HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਬਲਰਾਜ ਸਿੰਘ ਸਿੱਧੂ (ਇੰਗਲੈਂਡ ) ਦੀ ਮਰਾਠਾ ਇਤਿਹਾਸ ਨੂੰ ਚਿਤਰਦੀ ਦਿਲਚਸਪ ਕਿਤਾਬ ਮਸਤਾਨੀ


Date: Dec 09, 2014

ਵਿਦੇਸ਼ ਇੰਗਲੈਂਡ ਦੀ ਧਰਤੀ ਤੇ ਵੱਸਦੇ ਪੰਜਾਬੀ ਨੌਜਵਾਨ ਲੇਖਕ ਬਲਰਾਜ ਸਿੰਘ ਸਿੱਧੂ ਦੀ ਮੋਰਾਂ ਦਾ ਮਹਾਰਾਜਾ ਵਰਗੀ ਪੰਜਾਬੀ ਇਤਿਹਾਸ ਤੇ ਲਿਖੀ ਹੋਈ ਕਿਤਾਬ ਪੜਨ ਤੋਂ ਬਾਅਦ ਉਸਦੀ ਨਵੀਂ ਕਿਤਾਬ ਜੋ ਮਰਾਠਿਆਂ ਦੇ ਇਤਿਹਾਸ ਨਾਲ ਸਬੰਧਤ ਹੈ ਪੜਕੇ ਪਤਾ ਲੱਗਦਾ ਹੈ ਕਿ ਲੇਖਕ ਦੀ ਇਤਿਹਾਸ ਨੂੰ ਪੜਨ ਅਤੇ ਜਾਨਣ ਦੀ ਅਤੇ ਤੀਸਰੀ ਅੱਖ ਨਾਲ ਦੇਖਣ ਦੀ ਰੱਬੀ ਦਾਤ ਮਿਲੀ ਹੋਈ ਹੈ । ਚਾਲੀ ਕੁ ਸਾਲ ਦੀ ਉਮਰ ਵਿੱਚ ਹੀ ਬਜੁਰਗ ਵਰਗ ਦੀ ਸਿਆਣਫ ਵਰਗੀ ਕਲਾ ਦੇ ਭਰਭੂਰ ਧਾਰਨੀ ਦੇ ਮਾਲਕ ਲੇਖਕ ਨੇ ਮਰਾਠਾ ਯੋਧੇ ਬਾਜੀ ਰਾਉ ਅਤੇ ਉਸਦੀ ਪਿਆਰ ਕਹਾਣੀ ਦੀ ਪਾਤਰ ਮਸਤਾਨੀ ਦੀ ਪਰੇਮ ਕਥਾ ਨੂੰ ਅਧਾਰ ਬਣਾਕਿ ਲਿਖੀ ਹੋਈ ਹੈ ਜੋ ਕਿ ਅਸਲ ਵਿੱਚ ਪਰੇਮ ਕਹਾਣੀ ਦੀ ਥਾਂ ਔਰਤ ਮਰਦ ਦੇ ਰਿਸਤਿਆਂ ਦੀ ਜੱਦੋ ਜਹਿਦ ਦੀ ਕਹਾਣੀ ਹੈ ਜਿਸ ਵਿੱਚ ਇੱਕ ਔਰਤ ਵੱਲੋਂ ਆਪਣੇ ਪਿਆਰ ਨਾਲ ਵਫਾ ਨਿਭਾਉਦਿਆਂ ਹੋਇਆਂ ਇੱਕ ਸੰਘਰਸ਼ ਹੀ ਹੋ ਨਿਬੜਦੀ ਹੈ । ਲੇਖਕ ਨੇ ਇਸ ਕਿਤਾਬ ਨਾਲ ਜਿੱਥੇ ਪੰਜਾਬੀ ਪਾਠਕਾਂ ਦੀ ਸਾਂਝ ਮਰਾਠਾਂ ਇਤਿਹਾਸ ਨਾਲ ਪਵਾਈ ਹੈ ਅਤੇ ਇਸਦੇ ਨਾਲ ਹੀ ਹਿੰਦੂ ਇਤਿਹਾਸ ਅਤੇ ਧਰਮ ਦੀਆਂ ਬਹੁਤ ਸਾਰੀਆਂ ਗਿਆਨ ਪੂਰਵਕ ਜਾਣਕਾਰੀਆਂ ਨਾਲ ਵੀ ਸਾਂਝ ਪਵਾਈ ਹੈ । ਸਿੱਖ ਇਤਿਹਾਸ ਦੇ ਨਾਇਕ ਖਾਲਸਿਆਂ ਦੇ ਜੰਗਾਂ ਯੁੱਧਾਂ ਦੇ ਸਮੇਂ ਦੇ ਸਮਕਾਲੀ ਮਰਾਠੇ ਯੋਧਿਆਂ ਦਾ ਇਤਿਹਾਸ ਵੀ ਬਹੁਤ ਹੀ ਦਿਲਚਸਪ ਹੈ ਜੋ ਕਿ ਲੇਖਕ ਨੇ ਇਸ ਕਿਤਾਬ ਵਿੱਚ ਪੇਸ਼ ਕੀਤਾ ਹੈ। ਪਾਠਕ ਇਸ ਕਿਤਾਬ ਨੂੰ ਪੜਦਿਆਂ ਹੋਇਆਂ ਇਤਿਹਾਸ ਦੀ ਜਾਣਕਾਰੀ ਨੂੰ ਕੁਦਰਤੀ ਤੌਰ ਤੇ ਹੀ ਆਪਣੇ ਮਨ ਦੀਆਂ ਡੂੰਘੀਆਂ ਤਹਿਆਂ ਵਿੱਚ ਸਦਾ ਲਈ ਸੰਭਾਲ ਲੈਂਦਾ ਹੈ ।
ਯੂਰਪੀਅਨ ਮੁਲਕਾਂ ਦੇ ਵਿੱਚ ਇਤਿਹਾਸਕ ਪਾਤਰਾਂ ਨੂੰ ਨਾਵਲਾਂ ਅਤੇ ਕਹਾਣੀਆਂ ਵਿੱਚ ਦਿਲਚਸਪ ਤਰੀਕੇ ਨਾਲ ਪੇਸ਼ ਕਰਨ ਦੀ ਪਹਿਲਾਂ ਤੋਂ ਹੀ ਰਵਾਇਤ ਚਲਦੀ ਆ ਰਹੀ ਹੈ ਪਰ ਭਾਰਤੀ ਅਤੇ ਖਾਸ ਕਰ ਪੰਜਾਬ ਵਿੱਚ ਇਸ ਤਰਾਂ ਨਿਰਪੱਖ ਤਰੀਕੇ ਨਾਲ ਇਤਿਹਾਸਕ ਪਾਤਰਾਂ ਨੂੰ ਬਹੁਤ ਹੀ ਘੱਟ ਪੇਸ਼ ਕੀਤਾ ਗਿਆਂ ਹੈ ਜਾਂ ਹਾਲੇ ਤੱਕ ਜੋ ਵੀ ਮਿਲਦਾ ਹੈ ਉਹ ਸਰਧਾਪੂਰਵਕ ਹੀ ਇੱਕ ਪੱਖੀ ਲਿਖਿਆ ਗਿਆ ਹੈ । ਬਲਰਾਜ ਸਿੱਧੂ ਇਤਿਹਾਸਕ ਪਾਤਰਾਂ ਦੇ ਜੀਵਨ ਨੂੰ ਲਿਖਦਿਆਂ ਹੋਇਆਂ ਪੂਰੀ ਤਰਾਂ ਨਿਰਪੱਖ ਹੋਕੇ ਉਹਨਾਂ ਪਾਤਰਾਂ ਦੀ ਅਸਲੀ ਕਹਾਣੀ ਨੂੰ ਬੇਬਾਕ ਤਰੀਕੇ ਨਾਲ ਚਿਤਰਨ ਦੀ ਕੋਸਿਸ਼ ਕਰਦਾ ਹੈ । ਆਪਣੀ ਲਿਖਤ ਵਿੱਚ ਪਾਠਕਾਂ ਦੀ ਦਿਲਚਸਪੀ ਬਣਾਈ ਰੱਖਣ ਲਈ ਜਿੰਦਗੀ ਦੇ ਬੰਦ ਕਮਰਿਆਂ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਵੀ ਬੇਬਾਕੀ ਨਾਲ ਲਿਖ ਜਾਂਦਾ ਹੈ ਜਿਸ ਬਾਰੇ ਕਈ ਪਾਠਕ ਇਤਰਾਜ ਵੀ ਕਰ ਸਕਦੇ ਹਨ ਪਰ ਇਤਿਹਾਸ ਵਰਗੇ ਬੋਰ ਕਰਨ ਵਾਲੇ ਵਿਸ਼ੇ ਨੂੰ ਪਾਠਕ ਲਈ ਦਿਲਚਸਪੀ ਪੈਦਾ ਕਰਨ ਵਿੱਚ ਇਹ ਤਰੀਕਾ ਕਾਫੀ ਸਹਾਈ ਵੀ ਹੁੰਦਾਂ ਹੈ। ਇਸ ਕਿਤਾਬ ਵਿੱਚ ਪਰੇਮ ਕਹਾਣੀ ਦੀ ਸਾਰੀ ਕਹਾਣੀ ਨੂੰ ਛੱਬੀ ਹਿੱਸਿਆਂ ਵਿੱਚ ਵੱਖੋ ਵੱਖਰੇ ਹੈਡਿੰਗ ਦੇਕੇ ਕਹਾਣੀ ਕਲਾ ਦਾ ਰੂਪ ਦੇ ਕੇ ਅਤੇ ਹਰ ਭਾਗ ਵਿੱਚ ਇੱਕ ਪੂਰੀ ਕਹਾਣੀ ਲਿਖਕੇ , ਹੌਲੀ ਰਫਤਾਰ ਨਾਲ ਪੜਨ ਵਾਲੇ ਪਾਠਕ ਵੀ ਪੜਨ ਵਿੱਚ ਰੁਚੀ ਬਣਾਈ ਰੱਖਦੇ ਹਨ । ਇਸ ਕਿਤਾਬ ਦੀ ਸਾਰੀ ਕਹਾਣੀ ਆਪਸ ਵਿੱਚ ਜੁੜੀ ਹੋਣ ਕਾਰਨ ਬਹੁਤ ਸਾਰੇ ਪਾਠਕ ਇਸਨੂੰ ਨਾਵਲ ਵਾਂਗ ਇੱਕ ਹੀ ਬੈਠਕ ਵਿੱਚ ਵੀ ਪੜ ਸਕਦੇ ਹਨ । ਇਸ ਕਿਤਾਬ ਵਿੱਚ ਹਰ ਪਾਠ ਦੇ ਨਾਲ ਛਾਪੀਆਂ ਗਈ ਤਸਵੀਰਾਂ ਵੀ ਆਪਣਾਂ ਪੂਰਾ ਪਰਭਾਵ ਛੱਡਦੀਆਂ ਹਨ । ਕਿਤਾਬ ਪੜਦਿਆਂ ਪੁਰਾਤਨ ਸਮੇਂ ਦੀਆਂ ਯੁੱਧ ਨੀਤੀਆਂ , ਧਾਰਮਿਕ ਰਸਮਾਂ, ਸਮਾਜਿਕ ਰਿਸਤਿਆਂ ਦੀ ਜਾਣਕਾਰੀ ਬਹੁਤ ਹੀ ਦਿਲਚਸਪ ਅਤੇ ਗਿਆਨ ਵਧਾਊ ਹੈ । ਪਰਕਾਸ਼ਨ ਖੇਤਰ ਵਿੱਚ ਸਾਮਲ ਹੋਏ ਨਵੇਂ ਪਰਕਾਸਕ ਸਾਹਿਬਦੀਪ ਪਬਲੀਕੇਸਨ ਭੀਖੀ ਜਿਲਾ ਮਾਨਸਾ ਦੀ ਇਹ ਉਸਦੀਆਂ ਪਹਿਲੀਆਂ ਪਰਕਾਸਨਾਂ ਵਾਂਗ ਇੱਕ ਹੋਰ ਤਕੜੀ ਪੇਸ਼ਕਸ ਹੈ । ਵਧੀਆਂ ਪੇਪਰ ਦੀ ਵਰਤੋਂ ਕਰਕੇ ਕਿਤਾਬ ਦੀ ਛਪਾਈ ਵਿੱਚ ਪਰਕਾਸ਼ਕ ਦੀ ਮਿਹਨਤ ਸਾਫ ਝਲਕਦੀ ਹੈ ਟਾਈਟਲ ਪੇਜ ਅਤੇ ਕਿਤਾਬ ਦੇ ਵਿੱਚ ਵੀ ਛਪੀਆਂ ਤਸਵੀਰਾਂ ਵੀ ਯਾਦਗਾਰੀ ਹਨ । ਚਿੱਤਰਕਾਰੀ ਦੇ ਤੌਰ ਤੇ ਵਰਤੀਆਂ ਤਸਵੀਰਾਂ ਦੀ ਵੀ ਮੰਗ ਅਨੁਸਾਰ ਵਰਤੋਂ ਕੀਤੀ ਗਈ ਹੈ ਜੋ ਕਿ ਆਪਣਾਂ ਵੱਖਰਾ ਹੀ ਪ੍ਰਭਾਵ ਛੱਡਦੀਆਂ ਹਨ । ਬਹੁਤ ਹੀ ਛੋਟੀ ਉਮਰ ਵਿੱਚ ਹਰ ਵਿਸ਼ੇ ਤੇ ਚੰਗੀ ਪਕੜ ਰੱਖਣ ਵਾਲੇ ਇਸ ਨੌਜਵਾਨ ਲੇਖਕ ਤੋਂ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਸਾਹਿੱਤਕ ਖੇਤਰ ਨੂੰ ਹੋਰ ਵੀ ਵੱਡੀਆਂ ਪਰਾਪਤੀਆਂ ਦੀ ਆਸ ਰਹੇਗੀ ਜਿਸ ਨਾਲ ਪੰਜਾਬੀ ਸਾਹਿੱਤ ਦੁਨੀਆਂ ਦੇ ਵੱਡੇ ਸਾਹਿੱਤਕ ਖੇਤਰ ਵਿੱਚ ਸਾਮਲ ਹੋਣ ਵੱਲ ਇੱਕ ਵੱਡੀ ਪੁਲਾਂਘ ਪੁੱਟੇਗਾ ।

Tags: