਂ ਦੀ ਤਾਂ ਇਹ ਮਨੁੱਖ ਹੀ ਹੁੰਦੇ ਹਨ ਜਿਹੜੇ ਕਿ ਪੰਛੀਆਂ ਵਾਂਗ ਜੇ ਜਹਾਜ ਵਿਚ ਬੈਠਕੇ ਉਡਣ ਲੱਗੇ ਹਨ ਤਾਂ ਪਰਵਾਸ ਵੀ ਪੰਛੀਆਂ ਵਾਂਗ ਹੰਡਾ ਰਹੇ ਹਨ। ਹੁਣ ਹਰ ਪੰਜਾਬੀ ਬੱਚੇ ਦੇ ਜਦੋਂ ਮੁੱਛ ਆਉਣੀ ਸ਼ੁਰੂ ਹੁੰਦੀ ਹੈ ਤਾਂ ਉਸਦੀ ਇਹ ਇਛਾ ਹੁੰਦੀ ਹੈ ਕਿ ਉਹ ਕੈਨੇਡਾ, ਅਮਰੀਕਾ,ਆਸਟ੍ਰੇਲੀਆ ਜਾ ਵੜੇ। ਵਿਦੇਸ ਜਾਣ ਲਈ ਇਹਨਾਂ ਵਲੋਂ ਤਰੀਕੇ ਵੀ ਕਈ ਤਰਾਂ ਦੇ ਅਪਨਾਏ ਜਾ ਰਹੇ ਹਨ। ਅਸਲ ਵਿਚ ਪੰਜਾਬੀਆਂ ਦਾ ਪਰਵਾਸ ਅੱਜ ਜਾਂ ਕਲ ਹੀ ਸ਼ੁਰੂ ਨਹੀ ਹੋਇਆ , ਸਗੋਂ ਇਹ ਤਾਂ ਸਦੀਆਂ ਤੋਂ ਹੀ ਜਾਰੀ ਹੈ। ਪਹਿਲਾਂ ਲੋਕ ਇੰਗਲੈਂਡ ਜਾਂਦੇ ਸਨ ਪਰ ਹੁਣ ਹੋਲੀ ਹੋਲੀ ਹੋਰ ਮੁਲਕਾਂ ਵਿਚ ਜਾਣ ਲੱਗੇ ਅਤੇ ਉਥੋਂ ਦੇ ਹੀ ਵਸਨੀਕ ਬਣ ਗਏ। ਜੇ ਭਾਰਤ ਆਜ਼ਾਦ ਹੋਣ ਸਮੇਂ ਬਾਰਾਂ ਵਿਚੋਂ ਉਜੜ ਕੇ ਆਏ ਲੋਕਾਂ ਨੂੰ ਭਾਰਤ ਦੇ ਪੰਜਾਬ ਖਾਸ ਕਰਕੇ ਦੋਆਬੇ ਵਿਚ ਜਮੀਨ ਦੀ ਘਾਟ ਰੜਕਣ ਲੱਗੀ ਤਾਂ ਉਹਨਾਂ ਨੇ ਵਿਦੇਸ਼ ਉਡਾਰੀ ਮਾਰਨੀ ਸ਼ੁਰੂ ਕਰ ਦਿਤੀ , ਇਸੇ ਤਰਾਂ ਮਾਲਵਾ ਖਾਸ ਕਰਕੇ ਬਰਨਾਲਾ ਨੇੜਲੇ ਇਤਿਹਾਸਿਕ ਪਿੰਡ ਭਦੌੜ ਦੇ ਬਰਮਾ ਵਿਚੋਂ ਉਜੜ ਕੇ ਜਾਂ ਬਰਮਾ ਉਪਰ ਹੋਏ ਹਮਲੇ ਦੌਰਾਨ ਆਪਣੀ ਜਾਣ ਬਚਾਕੇ ਆਏ ਲੋਕਾਂ ਨੂੰ ਮਜ਼ਬੂਰੀ ਵਸ ਕੈਨੇਡਾ ਜਾਣਾ ਪਿਆ। ਪਿੰਡ ਭਦੌੜ ਦੇ ਗਿਆਨੀ ਨੱਥਾ ਸਿੰਘ ਦਾ ਪਰਿਵਾਰ ਪੁਰਾਤਨ ਸਮੇਂ ਤੋਂ ਹੀ ਬਰਮਾ ਵਿਚ ਰਹਿੰਦਾ ਸੀ ਅਤੇ ਇਸ ਪਰਿਵਾਰ ਨੂੰ ਮਾਣ ਹੈ ਕਿ ਭਦੌੜ ਪਿੰਡ ਵਿਚ ਸਭ ਤੋਂ ਪਹਿਲੀ ਹਵੇਲੀ ਵੀ ਇਸੇ ਹੀ ਪਰਿਵਾਰ ਨੇ ਬਣਾਈ ਉਹੀ ਵੀ ਸੋਢੀਆਂ ਦੇ ਮਹੁੱਲੇ ਵਿੱਚ। ਇਸ ਹਵੇਲੀ ਦੇ ਵੱਡੇ ਸਾਰੇ ਮੁੱਖ ਦਰਬਾਜੇ ਉਪਰ ਉਸ ਸਮੇਂ ਦੋਵੇਂ ਪਾਸੇ ਦੋ ਥਾਣੇਦਾਰ ( ਬੁੱਤ) ਰਾਖੀ ਲਈ ਬਣਾਏ ਗਏ। ਪਿੰਡ ਵਿਚ ਉਸ ਸਮੇਂ ਘੁੰਡ ਦਾ ਰਿਵਾਜ਼ ਹੋਣ ਕਾਰਨ ਪਿੰਡ ਦੀਆਂ ਨੂੰਹਾਂ ਇਹਨਾਂ ਬੁੱਤਾਂ ਨੂੰ ਵੇਖਕੇ ਹੀ ਹਵੇਲੀ ਅੰਦਰ ਆ ਜਾਂਦੀਆਂ ਸਨ ਉਹਨਾਂ ਨੇ ਹਵੇਲੀ ਦੇ ਦਰਵਾਜੇ ਦੇ ਉਪਰਲੇ ਹਿਸੇ ਵੱਲ ਹੀ ਨਹੀਂ ਸੀ ਵੇਖਿਆ । ਜਿਸ ਸਮੇਂ ਦੀ ਇਹ ਗਲ ਹੈ ਉਸ ਸਮੇਂ ਪੰਜਾਬ ਦੇ ਪਿੰਡਾਂ ਵਿਚ ਨੂੰਹਾਂ ਘੁੰਡ ਕੱਢਣ ਦੇ ਨਾਲ ਹੀ ਘੱਗਰਾ ਵੀ ਪਾਉਂਦੀਆਂ ਸਨ, ਪਿੰਡ ਦੀ ਧੀ ਨੂੰ ਹਰ ਕੋਈ ਆਪਣੀ ਧੀ ਸਮਝਦਾ ਸੀ। ਇਸ ਪਰਿਵਾਰ ਦੇ ਸਰਦਾਰ ਬੱਗਾ ਸਿੰਘ ,ਜਸਵੰਤ ਸਿੰਘ ਅਤੇ ਹੋਰ ਪਰਿਵਾਰ ਦੇ ਮੈਂਬਰ ਬਰਮਾ ਗਏ ਜਿਥੇ ਕਿ ਇਹਨਾਂ ਦਾ ਲੋਹੇ ਦੇ ਗਾਡਰ ਅਤੇ ਹੋਰ ਸਾਮਾਨ ਬਨਾਉਣ ਦਾ ਕਾਰਖਾਨਾ ਸੀ । ਬਰਮਾ ਤੋਂ ਲਿਆਂਦੇ ਗਾਡਰ ਹੀ ਭਦੌੜ ਦੀ ਹਵੇਲੀ ਵਿਚ ਲਾਏ ਗਏ। ਫਿਰ ਇਹ ਪਰਿਵਾਰ ਕੈਨੇਡਾ ਜਾ ਵਸਿਆ ਹੁਣ ਤਾਂ ਇਸ ਹਵੇਲੀ ਦੇ ਖੰਡਰ ਹੀ ਰਹਿ ਗਏ ਨੇ। ਕਿਉਂਕਿ ਜਸਵੰਤ ਸਿੰਘ ਦਾ ਪਰਿਵਾਰ ਬਹੁਤ ਲੰਬੇ ਸਮੇਂ ਤੋਂ ਪਹਿਲਾਂ ਅਫਰੀਕਾ ਅਤੇ ਫੇਰ ਕੈਨੇਡਾ ਰਹਿ ਰਿਹਾ ਹੈ ਅਤੇ ਹਵੇਲੀ ਦੇ ਦੂਜੇ ਵਾਰਸ ਸਰਦਾਰ ਸੁਰਜੀਤ ਸਿੰਘ ਜ਼ਿਲੇਦਾਰ(ਡਿਪਟੀ ਕੂਲੇਕਟਰ) ਆਪਣੀ ਸ਼ਾਹੀ ਨੌਕਰੀ ਕਾਰਨ ਪਹਿਲਾਂ ਬਰਨਾਲਾ ਦੇ ਪੱਖੋ ਵਾਲਾ ਬਾਗ ਵਿਚ ਅਤੇ ਫਿਰ ਪਟਿਆਲਾ ਰਹਿੰਦੇ ਰਹੇ। ਇਹ ਵੇਰਵਾ ਦੇਣ ਦਾ ਭਾਵ ਇਹ ਹੈ ਕਿ ਵਿਦੇਸਾਂ ਵਿਚ ਜਾਣ ਵਾਲੇ ਆਪਣੀਆਂ ਹਵੇਲੀਆਂ ਸੁੰਨੀਆਂ ਹੀ ਛੱਡ ਗਏ ਹਨ। ਜੋ ਕਿ ਉਹਨਾਂ ਦੇ ਵਿਰਸੇ ਦਾ ਅੰਗ ਹਨ। ਇਹ ਵੀ ਪੰਜਾਬੀਆਂ ਦੇ ਪਰਵਾਸ ਦਾ ਇਕ ਦੁਖਾਂਤ ਹੈ।
ਇਸੇ ਤਰਾਂ ਦੋਆਬਾ ਇਲਾਕੇ ਦੇ ਇਤਿਹਾਸਿਕ ਪਿੰਡ ਤੱਲਣ , ਸੰਗ ਢੇਸੀਆਂ, ਬਿਲਗਾ, ਜੈਜੋ ਦੁਆਬਾ , ਮਾਹਿਲਪੁਰ, ਚੱਬੇਵਾਲ, ਰੁੜਕਾ ਅਤੇ ਹੋਰ ਅਨੇਕਾਂ ਹੀ ਪਿੰਡ ਹਨ ਜਿਥੋਂ ਦੇ ਲੋਕ ਲੰਬੇ ਸਮੋਂ ਤੋਂ ਵਿਦੇਸ਼ਾਂ ਵਿਚ ਹਨ। ਨੌਜਵਾਨ ਪੁੱਤ ਵਲੈਤ ਚਲੇ ਗਏ ਹਨ, ਧੀਆਂ ਸਹੁਰੇ ਚਲੀਆਂ ਗਈਆਂ ਪਿਛੇ ਪਿੰਡਾਂ ਵਿਚ ਆਲੀਸ਼ਾਨ ਕੋਠੀਆਂ ਵਿਚ ਰਹਿ ਗਏ ਹਨ ਬਜੁਰਗ ਮਾਪੇ, ਜੋ ਕਿ ਇਕਲੱਤਾ ਦਾ ਸ਼ਿਕਾਰ ਹਨ, ਉਹਨਾਂ ਨੂੰ ਕੋਈ ਦਰਦੀ ਨਹੀਂ ਦਿਸਦਾ ਜਿਸਨੂੰ ਉਹ ਆਪਣਾ ਦਰਦ ਸੁਣਾ ਸਕਣ। ਕਿਸੇ ਪਰਵਾਸੀ ਪੰਜਾਬੀ ਨੇ ਕੋਠੀਆਂ ਉਪਰ ਹਵਾਈ ਜਹਾਜ, ਕਿਸੇ ਨੇ ਫੁਟਬਾਲ, ਕਿਸੇ ਨੇ ਕਾਰ ਬਣਾ ਰੱਖੀ ਹੈ। ਜਲੰਧਰ ਤੋਂ ਤੱਲਣ ਨੂੰ ਜਾਂਦਿਆਂ ਨੰਗਲ ਸ਼ਾਮਾਂ ਨੇੜੇ ਇਕ ਪਿੰਡ ਵਿਚ ਛੱਤ ਉਪਰ ਚਾਹ ਦਾ ਕੱਪ ਹੀ ਬਣਾ ਧਰਿਆ ਹੈ, ਜੋ ਕਿ ਦੋਆਬੀਆਂ ਦੀ ਅਮੀਰੀ ਦਾ ਪ੍ਰਤੀਕ ਹੈ ਜੋ ਕਿ ਮਾਣ ਵਾਲੀ ਗਲ ਹੈ। ਇਸ ਤੋਂ ਇਲਾਵਾ ਮਾਲਵਾ ਦੇ ਇਲਾਕੇ ਦਾ ਹੁਣ ਨੌਜਵਾਨ ਵਿਦੇਸ ਜਾਣ ਲਈ ਕਾਹਲਾ ਪਿਆ ਹੋਇਆ ਹੈ ਜਿਵੇਂ ਕਿ ਕੁੱਝ ਸਾਲ ਪਹਿਲਾਂ ਦੋਆਬਾ ਇਲਾਕੇ ਵਿਚ ਹਰ ਨੌਜਵਾਨ ਰਾਤ ਨੂੰ ਵਿਦੇਸ਼ ਜਾਣ ਦੇ ਸੁਪਨੇ ਲੈਂਦਾ ਸੀ। ਹੁਣ ਤਾਂ ਮਾਲਵੇ ਦੇ ਪਿੰਡ ਅਕਲੀਆ ਅਤੇ ਪਿੰਡ ਭੋਤਨਾ ਵਿਚੋਂ ਵੀ ਕਈ ਨੌਜਵਾਨ ਆਸਟ੍ਰੇਲੀਆ ਜਾ ਪਹੁੰਚੇ ਹਨ, ਚਾਹੇ ਇਹਨਾਂ ਪਿੰਡਾਂ ਨੂੰ ਪਿਛੜੇ ਪਿੰਡ ਕਿਹਾ ਜਾਂਦਾ ਹੈ ਪਰ ਇਹਨਾਂ ਪਿੰਡਾਂ ਦੇ ਨੌਜਵਾਨਾਂ ਨੈ ਵਿਦੇਸ ਵਿਚ ਪੜਾਈ ਕਰਦੇ ਸਮੇਂ ਆਪਣੇ ਪਿੰਡਾਂ ਦਾ ਨਾਂਅ ਜਰੂਰ ਉਚਾ ਕੀਤਾ ਹੈ।
ਇਸੇ ਤਰਾਂ ਮੋਹਾਲੀ ਜ਼ਿਲੇ ਦੇ ਪਿੰਡ ਕੁੱਬਾਹੇੜੀ ਅਤੇ ਖਿਜ਼ਰਾਬਾਦ ਦੇ ਕਈ ਵਸਨੀਕ ਵੀ ਵਿਦੇਸ ਜਾ ਵਸੇ ਹਨ, ਕੁੱਬਾਹੇੜੀ ਦਾ ਉਹ ਖੂਹ ਵੀ ਹੁਣ ਬੰਦ ਹੋ ਚੁੱਕਿਆ ਹੈ ਜਿਥੈ ਕਿ ਅਸੀਂ ਛੋਟੇ ਹੁੰਦੇ ਨਹਾਂਉਂਦੇ ਸੀ ਪਰ ਖਿਜ਼ਰਾਬਾਦ ਵਿਚ ਕੁਸ਼ਤੀਆਂ ਉਸੇ ਤਰਾਂ ਹੁੰਦੀਆਂ ਹਨ ਜਿਵੇਂ ਕਿ ਸਾਡੇ ਬਚਪਣ ਵਿਚ ਹੁੰਦੀਆਂ ਸਨ। ਹੁਣ ਪੰਜਾਬ ਦੇ ਮਾਲਵਾ ਮਾਝਾ ਅਤੇ ਦੋਆਬਾ ਇਲਾਕੇ ਵਿਚ ਕੋਈ ਵੀ ਪਿੰਡ ਅਜਿਹਾ ਨਹੀਂ ਜਿਥੋਂ ਦੇ ਵੱਡੀ ਗਿਣਤੀ ਨੌਜਵਾਨ ਵਿਦੇਸ਼ ਨਾ ਗਏ ਹੋਣ । ਹੁਣ ਸਵਾਲ ਇਹ ਉਠਦਾ ਹੈ ਕਿ ਆਖਰ ਨੌਜਵਾਨਾਂ ਵਿਚ ਵਿਦੇਸ ਜਾਣ ਦਾ ਰੁਝਾਨ ਕਿਉਂ ਪੈਦਾ ਹੋਇਆ, ਕਿਉਂ ਇਹ ਕੂੰਜਾਂ ਵਾਂਗ ਹਜ਼ਾਰਾਂ ਮੀਲ ਦੀ ਉਡਾਰੀ ਮਾਰਨ ਲਈ ਮਜ਼ਬੂਰ ਹੋ ਗਏ ਨੇ। ਮੇਰੇ ਆਪਣੇ ਸਕੇ ਭੈਣ ਭਰਾ ਜੇ ਕੈਨੇਡਾ ਵਿਚ ਰਹਿੰਦੇ ਹਨ ਤਾਂ ਇਕ ਸਕੀ ਭੂਆ ਦੇ ਮੁੰਡੇ ਅਮਰੀਕਾ ਵਿਚ, ਦੂਜੀ ਭੂਆ ਦੇ ਮੁੰਡੇ ਸਿੰਘਾਪੁਰ ਵਿਚ , ਤਾਏ ਦਾ ਸਾਰਾ ਪਰਿਵਾਰ ਹੀ ਵਿਦੇਸ ਵਿਚ , ਹੋਰ ਨੇੜਲੇ ਰਿਸ਼ਤੇਦਾਰ ਇੰਗਲੈਂਡ ਵਿਚ ਹੋਣ ਕਰਕੇ ਮੈਨੂੰ ਪਰਵਾਸੀਆਂ ਪੰਜਾਬੀਆਂ ਨੂੰ ਨੇੜਿਉ ਵੇਖਣ ਅਤੇ ਉਹੀ ਵੀ ਜਾਗਦੀਆਂ ਅੱਖਾਂ ਨਾਲ, ਦਾ ਮੌਕਾ ਮਿਲਦਾ ਰਹਿੰਦਾ ਹੈ।
ਮੁੱਖ ਕਾਰਨ ਕੀ ਹਨ ਪੰਜਾਬੀਆਂ ਦੇ ਪਰਵਾਸ ਕਰਨ ਦੇ ਲ਼ ਇਸ ਸਬੰਧੀ ਖੋਜ ਕੀਤੀ ਜਾਵੇ ਤਾਂ ਸਭ ਤੋਂ ਪਹਿਲੀ ਹੀ ਇਹ ਗਲ ਸਾਹਮਣੇ ਆਉਂਦੀ ਹੈ ਕਿ ਪੰਜਾਬ ਵਿਚ ਪੜਾਈ ਪੂਰੀ ਕਰਨ ਤੋਂ ਬਾਅਦ ਵੱਡੀ ਗਿਣਤੀ ਨੌਜਵਾਨਾਂ ਨੂੰ ਨੌਕਰੀ ਹੀ ਨਹੀਂ ਮਿਲਦੀ । ਯੁਨੀਵਰਸਿਟੀ ਦੀ ਪੜਾਈ ਕਰ ਚੁੱਕੇ ਮੁੰਡੇ ਛੋਟੀ ਮੋਟੀ ਨੌਕਰੀ ਕਰਨਾ ਨਹੀਂ ਚਾਹੁੰਦੇ ਅਤੇ ਵੱਡੀ ਜਾਂ ਸਰਕਾਰੀ ਨੌਕਰੀ ਮਿਲਦੀ ਨਹੀਂ। ਮੇਰਾ ਆਪਣਾ ਹੀ ਨਿੱਜੀ ਤਜ਼ਰਬਾ ਹੈ ਕਿ ਬੀ ਏ ਅਤੇ ਟੀ ਟੀ ਆਈ ਕਰਨ ਤੋਂ ਬਾਅਦ ਮੈਨੂੰ ਸਿਰਫ ਰੁਜ਼ਗਾਰ ਦੀ ਖਾਤਰ ਹੀ ਪਰਵਾਸ ਦਾ ਦਰਦ ਹੰਡਾਉਣਾ ਪਿਆ। ਇਸੇ ਤਰਾਂ ਲੱਖਾਂ ਨੌਜਵਾਨ ਜਦੋਂ ਵਿਹਲੇ ਫਿਰਦੇ ਹਨ ਤਾਂ ਉਹਨਾਂ ਨੂੰ ਇਹ ਸੁੱਝਦਾ ਹੈ ਕਿ ਵਿਦੇਸ ਜਾਣ ਅਤੇ ਡਾਲਰ ਕਮਾਉਣ। ਕਈਆਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਵਿਦੇਸ਼ੀ ਧਰਤੀ ਉਪਰ ਡਾਲਰ ਸੜਕਾਂ ਉਪਰ ਹੀ ਸੁੱਟੇ ਪਏ ਹੁੰਦੇ ਹਨ ਜਿਹਨਾਂ ਨੂੰ ਕਿ ਉਹ ਝਾੜੂ ਨਾਲ ਹੂੰਝ ਲਿਆਉਣਗੇ।
ਪੰਜਾਬੀਆਂ ਦੇ ਪਰਵਾਸ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਵਿਚ ਬੇਰੌਜਗਾਰੀ ਹੈ, ਯੋਗ ਬੰਦਿਆਂ ਨੂੰ ਤਾਂ ਨੌਕਰੀ ਮਿਲਦੀ ਨਹੀਂ, ਸਿਫਾਰਸੀ ਨੋਕਰੀ ਲੈ ਜਾਂਦੇ ਹਨ। ਇਸ ਤੋਂ ਇਲਾਵਾ ਕਈ ਨੌਜਵਾਨਂ ਤਾਂ ਦੋ ਦੋ ਨੌਕਰੀਆਂ ਕਰਦੇ ਹਨ ਜਿਵੇਂ ਸਵੇਰੇ ਦੋ ਵਜੇ ਤੱਕ ਕਿਤੇ ਹੋਰ ਕੰਮ ਕਰਦੇ ਹਨ ਅਤੇ ਸ਼ਾਮ ਨੂੰ ਕਿਤੇ ਹੋਰ ਪਰ ਉਹਨਾਂ ਦੀ ਗਿਣਤੀ ਵੀ ਬਹੁਤ ਹੈ ਜਿਹਨਾਂ ਕੋਲ ਇਕ ਵੀ ਕੰਮ ਨਹੀਂ। ਪੰਜਾਬੀ ਮਿਹਨਤੀ ਤਾਂ ਬਹੁਤ ਹਨ ਇਸ ਕਾਰਨਂ ਹੀ ਵਿਦੇਸੀ ਧਰਤੀ ਉਪਰ ਇਹ ਪੰਜਾਬੀ ਕਾਮਯਾਬ ਹੋ ਜਾਂਦੇਹਨ। ਪੰਜਾਬ ਵਿਚ ਉਹਨਾਂ ਦੀ ਮਿਹਨਤ ਦਾ ਜਦੋਂ ਪੂਰਾ ਮੁੱਲ ਨਹੀਂ ਪੈਂਦਾ ਤਾਂ ਇਹ ਵਿਦੇਸ਼ ਵੱਲ ਉਡਾਰੀ ਮਾਰ ਜਾਂਦੇ ਹਨ।
ਪੰਜਾਬੀਆਂ ਦੇ ਪਰਵਾਸ ਦਾ ਦੂਜਾ ਕਾਰਨ ਪੜਾਈ ਹੈ ਭਾਵੇਂ ਕਿ ਅੱਜ ਪੰਜਾਬ ਦੇ ਹਰ ਇਲਾਕੇ ਵਿਚ ਹੀ ਕਈ ਕਈ ਕਾਲਜ਼ ਖੁਲ ਗਏ ਹਨ ਪਰ ਫੇਰ ਵੀ ਵਿਦੇਸੀ ਧੱਰਤੀ ਉਪਰ ਪੜਾਈ ਕਰਨ ਨੂੰ ਪੰਜਾਬੀ ਤਰਜੀਹ ਦੇਣ ਲੱਗੇ ਹਨ। ਪੰਜਾਬੀਆਂ ਦੀ ਸੋਚ ਹੈ ਕਿ ਵਲੈਤ ਦੀ ਪੜਾਈ ਕਾਰਨ ਉਹਨਾਂ ਨੂੰ ਭਾਰਤ ਵਿਚ ਚੰਗੀ ਨੌਕਰੀ ਮਿਲੇਗੀ ਉਹਨਾਂ ਦੀ ਇਹ ਗਲ ਹੈ ਵੀ ਬਿਲਕੁਲ ਠੀਕ । ਪਹਿਲਾਂ ਤਾ ਸਿਰਫ ਅਮੀਰ ਲੋਕਾਂ ਦੇ ਬੱਚੇ ਹੀ ਵਿਦੇਸ ਪੜਨ ਜਾਂਦੇ ਸਨ ਪਰ ਹੁਣ ਤਾਂ ਮੱਧ ਵਰਗੀ ਬੱਚੇ ਵੀ ਵਿਦੇਸ ਵਿਚ ਪੜਾਈ ਕਰਨ ਨੂੰ ਤਰਜੀਹ ਦੇਣ ਲੱਗੇ ਹਨ।
ਪੰਜਾਬੀਆਂ ਦੇ ਪਰਵਾਸ ਦਾ ਤੀਜਾ ਵੱਡਾ ਕਾਰਨ ਵਿਦੇਸ਼ੀ ਪੰਜਾਬੀਆਂ ਦੀ ਖੁਸਹਾਲੀ ਹੈ। ਜਦੋਂ ਪੁਰਾਣੇ ਸਮੇਂ ਦਾ ਵਿਦੇਸ਼ ਗਿਆ ਪੰਜਾਬੀ ਪੰਜਾਬ ਆਊਂਦਾ ਹੈ ਤਾਂ ਉਸਦੀ ਪਿੰਡ ਵਿਚ ਵੱਖਰੀ ਹੀ ਟੌਹਰ ਹੁੰਦੀ ਹੈ , ਪਿੰਡ ਵਿਚ ਉਸਦੀ ਮਹਿਲ ਵਰਗੀ ਕੋਠੀ ਹੁੰਦੀ ਹੈ ਜਿਸਨੂੰ ਵੇਖ ਕੇ ਖੇਤਾਂ ਵਿਚ ਕਣਕ ਬੀਜ ਰਿਹਾ ਆਮ ਬੰਦਾ ਅਤੇ ਦੁਕਾਨ ਉਪਰ ਗਾਹਕਾਂ ਦੀ ਉਡੀਕ ਕਰ ਰਿਹਾ ਛੋਟਾ ਦੁਕਾਨਦਾਰ ਸੋਚਦਾ ਹੈ ਕਿ ਉਹ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭIੇਜੇ ਤਾਂ ਕਿ ਉਹਨਾਂ ਦੀ ਜਿੰਦਗੀ ਬਣ ਜਾਵੇ ਅਤੇ ਉਹ ਵੀ ਆਲੀਸ਼ਾਨ ਕੋਠੀਆਂ ਪਾ ਸਕਣ। ਇਸ ਤੋਂ ਇਲਾਵਾ ਜਿਹਨਾਂ ਦੇ ਸਾਰੇ ਰਿਸ਼ਤੇਦਾਰ ਹੀ ਵਿਦੇਸ ਵਿਚ ਰਹਿੰਦੇ ਹਨ ਉਹਨਾਂ ਲਈ ਤਾਂ ਵਿਦੇਸ ਜਾਣ ਤੋਂ ਸਿਵਾ ਹੋਰ ਕੋਈ ਚਾਰਾ ਹੀ ਨਹੀਂ ਰਹਿੰਦਾ ਕਿਉਂਕਿ ਹਰ ਵਿਆਹ ਸ਼ਾਦੀ ਉਸਨੂੰ ਵਿਦੇਸ਼ ਗਏ ਮੈਂਬਰਾਂ ਨੂੰ ਪੁੱਛ ਕੇ ਕਰਨੀ ਪੈਂਦੀ ਹੇ ਕਿ ਉਹ ਕਦੋਂ ਆਉਣਗੇ? ਇਸ ਕਰਕੇ ਅਜਿਹੇ ਪੰਜਾਬੀ ਖੁਦ ਹੀ ਜਾਂ ਰਿਸ਼ਤੇਦਾਰਾਂ ਦੇ ਕਹਿਣ 'ਤੇ ਹੀ ਵਿਦੇਸ਼ ਜਾ ਬਹਿੰਦੇ ਹਨ।
ਪੰਜਾਬ ਵਿਚੋਂ ਜੋ ਪੰਜਾਬੀ ਵਿਦੇਸ ਜਾਂਦੇ ਹਨ ਤਾਂ ਇਹ ਜ਼ਰੂਰੀ ਨਹੀਂ ਕਿ ਸਾਰੇ ਹੀ ਸਹੀ ਥਾਂ 'ਤੇ ਪਹੁੰਚ ਜਾਂਦੇ ਹਨ ਅਤੇ ਡਾਲਰ ਕਮਾਉਣ ਲੱਗ ਜਾਂਦੇ ਹਨ। ਸਗੋਂ ਕਈ ਪੰਜਾਬੀ ਨੌਜਵਾਨਾਂ ਨਾਲ ਧੋਖਾ ਹੋਣ ਦੇ ਮਾਮਲੇ ਵੀ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਏ ਹਨ ਅਤੇ ਮਾਲਟਾ ਵਰਗੇ ਵਾਪਰੇ ਕਾਂਡ ਤੋਂ ਤਾਂ ਹਰ ਪੰਜਾਬੀ ਜਾਨੂੰ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕਈ ਪੰਜਾਬੀ ਨੌਜਵਾਨ ਗਲਤ ਬੰਦਿਆਂ ਦੇ ਬਹਿਕਾਵੇ ਵਿਚ ਆਕੇ ਵਿਦੇਸ਼ ਜਾਣ ਦੇ ਚੱਕਰ ਵਿਚ ਕੈਨੇਡਾ ਜਾਂ ਅਮਰੀਕਾਂ ਤਾਂ ਪਹੁੰਚੇ ਹੀ ਨਹੀਂ ਸਗੋਂ ਅਣਜਾਣ ਜਿਹੇ ਮੁਲਕਾਂ ਦੀਆਂ ਜੇਲਾਂ ਵਿਚ ਬੰਦ ਹਨ, ਜਿਥੈ ਕਿ ਭਾਸ਼ਾ ਦੀ ਸਮੱਸਿਆ ਕਾਰਨ ਉਹ ਕੋਈ ਚਾਰਾਜੋਈ ਵੀ ਨਹੀਂ ਕਰ ਸਕਦੇ।
ਕਹਿਣ ਦਾ ਭਾਵ ਇਹ ਹੈ ਕਿ ਸਾਈਬੇਰੀਆਂ ਦੀਆਂ ਕੂੰਜਾਂ ਵਾਂਗ ਪੰਜਾਬੀਆਂ ਦੇ ਲੇਖਾਂ ਵਿਚ ਹੀ ਪਰਵਾਸ ਲਿਖਿਆ ਹੋਇਆ ਹੈ, ਜਿਵੇਂ ਭਾਰਤ ਦਾ ਹਿਮਾਲਿਆ ਪਰਬਤ ਸਾਈਬੇਰੀਆ ਤੋਂ ਆਉਣ ਵਾਲੀਆਂ ਸਰਦ ਅਤੇ ਬਰਫੀਲੀਆਂ ਹਵਾਂਵਾਂ ਨੂੰ ਤਾਂ ਰੋਕ ਲੈਂਦਾ ਹੈ ਪਰ ਕੂੰਜਾਂ ਨੂੰ ਨਹੀ ਰੋਕ ਸਕਦਾ , ਇਸੇ ਤਰਾਂ ਵਿਦੇਸਾਂ ਦੇ ਸਖਤ ਕਾਨੂੰਨ ਵੀ ਪੰਜਾਬੀਆਂ ਦੇ ਪਰਵਾਸ ਨੂੰ ਰੋਕਣ ਨੂੰ ਅਸਮਰਥ ਹਨ। ਜਿਨਾਂ ਚਿਰ ਪੰਜਾਬ ਵਿਚ ਰੌਜਗਾਰ ਦੇ ਮੌਕੇ ਵਧਾਏ ਨਹਂੀ ਜਾਂਦੇ ਉਹਨਾਂ ਚਿਰ ਪੰਜਾਬੀ ਨੌਜਵਾਨਾਂ ਨੂੰ ਸੱਤ ਸਮੁੰਦਰ ਪਾਰ ਦੀ ਪਰਾਈ ਧਰਤੀ ਉਪਰ ਡਾਲਰਾਂ ਦੀ ਚਮਕ ਖਿੱਚ ਪਾਊਂਦੀ ਹੀ ਰਹੇਗੀ। ਹੇਠ ਲਿਖੇ ਲੋਕ ਗੀਤ ਦੇ ਬੋਲ ਪੰਛੀਆਂ ਦੇ ਨਾਲ- ਨਾਲ ਪਰਵਾਸ ਦਾ ਦਰਦ ਹੰਢਾ ਰਹੇ ਪੰਜਾਬੀਆਂ ਉਪਰ ਵੀ ਸਹੀ ਢੁੱਕਦੇ ਹਨ-
ਮੋਰ ਪੁਛੀਂਦੇ ਕੂੰਜਾਂ ਕੋਲੋਂ,
ਤੁਸਾਂ ਨਿੱਤ ਪਰਦੇਸ ਤਿਆਰੀ ।
ਜਾਂ ਤਾਂ ਤੁਹਾਡਾ ਵਤਨ ਕੁਜੱਜੜਾ ,
ਜਾਂ ਲੇਖੀ ਨਿੱਤ ਉਡਾਰੀ ,
ਬੱਚੜੇ ਛੋੜ ਪਰਦੇਸਣ ਹੋਈਓ,
ਤੁਸਾਂ ਉਮਰ ਬਿਹਾ ਲਈ ਸਾਰੀ ।
ਮੋਰਾਂ ਨੂੰ ਸਮਝਾਉਣ ਲੱਗੀਆਂ ,
ੁ ਕੂੰਜਾਂ ਵਾਰੋ ਵਾਰੀ ਵੇ ।
ਧੁਰੋਂ ਂ ਲਿਖੀਆਂ ਨੂੰ ਕੋਈ ਮੇਟ ਨਹੀਂ ਸਕਦਾ ,
ਸਭ ਦਾਤੇ ਚੋਜ ਖਿਲਾਰੀ ।।
ਲੱਕੀ ਨਿਵਾਸ, ੬੧ ਏ ਵਿਦਿਆ ਨਗਰ,ਨੇੜੇ ਸਿਮਰਨ ਸਕੂਲ/ਕੁੜੀਆਂ ਦਾ ਹੌਸਟਲ ਪਟਿਆਲਾ। ਮੋਬਾਈਲ : ੯੪੬੩੮੧੯੧੭੪

Tags: ਸਾਇਬੇਰੀਆ ਦੀਆਂ ਕੂੰਜਾਂ ਬਨਾਮ ਪੰਜਾਬੀਆਂ ਦਾ ਪਰਵਾਸ ਜਗਮੋਹਨ ਸਿੰਘ ਲੱਕੀ