HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਮਾਂ ਦੀ ਕੁੱਖ ਕਿੱਧਰ ਨੂੰ ਚੱਲੀ ?


Date: Dec 09, 2014

ਸਿਮਰਨ ਕੌਰ ਮੋਬਾਈਲ ਨੰ : ੦੯੭੧੬੦੦੧੯੦੦//੯੫੯੨੪੫੪੫੫੫
ਮਾਂ-ਬਾਪ ਔਲਾਦ ਦੀ ਪ੍ਰਾਪਤੀ ਲਈ ਕੀ ਕੁੱਝ ਨਹੀਂ ਕਰਦੇ।ਜਿਸ ਵਿਆਹੁਤਾ ਜੋੜੇ ਦੇ ਵਿਆਹ ਤੋਂ ੫-੬ ਸਾਲਾਂ ਤਕ ਕੋਈ ਬੱਚਾ ਨਾ ਹੋਵੇ ਤਾਂ ਉਹ ਜਿਥੇ ਵੀ ਕਿਸੇ ਨੇ ਦਸ ਪਾਈ ਕੋਈ ਗੁਰਦਵਾਰਾ, ਮੰਦਰ, ਸੰਤ ਮਹਾਤਮਾ ਦਾ ਦਰ ਨਹੀਂ ਛੱਡਦੇ ਅਤੇ ਆਪਣੀ ਕਾਮਨਾਵਾਂ ਦੀ ਪੂਰਤੀ ਲਈ ਜੋਦੜੀ ਕਰਦੇ ਹਨ। ਜਦੋਂ ਬੱਚਾ ਹੋ ਜਾਂਦਾ ਹੈ ਤੇ ਖਾਸ ਕਰ ਜਦੋਂ ਲੜਕੀ ਪੈਦਾ ਹੋ ਜਾਵੇ ਤਾਂ ਉਹ ਫਿਰ ਅਰਦਾਸਾਂ ਦੀ ਝੜੀ ਲਾ ਦਿੰਦੇ ਹਨ ਕਿ ਰੱਬ ਉਨ੍ਹਾਂ ਦੀ ਕੁੱਖ ਵਿਚ ਪੁੱਤਰ ਦੀ ਦਾਤ ਪਾਵੇ। ਕਈਆਂ ਖ਼ੁਸ਼ਕਿਸਮਤਾਂ ਦੀ ਅਰਦਾਸ ਸੁਣੀ ਵੀ ਜਾਂਦੀ ਹੈ ਤੇ ਉਸ ਘਰ ਵਿਚ ਕਈ ਵਾਰੀ ਬੇਟੀਆਂ ਤੋਂ ਬਾਅਦ ਬੇਟੇ ਦਾ ਹੋਣਾ ਬਹੁਤ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਘਰ ਵਿਚ ਪਹਿਲ-ਚਹਿਲ ਦਾ ਮਾਹੌਲ ਆ ਬਣਦਾ ਹੈ ਤੇ ਭੈਣਾਂ ਨੂੰ ਛੋਟਾ ਵੀਰ ਮਿਲ ਜਾਂਦਾ ਹੈ ਤੇ ਇਕ ਖਿਡੌਣੇ ਦੀ ਤਰ੍ਹਾਂ ਉਸ ਨਾਲ ਖੇਡਦੇ ਤੇ ਲਾਡ ਲਡਾਉਂਦੇ ਹਨ, ਘਰ ਦੇ ਸਾਰੇ ਜੀਅ ਲੜਕੇ ਨੂੰ ਘਰ ਵਿਚ ਹਰ ਢੰਗ ਨਾਲ ਤਰਜੀਹ ਦਿਤੀ ਜਾਂਦੀ ਹੈ ਅਤੇ ਉਸ ਨੂੰ ਮਾਂ-ਬਾਪ ਦੀਆਂ ਉਮੀਦਾਂ ਦਾ ਸਹਾਰਾ ਤੇ ਬੁਢਾਪੇ ਦੀ ਡੰਗੋਰੀ ਸਮਝਿਆ ਜਾਂਦਾ ਹੈ।
ਮਾਂ-ਬਾਪ ਅਪਣੇ ਵਿੱਤ ਮੁਤਾਬਕ ਬੱਚੇ ਨੂੰ ਵਿਦਿਆ ਦੇਣ ਦਾ ਉਪਰਾਲਾ ਕਰਦੇ ਹਨ। ਜਦੋਂ ਉਹ ਕਿਸੇ ਰੁਜ਼ਗਾਰ ਯੋਗ ਹੋ ਜਾਂਦਾ ਹੈ ਤਾਂ ਫਿਰ ਮਾਪੇ, ਗੁਰੂ ਅੱਗੇ ਉਸ ਦੀ ਨੌਕਰੀ ਲਈ ਅਰਜ਼ੋਈਆਂ ਕਰਦੇ ਹਨ। ਜਵਾਨ ਬੇਟਾ, ਜਿਸ ਨੂੰ ਘਰ ਵਿਚ ਭੈਣਾਂ ਤੇ ਮਾਂ-ਬਾਪ ਦਾ ਅਥਾਹ ਪਿਆਰ ਮਿਲਿਆ ਹੋਵੇ, ਉਸ ਦੀਆਂ ਭੁੱਲਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਘਰ ਦਾ ਕੋਈ ਜੀਅ ਜੇਕਰ ਉਸ ਨੂੰ ਝਿੜਕੇ ਵੀ ਤਾਂ ਮਾਂ ਉਸ ਲਈ ਵਕੀਲ ਬਣ ਕੇ ਆ ਖੜੋਂਦੀ ਹੈ।
ਘਰ ਦਾ ਇਹ ਚੰਨ ਨੌਕਰੀ ਯਾਂ ਕੋਈ ਕਿੱਤਾ ਕਰਨ ਲੱਗਦਾ ਹੈ ਤਾਂ ਦਿਨ ਦਾ ਬਹੁਤ ਸਮਾਂ ਉਹ ਨੌਕਰੀ ਯਾਂ ਕਾਰੋਬਾਰ ਵਿਚ ਗੁਜ਼ਾਰਦਾ ਹੈ। ਇਥੋਂ ਉਹ ਆਪਣੇ ਆਲੇ-ਦੁਆਲੇ ਤੇ ਬਾਹਰੀ ਸਾਥੀਆਂ ਦੀ ਸੰਗਤ ਤੋਂ ਜ਼ਿਆਦਾ ਪ੍ਰਭਾਵਤ ਹੁੰਦਾ ਹੈ।ਉਨ੍ਹਾਂ ਨੂੰ ਕਿਸੇ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ ਕਿ ਉਹ ਆਪਣੀ ਤੇ ਉਸ ਨਵੇਂ ਜਵਾਨ ਲਈ ਕੀ ਕੰਡੇ ਬੀਜ ਰਹੇ ਹਨ? ਉਸ ਨੂੰ ਸਾਥੀਆਂ ਨਾਲ ਬੈਠ ਕੇ ਨਸ਼ਿਆਂ ਦੀ ਲੱਤ ਲੱਗ ਜਾਂਦੀ ਹੈ, ਤੇ ਇਥੋਂ ਹੀ ਉਹ ਗਿਰਾਵਟ ਦੀ ਫਿਸਲਦੀ ਦਹਿਲੀਜ਼ 'ਤੇ ਆ ਪਹੁੰਚਦਾ ਹੈ।
ਸਵਾਲ ਇਹ ਹੈ ਕਿ ਅੱਜ ਦੀ ਜਵਾਨ ਪੀੜ੍ਹੀ ਕਿਉਂ ਨਸ਼ੇ ਵੱਲ ਡਿਗਦੀ ਜਾ ਰਹੀ ਹੈ? ਇਹੋ ਜਿਹਾ ਕੀ ਹੈ ਇਸ ਨਸ਼ੇ ਵਿਚ ਜਿਸ ਨੇ ਇਸ ਨੂੰ ਅਪਣੇ ਪਿੱਛੇ ਲਾਇਆ ਹੋਇਆ ਹੈ। ਨਸ਼ਾ ਕਰਨ ਵਾਲਾ ਇਸ ਗੱਲ ਤੋਂ ਬੇਖ਼ਬਰ ਹੈ ਕਿ ਉਹ ਖੁਦ ਤਾਂ ਬਰਬਾਦ ਹੁੰਦਾ ਹੀ ਹੈ, ਬਲਕਿ ਉਸ ਦਾ ਸਾਰਾ ਪਰਵਾਰ ਇਸ ਬਰਬਾਦੀ ਦੀ ਤਪਸ਼ ਤੋਂ ਬਚ ਨਹੀਂ ਸਕੇਗਾ। ਨਸ਼ਾ ਕਰਨ ਵਾਲਾ ਤਾਂ ਨਸ਼ਾ ਕਰਨ ਉਪਰੰਤ ਕੋਈ ਸਕੂਨ ਮਹਿਸੂਸ ਕਰਦਾ ਹੋਵੇਗਾ ਪਰ ਉਸ ਦੇ ਪਰਵਾਰ ਵਾਲਿਆਂ 'ਤੇ ਕੀ ਗੁਜ਼ਰਦੀ ਹੈ, ਇਹ ਤਾਂ ਸਿਰਫ਼ ਉਹੀ ਜਾਣ ਸਕਦੇ ਹਨ, ਜਿਨ੍ਹਾਂ ਨੇ ਇਸ ਪੀੜ੍ਹਾ ਦੇ ਦੁਖੀ ਪਲ ਵੇਖੇ ਹੋਣ।
ਆਪਾਂ ਇਸ ਗੱਲ 'ਤੇ ਵੀ ਵਿਚਾਰ ਕਰੀਏ ਕੀ ਇਕ ਬੰਦਾ ਨਸ਼ਿਆਂ ਵਿਚ ਕਿਉੁਂ ਜਾ ਡਿੱਗਦਾ ਹੈ? ਗਲਤ ਸੰਗਤ ਦਾ ਅਸਰ, ਇਕ ਵੱਡਾ ਕਾਰਨ ਹੈ ਪਰ ਇਸਦੇ ਨਾਲ ਹੀ ਘਰ ਵਿਚ ਪਿਆਰ ਨਾ ਮਿਲਣਾ ਅਤੇ ਕਿਸੇ ਅੰਦਰੂਨੀ ਮਾਨਸਕ ਤਕਲੀਫ਼ ਨੂੰ ਵਕਤੀ ਤੌਰ 'ਤੇ ਨਵਿਰਤ ਕਰਨ ਦਾ ਢੰਗ ਉਹ ਨਸ਼ਿਆਂ ਦੇ ਸੇਵਨ ਵਿਚ ਲੱਭ ਲੈਂਦਾ ਹੈ। ਘਰਾਂ ਵਿਚ ਮਾਂ-ਬਾਪ ਦੇ ਆਪਸੀ ਮਤਭੇਦ ਤਾਂ ਅਕਸਰ ਹੁੰਦੇ ਹੀ ਹਨ, ਤਾਂ ਉਨ੍ਹਾਂ ਦਾ ਆਪਣਾ ਕਲੇਸ਼ ਹੀ ਨਹੀਂ ਮੁਕਦਾ। ਕਈਆਂ ਘਰਾਂ ਵਿਚ ਮਾਂ-ਬਾਪ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਆਪਸ ਵਿਚ ਖਹਿਬੜਦੇ। ਅੰਦਾਜ਼ਾ ਤਾਂ ਲਾਉ ਕਿ ਇਸ ਗੱਲ ਦਾ ਉਨ੍ਹਾਂ ਦਾ ਬੱਚਿਆਂ 'ਤੇ ਕੀ ਅਸਰ ਪੈਂਦਾ ਹੋਵੇਗਾ। ਕਈ ਵਾਰੀ ਪੁੱਤਰ ਦੁਖੀ ਹੋ ਕੇ ਘਰੋਂ ਹੀ ਨਿਕਲ ਜਾਂਦਾ ਹੈ, ਤੇ ਫਿਰ ਇਸ ਦੁੱਖ ਨੂੰ ਭੁਲਾਉਣ ਹਿੱਤ ਨਸ਼ੇ ਕਰਨੇ ਸ਼ੁਰੂ ਕਰ ਦਿੰਦਾ ਹੈ ਅਤੇ ਇਸ ਵਿਚ ਊਸ ਨੂੰ ਕੁੱਝ ਸਕੂਨ ਦੀ ਪ੍ਰਾਪਤੀ ਮਹਿਸੂਸ ਹੁੰਦੀ ਹੈ। ਬੱਸ ਫਿਰ ਕੀ, ਇਸ ਝੂਠੇ ਸਕੂਨ ਨੂੰ ਉਹ ਆਪਣੀ ਰੋਜ਼ ਦੀ ਜ਼ਿੰਦਗੀ ਵਿਚ ਸ਼ਾਮਲ ਕਰ ਲੈਂਦਾ ਹੈ। ਕਈ ਘਰ ਤਾਂ ਐਸੇ ਵੀ ਵੇਖੇ ਗਏ ਹਨ, ਕਿ ਨਸ਼ਾ ਕਰਨ ਵਾਲਾ, ਜਦ ਤਕ ਉਸ ਕੋਲ ਮਾਇਕ ਸਾਧਨ ਹਨ, ਉਹ ਘਰ ਵਾਪਸ ਜਾਣ ਨੂੰ ਤਿਆਰ ਹੀ ਨਹੀਂ ਹੁੰਦਾ।
ਬਹੁਤ ਸਾਰੇ ਮਾਪੇ ਘਰ ਦੇ ਦੁਖੀ ਮਾਹੌਲ ਵਿਚ ਇਹ ਵੀ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਬੱਚੇ ਕਿਸ ਦਿਸ਼ਾ ਵੱਲ ਜਾ ਰਹੇ ਹਨ। ਬੱਚਿਆਂ ਨੂੰ ਵੀ ਇਹ ਲੱਗਣ ਲੱਗਦਾ ਹੈ ਕਿ ਉਸ ਦੇ ਮਾਪਿਆਂ ਨੂੰ ਤਾਂ ਆਪਣੇ ਝਗੜਿਆਂ ਤੋਂ ਹੀ ਫੁਰਸਤ ਨਹੀਂ ਮਿਲਦੀ। ਮੈਂ ਇਕ ਪਰਵਾਰ ਨੂੰ ਬਹੁਤ ਨੇੜੇ ਹੋ ਕੇ ਵੇਖਿਆ ਹੈ। ਉਸ ਦੇ ਪਰਵਾਰ ਦਾ ਇਕ ਬੇਟਾ ਬਚਪਨ ਬਿਤਾਉਣ ਤੋਂ ਪਹਿਲਾਂ ਹੀ ਰੱਬ ਨੇ ਸੱਦਾ ਦੇ ਦਿਤਾ ਤੇ ਉਸ ਤੋਂ ਬਾਅਦ ਉਸ ਪਰਵਾਰ ਦਾ ਮਾਨੋ ਸੱਭ ਕੁੱਝ ਬਿਖਰ ਹੀ ਗਿਆ। ਉਸ ਪਰਵਾਰ ਵਿਚ ਇਕ ਹੋਰ ਲੜਕੇ ਨੇ ਜਨਮ ਲਿਆ। ਉਸ ਘਰ ਦਾ ਸੰਤਾਪ ਵੇਖਿਆ ਤੇ ਉਸ ਲੜਕੇ ਨੇ ਵੱਡੇ ਹੋ ਕੇ ਆਪਣੇ ਘਰ-ਬਾਰ ਸੱਭ ਕੁੱਝ ਨੂੰ ਭੁੱਲ ਕੇ ਨਸ਼ਿਆਂ ਵੱਲ ਤੁਰਨ ਲੱਗਾ ਤੇ ਉਸ ਘਰ ਵਿਚ ਸਾਰੀਆਂ ਖ਼ੁਸ਼ੀਆਂ ਖ਼ਤਮ ਹੁੰਦੀਆਂ ਵੀ ਵੇਖੀਆਂ। ਉਹ ਜਵਾਨ ਜਦੋਂ ਨਸ਼ਾ ਕਰਕੇ ਆਉਂਦਾ ਤਾਂ ਆਪਣੇ ਹੀ ਪਰਵਾਰ ਵਾਲਿਆਂ 'ਤੇ ਆ ਵਰਸਦਾ ਅਤੇ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਰਾਤ ਦੇ ਕਿਸ ਹਨੇਰੇ ਵਿਚ ਕਿੰਨੇ ਵਜੇ ਘਰ ਆ ਵੜਿਆ ਹੈ।
ਕਈਆਂ ਘਰਾਂ ਵਿਚ ਅਮੀਰ ਮਾਪੇ ਆਪਣੇ ਕੰਮਾਂ ਵਿਚ ਉਲਝੇ ਰਹਿੰਦੇ ਹਨ। ਉਨ੍ਹਾਂ ਦੇ ਲੜਕੇ ਘਰੋਂ ਬਾਹਰ ਜਾ ਕੇ ਆਪਣੇ ਸੰਗੀ-ਸਾਥੀਆਂ ਨਾਲ ਕਲੱਬਾਂ ਯਾਂ ਨਿਵੇਕਲੀਆਂ ਥਾਵਾਂ 'ਤੇ ਬੈਠ ਕੇ ਸ਼ਰਾਬਾਂ ਪੀ ਕੇ ਘਰ ਆਉਂਦੇ ਹਨ। ਦੁਖੀ ਮਾਪੇ ਉਸ ਨੂੰ ਸਮਝਾਉਂਦੇ ਥੱਕ ਜਾਂਦੇ ਹਨ ਤੇ ਆਖਰ ਰੋ-ਰੋ ਕੇ ਉਸ ਨੂੰ ਵਾਸਤੇ ਵੀ ਪਾਉਂਦੇ ਪਰ ਉਸ ਨਸ਼ਈ 'ਤੇ ਕੋਈ ਅਸਰ ਨਹੀਂ ਹੁੰਦਾ ਅਤੇ ਉਸ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਸਿਵਾਏ ਅਪਣੇ ਨਸ਼ੇ ਤੋਂ। ਜੇਕਰ ਘਰ ਵਾਲੇ ਉਸ ਨੂੰ ਝਿੜਕਨ ਵੀ ਲੱਗਣ ਤਾਂ ਉਹ ਧਮਕੀਆਂ ਦੇਣ ਤਕ ਜਾਂਦਾ ਹੈ ਤੇ ਖੁਦਕੁਸ਼ੀ ਕਰਨ ਦਾ ਵੀ ਡਰ ਮਾਪਿਆਂ ਵਿਚ ਪਾ ਦਿੰਦਾ ਹੈ। ਮਾਪੇ ਤੇ ਹੋਰ ਘਰ ਦੇ ਜੀਅ ਇਸ ਗੱਲੋਂ ਡਰ ਜਾਂਦੇ ਹਨ ਕਿ ਉਨ੍ਹਾਂ ਦਾ ਪੁੱਤਰ ਕੋਈ ਇਹੋ ਜਿਹਾ ਕੋਈ ਕਾਰਾ ਹੀ ਨਾ ਕਰ ਬੈਠੇ। ਬਸ, ਨਸ਼ਈ ਨੂੰ ਇਸ ਤੋਂ ਬਾਅਦ ਕਿਸੇ ਦਾ ਡਰ ਵੀ ਨਹੀਂ ਰਹਿੰਦਾ ਤੇ ਘਰ ਵਿਚ ਬੈਠ ਕੇ ਵੀ ਨਸ਼ਾ ਕਰਨ ਲੱਗ ਪੈਂਦਾ ਹੈ।
ਸਹਿਮੀ ਹੋਈ ਮਾਂ, ਹੰਝੂਆਂ ਨੂੰ ਕੇਰਦੀ ਇਸ ਸਾਰੀ ਤਰਸਯੋਗ ਹਾਲਤ ਨੂੰ ਆਪਣੇ ਪਿੰਡੇ 'ਤੇ ਹੰਢਾਉਂਦੀ ਬਰਦਾਸ਼ਤ ਕਰੀ ਜਾਂਦੀ ਹੈ। ਜਦੋਂ ਨਸ਼ਈ ਨਸ਼ੇ ਵਿਚ ਟੁੰਨ ਹੋ ਕੇ ਦੇਰ ਰਾਤ ਘਰ ਆਉਂਦਾ ਹੈ ਤਾਂ ਉਸ ਨੂੰ ਵੇਖ ਕੇ ਮਾਂ ਦਾ ਕਲੇਜਾ ਛਲਣੀ-ਛਲਣੀ ਹੋ ਜਾਂਦਾ ਹੈ। ਉਹ ਮਾਂ ਅੱਖਾਂ ਵਿਚੋਂ ਹੰਝੂ ਸੁੱਟਦੀ, ਦੁੱਖ ਭਰੇ ਦਿੱਲ ਨਾਲ ਆਪਣੇ ਪੁੱਤਰ ਨੂੰ ਰੋਟੀ ਪਰੋਸ ਕੇ ਦਿੰਦੀ। ਸਾਰੇ ਘਰ ਨੂੰ ਦੁੰਧਲਾ ਭਵਿੱਖ ਨਜ਼ਰ ਆ ਰਿਹਾ ਹੁੰਦਾ ਹੈ, ਪਰ ਕੁੱਝ ਕਰਨ ਦੇ ਯੋਗ ਨਹੀਂ ਹਨ। ਆਖਰ ਉਸ ਨਸ਼ਈ ਨੂੰ ਕਿਸੇ ਨਸ਼ਾ ਛੁਡਾਉਣ ਕੇਂਦਰ ਵੱਲ ਲਿਜਾਉਣ ਦੀ ਸੋਚ ਬਣਨ ਲੱਗਦੀ ਹੈ, ਪਰ ਉਹ ਨੌਜਵਾਨ ਕਿਸੇ ਇਲਾਜ ਲਈ ਤਿਆਰ ਹੀ ਨਹੀਂ, ਕਿਉਂਕਿ ਉਸ ਨੂੰ ਇਸ ਪਾਸੇ ਵੱਲ ਦੀ ਸਮਝ ਹੀ ਨਹੀਂ। ਇਹੋ ਜਿਹੀਆਂ ਉਪਰੋਕਤ ਮਿਸਾਲਾਂ, ਪੰਜਾਬ ਦੇ ਆਮ ਘਰਾਂ ਵਿਚ ਹਨ। ਪੰਜਾਬ ਜਿਸ ਦਾ ਨਾਂ ਪੰਜ ਦਰਿਆਵਾਂ ਤੋਂ ਬਣਿਆ ਸੀ ਇਥੇ ਅੱਜ ਨਸ਼ਿਆਂ ਦਾ ਦਰਿਆ ਚਲ ਰਿਹਾ ਹੈ। ਜਵਾਨੀ ਰੁੜ ਰਹੀ ਹੈ ਤੇ ਖਤਮ ਹੋਣ ਕਿਨਾਰੇ ਆ ਲੱਗੀ ਹੈ। ਇਹ ਮਿਹਨਤ ਕਸ਼ ਪੰਜਾਬੀ, ਸੂਰਬੀਰ ਨੌਜਵਾਨ ਯੋਧੇ, ਨਸ਼ਿਆਂ ਵਿਚ ਗਲਤਾਨ ਹੁੰਦੇ ਪਿੰਡਾਂ ਦੀਆਂ ਹਨੇਰੀਆਂ ਗਲੀਆਂ ਵਿਚ ਲੱਤਾਂ ਲਟਕਾਉਂਦੇ ਤੁਰੇ ਫਿਰਦੇ ਹਨ। ਜਦੋਂ ਘਰ ਦਾ ਨੌਜਵਾਨ ਪੁੱਤਰ ਕੋਈ ਕੰਮ ਵੀ ਨਾ ਕਰਦਾ ਹੋਵੇ ਤਾਂ ਘਰ ਦੀ ਮਾਇਕ ਅਵਸਥਾ 'ਤੇ ਇਸ ਦਾ ਅਸਰ ਲਾਜ਼ਮੀ ਹੋਣਾ ਹੀ ਹੁੰਦਾ ਹੈ। ਇਸ ਸਾਰੇ ਕੁੱਝ ਦਾ ਅਸਰ ਘਰਾਂ ਵਿਚ ਸਰੀਰਕ ਤੇ ਮਾਨਸਕ ਤਕਲੀਫ਼ਾਂ ਤੇ ਫਿਰ ਵਿੱਤੀ ਤੰਗੀਆਂ ਦੇ ਰਾਹ ਵੱਲ ਜਾ ਨਿਕਲਦਾ ਹੈ।
ਆਉ ਸਾਰੇ ਵਿਚਾਰੀਏ ਤੇ ਇਸ ਨੌਜਵਾਨ ਪੀੜ੍ਹੀ ਨੂੰ, ਇਸ ਨਾ-ਮੁਰਾਦ ਨਸ਼ੇ ਦੀ ਬੀਮਾਰੀ ਵਿਚ ਗਰਕ ਹੋਣ ਤੋਂ ਪਹਿਲਾਂ ਹੀ ਇਸ ਸਬੰਧੀ ਯੋਗ ਕਾਰਵਾਈ ਕਰਕੇ, ਜਿਸ ਦੇ ਵਿਚ ਬਣਦਾ ਪਰਵਾਰ ਦਾ ਪਿਆਰ, ਧਾਰਮਕ ਵਿਦਿਆ, ਮਿਹਨਤ ਕਰਨ ਦੀ ਆਦਤ ਤੇ ਚੰਗੀ ਸੰਗਤ ਦੇਣ ਦਾ ਉਪਰਾਲਾ ਕਰੀਏ ਤਾਂ ਜੋ ਆਉਣ ਵਾਲੀ ਪਨੀਰੀ ਇਸ ਦੁੱਖਦਾਈ ਕਹਿਰ ਤੋਂ ਬਚ ਸਕੇ।

Tags: ਮਾਂ ਦੀ ਕੁੱਖ ਕਿੱਧਰ ਨੂੰ ਚੱਲੀ ? ਸਿਮਰਨ ਕੌਰ ਮੋਬਾਈਲ ਨੰ : ੦੯੭੧੬੦੦੧੯੦੦//੯੫੯੨੪੫੪੫੫੫