HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਸ਼ਿਕਾਗੋ ਦਾ ਗੁਰਦੁਆਰਾ ਅੱਗ ਨਾਲ ਸੜਕੇ ਰਾਖ


Date: Dec 09, 2014

ਵੈਨਕੂਵਰ (ਸ.ਸ.ਪਾਰ ਬਿਉਰੋ) ਸ਼ਿਕਾਗੋ ਸ਼ਹਿਰ ਦੇ ਆਇਲੈਂਡ ਲੇਕ ਇਲਾਕੇ 'ਚ ਸਥਿਤ ਗੁਰਦੁਆਰਾ ਗੁਰੂ ਨਾਨਕ ਸਿੱਖ ਮਿਸ਼ਨ ਨੂੰ ਰਾਤੀਂ ਅੱਗ ਲੱਗ ਜਾਣ ਕਾਰਨ ਗੁਰੂ ਘਰ ਦੀ ਪੂਰੀ ਇਮਾਰਤ ਸੜਕੇ ਰਾਖ ਹੋ ਗਈ। ਇਸ ਅਗਨੀ ਕਾਂਡ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਸਮੇਤ ਧਾਰਮਿਕ ਪੁਸਤਕਾਂ ਅਗਨ-ਭੇਟ ਹੋ ਗਈਆਂ ਅਤੇ ਅੱਗ ਬੁਝਾਊ ਅਮਲੇ ਨੂੰ ਅੱਗ ਉਪਰ ਕਾਬੂ ਪਾਉਣ ਲਈ ਪੰਜ ਘੰਟੇ ਜੱਦੋ-ਜਹਿਦ ਕਰਨੀ ਪਈ। ਗੁਰਦੁਆਰੇ ਅੰਦਰ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਗ ਬੁਝਾਉ ਅਮਲੇ ਦੇ ਇਕ ਮੈਂਬਰ ਦੇ ਜ਼ਖਮੀ ਹੋਣ ਕਾਰਨ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਖਬਰ ਸੁਣਦਿਆਂ ਹੀ ਅਮਰੀਕਾ ਦੇ ਸਿੱਖ ਭਾਈਚਾਰੇ ਅੰਦਰ ਸੋਗ ਦੀ ਲਹਿਰ ਦੌੜ ਗਈ। ਅਗਨੀਕਾਂਡ ਦੀ ਜਾਂਚ ਕਰਨ ਲਈ ਸਟੇਟ ਫਾਇਰ ਮਾਰਸ਼ਲ ਦੇ ਨਾਲ-ਨਾਲ ਅਮਰੀਕਾ ਦੀ ਬਿਊਰੋ ਆਫ ਅਲਕੋਹਲ, ਫਾਇਰ ਆਰਮ ਐਂਡ ਐਕਸਪਲੋਸਿਵ ਦੀ ਵਿਸ਼ੇਸ਼ ਟੀਮ ਨੂੰ ਸ਼ਿਕਾਗੋ ਤਲਬ ਲਿਆ ਗਿਆ ਹੈ।
ਵੈਕੋਂਡਾ ਫਾਇਰ ਡਿਸਟ੍ਰਿਕ ਦੇ ਮੁੱਖੀ ਡੇਵਿਡ ਡੈਟੋ ਨੇ ਦੱਸਿਆ ਕਿ ਗੁਰਦੁਆਰੇ ਨੂੰ ਅੱਗ ਰਾਤੀਂ ਸਾਢੇ ੮ ਵਜੇ ਲੱਗੀ ਪਰ ਪੁਰਾਣੀ ਇਮਾਰਤ ਹੋਣ ਕਾਰਨ ਲੱਕੜ ਦੀਆਂ ਕੰਧਾਂ ਦੀਆਂ ਵਿਰਲਾਂ ਰਾਹੀਂ ਤੇਜ਼ੀ ਨਾਲ ਛੱਤ ਤੱਕ ਪਹੁੰਚ ਗਈ। ਧੂੰਏ ਅਤੇ ਅੱਗ ਦੀਆਂ ਲਾਟਾਂ ਉਪਰ ਕਾਬੂ ਪਾਉਣ ਲਈ ਅੱਠ ਇਲਾਕਿਆਂ ਦੇ ਫਾਇਰ ਟਰੱਕ ਅਤੇ ਅਮਲਾ ਸਹਾਇਤਾ ਲਈ ਬੁਲਾਉਣਾ ਪਿਆ। ਮਿ. ਡੈਵੋ ਨੇ ਦੱਸਿਆ ਕਿ ਗੁਰਦੁਆਰੇ ਦੀ ਇਮਾਰਤ ਅੰਦਰੋਂ ਕੁੱਝ ਵੀ ਬਚਾਇਆ ਨਹੀਂ ਜਾ ਸਕਿਆ ਕਿਉਂਕਿ ਬੇਕਾਬੂ ਹੋਈ ਅੱਗ ਕਾਰਨ ਗੁਰਦੁਆਰੇ ਦੀ ਛੱਤ ਡਿੱਗ ਪਈ। ਅੱਗ ਉਪਰ ਕਾਬੂ ਪਾਉਣ ਲਈ ਗੁਰਦੁਆਰੇ ਵੱਲ ਨੂੰ ਆਉਂਦਿਆਂ ਸਾਰੀਆਂ ਸੜਕਾਂ ਪੁਲਿਸ ਨੇ ਬੈਰੀਕੇਟ ਲਗਾ ਕੇ ਬੰਦ ਕਰ ਦਿੱਤੀਆਂ। ਜਾਂਚ ਅਧਿਕਾਰੀ ਲੈਫਟੀਨੈਂਟ ਪੈਟ ਕੇਨ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਬਾਬਾ ਦਲਜੀਤ ਸਿੰਘ ਦੀ ਮਾਲਕੀ ਵਾਲੇ ਗੁਰਦੁਆਰੇ ਗੁਰਜੋਤ ਪ੍ਰਕਾਸ਼ (ਗੁਰੂ ਨਾਨਕ ਸਿੱਖ ਮਿਸ਼ਨ) ਨੂੰ ੨੬ ਸਾਲ ਪਹਿਲਾਂ ੧੯੮੮ 'ਚ ਸਿੱਖ ਸਰਧਾਲੂਆਂ ਨੇ ਇਕ ਪੁਰਾਣਾ ਚਰਚ ਖਰੀਦ ਕੇ ਸਥਾਪਿਤ ਕੀਤਾ ਸੀ। ਤਿੰਨ ਸਾਲ ਪਹਿਲਾਂ ਗੁਰਦੁਆਰੇ ਨੂੰ ਸਿਟੀ ਆਫ ਸ਼ਿਕਾਗੋ ਦੇ ਅਧਿਕਾਰੀਆਂ ਨੇ ਫਾਇਰ ਮਹਿਕਮੇ ਦੀ ਰਿਪੋਰਟ 'ਤੇ ਸੁਰੱਖਿਆ ਉਣਤਾਈਆਂ ਕਾਰਨ ਬੰਦ ਕਰ ਦਿੱਤਾ ਸੀ।
ਬਾਬਾ ਦਲਜੀਤ ਸਿੰਘ ਨੇ ਦੱਸਿਆ ਕਿ ਇਤਫਾਕ ਵੱਸ਼ ਘਟਨਾ ਸਮੇਂ ਗੁਰਦੁਆਰੇ ਅੰਦਰ ਕੋਈ ਸੇਵਾਦਾਰ ਮੌਜੂਦ ਨਹੀਂ ਸੀ। ਉਹ ਖੁਦ ਵੀ ਸਟੋਰ ਖਰੀਦਦਾਰੀ ਕਰਨ ਗਏ ਹੋਏ ਸਨ। ਬਾਬਾ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਸੂਚਿਤ ਕੀਤਾ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਅੱਗ ਦੀਆਂ ਲਪਟਾਂ ਵੇਖ ਕੇ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਸੀ, ਜਿਵੇਂ ਉਹ ਖੁਦ ਚਿਖਾ ਉਪਰ ਬੈਠੇ ਹੋਣ।
ਅਗਨੀ ਕਾਂਡ ਦੀ ਖਬਰ ਸੁਣਦਿਆਂ ਹੀ ਸ਼ਿਕਾਗੋ ਦੇ ਮੇਅਰ ਰੈਹਮ ਇਮਕਿਉਲ, ਆਇਲੈਂਡ ਲੇਕ ਦੇ ਮੇਅਰ ਚਾਰਲਸ ਐਮਰਿਚ ਅਤੇ ਸੀਨਿਅਰ ਪੁਲਿਸ ਅਧਿਕਾਰੀ ਸਿੱਖ ਭਾਈਚਾਰੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਗੁਰਦੁਆਰੇ ਨੇੜਲੇ ਦੋ ਚਰਚਾਂ ਦੇ ਪ੍ਰਬੰਧਕਾਂ ਨੇ ਗੁਰਦੁਆਰੇ ਦੀ ਨਵ-ਉਸਾਰੀ ਤੱਕ ਉਨ੍ਹਾਂ ਦੇ ਚਰਚ ਅੰਦਰ ਦੀਵਾਨ ਲਾਉਣ ਦੀ ਪੇਸ਼ਕਸ਼ ਕੀਤੀ ਹੈ।
ਗੁਰਦੁਆਰੇ ਦੇ ਇਕ ਮੈਂਬਰ ਠਾਕਰ ਸਿੰਘ ਬਸਾਤੀ ਨੇ ਦੱਸਿਆ ਕਿ ਰਾਖ ਠੰਡੀ ਹੋਣ ਪਿਛੋਂ ਸਿੱਖ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਧਾਰਮਿਕ ਪੋਥੀਆਂ ਤੀ ਤਲਾਸ਼ ਸ਼ੁਰੂ ਕਰਨਗੀਆਂ। ਨਵਾਂ ਗੁਰੂ ਘਰ ਉਸਰਨ ਤੱਕ ਕਈ ਸਾਲ ਲੱਗ ਜਾਣਗੇ।

Tags: ਸ਼ਿਕਾਗੋ ਦਾ ਗੁਰਦੁਆਰਾ ਅੱਗ ਨਾਲ ਸੜਕੇ ਰਾਖ