HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਔਰਤਾਂ ਦਾ ਦਿਲ ਕਿਵੇਂ ਜਿੱਤੀਏ


Date: Dec 09, 2014

ਡਾ: ਹਰਜਿੰਦਰ ਵਾਲੀਆ
੧. ਪ੍ਰਸੰਸਾ ਕਰਨ ਦੀ ਕਲਾ ਸਿੱਖੋ
ਪ੍ਰਸੰਸਾ ਨਾ ਕਿ ਖੁਸ਼ਾਮਦ। ਪਤਨੀ ਜਾਂ ਸਾਥੀ ਦੀ ਸਹੀ ਮੌਕੇ ਸਹੀ ਪ੍ਰਸ਼ੰਸਾ ਕਰਨੀ ਨਾ ਭੁੱਲੋ। ਤਾਰੀਫ ਦਾ ਤਾਂ ਖੁਦਾ ਵੀ ਭੁੱਖਾ ਹੁੰਦਾ ਹੈ। ਔਰਤ ਤਾਂ ਫਿਰ ਇਨਸਾਨ ਹੈ। ਆਪਣੀ ਸਾਥਣ ਦੇ ਕੱਪੜਿਆਂ ਦੀ,ਵਾਲਾਂ ਦੀ ਅਤੇ ਸਮੁੱਚੇ ਤੌਰ ਤੇ ਸੁੰਦਰਤਾ ਦੀ ਪ੍ਰਸੰਸਾ ਕਰਨ ਦੀ ਆਦਤ ਪਾਓ। ਜੇ ਦਿਲ ਜਿੱਤਣਾ ਹੈ ਤਾਂ ਇਹ ਕਲਾ ਵਿਚ ਤਾਂ ਮਾਹਿਰ ਬਣਨਾ ਹੀ ਪਵੇਗਾ।
੨. ਤੋਹਫਾ ਵੀ ਔਰਤ ਨੂੰ ਖੁਸ਼ ਕਰਦਾ ਹੈ
ਗਾਹੇ ਬਗਾਹੇ ਕਿਸੇ ਨਾ ਕਿਸੇ ਬਹਾਨੇ ਸਾਥੀ ਨੂੰ ਕੋਈ ਤੋਹਫਾ ਦਿਓ। ਤੁਹਾਡਾ ਦਿੱਤਾ ਹੋਇਆ ਤੋਹਫਾ ਤੁਹਾਡੇ ਪਿਆਰ ਦੀ ਮੋਹਰ ਹੁੰਦਾ ਹੈ। ਇਹ ਉਹ ਅਹਿਸਾਸ ਹੈ ਜੋ ਔਰਤ ਨੂੰ ਪ੍ਰੇਮ ਸੰਤੁਸ਼ਟੀ ਵੱਲ ਲੈ ਕੇ ਜਾਂਦਾ ਹੈ। ਯਾਦ ਰੱਖੋ ਤੋਹਫੇ ਕੀਮਤੀ ਨਹੀਂ ਭਾਵਨਾ ਦਾ ਮੁੱਲ ਹੁੰਦਾ ਹੈ। ਤੋਹਫਾ ਤਾਂ ਤੁਹਾਡੇ ਦਿਲ ਦਾ ਦੂਤ ਹੈ ਜੋ ਤੁਹਾਡੇ ਸਾਥੀ ਦੇ ਦਿਲ ਦੇ ਦਰ ਤੇ ਦਸਤਖਤ ਦਿੰਦਾ ਹੈ।
੩. ਪਿਆਰ ਦਾ ਇਜ਼ਹਾਰ ਕਰੋ:
ਪੱਛਮੀ ਲੋਕਾਂ ਵਿਚ ਤਾਂ ਦਿਨ ਵਿਚ ਕਈ ਵਾਰ 'ਆਈ ਲਵ ਯੂ' ਕਹਿਣ ਦਾ ਰਿਵਾਜ ਹੈ ਪਰ ਭਾਰੀਤ ਅਤੇ ਪੰਜਾਬੀ ਸਭਿਆਚਾਰ ਵਿਚ ਅਜਿਹੇ ਸ਼ਬਦ ਜ਼ਿੰਦਗੀ ਵਿਚ ਘੱਟ ਹੀ ਸੁਣਾਈ ਦਿੰਦੇ ਹਨ। ਜਦੋਂ ਤੁਸੀਂ ਪਿਆਰ ਦੇ ਦੋ ਸ਼ਬਦ ਬੋਲਦੇ ਹੋ ਤਾਂ ਸਾਥੀ ਨੂੰ ਇਕ ਖਾਸ ਤਸੱਲੀ ਹੁੰਦੀ ਹੈ। ਢਾਈ ਅੱਖ ਪ੍ਰੇਮ ਦੇ ਬੋਲਣ ਦੀ ਜਾਂਚ ਸਿੱਖੋ। ਆਪਣੇ ਸਾਥੀ ਦਾ ਦਿਲ ਜਿੱਤਣਾ ਤਾਂ ਇਹ ਸਮਝ ਲਵੋ ਕਿ ਪ੍ਰੇਮ ਦਾ ਤਾਲਾ ਸਿਰਫ ਪ੍ਰੇਮ ਦੀ ਚਾਬੀ ਨਾਲ ਹੀ ਖੁੱਲ੍ਹਦਾ ਹੈ।
੪. ਔਰਤ ਨੂੰ ਮਹੱਤਵਪੁਰਨ ਹੋਣ ਦਾ ਅਹਿਸਾਸ ਕਰਾਓ
ਇਸ ਦੁਨੀਆਂ ਵਿਚ ਹਰ ਕੋਈ ਆਪਣੇ ਆਪ ਨੂੰ ਮਹੱਤਵਪੂਰਨ ਮੰਨਣ ਦੀ ਖਾਹਿਸ਼ ਰੱਖਦਾ ਹੈ। ਔਰਤ ਚਾਹੁੰਦੀ ਹੈ ਕਿ ਦੁਨੀਆਂ ਉਸ ਨੂੰ ਮੰਨੇ ਜਾਂ ਨਾ, ਪਰ ਉਸਦਾ ਸਾਥੀ ਉਸਨੂੰ ਜ਼ਰੂਰ ਦੁਨੀਆਂ ਤੋਂ ਅਲੱਗ ਮੰਨੇ। ਸੋ, ਆਪਣੇ ਸਾਥੀ ਨੂੰ ਇਹ ਅਹਿਸਾਸ ਕਰਾਓ ਕਿ ਤੁਹਾਡੇ ਲਈ ਉਹ ਸਭ ਤੋਂ ਖਾਸ ਹੈ। ਖਾਸ ਤੌਰ ਤੇ ਅਜਿਹਾ ਸਮਾਜਿਕ ਅਤੇ ਪਰਿਵਾਰਕ ਇਕੱਠਾਂ ਵਿਚ ਜ਼ਰੂਰ ਕਰੋ। ਹੋਰਾਂ ਤੋਂ ਅਲੱਗ ਕਰਨ ਲਈ ਕੁਝ ਖਾਸ ਕਰਨ ਦੀ ਲੋੜ ਨਹੀਂ, ਬੱਸ ਉਸਦਾ ਅਜਿਹਾ ਕੋਈ ਪਿਆਰਾ ਜਿਹਾ ਨਾਮ ਰੱਖੋ ਅਤੇ ਉਸ ਨਾਮ ਨਾਲ ਸਿਰਫ ਤੁਸੀਂ ਉਸਨੂੰ ਬੁਲਾਓ। ਇਸ ਨਾਲ ਹੀ ਉਸਦੇ ਮਨ ਵਿਚ ਇਕ ਅਹਿਸਾਸ ਪੈਦਾ ਹੋਵੇਗਾ ਕਿ ਇਸ ਧਰਤੀ ਤੇ ਕੋਈ ਅਜਿਹਾ ਸ਼ਖਸ ਹੈ ਜੋ ਸਿਰਫ ਤੇ ਸਿਰਫ ਉਸਦਾ ਹੈ। ਇਹ ਅਹਿਸਾਸ ਉਸਨੂੰ ਅੰਬਰਾਂ ਤੇ ਲੈ ਉਡੇਗਾ ਅਤੇ ਤੁਹਾਡੇ ਪਿਆਰ ਦੀਆਂ ਉਡਾਰੀਆਂ ਵੀ ਉਚੀਆਂ ਹੋ ਉਡਣਗੀਆਂ।
੫. ਆਲੋਚਨਾ ਨਾ ਕਰੋ:
ਪਤਨੀ ਦੇ ਮਾਪਿਆਂ, ਭੈਣਾਂ, ਭਰਾਵਾਂ ਅਤੇ ਪੇਕਿਆਂ ਦੀ ਕਦੇ ਭੁੱਲ ਕੇ ਵੀ ਆਲੋਚਨਾ ਨਾ ਕਰੋ। ਔਰਤ ਨੂੰ ਸਭ ਤੋਂ ਵੱਡਾ ਦੁੱਖ ਉਦੋਂ ਲੱਗਦਾ ਹੈ ਜਦੋਂ ਕੋਈ ਉਸਦੇ ਪੇਕਿਆਂ ਨੂੰ ਬੁਰਾ ਭਲਾ ਕਹਿੰਦਾ ਹੈ। ਇਸਦੇ ਉਲਟ ਜਦੋਂ ਵੀ ਮੌਕਾ ਲੱਗੇ ਉਸਦੇ ਜਾਣ ਪਹਿਚਾਣ ਵਾਲਿਆਂ ਦੀ ਪ੍ਰਸੰਸਾ ਕਰੋ। ਪੇਕਿਆਂ ਦੇ ਨਾਲ ਨਾਲ ਔਰਤ ਆਪਣੀ ਆਲੋਚਨਾ ਅਤੇ ਦੂਜੀ ਔਰਤ ਦੀ ਪ੍ਰਸੰਸਾ ਕਦੇ ਵੀ ਬਰਦਾਸ਼ਤ ਨਹੀਂ ਕਰਦੀ। ਆਪਣੀ ਪਤਨੀ ਦੇ ਸਾਹਮਣੇ ਆਪਣੀ ਮਾਂ ਅਤੇ ਭੈਣ ਦੀ ਪ੍ਰਸੰਸਾ ਨਾ ਕਰੋ।
੬. ਆਪਣੇ ਸਾਥੀ ਵਿਚ ਦਿਲਚਸਪੀ ਲਵੋ:
ਆਪਣੀ ਪਤਨੀ ਜਾਂ ਸਾਥੀ ਦੀਆਂ ਗੱਲਾਂ ਵਿਚ ਦਿਲਚਸਪੀ ਲਵੋ, ਕਈ ਔਰਤਾਂ ਨੂੰ ਦੂਜਿਆਂ ਬਾਰੇ ਗੱਲਾਂ ਕਰਨ ਦੀ ਆਦਤ ਹੁੰਦੀ ਹੈ ਅਤੇ ਬਹੁਤੀ ਵਾਰ ਮਰਦ ਉਸ ਵਿਚ ਦਿਲਚਸਪੀ ਨਹੀਂ ਲੈਂਦਾ। ਉਸ ਵੱਲੋਂ ਕੀਤੀ ਨਿੰਦਾ ਚੁਗਲੀ ਨੂੰ ਸੁਣ ਕੇ ਸਹੀ ਹੁੰਗਾਰਾ ਭਰਨਾ ਚਾਹੀਦਾ ਹੈ ਤਾਂ ਕਿ ਉਸਨੂੰ ਇਹ ਅਹਿਸਾਸ ਨਾ ਹੋਵੇ ਕਿ ਤੁਸੀਂ ਉਸਨੂੰ ਨਜ਼ਰਅੰਦਾਜ਼ ਕਰ ਰਹੇ ਹੋ। ਉਸ ਵਿਚ ਦਿਲਚਸਪੀ ਲਵੋ। ਉਸ ਬਾਰੇ ਸਵਾਲ ਪੁੱਛੋ। ਪੁੱਛੋ ਕਿ ਅੱਜ ਉਸਨੇ ਸਾਰਾ ਦਿਨ ਕਿਵੇਂ ਗੁਜ਼ਾਰਿਆ। ਜਦੋਂ ਉਹ ਕੋਈ ਗੱਲ ਸੁਣਾਵੇ ਤਾਂ ਆਪਣਾ ਧਿਆਨ ਟੀ. ਵੀ. ਅਤੇ ਅਖਬਾਰ ਤੋਂ ਹਟਾ ਲਵੋ। ਸੁਣਨ ਦੀ ਅਤੇ ਸਵਾਲ ਪੁੱਛਣ ਦੀ ਆਦਤ ਪਾਓ।
੭. ਔਰਤ ਦੀਆਂ ਇੱਛਾਵਾਂ ਦੀ ਕਦਰ ਕਰੋ:
ਪ੍ਰੰਪਰਾਵਾਦੀ ਸੋਚ ਨੂੰ ਤਿਆਗੋ। ਔਰਤ ਨੂੰ ਬਰਾਬਰੀ ਦਾ ਦਰਜਾ ਦਿਓ। ਜੇ ਔਰਤ ਨੌਕਰੀ ਪੇਸ਼ਾ ਨਹੀਂ ਕਰਦੀ ਤਾਂ ਵਿਸ਼ੇਸ਼ ਕਰਕੇ ਉਸਦੀ ਇੱਛਾ ਬਾਰੇ ਪੁੱਛੋ। ਜੇਕਰ ਉਹ ਪੜ੍ਹਨਾ ਚਾਹੁੰਦੀ ਹੈ ਤਾਂ ਪੜ੍ਹਨ ਵਿਚ ਉਸਦੇ ਸਹਿਯੋਗੀ ਬਣੋ। ਰੁਜ਼ਗਾਰ ਲੱਭਣ ਵਿਚ ਉਸਦਾ ਸਾਥ ਦਿਓ। ਜੇਕਰ ਨੌਕਰੀ ਪੇਸ਼ਾ ਔਰਤ ਹੈ ਤਾਂ ਉਸਦੇ ਦਫਤਰ ਦੀਆਂ ਪ੍ਰੇਸ਼ਾਨੀਆਂ ਨੂੰ ਸਮਝੋ। ਉਸਦੀ ਤਰੱਕੀ ਲਈ ਆਪਣੇ ਸਹਿਯੋਗ ਦੀ ਪੇਸ਼ਕਸ਼ ਕਰੋ। ਘਰ ਦੇ ਕੰਮਾਂ ਵਚ ਹੱਥ ਵਟਾਓ। ਸੰਯੁਕਤ ਪਰਿਵਾਰਾਂ ਵਿਚ ਰਹਿਣ ਵਾਲੀਆਂ ਔਰਤਾਂ ਅਕਸਰ ਮਾਨਸਿਕ ਤਣਾਅ ਵਿਚ ਰਹਿੰਦੀਆਂ ਹਨ। ਇਕ ਚੰਗਾ ਮਰਦ ਪਰਿਵਾਰ ਦੇ ਬਾਕੀ ਮੈਂਬਰਾਂ ਅਤੇ ਪਤਨੀ ਵਿਚਕਾਰ ਤਵਾਜਨ ਬਣਾ ਕੇ ਰੱਖਦਾ ਹੈ। ਜੇਕਰ ਪਤੀ ਪਤਨੀ ਦਾ ਸਾਥ ਦੇਵੇ ਤਾਂ ਉਹ ਔਖੇ ਤੋਂ ਔਖੇ ਵਕਤ ਵੀ ਖੁਸ਼ੀ ਖੁਸ਼ੀ ਟਪਾ ਲੈਂਦੀ ਹੈ। ਪਤੀ ਲਾਈਲੱਗ ਨਹੀਂ ਹੋਣਾ ਚਾਹੀਦਾ।
੭. ਪਿਆਰ ਸਿਰਫ਼ ਸਰੀਰ ਨੂੰ ਹੀ ਨਾ ਕਰੋ:
ਔਰਤ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਜਜ਼ਬਾਤਾਂ ਦੀ ਸਾਂਝ ਸਰੀਰ ਦੀ ਸਾਂਝ ਤੋਂ ਵੱਡੀ ਹੁੰਦੀ ਹੈ। ਔਰਤ ਸਿਰਫ ਭੋਗਣ ਵਾਲੀ ਵਸਤੂ ਨਹੀਂ। ਔਰਤ ਨੂੰ ਵਸਤੂ ਸਮਝਣ ਵਾਲੇ ਲੋਕ ਜਿਸਮ ਨੂੰ ਤਾਂ ਭੋਗ ਸਕਦੇ ਹਨ ਪਰ ਪਿਆਰ ਉਹਨਾਂ ਦੇ ਹਿੱਸੇ ਨਹੀਂ ਆਉਂਦਾ। ਸਰੀਰਕ ਸਬੰਧ ਤਾਂ ਪ੍ਰੇਮ ਅਵਸਥਾ ਦਾ ਇਕ ਪੜਾਅ ਹੈ। ਇਸਦੀ ਮਹੱਤਤਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਪ੍ਰੇਮ ਤੋਂ ਇਸ ਤੋਂ ਕਿਤੇ ਮਹੱਤਵਪੂਰਨ ਅਵਸਥਾ ਹੈ। ਸਰੀਰ ਦੇ ਨਾਲ ਨਾਲ ਜਜ਼ਬਾਤਾਂ ਨੂੰ ਸਮਝਣਾ ਵੀ ਜ਼ਰੂਰੀ ਹੈ।
੮. ਤੁਹਮਤਾਂ ਤੋਂ ਬਚੋ
ਜ਼ਿੰਦਗੀ ਵਿਚ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਣੀਆਂ ਸੁਭਾਵਿਕ ਹਨ। ਧੁੱਪ ਅਤੇ ਛਾਂ ਜ਼ਿੰਦਗੀ ਦਾ ਹਿੱਸਾ ਹਨ। ਮਾੜੇ ਹਾਲਾਤਾਂ ਲਈ ਇਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਪ੍ਰਵਿਰਤੀ ਵੇਖੀ ਜਾਂਦੀ ਹੈ। ਕੋਈ ਗਲਤ ਚੀਜ਼ ਖਰੀਦੀ ਗਈ, ਜਿਸ ਵਿਚ ਕਾਫੀ ਆਰਥਿਕ ਨੁਕਸਾਨ ਹੋ ਗਿਆ। ਅਜਿਹੇ ਮੌਕੇ ਪਤਨੀ ਅਕਸਰ ਪਤੀ ਤੇ ਤੁਹਮਤਾਂ ਲਾਉਂਦੀ ਹੈ ''ਤੁਹਾਨੂੰ ਮੈਂ ਕਿਹਾ ਸੀ ਪਰ ਤੁਸੀਂ ਕਿੱਥੇ ਸੁਣਦੇ ਹੋ।'' ਅਜਿਹੀਆਂ ਤੁਹਮਤਾਂ ਕੁੜੱਤਣ ਵਧਾਉਂਦੀਆਂ ਹਨ। ਇਹਨਾਂ ਤੋਂ ਬਚਣ ਦੀ ਲੋੜ ਹੈ।
ਉਕਤ ਨੁਕਤਿਆਂ ਤੋਂ ਇਲਾਵਾ ਕੁਝ ਹੋਰ ਨੁਕਤੇ ਹੇਠ ਲਿਖੇ ਹਨ:
ਪਤਨੀ ਦੇ ਬਣਾਏ ਖਾਣੇ ਦੀ ਪ੍ਰਸੰਸਾ ਕਰਨੀ ਨਾ ਭੁੱਲੋ।
ਕਦੇ ਕਦੇ ਖਾਣੇ ਤੇ ਬਾਹਰ ਲੈ ਕੇ ਜਾਓ।
ਜਦੋਂ ਕਦੇ ਵੀ ਲੇਟ ਹੋਵੋ ਤਾਂ ਫੋਨ ਕਰਕੇ ਜ਼ਰੂਰ ਦੱਸੋ।
ਜਦੋਂ ਕਿਸੇ ਗੱਲੋਂ ਵੀ ਉਸਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਤਾਂ ਆਪਣੀ ਹਉਮੈ ਨੂੰ ਛੱਡ ਕੇ 'ਆਈ ਐਮ ਸਾਰੀ' ਕਹੋ।
ਕਦੇ ਕਦੇ ਰਸੋਈ ਵਿਚ ਉਸਦੀ ਮਦਦ ਕਰੋ।
ਜਦੋਂ ਉਹ ਟੀ. ਵੀ. ਵੇਖ ਰਹੀ ਹੋਵੇ ਤਾਂ ਰਿਮੋਟ ਲੈ ਕੇ ਉਸਦੇ ਮਨਪਸੰਦ ਚੈਨਲ ਨੂੰ ਨਾ ਬਦਲੋ।
ਜਦੋਂ ਵੀ ਉਹ ਕਦੇ ਸੱਜ ਸੰਵਰ ਕੇ ਤੁਹਾਡੇ ਸਾਹਮਣੇ ਆਏ ਨਾ ਸਿਰਫ ਉਸਦੀ ਪ੍ਰਸੰਸਾ ਕਰੋ ਬਲਕਿ ਉਸਦੀਆਂ ਫੋਟੋਆਂ ਵੀ ਖਿੱਚੋ।
ਉਸ ਨੂੰ ਅਹਿਸਾਸ ਕਰਵਾਓ ਕਿ ਤੁਸੀਂ ਉਸਦੀ ਫੋਟੋ ਆਪਣੇ ਪਰਸ ਵਿਚ ਰੱਖੀ ਹੋਈ ਹੈ।
ਯਾਤਰਾ ਤੇ ਜਾਣ ਸਮੇਂ ਨਾ ਸਿਰਫ ਉਸਦੀ ਮਰਜ਼ੀ ਦੀ ਥਾਂ ਜਾਣ ਦੀ ਕੋਸ਼ਿਸ਼ ਕਰੋ ਬਲਕਿ ਉਸਦੇ ਮੁਤਾਬਕ ਖਾਣਾ ਖਾਓ ਅਤੇ ਸਮਾਨ ਆਦਿ ਚੁੱਕਣ ਦੀ ਜ਼ਿੰਮੇਵਾਰੀ ਵੀ ਉਠਾਓ।
ਇਹ ਕੁਝ ਨੁਕਤੇ ਅਜ਼ਮਾਓ ਅਤੇ ਆਪਣੇ ਸਾਥੀ ਦਾ ਦਿਲ ਜਿੱਤੋ। ਉਂਝ ਇਹ ਦਿਲ ਦੀ ਖੇਡ ਦੋਵੇਂ ਪਾਸਿਉਂ ਖੇਡੀ ਜਾਂਦੀ ਹੈ। ਕਿਸੇ ਹੋਰ ਕਾਲਮ ਵਿਚ ਮਰਦ ਦਾ ਦਿਲ ਜਿੱਤਣ ਦੇ ਨੁਕਤੇ ਵੀ ਦੱਸਾਂਗੇ।

Tags: ਔਰਤਾਂ ਦਾ ਦਿਲ ਕਿਵੇਂ ਜਿੱਤੀਏ