HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਐਨ. ਆਰ. ਆਈ. ਕਿਸਦੀ ਮਾਂ ਨੂੰ ਮਾਸੀ ਕਹਿਣ?


Date: Dec 09, 2014

ਕੇਹਰ ਸ਼ਰੀਫ਼
ਭਾਰਤ ਵਿਚ ਛੇ ਕੁ ਮਹੀਨੇ ਪਹਿਲਾਂ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਕੋਈ ਦੱਸ ਸਕਦਾ ਹੈ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਹੁਣ ਤੱਕ ਕਿਸਨੂੰ ਹੋਇਆ --- ਤਾਂ ਕਿਹਾ ਜਾ ਸਕਦਾ ਹੈ ਕਿ ਮੋਦੀ ਨੂੰ- ਮੋਦੀ ਨੂੰ ਅਮਰੀਕਾ ਦਾ ਕਿੰਨਿਆਂ ਹੀ ਸਾਲਾਂ ਤੋਂ ਇਨਕਾਰ ਕੀਤਾ ਜਾ ਰਿਹਾ ਵੀਜ਼ਾ ਮਿਲਣ ਤੋਂ ਵੱਧ ਹੁਣ ਤੱਕ ਹੋਇਆ ਹੀ ਕੀ ਹੈ? ਫੇਰ ਅਮਰੀਕਾ ਪਹੁੰਚ ਕੇ ਮੋਦੀ ਨੇ ਐਨ. ਆਰ. ਆਈ ਨੂੰ ਬੜੇ ਵਾਅਦੇ ਕੀਤੇ, ਉਮਰ ਭਰ ਦਾ ਵੀਜ਼ਾ ਬਗੈਰਾ - ਜਿਸ ਨੂੰ ਚੰਗਾ ਕਦਮ ਕਿਹਾ ਜਾ ਸਕਦਾ ਹੈ- ਦਿੱਲੀ ਪਹੁੰਦਿਆਂ ਹੀ ਪਹਿਲ ਹੋਰ ਕਿਸੇ ਕੰਮ ਦੀ ਹੋ ਗਈ, ਜੋ ਪਰਦੇਸੀਂ ਵਸਦੇ ਭਾਰਤੀਆਂ ਦੇ ਹੀ ਖਿਲਾਫ ਨਹੀਂ ਦੇਸ਼ ਦੇ ਵੀ ਖਿਲਾਫ ਸਾਬਤ ਹੋਵੇਗੀ। ਮੁਲਕ ਦੇ ਹਾਕਮਾਂ ਦੀ ਜੁੰਮੇਵਾਰੀ ਦੇਸ਼ ਦੀ ਆਰਥਕਤਾ ਨੂੰ ਤਕੜਿਆਂ ਕਰਨਾ ਹੋਣਾ ਚਾਹੀਦਾ ਖੋਖਲਾ ਕਰਨਾ ਨਹੀਂ -ਤਕੜੀ ਆਰਥਕਤਾ ਨਾਲ ਸਾਵੇਂ ਵਿਕਾਸ ਦੀ ਗੱਲ ਵੀ ਸਮਝ ਪੈ ਸਕਦੀ ਹੈ ਇਸ ਤੋਂ ਬਿਨਾਂ ਨਹੀਂ। ਪਰ ਜੋ ਹੁਣ ਮਸਲਾ ਤੁਰਿਆ ਹੈ ਉਸ ਨਾਲ ਕਹਾਣੀ ਮਾੜੇ ਪਾਸੇ ਨੂੰ ਹੀ ਜਾਵੇਗੀ।
ਸਭ ਤੋਂ ਮਾੜੀ ਗੱਲ ਜੋ ਐਨ. ਆਰ. ਆਈ ਬਾਰੇ ਹੋਈ ਉਹ ਜਿਵੇਂ ਖਬਰਾਂ ਵਿਚ ਛਪਿਆ ਹੈ ਕਿ ਜਿਹੜੇ ਐਨ ਆਰ ਆਈ ਪਰਦੇਸੀਂ ਵਸਦੇ ਹਨ ਜਦੋਂ ਉਹ ਆਪਣੇ ਮੁਲਕ ਨੂੰ ਪੈਸੇ ਭੇਜਣਗੇ, ਭੇਜੇ ਜਾ ਰਹੇ ਪੈਸਿਆਂ 'ਤੇ ੧੨.੩੬ % ਸਰਵਿਸ ਟੈਕਸ ਲੱਗੇਗਾ- ਭਾਵ ਜੇ ਤੁਸੀਂ ਇਕ ਲੱਖ ਰੁਪਏ ਆਪਣੇ ਮਾਂ-ਬਾਪ, ਭੈਣਾਂ-ਭਰਾਵਾਂ, ਬੱਚਿਆਂ, ਰਿਸ਼ਤੇਦਾਰਾਂ ਨੂੰ ਭੇਜੋਗੇ ਤਾਂ ਲੱਗਭਗ ਸਾਢ੍ਹੇ ਕੁ ੧੨ ਹਜਾਰ ਰੁਪਏ ਸਰਕਾਰ ਨੂੰ ਦੇਣੇ ਪੈਣਗੇ। (ਇਹ ਅਜੇ ਪਤਾ ਨਹੀਂ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਸਹਾਇਤਾ ਵਜੋਂ ਭੇਜੇ ਜਾਣ ਵਾਲੇ ਪੈਸਿਆਂ 'ਤੇ ਵੀ ਇਹ ਟੈਕਸ ਲੱਗੇਗਾ ਜਾਂ ਨਹੀਂ) ਪਤਾ ਨਹੀਂ ਇਹ ਕਾਹਦਾ ਸ਼ਗਨ ਹੈ ਜੋ ਸਰਕਾਰ ਨੂੰ ਬੰਨ੍ਹੋਗਿਰੀ Ḕਚ ਪਾਉਣਾ ਹੀ ਪਵੇਗਾ? ਇਹ ਤਾਂ ਪਰਦੇਸੀਂ ਵਸਦੇ ਭਾਰਤੀਆਂ ਅੰਦਰ ਬੇਗਾਨਗੀ ਦੇ ਅਹਿਸਾਸ ਨੂੰ ਹੋਰ ਡੂੰਘਾ ਕਰਨ ਵਾਲਾ ਭੈੜਾ ਸਰਕਾਰੀ ਕਦਮ ਹੀ ਕਿਹਾ ਜਾ ਸਕਦਾ ਹੈ। ਇਸ ਨੂੰ ਐਨ. ਆਰ. ਆਈ ਤੇ ਲਾਇਆ ਨਵਾਂ ਇਕੀਵਾਂ ਸਦੀ ਦਾ *ਜਜ਼ੀਆ'' ਵੀ ਕਿਹਾ ਜਾ ਸਕਦਾ ਹੈ। ਇਸਦੇ ਸਿੱਟੇ ਵਜੋਂ ਮੁਲਕ ਨੂੰ ਪੈਸੇ ਭੇਜਣ ਦਾ ਲੋਕ ਹੁਣ ਕੋਈ ਹੋਰ ਰਸਤਾ ਢੂੰਡਣਗੇ, ਜੋ ਮੁਲਕ ਦੀ ਆਰਥਿਕਤਾ ਵਾਸਤੇ ਚੰਗਾ ਨਹੀਂ ਹੋਵੇਗਾ। ਹਵਾਲੇ ਵਾਲੇ ਕਾਲੇ ਕਾਰੋਬਾਰੀ ਵਧਣ-ਫੁਲਣਗੇ -ਕਾਲਾ ਧਨ ਭਰਪੂਰਤਾ ਨਾਲ ਵਧੇਗਾ - ਪਹਿਲੇ ਕਾਲੇ ਧਨ ਨੂੰ ਬਾਹਰੋਂ ਵਾਪਸ ਲਿਆਉਣ ਦੀਆਂ ਗੱਲਾਂ ਹੋ ਰਹੀਆਂ ਹਨ - ਨਵਾਂ ਕਾਲਾ ਧਨ ਪੈਦਾ ਕਰਨ ਦੇ ਸਬੱਬ ਪੈਦਾ ਕੀਤੇ ਜਾ ਰਹੇ ਹਨ? ਹੋਈ ਕਿ ਨਹੀਂ ਜਾਗਦਿਆਂ ਨੂੰ ਪੌਂਦੀ ਪਾਉਣ ਵਾਲੀ ਗੱਲ? ਬਾਹਰ ਵਸਦੇ ਲੋਕਾਂ ਨੂੰ ਬੇਈਮਾਨੀ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਇਸ ਨਾਲ ਦੇਸ਼ ਭਗਤ ਸੋਚ ਦੇ ਲੋਕਾਂ ਦੀ ਦੇਸ਼ ਭਗਤੀ ਅਤੇ ਸੱਚੀ-ਸੁੱਚੀ ਮਾਨਸਿਕਤਾ 'ਤੇ ਵੀ ਸੱਟ ਵੱਜੇਗੀ।
ਦੇਸ਼ ਦੇ ਨਾਲ ਹੀ ਪੰਜਾਬ ਦੀ ਆਰਥਿਕਤਾ ਵੀ (ਜੋ ਪਹਿਲਾਂ ਹੀ ਲੱਗਭਗ ਸਵਾ ਲੱਖ ਕਰੋੜ ਦੇ ਕਰਜੇ ਹੇਠ ਦੱਬੀ ਪਈ ਹੈ) ਕੰਗਾਲ ਹੋਣ ਵਰਗੀ ਕਹੀ ਜਾਂਦੀ ਹੈ ਇਸ ਨਾਲ ਬਹੁਤ ਪ੍ਰਭਾਵਿਤ ਹੋਵੇਗੀ। ਪੰਜਾਬ ਸਰਕਾਰ ਵਲੋਂ ਪਹਿਲ ਦੇ ਆਧਾਰ 'ਤੇ ਤੁਰੰਤ ਸਾਰੀਆਂ ਸਿਆਸੀ ਪਾਰਟੀਆਂ ਅਤੇ ਆਰਥਕ ਮਾਹਿਰਾਂ ਨੂੰ ਨਾਲ ਲੈ ਕੇ, ਦਿੱਲੀ ਵਾਲਿਆਂ ਨਾਲ ਬੈਠ ਕੇ ਬਾਹਰ ਵਸਦੇ ਪੰਜਾਬੀਆਂ (ਸਾਰੇ ਭਾਰਤੀ ਹੀ ਇਸ ਨਾਲ ਲੁੱਟੇ ਜਾਣਗੇ) ਅਤੇ ਪੰਜਾਬ ਦੀ ਆਰਥਿਕਤਾ ਨੂੰ ਕਮਜ਼ੋਰ ਕਰਨ ਵਾਲੇ ਇਸ ਕਾਲੇ ਹੁਕਮ ਦੇ ਖਿਲਾਫ ਕੇਂਦਰੀ ਸਰਕਾਰ ਨੂੰ ਦਲੀਲ ਭਰਪੂਰ ਜੋਰਦਾਰ ਢੰਗ ਨਾਲ ਕਹਿਣਾ ਤੇ ਸਮਝਾਉਣਾ ਚਾਹੀਦਾ ਹੈ ਕਿ ਇਸ ਟੈਕਸ ਨੂੰ ਲਾਗੂ ਨਾ ਕਰਨ - ਇਸਦੇ ਸਿੱਟੇ ਮੁਲਕ ਵਾਸਤੇ ਬਹੁਤ ਮਾੜੇ ਹੋ ਸਕਦੇ ਹਨ। ਹਾਲਾਂ ਕਿ ਬਾਹਰ ਵਸਦੇ ਲੋਕਾਂ ਦਾ ਬੈਂਕਾਂ ਵਿਚ ਕਰੋੜਾਂ ਨਹੀਂ ਅਰਬਾਂ ਰੁਪਏ ਪਏ ਹਨ- ਇਹ ਤਾਂ ਜੱਗ ਜ਼ਾਹਿਰ ਹੈ ਕਿ ਬੈਂਕਾਂ ਪਰਦੇਸੀਆਂ ਵਲੋਂ ਰੱਖੇ ਇਸ ਪੈਸੇ ਤੋਂ ਬਹੁਤ ਕਮਾਈ ਕਰਦੀਆਂ ਹਨ। ਜੇ ਟੈਕਸ ਲਾਉਣਾ ਹੀ ਹੋਵੇ ਤਾਂ ਬੈਂਕਾਂ ਵਲੋਂ ਇਨ੍ਹਾਂ ਪੈਸਿਆਂ ਦੇ ਆਸਰੇ ਖੱਟੇ ਮੁਨਾਫੇ ਵਿਚੋਂ ਬੈਂਕਾਂ ਤੋਂ ਇਹ ਪੈਸੇ ਲਏ ਜਾਣ - ਮੁਲਕ ਦਾ ਭਲਾ ਸੋਚਣ ਵਾਲਿਆਂ ਨੂੰ ਕਿਉਂ ਨਿਰਉਤਸ਼ਾਹਿਤ ਕੀਤਾ ਜਾਵੇ? ਇਹ ਰਾਹ ਖਤਰਨਾਕ ਹੈ, ਮੁਲਕ ਦੇ ਭਲੇ ਵਾਸਤੇ- ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ।
ਪਿਛਲੀਆਂ ਚੋਣਾਂ ਵੇਲੇ ਗੱਲਾਂ ਸੁਣਨ ਵਿਚ ਆਉਂਦੀਆਂ ਰਹੀਆਂ ਹਨ ਕਿ ਹਵਾਲੇ ਵਾਲੇ (ਨਜਾਇਜ਼ ਢੰਗ ਨਾਲ ਪੈਸੇ ਏਧਰ-ਓਧਰ ਕਰਨ ਵਾਲੇ - ਜਿਨ੍ਹਾਂ ਨੂੰ ਕਾਲੇ ਧਨ ਦੇ ਜਨਮਦਾਤੇ ਵੀ ਕਿਹਾ ਜਾਂਦਾ ਹੈ ) *ਕਾਰੋਬਾਰੀਆਂ'' ਨੇ ਕਾਫੀ ਪੈਸੇ ਪਿਛਲੇ ਰਸਤੇ ਕੁੱਝ ਪਾਰਟੀਆਂ ਲਈ *ਇਨਵੈਸਟ'' ਕੀਤੇ ਸਨ। ਜੇ ਇਹ ਗੱਲ ਸੱਚੀ ਹੈ ਤਾਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਕਿਧਰੇ ਸਰਕਾਰ ਵਲੋਂ ਅਜਿਹੇ ਲੋਕਾਂ ਦੇ ਧੰਦੇ ਨੂੰ ਪ੍ਰਫੁਲਤ ਕਰਨ ਦਾ ਜਤਨ ਤਾਂ ਨਹੀਂ?- ਆਖਰ ਬਾਣੀਆਂ ਬਿਰਤੀ ਵਾਲੇ ਕੁੱਝ ਵੀ *ਇਨਵੈਸਟ'' ਕਰਨ ਤੋਂ ਪਹਿਲਾਂ ਵਚਨ ਤਾਂ ਲੈਂਦੇ ਹੀ ਹੋਣਗੇ? - ਬਾਣੀਆਂ ਬਿਰਤੀ ਘਾਟੇ ਵਾਲੇ ਥਾਂ ਕਦੇ ਵੀ ਪੈਸੇ ਨਹੀਂ ਲਾਉਂਦੀ। ਕਿਧਰੇ ਇਹ ਓਸ ਦਿੱਤੇ ਹੋਏ *ਵਚਨ'' (ਦਿੱਤੀ ਹੋਈ ਜ਼ੁਬਾਨ) ਦੀ ਪੂਰਤੀ ਤਾਂ ਨਹੀਂ ਹੋ ਰਹੀ? ਇਹਦੇ ਬਾਰੇ ਲੋਕਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ, ਤਾਂ ਕਿ ਲੋਕ ਮਨਾਂ ਵਿਚਲੇ ਸ਼ੰਕੇ ਦੂਰ ਹੋ ਸਕਣ ਤੇ ਉਨ੍ਹਾਂ ਨੂੰ ਸੱਚ ਦਾ ਵੀ ਪਤਾ ਲੱਗੇ।
ਇਹ ਟੈਕਸ ਭਾਰਤ ਦੀ ਆਰਥਕਤਾ ਨੂੰ ਕਮਜ਼ੋਰ ਕਰੇਗਾ (ਕਾਲਾ ਧਨ ਵੀ ਪੈਦਾ ਕਰੇਗਾ) ਜਿਸ ਨਾਲ ਦੇਸ਼ ਦੇ ਵਿਕਾਸ ਦੀ ਤੋਰ 'ਤੇ ਵੀ ਅਸਰ ਪਵੇਗਾ, ਇਹ ਤੋਰ ਜਰੂਰ ਮੱਠੀ ਹੋਵੇਗੀ। ਵਿਕਾਸ ਦੇ ਨਾਂ 'ਤੇ ਦਿੱਤੇ ਨਾਅਰੇ ਨਾਲ ਚੋਣਾਂ ਜਿੱਤਣ ਵਾਲਿਆਂ ਨੂੰ ਆਪਣੇ ਹੀ ਵਚਨਾਂ ਦੇ ਖਿਲਾਫ ਨਹੀਂ ਜਾਣਾ ਚਾਹੀਦਾ। ਇਹ ਲੋਕਾਂ ਨਾਲ ਕੀਤੇ ਹੋਏ ਵਾਅਦੇ ਦੀ ਖਿਲਾਫਵਰਜ਼ੀ ਹੋਵੇਗੀ। ਇਕੱਲੇ ਪੰਜਾਬੀ ਹੀ ਨਹੀਂ ਸਗੋਂ ਸਮੁੱਚੇ ਭਾਰਤੀ ਪਰਵਾਸੀ ਇਹ ਹੀ ਸੋਚਦੇ ਹਨ -ਇਨ੍ਹਾਂ ਸੁੱਚੀਆਂ ਭਾਵਨਾਵਾਂ ਵੱਲ ਦੇਖਦਿਆਂ ਇਸ ਟੈਕਸ ਦਾ ਐਲਾਨ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।

Tags: ਐਨ. ਆਰ. ਆਈ. ਕਿਸਦੀ ਮਾਂ ਨੂੰ ਮਾਸੀ ਕਹਿਣ? - ਕੇਹਰ ਸ਼ਰੀਫ਼