HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਸਮੇਂ ਦਾ ਹਾਣੀ ਕੈਨੇਡਾ


Date: Dec 09, 2014

ਗੁਰਪ੍ਰੀਤ ਸਿੰਘ ਮਲੂਕਾ
ਕੈਨੇਡਾ ਦੇ ਸਹਿਜ ਅਤੇ ਗਤੀਸ਼ੀਲ ਪ੍ਰਬੰਧ 'ਚ ਜਿਉਣ ਲਈ ਹਰ ਕਿਸੇ ਦਾ ਦਿਲ ਕਰਦਾ ਹੈ । ਯਾਤਰੀ ਸੈਰ ਨਹੀ ਉੱਥੇ ਜਾਂਦਾ ਹੈ ਤਾਂ ਉੱਥੋਂ ਦਾ ਹੀ ਹੋ ਜਾਂਦਾ ਹੈ। ਪੰਜਾਬ ਦੀ ਮਿੱਟੀ ਦਾ ਮੋਹ ਅਤੇ ਹੋਰ ਕਈ ਕਿਸਮ ਦੇ ਰੁਝੇਵੇਂ ਵਿਅਕਤੀ ਨੂੰ ਆਪਣੇ ਦੇਸ਼ ਲੈ ਆਉਂਦੇ ਹਨ ਪਰ ਫਿਰ ਵੀ ਇਹੋ ਝੋਰਾ ਲੱਗਿਆ ਰਹਿੰਦਾ ਹੈ ਕਿ 'ਸੋਨ-ਚਿੜੀ' ਕਹੇ ਜਾਂਦੇ ਭਾਰਤ ਦੇ ਵਾਸੀਆਂ ਨੂੰ ਕੈਨੇਡਾ ਵਰਗੇ ਸੁਨਹਿਰੇ ਦਿਨ ਕਦੋਂ ਨਸੀਬ ਹੋਣਗੇ?
ਕੈਨੇਡਾ ਦੇ ਵੈਨਕੂਵਰ, ਸਰੀ, ਐਲਡਰਗਰੋਵ, ਐਵਸਫੋਰਡ, ਚਿਲਾਮੈਕ, ਨਨੈਮੋ (ਆਈਲੈਂਡ) ਵਿਕਟੋਰੀਆ ਆਦਿ ਸ਼ਹਿਰਾਂ ਦੀ ਮਹੀਨਾ ਭਰ ਯਾਤਰਾ ਕੀਤੀ ਤਾਂ ਉੱਥੋਂ ਦੇ ਟਰੈਫ਼ਿਕ ਪ੍ਰਬੰਧ ਨੇ ਮਨ ਮੋਹ ਲਿਆ। ਅੰਗਰੇਜ਼ੀ ਭਾਸ਼ਾ ਦੀ ਥੋੜ੍ਹੀ ਜਿਹੀ ਜਾਣਕਾਰੀ ਨਾਲ ਵੀ ਘਰ/ਦਫ਼ਤਰ/ਦੁਕਾਨ ਲੱਭਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਹਰ ਰਾਸ਼ਟਰੀ ਮਾਰਗ, ਅਜਿਹੇ ਮਾਰਗਾਂ 'ਚੋਂ ਨਿਕਲਦੀਆਂ ਸੜਕਾਂ, ਇਨ੍ਹਾਂ ਸੜਕਾਂ 'ਚੋਂ ਪਾਟਦੀਆਂ ਵੱਡੀਆਂ-ਛੋਟੀਆਂ ਗਲੀਆਂ, ਮੋੜਾਂ-ਚੌਕਾਂ 'ਤੇ ਉੱਕਰੇ ਨਾਂ, ਨੰਬਰ ਅਤੇ ਹੋਰ ਸਾਈਨ-ਬੋਰਡ ਤੁਹਾਡਾ ਮਾਰਗ-ਦਰਸ਼ਨ ਕਰਨ ਲੱਗ ਪੈਂਦੇ ਹਨ। ਆਪੋ-ਆਪਣੀਆਂ ਕਤਾਰਾਂ ਵਿੱਚ ਤੇਜ਼ ਪਰ ਨਿਸ਼ਚਿਤ ਗਤੀ 'ਤੇ ਦੌੜਦੇ ਵਾਹਨ ਮਨਮੋਹਕ ਦ੍ਰਿਸ਼ ਪੇਸ਼ ਕਰਨ ਦੇ ਨਾਲ-ਨਾਲ ਦੁਰਘਟਨਾਵਾਂ ਤੋਂ ਵੀ ਬਚੇ ਰਹਿੰਦੇ ਹਨ। ਸਾਡੇ ਮੁਲਕ ਵਿੱਚ ਟਰੈਫ਼ਿਕ-ਨਿਯਮਾਂ ਦੀ ਅਗਿਆਨਤਾ, ਮੁੱਖ-ਮਾਰਗਾਂ 'ਤੇ ਸ਼ਰੇਆਮ ਦੌੜਦੀਆਂ ਜਰਜਰ ਹਾਲਤ ਵਾਲੀਆਂ ਗੱਡੀਆਂ, ਤੰਗ ਸੜਕਾਂ ਅਤੇ ਬਿਨਾਂ ਟਰੇਨਿੰਗ ਤੋਂ ਹਾਸਲ ਕੀਤੇ ਚਾਲਕ ਲਾਇਸੈਂਸ ਧਾਰਕ ਸੜਕਾਂ 'ਤੇ ਗੱਡੀਆਂ ਭਜਾਈ ਫਿਰਦੇ ਦੇਖੇ ਜਾ ਸਕਦੇ ਹਨ। ਆਖ਼ਰ ਅਜਿਹੇ ਨਾਕਸ ਤੇ ਜਾਨ ਦਾ ਖੌਅ ਬਣੇ ਪ੍ਰਬੰਧਾਂ ਅੰਦਰ ਸੁਧਾਰ ਕਦੋਂ ਆਵੇਗਾ? ਕੈਨੇਡਾ ਦੀ ਯਾਤਰਾ ਦੌਰਾਨ ਜਾਣਕਾਰੀ ਮਿਲੀ ਕਿ ਉੱਥੇ ਚਾਲਕ ਲਾਇਸੈਂਸ ਹਾਸਲ ਕਰਨਾ ਕੋਈ ਸੌਖੀ ਗੱਲ ਨਹੀਂ। ਇਸ ਲਈ ਹਰ ਨਾਗਰਿਕ ਨੂੰ ਔਖੇ ਲਿਖਤੀ ਅਤੇ ਪ੍ਰੈਕਟੀਕਲ ਟੈਸਟ 'ਚੋਂ ਲੰਘਣਾ ਹੀ ਪੈਂਦਾ ਹੈ। ਇਸ ਉਪਰੰਤ ਆਪਣੇ ਲਈ ਨਿਸ਼ਚਿਤ ਨਿੱਜੀ/ਜਨਤਕ ਵਾਹਨ ਨੂੰ ਚਾਲਕ ਚਲਾਉਂਦਾ ਹੈ ਤਾਂ ਉਹ ਖ਼ੁਦ ਅਤੇ ਵਾਹਨ 'ਚ ਬੈਠੀਆਂ ਸਵਾਰੀਆਂ ਸੁਵਿਧਾ ਮਹਿਸੂਸ ਕਰਦੀਆਂ ਹਨ। ਕਈ ਕਿਸਮ ਦੀ ਬੱਚਤ ਅਲੱਗ ਹੋ ਜਾਂਦੀ ਹੈ। ਸ਼ਰਾਬੀ ਹਾਲਤ, ਲਾਈਟ-ਉਲੰਘਣਾ ਜਾਂ ਓਵਰ-ਸਪੀਡ ਵਿੱਚ ਭੱਜਣ ਦੀ ਕੋਈ ਹਿੰਮਤ ਹੀ ਨਹੀਂ ਕਰਦਾ। ਜੇ ਕੋਈ ਟਾਵਾਂ ਕਰਦਾ ਵੀ ਹੈ ਤਾਂ ਅਜਿਹੇ ਖਰੂਦੀ ਚਾਲਕਾਂ ਨੂੰ ਭਾਰੀ ਆਰਥਿਕ ਜੁਰਮਾਨਿਆਂ ਰਾਹੀਂ ਅਤੇ ਲਾਇਸੈਂਸ ਰੱਦ ਕਰਨ ਤਕ ਜਾ ਕੇ ਇਸ ਕਦਰ ਖਿਚਾਈ ਕੀਤੀ ਜਾਂਦੀ ਹੈ ਕਿ ਮੁੜ ਗ਼ਲਤੀ ਨਾ ਕਰਨ ਦੀ ਤੌਬਾ ਕਰ ਜਾਂਦਾ ਹੈ। ਇਸ ਤੋਂ ਇਲਾਵਾ ਥਾਂ-ਥਾਂ ਲੱਗੇ ਟਰੈਫ਼ਿਕ ਕੈਮਰੇ ਗੁਜ਼ਰਦੇ ਵਾਹਨਾਂ 'ਤੇ ਬਾਜ਼ ਅੱਖ ਰੱਖਦੇ ਹਨ। ਮੁੱਖ ਮਾਰਗਾਂ ਤੋਂ ਲੰਘਦੇ ਲੋਕ ਸਹਿਜ ਨਾਲ ਟੋਲ ਟੈਕਸ ਅਦਾ ਕਰਦੇ ਹਨ। ਨਿਸ਼ਚਿਤ ਮਾਲੀਆ ਅਦਾ ਕਰਨ ਉਪਰੰਤ ਹਰ ਆਮ-ਖ਼ਾਸ ਨੂੰ ਆਪਣਾ ਮਨਪਸੰਦ ਅਤੇ ਆਪਣੇ ਨਾਂ ਵਾਲਾ ਖ਼ਾਸ ਨੰਬਰ ਲੈਣ ਦੀ ਸਹੂਲਤ ਹੈ। ਸੜਕ ਮੁਰੰਮਤ ਰਾਤ ਦੇ ੧੦ ਵਜੇ ਮਗਰੋਂ ਜਾਂ ਘੱਟ ਟਰੈਫ਼ਿਕ ਵਾਲੇ ਸਮੇਂ ਦੌਰਾਨ ਅਗਾਊਂ ਬਦਲਵੇਂ ਪ੍ਰਬੰਧ ਕਰ ਕੇ ਕੀਤੀ ਜਾਂਦੀ ਹੈ। ਵਾਹਨ ਚਾਲਕਾਂ ਨੂੰ ਬੀਮੇ ਤਕ ਦੀ ਸਮਾਂ-ਤਾਰੀਖ ਨੰਬਰ ਪਲੇਟਾਂ 'ਤੇ ਦਰਜ਼ ਕਰਨੀ ਜ਼ਰੂਰੀ ਹੈ। ਸਾਰਾ ਸਿਸਟਮ ਕੰਪਿਊਟਰੀਕ੍ਰਿਤ ਹੈ। ਲੋੜ ਪੈਣ 'ਤੇ ਹਰ ਵਾਹਨ ਚਾਲਕ ਅਤੇ ਵਾਹਨ ਦੇ ਵੇਰਵੇ ਵਿਭਾਗ ਦੇ ਕੰਪਿਊਟਰ ਉਪਰ ਆ ਜਾਂਦੇ ਹਨ। ਹਰ ਛੋਟੀ-ਵੱਡੀ ਸੜਕ ਤੋਂ ਲੰਘਦੀ ਰਹਿੰਦੀ ਹਰ ਗੱਡੀ ਦੀ ਗਿਣਤੀ ਰੁਟੀਨ ਵਿੱਚ ਦਰਜ ਹੁੰਦੀ ਰਹਿੰਦੀ ਹੈ। ਇਸੇ ਗਿਣਤੀ ਦੇ ਮੱਦੇਨਜ਼ਰ ਸੜਕਾਂ 'ਤੇ ਭੀੜ ਹੋਣ ਤੋਂ ਪਹਿਲਾਂ ਹੀ ਯੋਜਨਾਵਾਂ ਬਣਾ ਕੇ ਨਵੀਆਂ ਸੜਕਾਂ-ਪੁਲ਼ਾਂ ਦਾ ਨਿਰਮਾਣ ਕਰ ਦਿੱਤਾ ਜਾਂਦਾ ਹੈ।
ਸਰੀ ਵਿਖੇ ਪੁਲੀਸ ਅਧਿਕਾਰੀ ਸ੍ਰੀਮਾਨ ਬੇਸ ਅਤੇ ਜੈ ਬੇਗ ਨੇ ਆਪਣੇ ਦਫ਼ਤਰ ਵਿੱਚ ਬੜੇ ਤਪਾਕ ਨਾਲ ਸੁਆਗਤ ਕੀਤਾ। ਗੱਲਬਾਤ ਉਪਰੰਤ ਪਤਾ ਲੱਗਿਆ ਕਿ ਇਹ ਸਾਰੇ ਪੁਲੀਸ ਅਫ਼ਸਰ ਸਰਕਾਰੀ ਡਿਊਟੀ ਸਮੇਂ ਹੀ ਸਰਕਾਰੀ ਗੱਡੀਆਂ ਦੀ ਵਰਤੋਂ ਕਰਦੇ ਹਨ। ਡਿਊਟੀ ਸਮੇਂ ਤੋਂ ਪਹਿਲਾਂ ਅਤੇ ਪਿੱਛੋਂ ਨਿੱਜੀ ਗੱਡੀ ਹੀ ਵਰਤੀ ਜਾਂਦੀ ਹੈ। ਡਿਊਟੀ ਪ੍ਰਤੀ ਉਨ੍ਹਾਂ ਦੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਦੇਖ ਕੇ ਦਿਲੋਂ ਸਲਾਮ ਕੀਤਾ। ਪੁਲੀਸ ਮਾਰਗ-ਦਰਸ਼ਕ ਹੈ। ਕਾਨੂੰਨ ਦਾ ਹਰ ਕਿਸੇ ਨੂੰ ਸਤਿਕਾਰ ਪਰ ਡਰ ਵੀ ਹੈ। ਨਿਆਂਪਾਲਿਕਾ, ਰਾਜਨੀਤਕ ਪ੍ਰਣਾਲੀ ਅਤੇ ਆਮ ਪ੍ਰਸਾਸ਼ਨ ਆਜ਼ਾਦ ਹਨ। ਚੌਧਰ ਚਮਕਾਉਣ ਲਈ ਕੋਈ ਵੀ ਧਿਰ ਦੂਜੇ ਖੇਤਰ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਦੀ ਅਤੇ ਨਾ ਹੀ ਕਿਸੇ ਨੂੰ ਬਰਦਾਸ਼ਤ ਹੈ। ਲੋਕਤੰਤਰ ਦੇ ਇਹ ਤਿੰਨੋਂ ਥੰਮ ਲੋਕਾਂ ਦੇ ਭਲੇ ਨੂੰ ਸਮਰਪਿਤ ਹਨ।
ਪਾਕਿਸਤਾਨ ਤੇ ਯੂਰਪੀ ਮੁਲਕਾਂ ਦੇ ਵਸਨੀਕ ਕਾਫ਼ੀ ਗਿਣਤੀ ਵਿੱਚ ਇੱਥੇ ਆ ਕੇ ਵਸੇ ਹੋਣ ਕਰਕੇ ਕੈਨੇਡਾ ਨੂੰ ਬਹੁ-ਕੌਮੀ ਮੁਲਕ ਵੀ ਆਖ ਦਿੱਤਾ ਜਾਂਦਾ ਹੈ। ਉੱਥੋਂ ਦੀ ਸਿਹਤ, ਟਰਾਂਸਪੋਰਟ, ਸਥਾਨਕ-ਸਰਕਾਰਾਂ ਅਤੇ ਸਮਾਜਿਕ ਸੇਵਾਵਾਂ ਵਿਭਾਗ ਨਾਲ ਸਬੰਧਿਤ ਦਫ਼ਤਰਾਂ ਅੰਦਰ ਕਰਮਚਾਰੀਆਂ/ਅਧਿਕਾਰੀਆਂ ਦੀ ਲੋਕ-ਸੇਵਾ ਨੂੰ ਸਮਰਪਿਤ ਡਿਊਟੀ ਦੇਖ ਕੇ ਅਚੰਭਾ ਹੁੰਦਾ ਹੈ। ਹਰ ਛੋਟਾ-ਵੱਡਾ ਮੁਲਾਜ਼ਮ/ਅਧਿਕਾਰੀ ਆਪਣਾ ਕਾਰਡ 'ਪੰਚ' ਕਰ ਕੇ ਸਹੀ ਸਮੇਂ ਡਿਊਟੀ 'ਤੇ ਆਉਂਦਾ ਅਤੇ ਵਾਪਸ ਜਾਂਦਾ ਹੈ। ਆਪਣੇ ਇਸ਼ਟ ਦੀ ਭਗਤੀ ਕਰਨ ਵਾਂਗ ਹਰ ਕੋਈ ਅੱਠ ਘੰਟੇ ਆਪਣੀ ਡਿਊਟੀ ਵਿੱਚ ਲੀਨ ਹੋ ਜਾਂਦਾ ਹੈ। ਮਿਹਨਤ ਕਰਕੇ ਕਮਾਏ ਸਮੇਂ ਨੂੰ ਉੱਥੇ ਫੁਰਸਤ ਆਖਿਆ ਜਾਂਦਾ ਹੈ। ਫੁਰਸਤ ਦੇ ਪਲਾਂ ਦਾ ਖ਼ੂਬ ਆਨੰਦ ਵੀ ਲਿਆ ਜਾਂਦਾ ਹੈ। ਕਰਮਚਾਰੀਆਂ ਨੂੰ ਦੁਪਹਿਰ ਦੇ ਖਾਣੇ ਲਈ ਅੱਡ-ਅੱਡ ਗਰੁੱਪਾਂ ਵਿੱਚ ਵੰਡ ਕੇ ਸ਼ਿਫਟਾਂ ਵਿੱਚ ਸਮਾਂ ਦਿੱਤਾ ਜਾਂਦਾ ਹੈ ਤਾਂ ਜੋ ਲੋਕ-ਹਿਤ ਪ੍ਰਭਾਵਿਤ ਨਾ ਹੋਣ। ਚਾਹ-ਚੁਸਕੀਆਂ ਲਈ ਵੀ ਦੋ ਪਰ ਵੱਖ-ਵੱਖ ਸ਼ਿਫਟਾਂ ਹਨ। ਛੁੱਟੀ ਦੀ ਕੋਈ ਤਨਖ਼ਾਹ ਨਹੀਂ। ਜੋ ਮਿਲਦੀ ਹੈ, ਉਹ ਵੀ ਘੰਟਿਆਂ ਦੇ ਹਿਸਾਬ ਨਾਲ। ਦਫ਼ਤਰਾਂ 'ਚ ਕੰਮਾਂ-ਕਾਰਾਂ ਲਈ ਪੁੱਜਦੇ ਬਿਨੈਕਾਰਾਂ ਨੂੰ ਕੰਮ ਹੋਣ ਦੀ ਤਾਰੀਖ ਮੌਕੇ 'ਤੇ ਹੀ ਦੱਸ ਦਿੱਤੀ ਜਾਂਦੀ ਹੈ। ਸਾਡੇ ਮੁਲਕ ਵਿੱਚ ਇਨਸਾਫ਼ ਉਡੀਕਦੇ ਲੋਕ ਜਦੋਂ 'ਬਿਰਖ' ਹੋ ਜਾਂਦੇ ਹਨ ਤਾਂ ਦੋਵਾਂ ਦੇਸ਼ਾਂ ਦੇ ਢਾਂਚੇ ਅੰਦਰ ਮੌਜੂਦ ਢੇਰ ਅੰਤਰ ਮਨ ਅੰਦਰ ਖੌਰੂ ਪਾਉਂਦਾ ਹੈ। ਪ੍ਰਬੰਧ ਅਧੀਨ ਉੱਥੇ ਖੱਜਲਖੁਆਰੀ ਜਾਂ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ। ਕੋਈ ਮੁਲਾਜ਼ਮ/ਅਧਿਕਾਰੀ ਭ੍ਰਿਸ਼ਟ ਵਿਹਾਰ ਕਰ ਬੈਠਦਾ ਹੈ ਤਾਂ ਉਸ ਦੇ ਰਿਕਾਰਡ ਅੰਦਰ 'ਲਾਲ ਲਕੀਰ' ਦਰਜ ਹੋ ਜਾਂਦੀ ਹੈ। ਲੱਖ ਸਿਫ਼ਾਰਸ਼ਾਂ ਦੇ ਬਾਵਜੂਦ ਨੌਕਰੀ ਦਾ ਸਮਾਂ ਦੁਬਾਰਾ ਨਸੀਬ ਨਹੀਂ ਹੁੰਦਾ। ਹਰ ਵਿਭਾਗੀ ਮੁਖੀ ਦੀ ਆਪਣੇ ਅਧਿਕਾਰ ਹੇਠਲੇ ਕੰਮ-ਕਾਜ ਉੱਪਰ ਤਿੱਖੀ ਨਜ਼ਰ ਹੁੰਦੀ ਹੈ। ਸਰਕਾਰ ਦੀ ਅਗਾਊਂ ਪ੍ਰਵਾਨਗੀ ਬਿਨਾਂ ਘਰ/ਦੁਕਾਨ ਦੀ ਉਸਾਰੀ ਸੰਭਵ ਨਹੀਂ ਹੈ। ਉਸਾਰੀ ਦੇ ਹਰ ਪੜਾਅ ਦੀ ਅਤੇ ਅੰਤਿਮ ਇੰਸਪੈਕਸ਼ਨ ਤੋਂ ਬਾਅਦ ਹੀ ਰਿਹਾਇਸ਼ ਅਤੇ ਕਾਰੋਬਾਰ ਸੰਭਵ ਹੈ। ਆਪਣੇ ਖੇਤ/ਫਾਰਮ ਹਾਊਸ ਅੰਦਰਲੇ ਨਿਰਮਾਣ ਅਤੇ ਖੇਤ 'ਚ ਪਏ ਵਾਧੂ ਸਮਾਨ ਨੂੰ ਅਗਨ-ਭੇਂਟ ਵੀ ਸਰਕਾਰੀ ਮਨਜ਼ੂਰੀ ਨਾਲ ਹੀ ਕੀਤਾ ਜਾ ਸਕਦਾ ਹੈ। ਡੇਅਰੀ ਜਿਹੇ ਕਾਰੋਬਾਰ ਇੱਕ ਖ਼ਾਸ ਨਿਸ਼ਚਿਤ ਇਲਾਕੇ ਅੰਦਰ ਹੀ ਹਨ। ਕਿਸੇ ਵੀ ਖ਼ੁਸ਼ੀ/ਗਮੀ ਦੇ ਸਮਾਗਮ ਕਰਦਿਆਂ ਕਿਸੇ ਦੂਜੇ ਦੀ ਜ਼ਿੰਦਗੀ ਵਿੱਚ ਖਲਲ ਪਾਉਣ ਦੀ ਕਿਸੇ ਨੂੰ ਆਗਿਆ ਨਹੀਂ।
ਸਾਡੇ ਮੁਲਕ ਵਿੱਚ ਸਮੇਂ, ਤਾਕਤ ਅਤੇ ਪੈਸੇ ਦੀ ਬਹੁਤ ਖਪਤ ਪਰ 'ਪ੍ਰਾਪਤੀ' ਮੁਕਾਬਲਤਨ ਕਿਤੇ ਘੱਟ ਹੈ। ਡਿਊਟੀ ਅਤੇ ਲੋਕਾਂ ਪ੍ਰਤੀ ਸਮਰਪਣ ਘੱਟ ਅਤੇ ਵਿਖਾਵਾ ਜ਼ਿਆਦਾ ਹੈ। ਅਜਿਹੇ ਅਤੇ ਕੁਝ ਹੋਰਨਾਂ ਕਾਰਨਾਂ ਕਰਕੇ ਹੀ ਆਮ ਜਨਤਾ ਪ੍ਰਬੰਧ ਤੋਂ ਨਿਰਾਸ਼ ਹੈ। ਲੋਕਾਂ ਨਾਲ ਸਿੱਧਾ ਵਾਸਤਾ ਰੱਖਣ ਵਾਲੇ ਵਿਭਾਗਾਂ ਅੰਦਰ ´ਾਂਤੀਕਾਰੀ ਤਬਦੀਲੀਆਂ ਦੀ ਜ਼ਰੂਰਤ ਹੈ। ਜ਼ਿਲ੍ਹਾ ਪੱਧਰ 'ਤੇ ਸ਼ਿਕਾਇਤ ਨਿਵਾਰਨ ਸੈੱਲ ਅਮਲੀ ਰੂਪ ਵਿੱਚ ਸਰਗਰਮ ਹੋਣ ਤੇ ਇਨ੍ਹਾਂ ਦਾ ਤਾਲਮੇਲ ਸੂਬਾ ਸਰਕਾਰਾਂ ਨਾਲ ਹੋਵੇ। ਭ੍ਰਿਸ਼ਟਾਚਾਰੀ ਨੂੰ ਮਿਸਾਲੀ ਸਜ਼ਾ ਹੋਵੇ। ਵੇਲਾ ਵਿਹਾਅ ਚੁੱਕੇ ਕਾਨੂੰਨਾਂ ਵਿੱਚ ਸੋਧ ਅਤੇ ਤਬਦੀਲੀ ਦੀ ਜ਼ਰੂਰਤ ਹੈ। ਨਿਰਾ ਸਰਕਾਰਾਂ ਨੂੰ ਹੀ ਦੋਸ਼ੀ ਠਹਿਰਾ ਕੇ ਅਸੀਂ ਬੇਫ਼ਿਕਰ ਨਹੀਂ ਹੋ ਸਕਦੇ, ਆਪਣੇ ਅੰਦਰ ਵੀ ਦੇਸ਼ ਪ੍ਰੇਮ ਜਗਾਉਣ ਦੀ ਜ਼ਰੂਰਤ ਹੈ। ਆਓ! ਆਤਮ ਚਿੰਤਨ ਕਰੀਏ ਅਤੇ ਤਬਦੀਲੀ ਲਈ ਖ਼ੁਦ ਮਿਸਾਲ ਬਣੀਏ।

Tags: ਸਮੇਂ ਦਾ ਹਾਣੀ ਕੈਨੇਡਾ ਗੁਰਪ੍ਰੀਤ ਸਿੰਘ ਮਲੂਕਾ