HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਪਰਦੇਸਾਂ ਲਈ ਪੰਜਾਬੀਆਂ ਦੀ ਖਿੱਚ


Date: Dec 09, 2014

ਦਿਨੇਸ਼ ਦਮਾਥੀਆ
ਅੱਜ ਹਰ ਨੌਜਵਾਨ ਬਹੁਤ ਜਲਦੀ ਅਮੀਰ ਹੋਣਾ ਚਾਹੁੰਦਾ ਹੈ। ਇਸੇ ਕਰਕੇ ਸ਼ਾਇਦ ਉਨ੍ਹਾਂ ਨੂੰ ਵਿਦੇਸ਼ ਜਾਣ ਦਾ ਰਾਹ ਸਭ ਤੋਂ ਸੌਖਾ ਅਤੇ ਵਧੀਆ ਲੱਗਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਵਿਦੇਸ਼ ਦੀ ਜ਼ਮੀਨ ਉੱਤੇ ਡਾਲਰ, ਪੌਂਡ ਪੈਦਾ ਕਰਨ ਵਾਲੇ ਰੁੱਖ ਲੱਗੇ ਹੋਏ ਹਨ ਅਤੇ ਉੱਥੇ ਪਹੁੰਚਦੇ ਸਾਰ ਹੀ ਇਕੱਠੇ ਕਰ ਕੇ ਘਰ ਲੈ ਆਉਣੇ ਹਨ। ਇਸੇ ਕਰਕੇ ਹਰ ਨੌਜਵਾਨ ਚਾਹੇ ਉਹ ਮੁੰਡਾ ਹੈ ਜਾਂ ਕੁੜੀ, ਉਸ ਦੀ ਪਹਿਲੀ ਪਸੰਦ ਵਿਦੇਸ਼ ਵਿੱਚ ਜਾ ਕੇ ਪੈਸਾ ਕਮਾਉਣਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿੱਚ ਪੈਸੇ ਅਤੇ ਕੰਮ ਦੀ ਕੋਈ ਕਮੀ ਨਹੀਂ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਉੱਥੇ ਗਏ ਹਰ ਵਿਅਕਤੀ ਨੂੰ ਉਸ ਦਾ ਮਨਪਸੰਦ ਰੁਜ਼ਗਾਰ ਜਾਂ ਉੱਥੋਂ ਦੇ ਮੁਤਾਬਕ ਰਹਿਣ ਦਾ ਮਾਹੌਲ਼ ਮਿਲ ਜਾਂਦਾ ਹੈ।
ਵਿਦੇਸ਼ ਵਿੱਚ ਜਾਣਾ ਅਜੋਕੇ ਸਮੇਂ ਵਿੱਚ ਕਿਸੇ ਲਈ ਵੀ ਜ਼ਿਆਦਾ ਔਖਾ ਨਹੀਂ ਹੈ। ਪੈਸਾ ਖ਼ਰਚ ਕੇ ਅੱਜ ਹਰ ਕੋਈ ਵਿਦੇਸ਼ ਜਾ ਸਕਦਾ ਹੈ। ਇੱਕ ਛੋਟਾ ਜਿਹਾ ਵਿੱਦਿਅਕ ਕੋਰਸ ਕਰਨ ਪਿੱਛੋਂ ਵਿਦੇਸ਼ ਜਾਣਾ ਹੋਰ ਵੀ ਸੌਖਾ ਹੋ ਜਾਂਦਾ ਹੈ। ਪੰਜਾਬ ਦੇ ਵਧੇਰੇ ਲੋਕ ਵਿਦੇਸ਼ ਜਾ ਕੇ ਵੱਸੇ ਹੋਏ ਹਨ ਅਤੇ ਬਹੁਤ ਸਾਰੇ ਵਿਦੇਸ਼ ਜਾਣ ਲਈ ਕੋਸ਼ਿਸ਼ ਕਰ ਰਹੇ ਹਨ। ਖੇਤੀਬਾੜੀ ਕਰ ਕੇ ਆਪਣੇ ਪਰਿਵਾਰ ਨੂੰ ਪਾਲਣ ਵਾਲਾ ਕਿਸਾਨ ਆਪਣੇ ਇੱਕੋ ਇੱਕ ਪੁੱਤਰ ਨੂੰ ਵਿਦੇਸ਼ ਭੇਜਣ ਲਈ ਆਪਣੀ ਮਾਂ ਵਰਗੀ ਜ਼ਮੀਨ ਨੂੰ ਵੇਚਣ ਲਈ ਮਜਬੂਰ ਹੋ ਜਾਂਦਾ ਹੈ ਅਤੇ ਆਪਣੇ ਬੁਢਾਪੇ ਦੇ ਸਹਾਰੇ ਨੂੰ ਦਿਲ ਉੱਤੇ ਪੱਥਰ ਰੱਖ ਕੇ ਵਿਦੇਸ਼ ਭੇਜਦਾ ਹੈ। ਕੁਝ ਲੋਕ ਤਾਂ ਆਪਣੇ ਸੁਫ਼ਨਿਆਂ ਦੀ ਧਰਤੀ, ਵਿਦੇਸ਼ ਉੱਤੇ ਪੈਰ ਰੱਖਣ ਵਿੱਚ ਸਫ਼ਲ ਹੋ ਜਾਂਦੇ ਹਨ ਪਰ ਕੁਝ ਕਿਸਮਤ ਦੇ ਮਾਰੇ ਚਲਾਕ ਅਤੇ ਠੱਗ ਏਜੰਟਾਂ ਦੇ ਹੱਥ ਚੜ੍ਹ ਕੇ ਆਪਣਾ ਪੈਸਾ ਅਤੇ ਕੀਮਤੀ ਸਮਾਂ ਗੁਆ ਬੈਠਦੇ ਹਨ ਤੇ ਪਛਤਾਵੇ ਦੇ ਹਨੇਰੇ ਵਿੱਚ ਗੁਆਚ ਜਾਂਦੇ ਹਨ। ਜੋ ਔਖੇ-ਸੌਖੇ ਆਪਣੇ ਮਾਪਿਆਂ ਅਤੇ ਸਕੇ ਸਬੰਧੀਆਂ ਤੋਂ ਦੂਰ ਹੋ ਕੇ ਵਿਦੇਸ਼ ਪਹੁੰਚ ਵੀ ਜਾਂਦੇ ਹਨ ਉਨ੍ਹਾਂ ਨੂੰ ਵੀ ਉੱਥੇ ਕਈ ਕਿਸਮ ਦੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪਰਾਏ ਦੇਸ਼ ਵਿੱਚ ਰਹਿਣਾ ਅਤੇ ਕੰਮ ਦਾ ਜੁਗਾੜ ਲਾਉਣਾ ਬਹੁਤ ਔਖਾ ਹੁੰਦਾ ਹੈ। ਜਿਨ੍ਹਾਂ ਲੋਕਾਂ ਕੋਲੋਂ ਮਦਦ ਦੀ ਉਮੀਦ ਹੁੰਦੀ ਹੈ ਉਹ ਵੀ ਕੰਨੀ ਖਿਸਕਾ ਲੈਂਦੇ ਹਨ।
ਜਿੱਥੇ ਵਿਦੇਸ਼ ਜਾਣ ਵਿੱਚ ਮੁੰਡਿਆਂ ਦੀ ਦੌੜ ਹੈ ਉੱਥੇ ਹੁਣ ਇਸ ਦੌੜ ਵਿੱਚ ਕੁੜੀਆਂ ਵੀ ਪਿੱਛੇ ਨਹੀਂ ਹਨ। ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਗਏ ਮੁੰਡੇ ਕੁੜੀਆਂ ਦੀ ਸਥਿਤੀ ਬਹੁਤ ਹੀ ਤਰਸਯੋਗ ਹੈ। ਕੁੜੀਆਂ ਨੂੰ ਜਾਂ ਤਾਂ ਨਾਲ ਪੜ੍ਹਦੇ ਮੁੰਡਿਆਂ ਨਾਲ ਮਿਲ ਕੇ ਰਹਿਣਾ, ਸੌਣਾ ਪੈਂਦਾ ਹੈ ਜਾਂ ਕਿਰਾਏ ਦੇ ਮਕਾਨਾਂ ਦੇ ਮਾਲਕਾਂ ਦੇ ਸਰੀਰਕ, ਆਰਥਿਕ ਅਤੇ ਮਾਨਸਿਕ ਸ਼ੋਸ਼ਣ ਸਹਿਣੇ ਪੈਂਦੇ ਹਨ। ਕੁਝ ਮੁੰਡੇ, ਕੁੜੀਆਂ ਨੂੰ ਉੱਥੋਂ ਦੀਆਂ ਸੜਕਾਂ ਅਤੇ ਪੁਲਾਂ ਉੱਤੇ ਰਾਤਾਂ ਕੱਟਣੀਆਂ ਪੈਂਦੀਆਂ ਹਨ। ਕੁਝ ਲੋਕਾਂ ਨੂੰ ਤਾਂ ਵਿਦੇਸ਼ ਜਾਣ ਦਾ ਭੁੱਸ ਇਸ ਹੱਦ ਤਕ ਹੈ ਕਿ ਉਹ ਭੈਣ-ਭਰਾ, ਪਿਤਾ-ਧੀ ਨੂੰ ਪਤੀ-ਪਤਨੀ ਬਣ ਕੇ ਵਿਦੇਸ਼ ਵਿੱਚ ਰਹਿਣ ਨੂੰ ਵੀ ਮਾੜਾ ਨਹੀਂ ਸਮਝਦੇ। ਇਸ ਤਰੀਕੇ ਨਾਲ ਕਮਾਇਆ ਪੈਸਾ ਸਾਡੀਆਂ ਜੇਬਾਂ ਅਤੇ ਬੈਂਕ ਤਾਂ ਭਰ ਦਿੰਦਾ ਹੈ ਪਰ ਇਹ ਸਾਡੇ ਮਨ ਨੂੰ ਕਦੇ ਸਕੂਨ ਨਹੀਂ ਦੇ ਸਕਦਾ।
ਵਧੇਰੇ ਕਰਕੇ ਇਹ ਵੀ ਵੇਖਿਆ ਗਿਆ ਹੈ ਕਿ ਆਪਣੀ ਧੀ ਨੂੰ ਵਿਦੇਸ਼ ਦੇ ਮੁੰਡੇ ਨਾਲ ਵਿਆਹੁਣ ਲਈ ਮਾਂ-ਬਾਪ ਬਹੁਤ ਢੰਗ-ਤਰੀਕੇ ਲੱਭਦੇ ਹਨ। ਸੱਤ ਸਮੁੰਦਰ ਪਾਰ ਉਹ ਮੁੰਡਾ ਕੀ ਕਰਦਾ ਹੈ ਅਤੇ ਉਸ ਦਾ ਚਾਲ ਚਲਣ ਕੀ ਹੈ, ਇਹ ਦੇਖੇ ਪੁੱਛੇ ਬਿਨਾਂ ਹੀ ਆਪਣੀ ਲਾਡਾਂ ਨਾਲ ਪਾਲੀ ਧੀ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਅਤੇ ਉੱਥੇ ਪਹੁੰਚ ਕੇ ਉਸ ਨੂੰ ਜੋ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਉਨ੍ਹਾਂ ਨੂੰ ਸਿਰਫ਼ ਰੱਬ ਹੀ ਜਾਣਦਾ ਹੁੰਦਾ ਹੈ। ਅਜਿਹੇ ਢੰਗ ਨਾਲ ਕੀਤੇ ਵਿਆਹ ਧੀ ਦੀ ਸਾਰੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਹਨ। ਘਰ ਵਿੱਚ ਛੋਟੀਆਂ-ਛੋਟੀਆਂ ਗੱਲਾਂ ਉੱਤੇ ਲਗਾਤਾਰ ਲੜਾਈ-ਝਗੜੇ ਹੋਣ ਲੱਗਦੇ ਹਨ। ਪਰਿਵਾਰਕ ਰਿਸ਼ਤਿਆਂ ਵਿੱਚ ਇੰਨੀ ਖਟਾਸ ਆ ਜਾਂਦੀ ਹੈ ਕਿ ਉਹ ਤਿੜਕਦੇ- ਤਿੜਕਦੇ ਇੱਕ ਦਿਨ ਚਕਨਾਚੂਰ ਹੋ ਜਾਂਦੇ ਹਨ। ਕਈ ਵਾਰ ਤਾਂ ਵਿਆਹ ਤੋਂ ਬਾਅਦ ਕੁਝ ਕੁੜੀਆਂ ਨੂੰ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ। ਪਿੱਛੋਂ ਉਸ ਧੀ ਦੇ ਮਾਪਿਆਂ ਉੱਤੇ ਬਣੀ ਪਰੇਸ਼ਾਨੀ ਅਤੇ ਸਦਮਾ ਉਨ੍ਹਾਂ ਦੀ ਜ਼ਿੰਦਗੀ ਨੂੰ ਉਜਾੜ ਕੇ ਰੱਖ ਦਿੰਦੇ ਹਨ।
ਵਿਦੇਸ਼ਾਂ ਦਾ ਜੀਵਨ ਮਿੱਠੀ ਜੇਲ੍ਹ ਵਰਗਾ ਹੈ, ਜਿਸ ਵਿੱਚ ਬਹੁਤ ਸਾਰੀਆਂ ਸੁੱਖ ਸਹੂਲਤਾਂ ਹੁੰਦੀਆਂ ਹਨ ਪਰ ਇਹ ਸਭ ਸਿਰਫ਼ ਉੱਥੋਂ ਦੇ ਪੱਕੇ ਤੌਰ 'ਤੇ ਰਹਿ ਰਹੇ ਲੋਕਾਂ ਲਈ ਹੁੰਦੀਆਂ ਹਨ। ਜੋ ਵਿਅਕਤੀ ਉੱਥੋਂ ਦੇ ਪੱਕੇ ਨਾਗਰਿਕ ਨਹੀਂ ਹਨ ਉਨ੍ਹਾਂ ਲਈ ਉੱਥੇ ਕੋਈ ਸਹੂਲਤ ਨਹੀਂ ਹੈ। ਵਿਦੇਸ਼ਾਂ ਦੇ ਲੋਕਾਂ ਦੁਆਰਾ ਭਾਰਤੀਆਂ ਨੂੰ ਬਿਲਕੁਲ ਪਸੰਦ ਨਹੀਂ ਕੀਤਾ ਜਾਂਦਾ। ਉਨ੍ਹਾਂ ਦਾ ਬੋਲਣ- ਚਾਲਣ ਵੀ ਭਾਰਤੀਆਂ ਪ੍ਰਤੀ ਰੁੱਖਾ ਹੁੰਦਾ ਹੈ। ਉਨ੍ਹਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਲੈਣ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਵਿਦੇਸ਼ਾਂ ਵਿੱਚ ਰਹਿ ਰਹੇ ਬਜ਼ੁਰਗਾਂ ਦੀ ਹਾਲਤ ਵੀ ਬਹੁਤ ਮਾੜੀ ਹੁੰਦੀ ਹੈ। ਖ਼ਾਸਕਰ ਜੋ ਪੰਜਾਬ ਤੋਂ ਆਪਣੇ ਬੱਚਿਆਂ ਨਾਲ ਵਿਦੇਸ਼ ਗਏ ਹੁੰਦੇ ਹਨ। ਉਨ੍ਹਾਂ ਦੇ ਬੱਚੇ ਉੱਥੇ ਕੰਮ 'ਤੇ ਚਲੇ ਜਾਂਦੇ ਹਨ ਅਤੇ ਬਜ਼ੁਰਗ ਘਰ ਵਿੱਚ ਸਾਰਾ ਦਿਨ ਇਕੱਲੇ ਇੱਧਰ-ਉੱਧਰ ਭਟਕਦੇ ਰਹਿੰਦੇ ਹਨ। ਨਾ ਤਾਂ ਉਹ ਘਰੋਂ ਬਾਹਰ ਨਿਕਲ ਸਕਦੇ ਹਨ ਅਤੇ ਨਾ ਹੀ ਕਿਸੇ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਹੀ ਜਾ ਸਕਦੇ ਹਨ। ਕਈ ਵਾਰ ਕੁਝ ਬਜ਼ੁਰਗਾਂ ਦੀ ਮਾਨਸਿਕ ਦਸ਼ਾ ਵਿਗੜ ਜਾਂਦੀ ਹੈ ਅਤੇ ਉਹ ਮਾਨਸਿਕ ਰੋਗੀ ਹੋ ਜਾਂਦੇ ਹਨ। ਆਪਣੇ ਮੁਲਕ ਵਿੱਚ ਕਈ ਬਹੁਤ ਉੱਚੇ ਅਹੁਦਿਆਂ ਉੱਤੇ ਹੁੰਦੇ ਹਨ ਪਰ ਵਿਦੇਸ਼ ਜਾਣ ਅਤੇ ਵੱਧ ਪੈਸਾ ਕਮਾਉਣ ਦਾ ਜਨੂੰਨ ਉਨ੍ਹਾਂ ਨੂੰ ਵਿਦੇਸ਼ ਲੈ ਜਾਂਦਾ ਹੈ, ਜਿੱਥੇ ਉਚੇਰੀ ਪੜ੍ਹਾਈ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਉਂਦੀ। ਇੱਥੇ ਸਰਕਾਰੀ ਅਦਾਰਿਆਂ ਵਿੱਚ ਲੱਗੇ ਵੱਡੇ ਅਫ਼ਸਰ ਉੱਥੇ ਕਿਸੇ ਦੁਕਾਨ ਜਾਂ ਢਾਬੇ ਵਿੱਚ ਲੋਕਾਂ ਦੇ ਜੂਠੇ ਭਾਂਡੇ ਮਾਂਜਦੇ ਜਾਂ ਫੈਕਟਰੀਆਂ ਵਿੱਚ ਮਜ਼ਦੂਰੀ ਦਾ ਭਾਰਾ ਕੰਮ ਕਰਦੇ ਆਮ ਦਿਖਾਈ ਦਿੰਦੇ ਹਨ।
ਕੁਝ ਸਾਲ ਵਿਦੇਸ਼ਾਂ ਵਿੱਚ ਰਹਿ ਕੇ ਜਦੋਂ ਇਹ ਲੋਕ ਆਪਣੇ ਦੇਸ਼ ਵਾਪਸ ਪਰਤਦੇ ਹਨ ਤਾਂ ਇੱਥੋਂ ਦੇ ਲੋਕਾਂ ਤੋਂ ਵਿਦੇਸ਼ ਦੇ ਸਾਰੇ ਬੁਰੇ ਤਜਰਬੇ ਲੁਕਾ ਲੈਂਦੇ ਹਨ ਅਤੇ ਵਿਦੇਸ਼ਾਂ ਦੇ ਲੋਕਾਂ ਦੇ ਜੀਵਨ ਨੂੰ ਆਪਣਾ ਜੀਵਨ ਦੱਸ ਕੇ ਦੂਜੇ ਲੋਕਾਂ ਦੇ ਮਨਾਂ ਨੂੰ ਮੋਹਿਤ ਕਰਦੇ ਹਨ। ਉੱਥੋਂ ਦੀ ਬਦਤਰ ਜ਼ਿੰਦਗੀ ਦੀ ਤਸਵੀਰ ਨੂੰ ਇੱਥੇ ਆ ਕੇ ਇਸ ਤਰੀਕੇ ਨਾਲ ਲੋਕਾਂ ਸਾਹਮਣੇ ਰੱਖਦੇ ਹਨ ਕਿ ਇੱਥੇ ਰਹਿ ਰਹੇ ਲੋਕਾਂ ਉੱਤੇ ਇਸ ਦਾ ਬਹੁਤ ਪ੍ਰਭਾਵ ਪੈਣ ਲੱਗਦਾ ਹੈ। ਇਸ ਨੂੰ ਦੇਖ ਕੇ ਕੁਝ ਹੋਰ ਨੌਜਵਾਨ ਵੀ ਵਿਦੇਸ਼ ਜਾਣ ਲਈ ਉਤਸੁਕ ਹੋ ਜਾਂਦੇ ਹਨ। ਵਿਦੇਸ਼ ਜਾਣ ਵਿੱਚ ਕੋਈ ਬੁਰਾਈ ਨਹੀਂ ਪਰ ਸਹੀ ਢੰਗ ਅਤੇ ਲੋਕਾਂ ਦੀ ਮਦਦ ਨਾਲ ਵਿਦੇਸ਼ ਜਾਣ ਨਾਲ ਜਿੱਥੇ ਵਿਦੇਸ਼ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਉੱਥੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵਿੱਚ ਇੱਜ਼ਤ ਅਤੇ ਮਾਣ ਨਾਲ ਉਚਰਨ-ਵਿਚਰਨ ਦਾ ਮੌਕਾ ਵੀ ਮਿਲਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਕੰਮ ਵਿਦੇਸ਼ ਵਿੱਚ ਜਾ ਕੇ ਕੀਤਾ ਜਾਂਦਾ ਹੈ ਜੇ ਉਹੀ ਕੰਮ ਆਪਣੇ ਦੇਸ਼ ਵਿੱਚ ਰਹਿ ਕੇ ਕੀਤਾ ਜਾਵੇ ਤਾਂ ਉਸ ਦੀ ਕੋਈ ਰੀਸ ਨਹੀਂ ਹੁੰਦੀ। ਆਪਣੇ ਮਾਪਿਆਂ ਦੇ ਸਾਹਮਣੇ ਰਹਿ ਕੇ ਅਤੇ ਉਨ੍ਹਾਂ ਦੀ ਹੱਲਾਸ਼ੇਰੀ ਨਾਲ ਸਾਰੀ ਦੁਨੀਆਂ 'ਤੇ ਵਧੀਆ ਛਾਪ ਛੱਡੀ ਜਾ ਸਕਦੀ ਹੈ। ਤੁਸੀਂ ਥੋੜ੍ਹੀ ਜਿਹੀ ਸਿਆਣਪ ਵਰਤੋ ਅਤੇ ਦੇਸ਼ ਵਿੱਚ ਰਹਿ ਕੇ ਆਪਣੀ ਪੰਜਾਬ ਦੀ ਮਿੱਟੀ ਨੂੰ ਉਸ ਦਾ ਮੁੱਲ ਮੋੜੋ ਅਤੇ ਆਪਣੇ ਦੇਸ਼ ਨੂੰ ਦੁਨੀਆਂ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਪਹਿਲੇ ਦਰਜੇ 'ਤੇ ਲਿਆਓ।

Tags: ਪਰਦੇਸਾਂ ਲਈ ਪੰਜਾਬੀਆਂ ਦੀ ਖਿੱਚ