HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਕਾਮਾਗਾਟਾ ਮਾਰੂ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਦੇ ਪਰਿਵਾਰ ਨੇ ਗਦਰ ਲਹਿਰ ਉਤੇ ੩ ਪੁਸਤਕਾਂ ਸੰਗਤ ਅਰਪਣ ਕੀਤੀਆਂ


Date: Dec 09, 2014


ਸੇਂਟ ਲੁਈਸ:ਅਮਰੀਕਾ ਵਿਚ ਮਸੂਰੀ ਸਟੇਟ ਦੇ ਅਤਿ ਸੁੰਦਰ ਸ਼ਹਿਰ ਸੇਂਟ ਲੁਈਸ ਦੇ ਸੇਂਟ ਪੀਟਰ ਗੁਰੂਘਰ ਵਿਚ ਤਿੰਨ ਨਵੰਬਰ ਦਿਨ ਐਤਵਾਰ ਨੂੰ ਇਕ ਵਿਸ਼ੇਸ਼ ਦੀਵਾਨ ਵਿਚ ਕਾਮਾਗਾਟਾ ਮਾਰੂ ਦੇ ਮਹਾਨ ਨਾਇਕ ਬਾਬਾ ਗੁਰਦਿੱਤ ਸਿੰਘ ਦੀਆਂ ਦੋਹਤੀਆਂ ਬੀਬੀ ਪ੍ਰੀਤਮ ਕੌਰ ਪੰਨੂ, ਬੀਬੀ ਦੀਪਾ ਪੱਡਾ ਤੇ ਲਾਹੌਰ ਸਾਜਿਸ਼ ਕੇਸ ਦੇ ਗਦਰੀ ਗਿ. ਨਾਹਰ ਸਿੰਘ ਜੀ ਦੇ ਪੋਤੇ ਡਾ. ਗੁਰਪ੍ਰਕਾਸ਼ ਸਿੰਘ, ਪੋਤਰੀਆਂ ਬੀਬੀ ਇਕਬਾਲ ਕੌਰ ਸਿੱਧੁ, ਬੀਬੀ ਸਤਬੀਰ ਕੌਰ ਤੇ ਡਾ. ਅਮਰਜੋਤ ਕੌਰ ਤੇ ਗੁਰੂਘਰ ਦੇ ਮੁਖ ਸੇਵਾਦਾਰ ਸ. ਸੁਖਚੈਨ ਸਿੰਘ ਤੇ ਭਾਈ ਸਤਿਨਾਮ ਸਿੰਘ ਨੇ ਸਾਂਝੇ ਤੌਰ ਤੇ ਕਨੇਡਾ ਤੋਂ ਪੁੱਜੇ ਨਾਮਵਰ ਲੇਖਕ ਤੇ ਵਿਦਵਾਨ ਸ. ਜੈਤੇਗ ਸਿੰਘ ਅਨੰਤ ਦੀਆਂ ੩ ਪੁਸਤਕਾਂ ਗਦਰ ਲਹਿਰ ਦੀ ਕਹਾਣੀ, ਗਦਰੀ ਯੋਧੇ, ਗਦਰ ਦੀ ਗੂੰਜ ਨੂੰ ਜੈਕਾਰਿਆਂ ਦੀ ਗੂੰਜ ਵਿਚ ਰਿਲੀਜ ਕੀਤਾ ਗਿਆ।ਇੰਗਲੈਂਡ, ਕਨੇਡਾ, ਹਾਂਗਕਾਂਗ ਤੋਂ ਬਾਦ ਅਮਰੀਕਾ ਦੀ ਧਰਤੀ ਤੇ ਇਹ ਚੌਥਾ ਸਫਲ ਸਮਾਗਮ ਗੁਰੂਘਰ ਦੇ ਪ੍ਰਬੰਧਕਾਂ ਤੇ ਗਿ. ਨਾਹਰ ਸਿੰਘ ਜੀ ਦੇ ਪਰਿਵਾਰ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਮਿਹਨਤ ਦਾ ਹੀ ਸਿੱਟਾ ਸੀ।
ਪੁਸਤਕਾਂ ਦਾ ਸੰਗਤ ਅਰਪਣ ਤੋਂ ਬਾਦ ਇਕ ਬੜਾ ਹੀ ਪ੍ਰਭਾਵਸ਼ਾਲੀ, ਕਲਾਤਮਿਕ ਤੇ ਇਤਿਹਾਸ ਨਾਲ ਜੁੜਿਆ ਸਲਾਈਡ ਸ਼ੋਅ ਤੇ ਲੈਕਚਰ ਦੀ ਪੇਸ਼ਕਾਰੀ ਨੇ ਗਦਰ ਲਹਿਰ ਦੀ ਦਾਸਤਾਂ ਦੀ ਸਹੀ ਤਸਵੀਰ ਨੂੰ ਪੇਸ਼ ਕਰ ਕੇ ਇਤਿਹਾਸ ਦੀਆਂ ਨਵੀਆਂ ਪੈੜਾਂ ਨੂੰ ਜਨਮ ਦਿੱਤਾ।ਜਿਸ ਵਿਚ ਸਿੱਖ ਵਿਦਵਾਨ ਤੇ ਲੇਖਕ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਇਸਦੀ ਸ਼ੁਰੂਆਤ ਖਾਲਸਾ ਦੀਵਾਨ ਸੁਸਾਇਟੀ ਕਨੇਡਾ, ਖਾਲਸਾ ਦੀਵਾਨ ਸਟਾਕਟਨ ਅਮਰੀਕਾ ਤੋਂ ਇਲਾਵਾ ਖਾਲਸਾ ਦੀਵਾਨ ਹਾਂਗਕਾਂਗ ਨੂੰ ਗਦਰ ਲਹਿਰ ਦਾ ਪੜਾਅ (ਬੇਸ) ਦਰਸਾਇਆ। ਜਿਹਨਾਂ ਨੇ ਗਦਰ ਲਹਿਰ ਵਿਚ ਸ਼ਾਨਦਾਰ ਤੇ ਇਤਿਹਾਸਕ ਭੂਮਿਕਾ ਨਿਭਾਈ।ਉਹਨਾਂ ਵੱਲੋਂ ਕਨੇਡਾ ਦੇ ਸ਼ਹੀਦ ਭਾਈ ਭਾਗ ਸਿੰਘ, ਸ਼ਹੀਦ ਭਾਈ ਬਤਨ ਸਿੰਘ ਤੇ ਸ਼ਹੀਦ ਭਾਈ ਮੇਵਾ ਸਿੰਘ ਦੀ ਸ਼ਹਾਦਤ ਤੇ ਉਹਨਾਂ ਦੀਆਂ ਤਸਵੀਰਾਂ ਰਾਹੀਂ ਗਦਰ ਲਹਿਰ ਦੀ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ ਗਿਆ।ਇਸਦੇ ਨਾਲ ਹੀ ਗਦਰ ਪਾਰਟੀ ਦੇ ਉਹਨਾਂ ਤਿਆਰ ਬਰ ਤਿਆਰ ਬਾਣੀ ਤੇ ਬਾਣੇ ਵਿਚ ਰੰਗੇ, ਗੁਰੂ ਦੇ ਰੱਤੜੇ ਗਦਰੀ ਬਾਬਿਆਂ, ਬਾਬਾ ਵਿਸਾਖਾ ਸਿੰਘ, ਭਾਈ ਜਵਾਲਾ ਸਿੰਘ ਠੱਠੀਆਂ, ਬਾਬਾ ਨਿਧਾਨ ਸਿੰਘ ਚੁੱਘਾ, ਭਾਈ ਸੰਤੋਖ ਸਿੰਘ ਧਰਦਿਓ, ਬਾਬਾ ਸੋਹਣ ਸਿੰਘ ਭਕਨਾ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀਆਂ ਗਦਰ ਪੁਤੀ ਕੀਤੀਆਂ ਗਈਆਂ ਅਦੁੱਤੀ ਕੁਰਬਾਨੀਆਂ ਦੀ ਯਾਦ ਨੂੰ ਤਾਜਾ ਕੀਤਾ।
ਇਸ ਸਲਾਈਡ ਲੈਕਚਰ ਵਿਚ ਗ਼ਦਰ ਲਹਿਰ ਤੋਂ ਉਪਜੀਆਂ ਸਾਰੀਆਂ ਲਹਿਰਾਂ ਨੂੰ ਦਰਸਾਇਆ ਗਿਆ।ਜਿਹਨਾਂ ਨੇ ਫਾਰੰਗੀਆਂ ਦੀ ਨੀਂਦ ਹਰਾਮ ਕਰ ਦਿੱਤੀ ਸੀ।ਜਿਹਨਾਂ ਵਿਚੋਂ ਕਾਮਾਗਾਟਾ ਮਾਰੂ ਲਹਿਰ, ਪੰਜਾਬ ਵਿਚ ਗਦਰ ਲਹਿਰ ਦਾ ਆਗਾਜ਼, ਜਲ੍ਹਿਆਂ ਵਾਲਾ ਬਾਗ ਦਾ ਸਾਕਾ, ਗੁਰੂ ਕੇ ਬਾਗ ਦਾ ਮੋਰਚਾ, ਨਨਕਾਣਾ ਸਾਹਿਬ ਦਾ ਸਾਕਾ, ਜੈਤੋਂ ਦਾ ਮੋਰਚਾ, ਬੱਬਰ ਲਹਿਰ ਨੂੰ ਉਹਨਾਂ ਨਾਲ ਜੁੜੀਆਂ ਦਰਦ ਭਰੀਆਂ ਯਾਦਾਂ ਨੂੰ ਦੁਰਲਭ ਤਸਵੀਰਾਂ ਰਾਹੀਂ ਪੇਸ਼ ਕੀਤਾ।ਇਸਦੇ ਨਾਲ ਹੀ ਪੰਜਾਬ ਵਿਚ ਗਦਰ ਲਹਿਰ ਦੇ ਨਾਇਕ ਭਾਈ ਰਣਧੀਰ ਸਿੰਘ ਨਾਰੰਗਵਾਲ ਤੇ ਉਹਨਾਂ ਦੇ ਜੁਝਾਰੂ ਗਦਰੀ ਸਾਥੀਆਂ ਨੂੰ ਜੋ ਸਿੱਖ ਸਿਦਕ ਵਿਚ ਭਿੱਜੇ ਹੋਏ ਸਨ ਨੂੰ ਉਹਨਾਂ ਦੀਆਂ ਸਿੱਖੀ ਸਰੂਪ ਵਿਚ ਸ਼ਾਨਦਾਰ ਤਸਵੀਰਾਂ ਤੇ ਜੇਲ੍ਹ ਵਿਚ ਉਹਨਾਂ ਵੱਲੋਂ ਆਪਣੇ ਪਿੰਡੇ ਤੇ ਹੰਢਾਈਆਂ ਦੁੱਖ ਤਕਲੀਫਾਂ ਤੇ ਪੁਲਿਸ ਦੇ ਜਬਰ ਜ਼ੁਲਮ ਦੀ ਦਾਸਤਾਂ ਦੇ ਉਹ ਅਣਡਿੱਠੇ ਪੰਨਿਆਂ ਨੂੰ ਜੱਗ ਜਾਹਰ ਕੀਤਾ।
ਇਸ ਸਮੇਂ ਕਾਮਾਗਾਟਾ ਮਾਰੂ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਜੀ ਦੀ ਦਾਸਤਾਂ ਦੇ ਕਈ ਅਣਫੋਲੇ ਵਰਕਿਆਂ ਨੂੰ ਪੇਸ਼ ਕੀਤਾ।ਇਸ ਦੇ ਨਾਲ ਹੀ ਲਾਹੌਰ ਸਾਜਿਸ਼ ਕੇਸ ਪਹਿਲਾ, ਦੂਜਾ, ਤੀਜਾ ਦੇ ਸ਼ਹੀਦਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਇਸ ਲਹਿਰ ਦੇ ਇਤਿਹਾਸਕ ਪੰਨਿਆਂ ਨੇ ਦਰਸ਼ਕਾਂ ਨੂੰ ਇਕ ਨਵੀਂ ਪ੍ਰੇਰਨਾ ਤੇ ਚੇਤਨਾ ਪ੍ਰਦਾਨ ਕੀਤੀ।
ਇਸ ਸਮੇਂ ਸੇਂਟ ਪੀਟਰ ਗੁਰੂਘਰ ਦੇ ਮੁਖ ਸੇਵਾਦਾਰ ਸ. ਸੁਖਚੈਨ ਸਿੰਘ ਤੁਲੀ ਬੱਚਾ ਜੀਵ (ਬੇਗੋਵਾਲ) ਨੇ ਸ. ਜੈਤੇਗ ਸਿੰਘ ਅਨੰਤ ਵੱਲੋਂ ਕੀਤੀ ਗਈ ਇਸ ਸੇਵਾ ਪ੍ਰਤੀ ਕਿਹਾ ਕਿ ਇਹ ਪੇਸ਼ਕਾਰੀ ਸਮੂਹ ਸੰਗਤਾਂ ਲਈ ਗਿਆਨ ਦਾ ਸੋਮਾ ਹੈ।ਉਥੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ।ਇਸ ਸਮੇਂ ਗੁਰੂਘਰ ਵੱਲੋਂ ਇਥੋਂ ਦੇ ਮੁਖ ਸੇਵਾਦਾeਰ ਸ. ਸੁਖਚੈਨ ਸਿੰਘ ਤੁਲੀ ਬੱਚਾ ਜੀਵ (ਬੇਗੋਵਾਲ) ਤੇ ਭਾਈ ਸਤਿਨਾਮ ਸਿੰਘ ਨੇ ਜੈਤੇਗ ਸਿੰਘ ਅਨੰਤ ਨੂੰ ਗੁਰੂਘਰ ਵੱਲੋਂ ਇਕ ਸਿਰੋਪਾ ਭੇਟ ਕਰ ਕੇ ਸਨਮਾਨਿਤ ਕੀਤਾ।ਉਹਨਾਂ ਕਿਹਾ ਜੈਤੇਗ ਸਿੰਘ ਅਨੰਤ ਨੇ ਸਿੱਖ ਤੇ ਪੰਜਾਬੀ ਭਾਈਚਾਰੇ ਨੂੰ ਆਪਣੀਆਂ ਸ਼ਾਨਦਾਰ ਸੇਵਾਵਾਂ ਵਿਚ ਆਪਣੇ ਪੁਰਖਿਆਂ ਦੀ ਵਿਰਾਸਤ ਤੇ ਇਤਿਹਾਸ ਦੇ ਸੁਨਹਿਰੇ ਪੰਨੇ ਵਿਖਾ ਕੇ ਇਕ ਨਵੀਂ ਚੇਤਨਾ ਤੇ ਨਵੀਂ ਉੂਰਜਾ ਪ੍ਰਦਾਨ ਕੀਤੀ ਹੈ।

Tags: ਕਾਮਾਗਾਟਾ ਮਾਰੂ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਪਰਿਵਾਰ ਨੇ ਗਦਰ ਲਹਿਰ ਉਤੇ ਪੁਸਤਕਾਂ ਸੰਗਤ ਅਰਪਣ ਕੀਤੀਆਂ