HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਦੇਸ਼ ਦੇ ਬਦਲੇ ਸਿਆਸੀ ਹਾਲਾਤ: ਅਕਾਲੀ ਬੀਜੇਪੀ ਰਿਸ਼ਤੇ ਤਿੜਕਣੇ ਲਾਜ਼ਮੀ


Date: Dec 09, 2014

ਬਲਜੀਤ ਬੱਲੀ
ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਏਜੰਡੇ ਜਾਂ ਕਰ-ਵਿਹਾਰ ਬਾਰੇ ਕਿਸੇ ਦੀ ਰਾਏ ਕੋਈ ਵੀ ਹੋ ਸਕਦੀ ਹੈ ।ਸ਼ਾਇਦ ਉਦੋਂ ਮੇਰੇ ਵਰਗੇ ਹੋਰਨਾ ਬਹੁਤ ਸਾਰੇ ਲੋਕਾਂ ਨੂੰ ਇਹ ਲਗਦਾ ਹੋਵੇ ਕਿ ਬਾਦਲ ਇਹ ਵੇਲਾ ਵਿਹਾ ਚੁੱਕੀਆਂ ਗੱਲਾਂ ਕਰ ਰਹੇ ਨੇ ਪਰ ਇਹ ਹਕੀਕਤ ਹੈ ਅਮਨ ਅਤੇ ਸਦਭਾਵਨਾ ਦਾ ਮੁੱਦਾ ਪੰਜਾਬ ਲਈ ਹਮੇਸ਼ਾ ਹੀ ਅਹਿਮ ਰਿਹਾ ਹੈ ਰਹੇਗਾ। ਪੰਜਾਬ ਦੀ ਭੂਗੋਲਿਕ ਪੁਜ਼ੀਸ਼ਨ,ਮੁਲਕ ਦੀ ਸਿੱਖ ਘੱਟਗਿਣਤੀ ਦੀ ਬਹੁਗਿਣਤੀ ਵਸੋਂ ਅਤੇ ਦੋ ਦਹਾਕੇ ਤੋਂ ਵੀ ਵੱਧ ਹਿੰਸਾ ਦੀ ਮਾਰ ਹੇਠ ਰਹਿਣਾ ਆਦਿਕ ਅਜਿਹੇ ਕਾਰਨ ਹਨ ਜਿਨ੍ਹਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਹੁਣ ਇੱਕ ਵਾਰ ਫਿਰ ਪੰਜਾਬ ਵਿਚ ਸੰਭਾਵੀ ਸਿਆਸੀ ਉਲਟ-ਪੁਲਟ ਹੋਣ ઠਦੇ ਨਾਲ ਨਾਲ ਹੀ ਸੂਬੇ ਦੀ ਫ਼ਿਰਕੂ ਸਦਭਾਵਨਾ ਦੇ ਭਵਿੱਖ ਬਾਰੇ ਵੀ ਸਵਾਲ ਖੜ੍ਹੇ ਹੋਣ ਲੱਗੇ ਨੇ।ਮੁਲਕ ਦੇ ਅਤੇ ਨਾਰਥ ਰਿਜਨ ਦੇ ਬਦਲ ਰਹੇ ਸਿਆਸੀ ਹਾਲਾਤ ਵਿਚ ਜਦੋਂ ਜੈਤੋ ਵਰਗੇ ਸ਼ਹਿਰ ਬੰਦੂਕਾਂ- ਪਿਸਤੌਲਾਂ ਵਾਲੇ ਆਰ ਐਸ ਐਸ ਕਰਿੰਦਿਆਂ ਦੇ ਮਾਰਚ ਦੀ ਫੋਟੋ ਛਪਦੀ ਹੈ ਤੇ ਜਦੋਂ ਕਾਂਗਰਸੀ ਆਗੂਆਂ, ਖੱਬੇ-ਪੱਖੀਆਂ ਅਤੇ ਗਰਮਖਿਆਲੀ ਸਿੱਖਾਂ ਨੇ ਪੰਜਾਬ ਵਿਚ ਆਰ ਐਸ ਐਸ ਦੀਆਂ ਤੇਜ਼ ਹੋਈਆਂ ਸਰਗਰਮੀਆਂ ਅਤੇ ਪਸਾਰੇ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੈ।ਮਾਮਲਾ ਗੰਭੀਰ ਇਸ ਕਰਕੇ ਹੈ ਕਿ ਉਨ੍ਹਾ ਦੋਸ਼ ਇਹੀ ਲਾਏ ਨੇ ਇਸ ਨਾਲ ਫ਼ਿਰਕੂ ਤਣਾਅ ਪੈਦਾ ਹੋਵੇਗਾ।
ਇਹ ਖ਼ਬਰਾਂ ਉਸ ਵੇਲੇ ਆ ਰਹੀਆਂ ਨੇ ਜਦੋਂ ਅਕਾਲੀ ਦਲ ઠਅਤੇ ਬੀ ਜੇ ਪੀ ਗੱਠਜੋੜ ਦੇ ਭਵਿੱਖ ਤੇ ਵੀ ਸਵਾਲ ਖੜ੍ਹੇ ਹੋ ઠਰਹੇ ਨੇ।ઠਤਾਂ ਪੰਜਾਬ ਦੇ ਅਮਨ ਅਤੇ ਸਦਭਾਵਨਾ ਬਾਰੇ ਮੁੜ ਉਹੀ ਸਵਾਲ ਤੇ ਖ਼ਦਸ਼ੇ ઠਖੜ੍ਹੇ ਹੋਣੇ ਲਾਜ਼ਮੀ ਨੇ। ਅਖ਼ਬਾਰੀ ਕਿਆਸ-ਬਾਜ਼ੀਆਂ ਨੂੰ ਇੱਕ ਪਾਸੇ ਵੀ ਰੱਖ ਦੇਈਏ ਪਰ ਇਹ ਇੱਕ ਹਕੀਕਤ ਹੈ ਕਿ ਹਰਿਆਣੇ ਦੀਆਂ ਵਿਧਾਨ ਸਭ ਚੋਣਾਂ ਤੋਂ ਬਾਅਦ ਅਕਾਲੀ ਦਲ ਅਤੇ ਬੀ ਜੇ ਪੀ ਦੇ ਸਿਆਸੀ ਰਿਸ਼ਤੇ ਵਿਚ ਕੁਝ ਖਟਾਸ ਸ਼ਾਮਲ ਹੋ ਗਈ ਹੈ। ਇਨ੍ਹਾ ਚੋਣਾਂ ਵਿਚ ਅਕਾਲੀ ਦਲ ਵੱਲੋਂ ਬੀ ਜੇ ਪੀ ਦੇ ਤੇਜ਼ ਰਫ਼ਤਾਰ ਮੋਦੀ-ਰਥ ਦੇ ਰਸਤੇ ઠਵਿਚ ਡੂੰਘੇ ਖੱਡੇ ਪੁੱਟਣ ਦੀ ਨਾਕਾਮ ਕੋਸ਼ਿਸ਼ ਨੇ ਇੱਕ-ਦੂਜੇ ਬਾਰੇ ਸ਼ੱਕ-ਸ਼ੁਭਾ ਅਤੇ ਬੇਭਰੋਸਗੀ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ । ਉਂਝ ਤਾਂ ਪੰਜਾਬ ਅੰਦਰ ਵੀ ਪਿਛਲੇ ਸਮੇਂ ਦੌਰਾਨ ਅਕਾਲੀ ਬੀ ਜੇ ਪੀ ਗੱਠਜੋੜ ਅੰਦਰ ਕਾਫ਼ੀ ਖਿੱਚੋਤਾਣ ਚਲਦੀ ਰਹੀ ਹੈ।ਵੱਖਰੀ ਹਰਿਆਣਾ ਕਮੇਟੀ ਦੇ ਮੁੱਦੇ ਤੇ ਅਕਾਲੀ ਲੀਡਰਸ਼ਿਪ ਅੰਦਰ ਇਹ ਭਾਵਨਾ ਮੌਜੂਦ ਹੈ ਕਿ ਮੋਦੀ ਸਰਕਾਰ ਅਤੇ ਬੀ ਜੇ ਪੀ ਨੇ ਅਕਾਲੀ ਦਲ ਨੂੰ ਡਿੱਚ ਕੀਤਾ ।
ਹਰਿਆਣੇ ਦੀ ਚੋਣ ਨੇ ਮੋਦੀ ਤੇ ਅਕਾਲੀ ਕੀਤੇ ਆਹਮੋ-ਸਾਹਮਣੇ
ਮੋਦੀ ਸਰਕਾਰ ਨੇ ਬਾਦਲ ਸਰਕਾਰ ਨੂੰ ਵਿੱਤੀ ਸਹਾਰਾ ਦੇਣ ਤੋਂ ਵੀ ਕਿਨਾਰਾ ਕੀਤਾ । ਖੁੱਲ੍ਹੇਆਮ ਬਿਆਨਬਾਜ਼ੀ ਕਰਕੇ ਬਾਦਲ ਅਤੇ ਸੁਖਬੀਰ ਲਈ ਕਸੂਤੀ ਹਾਲਤ ਵੀ ਪੈਦਾ ਕੀਤੀ। ਸ਼ਾਇਦ ਅਕਾਲੀ ਦਲ ਵੱਲੋਂ ਹਰਿਆਣੇ ਵਿੱਚ ઠਚੌਟਾਲਾ ਪਰਿਵਾਰ ਦੀ ਅਗਵਾਈ ਹੇਠਲੀ ਇਨੈਲੋ ਦੀ ਤਨੋ, ਮਨੋ ਅਤੇ ਧਨੋ ਕੀਤੀ ਗਈ ਹਮਾਇਤ ਪਿਛੇ ਇਹੀ ਪਿਛੋਕੜ ਵੀ ਆਧਾਰ ਸੀ । ਜੇ ਇਹ ਕਿਹਾ ਜਾਵੇ ਕਿ ਬਾਦਲ ਦਲ ਅਤੇ ਸੁਖਬੀਰ ਨੇ ਇਹ ਚੋਣ ਜੂਆ ਹੀ ਖੇਡਿਆ ਸੀ ਤਾਂ ਕੋਈ ਵੱਡੀ ਗੱਲ ਨਹੀਂ।ਹਰਿਆਣੇ ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਭੂਮਿਕਾ ઠਨੇ ਅਕਾਲੀ ਦਲ ਨੂੰ ਸਿਰਫ਼ ਪੰਜਾਬ ਜਾਂ ਹਰਿਆਣੇ ਦੀ ਬੀ ਜੇ ਪੀ ਹੀ ਦੇ ਵਿਰੋਧ ਵਿਚ ਹੀ ਨਹੀਂ ਖੜ੍ਹਾ ਕੀਤਾ ਸਗੋਂ ਬੀ ਜੇ ਪੀ ਦੀ ਕੌਮੀ ਲੀਡਰਸ਼ਿਪ ਅਤੇ ਨਰੇਂਦਰ ਮੋਦੀ ਨਾਲ ਸਿੱਧੇ ਸਿਆਸੀ ਟਕਰਾਅ ਵਿਚ ਲੈ ਆਂਦਾ ਸੀ। ਸਭ ਨੂੰ ਪਤਾ ਹੈ ਕਿ ਹਰਿਆਣਾ ਚੋਣ ਮੋਦੀ ਨੇ ਆਪਣਾ ਵੱਕਾਰ ਦਾ ਸਵਾਲ ਬਣਾ ਕੇ ਲੜੀ ਸੀ ।ਇਨੈਲੋ ਅਤੇ ਅਕਾਲੀ ਦਲ ਦੀ ਜਿੱਤ-ਹਾਰ ਸਿੱਧੀ ਮੋਦੀ ਦੀ ਜਿੱਤ-ਹਾਰ ਨਾਲ ਜੁੜੀ ਹੋਈ ਸੀ ।
ਹੁਣ ਜੂਨੀਅਰ ਪਾਰਟਨਰ ਨਹੀਂ ਬਣੀ ਰਹਿਣਾ ਚਾਹੁੰਦੀ ਬੀ ਜੇ ਪੀ ਬੀ ਜੇ ਪੀ ?
ਮਹਰਾਸ਼ਟਰ ਅਤੇ ਹਰਿਆਣੇ ਦੇ ਵਿਧਾਨ ਸਭਾ ਚੋਣ ਨਤੀਜਿਆਂ ਦੇ ਸਿੱਟੇ ਵਜੋਂ ਦੋਵਾਂ ਸੂਬਿਆਂ ਵਿਚ ਬੀ ਜੇ ਪੀ ਸਰਕਾਰਾਂ ਕਾਇਮ ਹੋਈਆਂ। ਬੀ ਜੇ ਪੀ ਦੇ ਵੋਟ ਫ਼ੀਸਦੀ ਵਿੱਚ ਇੱਕ ਦਮ ਵਾਧਾ ਹੋਇਆ ਹੈ ।ਖ਼ਾਸ ਕਰਕੇ ਹਰਿਆਣੇ ਵਿੱਚ ਬੀ ਜੇ ਪੀ ਨੂੰ ਮਿਲੀ ਵੱਡੀ ਸਫਲਤਾ ਨੇ ਇਸ ਰੀਜਨ ਵਿਚ ਸਿਆਸੀ ਸਮਤੋਲ ਅੱਪਸੈਟ ਕਰ ਦਿੱਤਾ ਹੈ। ਨਵਜੋਤ ਸਿੱਧੂ ਵੱਲੋਂ ਹਰਿਆਣੇ ਦੀ ਚੋਣ ਵਿਚ ਅਕਾਲੀ ਦਲ ਅਤੇ ਬਾਦਲ ਸਰਕਾਰ ਤੇ ਕੀਤੇ ਤਾਬੜ-ਤੋੜ ਹਮਲਿਆਂ ਨਾਲ ਅਕਾਲੀ-ਬੀ ਜੇ ਪੀ ਗੱਠਜੋੜ ઠਦੇ ਭਵਿੱਖ ਬਾਰੇ ਸਵਾਲ ਖੜ੍ਹੇ ਹੋਣੇ ਲਾਜ਼ਮੀ ਸਨ । ਬੀ ਜੇ ਪੀ ਅੰਦਰ ਇਹ ਧਾਰਨਾ ਸ਼ੁਰੂ ਹੋ ਗਈ ਹੈ ਕਿ ਅਕਾਲੀ ਦਲ ਅਤੇ ਖ਼ਾਸ ਕਰਕੇ ਇਸ ਦੀ ਲੀਡਰਸ਼ਿਪ ਜੋ ਕਿਸੇ ਵੇਲੇ ઠਵੱਡਾ ਸਿਆਸੀ ਸਹਾਰਾ ਅਤੇ ਐਸੱਟ ਹੁੰਦੀ ਸੀ , ਉਹ ਹੁਣ ਇੱਕ ਲਾਇਬਿਲਟੀ (ਬੋਝ) ਬਣਦੀ ਜਾ ਰਹੀ ਹੈ ।
ਬੀ ਜੇ ਪੀ ਅੰਦਰ ਇਹ ਭਾਵਨਾ ਵੀ ਜ਼ੋਰ ਫੜ ਰਹੀ ਹੈ ਕਿ ਬਾਦਲ ਸਰਕਾਰ ਦੇ ਖ਼ਿਲਾਫ਼ ਬਣੀ ਐਂਟੀ ਇਨਕਮਬੈਸੀ ਨੂੰ ਅਕਾਲੀ ਦਲ ਦੇ ਸਿਰ ਹੀ ਮੜ੍ਹਕੇ ਨਾ ਸਿਰਫ ਇਸ ਤੋਂ ਖੁਦ ਬਚਿਆ ਜਾਵੇ ਸਗੋਂ ਕਾਂਗਰਸ ਦੀ ਥਾਂ ਇਸ ਦਾ ਖੁਦ ਲਾਹਾ ਵੀ ਲਿਆ ਜਾਵੇ।ਪੰਜਾਬ ਬੀ ਜੇ ਪੀ ਅਤੇ ਇਸਦੇ ਨੇਤਾ ਅਤੇ ਵਰਕਰ , ਗੱਠਜੋੜ ਵਿਚ ਜੂਨੀਅਰ ਹਿੱਸੇਦਾਰ ਵੱਜੋਂ ਵਿਚਰਦੇ ਰਹੇ ਨੇ। ਉਨ੍ਹਾ ਨੂੰ ਹਮੇਸ਼ਾਂ ਸ਼ਿਕਾਇਤ ਰਹੀ ਹੈ ਕਿ ਬਾਦਲ ਸਰਕਾਰ ਵਿੱਚ ਨਾ ਤਾਂ ਬਣਦੀ ਹਿੱਸੇਦਾਰੀ ਉਨ੍ਹਾ ਨੂੰ ਮਿਲਦੀ ਹੈ ਅਤੇ ਨਾ ਹੀ ਉਨ੍ਹਾ ਦੀ ਬਣਦੀ ਸੱਦ-ਪੁੱਛ ਹੈ।ਬਦਲੀ ਹੋਈ ਹਾਲਤ ਵਿਚ ਬੀ ਜੇ ਪੀ ਅੰਦਰ ਹੁਣ ਜੂਨੀਅਰ ਪਾਰਟਨਰ ਦੀ ਥਾਂ ਬਰਾਬਰ ਦੀ ਹਿੱਸੇਦਾਰ ਦੀ ਇੱਛਾ ਅਤੇ ਲਾਲਸਾ ਉੱਭਰ ਰਹੀ ਹੈ।
ਹਰਿਆਣੇ ਵਾਂਗ ਗ਼ੈਰ-ਜੱਟ ਵੋਟ ਤੇ ਟੇਕ -- ?
ਦੂਜੀ ਗੱਲ, ਉੱਪਰ ਤੋਂ ਲੈਕੇ ਹੇਠਾਂ ਤੱਕ ਬੀ ਜੇ ਪੀ ਅੰਦਰ ਹਰ ਸੂਬੇ ਵਿਚ ਖੇਤਰੀ ਪਾਰਟੀਆਂ ਦੀ ਜਗਾ ਹਾਸਲ ਕਰਨ ਦੀ ਸਿਆਸੀ ਹਵਸ ਵੀ ਸਾਫ਼ ਦਿਖਾਈ ਦੇ ਰਹੀ ਹੈ।ਇਸਤੋਂ ਇਲਾਵਾ ਹਰਿਆਣਾ ਵਿਚ ਜੋ ਹਿੰਦੂ ਵੋਟ ਬੈਂਕ ਦੇ ਨਾਲ ਨਾਲ ਗ਼ੈਰ ਜਾਟ ਵੋਟ ਇਕੱਠਾ ਕਰਕੇ ਰਾਜ ਭਾਗ ਤੇ ਕਾਬਜ਼ ਹੋਣ ਦਾ ਜੋ ਸਫ਼ਲ ਤਜ਼ਰਬਾ ਮੋਦੀ-ਅਮਿਤ ਜੋੜੀ ਨੇ ਕੀਤਾ ਹੈ , ਇਸੇ ਨੂੰ ਪੰਜਾਬ ਵਿਚ ਲਾਗੂ ਕਰਨ ਦੀ ਲਾਲਸਾ ਵੀ ਬੀ ਜੇ ਪੀ ਲੀਡਰਸ਼ਿਪ ਅੰਦਰ ਪਨਪਣੀ ਸ਼ੁਰੂ ਹੋ ਗਈ ਹੈ।ਹਰਿਆਣੇ ਵਾਂਗ ਪੰਜਾਬ ਵਿਚ ਵੀ ਜੱਟ ਵੋਟ ਬੈਂਕ ਤੀਜੇ ਹਿੱਸੇ ਤੋਂ ਵੀ ਘੱਟ ਹੈ ਪਰ ਫਿਰ ਵੀ ਕਾਂਗਰਸ ઠਅਤੇ ਅਕਾਲੀ ਦਲ ਵਿਚ ਜੱਟ ਰਾਜਨੀਤੀ ਹਾਵੀ ਰਹਿੰਦੀ ਹੈ। ਬੀ ਜੇ ਪੀ ਨੇ ਇਸ ਗਿਣਤੀ-ਮਿਣਤੀ ਦਾ ਸਿਆਸੀ ਲਾਹਾ ਲੈਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।ਵਿਜੇ ਸਾਂਪਲਾ ਨੂੰ ਕੇਂਦਰੀ ਮੰਤਰੀ ਥਾਪਣਾ ਪੰਜਾਬ ਵਿਚਲੀ ੩੧.੦੯ ਫ਼ੀਸਦੀ ਦਲਿਤ ਆਬਾਦੀ ਵੱਲ ਹੀ ਸੇਧਤ ਹੈ।ਉੱਤੋਂ ਬੀ ਜੇ ਪੀ ਦੇ ਸੁਪਰੀਮੋ ਦਾ ਰੁਤਬਾ ਹਾਸਲ ઠਕਰ ਚੁੱਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਰਵਾਇਤੀ ਰਾਜਨੀਤੀ ਦੀ ਚਾਰਦੀਵਾਰੀ ਤੋੜ ਕੇ ਲੋਕਾਂ ਨੂੰ ਨਵੇਂ ਦਿਸ-ਹੱਦੇ ਦਿਖਾ ਸਕਣ ਦੀ ਕਾਰਾਗਿਰੀ ਵੀ ਆਉਂਦੀ ਹੈ ।
ਬਾਈ-ਪੋਲਰ ਰਾਜਨੀਤੀ ਵੱਲ ਵਧਦੀ ਬੀ ਜੇ ਪੀ
ਬੀ ਜੇ ਪੀ ਅਤੇ ਅਕਾਲੀ ਦਲ ਦੇ ਰਿਸ਼ਤੇ ਨੂੰ ਉਲਟੇ ਰੁਖ਼ ਪ੍ਰਭਾਵਤ ਕਰਨ ਵਾਲਾ ਇੱਕ ਹੋਰ ਪਹਿਲੂ ਵੀ ਹੈ। ਪ੍ਰਧਾਨ ਮੰਤਰੀ ਮੋਦੀ ਆਪਣਾ, ਆਪਣੀ ਸਰਕਾਰ , ਪਾਰਟੀ , ਆਲੇ ਦੁਆਲੇ ਅਤੇ ਬੀ ਜੇ ਪੀ ਦੀਆਂ ਸੂਬਾ ਸਰਕਾਰਾਂ ਦਾ ਅਕਸ ਭਰਿਸ਼ਟਾਚਾਰ,ਟੱਬਰਦਾਰੀ ਅਤੇ ਕੁਨਬਾਪ੍ਰਸਤੀ -ਮੁਕਤ ਪੇਸ਼ ਕਰਨ ਦਾ ਯਤਨ ਕਰ ਰਹੇ ਨੇ। ਮੋਦੀ ਦੀ ਇਹ ਕੋਸਿਸ਼ ਵੀ ਬਾਦਲ ਸਰਕਾਰ ਦੇ ਖ਼ਾਸੇ ਨਾਲ ਕੁਝ ਪੱਖੋਂ ਟਕਰਾਅ ਵਿਚ ਆ ਰਹੀ ਹੈ।ਜੇਕਰ ਬੀ ਜੇ ਪੀ ਅਕਾਲੀ ਦਲ ਨਾਲ ਗੱਠਜੋੜ ਵਿਚ ਹੀ ਰਹਿੰਦੀ ਹੈ ਤਾਂ ਇਸ ਵਿਰੋਧਤਾਈ ਨੂੰ ਉਹ ਕਿਸ ਤਰ੍ਹਾਂ ਨਜਿੱਠਣਗੇ , ਇਹ ਸਮਾਂ ਹੀ ਦੱਸੇਗਾ।ਉਂਝ ਵੀ ਇਸ ਵੇਲੇ ਬੀ ਜੇ ਪੀ ਦੀ ਕਮਾਂਡ ਸੰਭਾਲ ਰਹੀ ਮੋਦੀ -ਅਮਿਤ ਜੋੜੀ ਦੇ ਰੁੱਖ ਤੋਂ ਇਹ ਸੰਕੇਤ ਮਿਲਦੇ ઠਹਨ ਕਿ ਉਹ ਮੁਲਕ ਵਿਚ ਬਾਈ-ਪੋਲਰ ਰਾਜਨੀਤੀ ਭਾਵ ਅਮਰੀਕਾ ਵਾਂਗ ਦੋ ਪਾਰਟੀ ਸਿਸਟਮ ਮੁਲਕ ਵਿਚ ਰੱਖਣਾ ਚਾਹੁੰਦੇ ਹਨ। ਬੀ ਜੇ ਪੀ ਕੋਸ਼ਿਸ਼ ਕਰੇਗੀ ਕਿ ਰਿਜਨਲ ਪਾਰਟੀਆਂ ਦਾ ਏਜੰਡਾ ਖ਼ੁਦ ਆਪਣਾ ਲਿਆ ਜਾਵੇ ਤਾਂ ਕਿ ਇਨ੍ਹਾ ਖੇਤਰੀ ਪਾਰਟੀਆਂ ਦੇ ਰੈਲੇਵੈਂਸ ਹੀ ਨਾਮਾਤਰ ਰਹਿ ਜਾਵੇ ।
ਬੀ ਜੇ ਪੀ ਦੀ ਪੁਰਾਣੀ ਲੀਡਰਸ਼ਿਪ ਨਾਲ ਅਕਾਲੀ ਲੀਡਰਸ਼ਿਪ ਅਤੇ ਖ਼ਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਲੰਮੀ ਸਾਂਝ ਵੀ ਸੀ ਅਤੇ ਸੁਰਮੇਲ ਵੀ ਪਰ ਹੁਣ ਇਹ ਸਥਿਤੀ ਨਹੀਂ ਰਹੀ । ਅਜਿਹੇ ਉੱਸਰ ਰਹੇ ਮਾਹੌਲ ਵਿਚ ਅਕਾਲੀ -ਬੀ ਜੇ ਪੀ ਗੱਠਜੋੜ ਵਿਚ ਤਬਦੀਲੀ ਆਉਣੀ ਲਾਜ਼ਮੀ ਹੈ। ਗੱਠਜੋੜ ਦੀ ਉਮਰ ਬਹੁਤ ਲੰਮੀ ਹੋਣ ਕਾਰਨ ਤੱਤਾਂ ਤੋਂ ਪਹਿਲਾਂ ਇਸ ਵਿਚ ਕਈ ਉਤਰਾ -ਚੜ੍ਹਾਅ ਅਤੇ ਮੋੜ-ਘੋੜ ਵੀ ਆ ਸਕਦੇ ਨੇ।
ਉਂਝ ਅਕਾਲੀ ਦਲ ਅਤੇ ਬੀ ਜੇ ਪੀ ਦੀ ਲੀਡਰਸ਼ਿਪ ਦਾ ਇੱਕ ਹਿੱਸਾ ਇਹ ਵੀ ਸੋਚਦਾ ਹੈ ਪੰਜਾਬ ਵਿਚੋਂ ਕਾਂਗਰਸ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਅੱਜ ਦੇ ਹਾਲਾਤ ਵਿਚ ਬੀ ਜੇ ਪੀ ਦਾ ਬਾਦਲ ਸਰਕਾਰ ઠਨਾਲੋਂ ਵੱਖ ਹੋਣਾ ਦੋਹਾਂ ਧਿਰਾਂ ਲਈ ਲਾਹੇਵੰਦ ਵੀ ਹੋ ਸਕਦਾ ਹੈ । ਇਸ ਪਿੱਛੇ ਦਲੀਲ ਇਹ ਹੈ ਕਿ ਅਜਿਹਾ ਨਾ ਹੋਣ ਦੀ ਹਾਲਤ ਵਿਚ ઠਬਾਦਲ ਸਰਕਾਰ ਦੇ ਖ਼ਿਲਾਫ਼ ਬਣੀ ਐਂਟੀ-ਇਨਕਮਬੈਂਸੀ ਨੂੰ ਕਾਂਗਰਸ ਇਕੱਲੀ ਕੈਸ਼ ਕਰ ਸਕਦੀ ਹੈ ।
ਅਜੇ ਵੀ ਸੰਵੇਦਨਸ਼ੀਲ ਹੈ ਪੰਜਾਬ ਫ਼ਿਰਕੂ ਸਦਭਾਵਨਾ ਪੱਖੋਂ
ਇੱਕ ਅਹਿਮ ਪਹਿਲੂ ਵਿਚਾਰਨ ਯੋਗ ਹੈ ਕਿ ਅਕਾਲੀ ਦਲ ਅਤੇ ਬੀ ਜੇ ਦਾ ਗੱਠਜੋੜ ਮਹਾਰਾਸ਼ਟਰ ਵਿਚਲੇ ਸ਼ਿਵ ਸੈਨਾ ਵਿਚਲੇ ਗੱਠ ਜੋੜ ਵਰਗਾ ਨਹੀਂ ਸਗੋਂ ਇਸ ਨਾਲੋਂ ਬਿਲਕੁਲਾ ਵੱਖਰਾ ਹੈ। ਜਦੋਂ ੧੯੯੬ ਵਿਚ ਇਹ ਦੁਬਾਰਾ ਹੋਂਦ ਵਿਚ ਆਇਆ ਸੀ ਉਦੋਂ ਪੰਜਾਬ ਅਤੇ ਸਾਰੇ ਮੁਲਕ ਭਰ ਵਿਚ ਤਨਾਅ-ਭਰਪੂਰ ਬਣੇ ਹਿੰਦੂ-ਸਿੱਖ ਰਿਸ਼ਤਿਆਂ ਵਿਚ ਮੋੜਾ ਪਾਉਣ ਵਾਲਾ ਸਾਬਤ ਹੋਇਆ ਸੀ । ਜੇਕਰ ਹੁਣ ਇਹ ਖ਼ਤਮ ਵੀ ਹੁੰਦਾ ਹੈ ਤਾਂ ਇਹ ਵਿਚਾਰਨਾ ਪਵੇਗਾ ਕਿ ਇਸਦਾ ਅਸਰ ਕੀ ਹੋਵੇਗਾ। ੧੫ ਵਰ੍ਹੇ ਅੱਤਵਾਦ ਦਾ ਸੰਤਾਪ ਭੋਗਦੇ ਰਹੇ ਪੰਜਾਬ ਵਰਗੇ ਸੰਵੇਦਨਸ਼ੀਲ ਸੂਬੇ ઠਵਿਚ ਅਕਾਲੀ -ਬੀ ਜੇ ਗੱਠਜੋੜ ਸਿਰਫ਼ ਰਾਜਨੀਤਿਕ ਨਹੀਂ ਸਗੋਂ ਇਸ ਨਾਲ ਸਮਾਜਿਕ ਤੰਦਾਂ ਵੀ ਜੁੜੀਆਂ ਹੋਈਆਂ ਨੇ ।
ਜੇਕਰ ਬੀ ਜੇ ਪੀ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰਦੀ ਹੈ ਤਾਂ ઠਬਿਨਾਂ ਕੁਝ ਕਹੇ ਅਤੇ ਬਿਨਾਂ ਕਿਸੇ ਕੋਸਿਸ਼ ਤੋਂ ਅਕਾਲੀ -ਬੀ ਜੇ ਗੱਠਜੋੜ ઠਦੇ ਟੁੱਟ ਜਾਣ ਦਾ ਪ੍ਰਭਾਵ ਪੰਜਾਬੀ ਸਮਾਜ ਵਿਚਲੇ ਦੋ ਭਾਈਚਾਰਕ ਫ਼ਿਰਕਿਆਂ ਦੇ ਆਪਸੀ ਸਬੰਧਾਂ ਤੇ ਵੀ ਪੈ ਸਕਦਾ ਹੈ ।
ਕੇਂਦਰ-ਵਿਰੋਧੀ ਅਤੇ ਪੰਥਕ ਏਜੰਡੇ ਵੱਲ ਵਧੇਗਾ ਅਕਾਲੀ ਦਲ
ਇਸ ਘਟਨਾਕ੍ਰਮ ਦਾ ਨਤੀਜਾ - ਅਕਾਲੀ ਦਲ ਦੇ ਮੁੜ ਪੰਥਕ ਏਜੰਡੇ ਅਤੇ ਕੇਂਦਰ ਵਿਰੋਧ ਵਾਲੀ ਰਵਾਇਤੀ ਨੀਤੀ ਵੱਲ ਪਰਤਣ ਅਤੇ ਮੁੜ ਪੰਜਾਬ ਦੇ ਦੱਬੇ ਹੋਏ ਸਿਆਸੀ ਮੁੱਦਿਆਂ ਨੂੰ ਉਛਾਲਣ ਵਿਚ ਨਿਕਲ ਸਕਦਾ ਹੈ । ਚੰਡੀਗੜ੍ਹ ਅਤੇ ਪੰਜਾਬ ਦੇ ਇਲਾਕਾਈ ਅਤੇ ਇੰਟਰ-ਸਟੇਟ ਮੁੱਦਿਆਂ ਨੂੰ ਲੈਕੇ ਬਿਆਨਬਾਜ਼ੀ ਅਤੇ ਮਿਹਣੇਬਾਜ਼ੀ ਸ਼ੁਰੂ ਹੋ ਵੀ ਗਈ ਹੈ। ਲਗਦਾ ਹੈ ਅਕਾਲੀ ਦਲ ਅਤੇ ਬੀ ਜੇ ਪੀ ਦੋਵੇਂ ਪਾਰਟੀਆਂ ਨੇ ਹੀ ਸੈੱਲਫ ਡਿਫੈਂਸ ਅਤੇ ਔਫੈਂਸ ਦੀ ਸਿਆਸੀ ਖੇਡ ਸ਼ੁਰੂ ਕਰ ਦਿੱਤੀ ਹੈ।
ਬੀ ਜੇ ਪੀ ਦੇ ਤਿੱਖੇ ਤੇਵਰਾਂ ਅਤੇ ੨੦੧੭ ਵਿਧਾਨ ਸਭਾ ਚੋਣਾਂ ਵੱਖ ਹੋ ਕੇ ਲੜਨ ਦੀ ਤਿਆਰੀ ਨੂੰ ਭਾਂਪਦੇ ਹੋਏ ਅਕਾਲੀ ਲੀਡਰਸ਼ਿਪ ਅਤੇ ਖ਼ਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਮੇ ਸਮੇਂ ਤੋਂ ਭੁੱਲੇ ਅਤੇ ਦੱਬੇ ਹੋਏ ਰਾਜਧਾਨੀ ਚੰਡੀਗੜ੍ਹ ਅਤੇ ਬਾਕੀ ਅੰਤਰ- ਰਾਜੀ ਅਤੇ ਬਾਰਡਰ ਤੋਂ ਹੋ ਰਹੀ ਡਰੱਗ ਸਮਗਲਿੰਗ ਦੇ ਮੁੱਦੇ ਚੁੱਕਣੇ ਸ਼ੁਰੂ ਕਰ ਦਿੱਤੇ ਹਨ।ਇਸ ਪਿਛੇ ਵੀ ਦੋ ਮਕਸਦ ਹੋ ਸਕਦੇ ਨੇ -ਇੱਕ ਤਾਂ ਮੋਦੀ ਸਰਕਾਰ ਅਤੇ ਬੀ ਜੇ ਪੀ ਦਾ ਅੱਗਾ ਵਲਣਾ ਅਤੇ ਦੂਜਾ ਲੋੜ ਪੈਣ ਤੇ ਫੇਰ ਪੰਜਾਬ ਦੇ ਸਿਆਸੀ ਅਤੇ ਪੰਥਕ ਮੁੱਦੇ ਮੁੜ ਉਭਰਨ ਲਈ ਆਧਾਰ ਤਿਆਰ ਕਰਨਾ । ਸੁਖਬੀਰ ਬਾਦਲ ਨੇ ਤਾਂ ੮੪ ਦੇ ਸਿੱਖ ਕਤਲੇਆਮ ਦੇ ਮੁੱਦੇ ਤੇ ਸਿੱਧੇ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਕਟਹਿਰੇ ਵਿਚ ਖੜਾ ਕਰਨ ਦਾ ਯਤਨ ਕੀਤਾ ਹੈ ।
ਉਂਝ ਲੋਕਾਂ ਦੇ ਅਸਲ ਅਤੇ ਆਰਥਕ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਅਜਿਹੇ ਉਲਝੇ ਮੁੱਦਿਆਂ ਦੀ ਰਾਜਨੀਤੀ ਆਮ ਤੌਰ ਤੇ ਸਿਆਸਤਦਾਨਾਂ ਅਤੇ ਨੇਤਾਵਾਂ ਦੇ ਫ਼ਿੱਟ ਬੈਠਦੀ ਹੈ । ਸੁਚੱਜਾ ਰਾਜਪ੍ਰਬੰਧ ਦੇਣ ਅਤੇ ਲੋਕ-ਮੁਖੀ ਪ੍ਰਸ਼ਾਸ਼ਨ ਦੇਣ ਵਿਚ ਹੋਈ ਨਾਕਾਮੀ ਵੇਲੇ ਅਜਿਹੇ ਮੁੱਦੇ ਉਨ੍ਹਾ ਲਈ ਵਰਦਾਨ ਸਾਬਤ ਹੁੰਦੇ ਨੇ ਰਾਜਨੀਤੀ ਵਿਚ ਕਿਸੇ ਵੀ ਵੇਲੇ ਕਿਸੇ ਵੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।ਇਹ ਵੀ ਹੋ ਸਕਦਾ ਹੈ ਕਿ ਅਕਾਲੀ ਲੀਡਰਸ਼ਿਪ ਸਿਆਸੀ ਪਹਿਲਕਦਮੀ ਆਪਣੇ ਹੱਥ ਵਿਚ ਰੱਖਣ ਲਈ ਖ਼ੁਦ ਹੀ ਬੀ ਜੇ ਪੀ ਨਾਲੋਂ ਤੋੜ-ਵਿਛੋੜਾ ਕਰਨ ਦੀ ਪਹਿਲ ਕਰ ਲਵੇ ।
ਸਿੱਖ ਰਾਜਨੀਤੀ ਵਿਚ ਵੀ ਮੁੜ ਹੋ ਸਕਦੀ ਹੈ ਮੁਕਾਬਲੇਬਾਜ਼ੀ
ਦੂਜੇ ਪਾਸੇ ਸਿੱਖ ਰਾਜਨੀਤੀ ਵਿਚ ਵੱਖੋ-ਵੱਖ ਪੰਥਕ ਧਿਰਾਂ ਵਿਚਕਾਰ ਆਪਣੇ ਆਪ ਨੂੰ ਵਧੇਰੇ ਸੱਚਾ ਸਿੱਖ ਸਾਬਤ ਕਰਨ ਅਤੇ ਭਗਵੇਕਰਨ ਦਾ ਸਭ ਤੋਂ ਵੱਡਾ ਵਿਰੋਧੀ ਹੋਣ ਦੀ ਮੁਕਾਬਲੇ ਬਾਜ਼ੀ ਦੀ ਰੇਸ ਵੀ ਸ਼ੁਰੂ ਹੋ ਸਕਦੀ ਹੈ ।ਕੁਝ ਗਰਮਖਿਆਲੀ ਸਿੱਖ ਜਥੇਬੰਦੀਆਂ ਵੱਲੋਂ ਯੂਨਾਈਟਿਡ ਅਕਾਲੀ ਦਲ ਦੀ ਸਥਾਪਨਾ ਇਸੇ ਦਿਸ਼ਾ ਵੱਲ ਸੰਕੇਤ ਹੈ ।ਇਸ ਮੁਕਾਬਲੇਬਾਜ਼ੀ ਦੇ ਨਤੀਜੇ ਅਣਕਿਆਸੇ ਅਤੇ ਘਾਤਕ ਵੀ ਹੋ ਸਕਦੇ ਨੇ। ਅਜਿਹੀ ਹਾਲਤ ਦਾ ਲਾਹਾ ਅੰਦਰਲੀ -ਬਾਹਰਲੀ ਕੋਈ ਵੀ ਏਜੰਸੀ ਜਾਂ ਸ਼ਰਾਰਤੀ ਧਿਰ ਉਠਾ ਸਕਦੀ ਹੈ । ਪੰਜਾਬ ਦਾ ਪਿਛਲਾ ਇਤਿਹਾਸ ਇਸ ਦਾ ਗਵਾਹ ਹੈ। ਇਸ ਲਈ ਪਾਰਟੀਆਂ ਅਤੇ ਨੇਤਾਵਾਂ ਨੂੰ ਇਹੀ ਤਾਕੀਦ ਹੈ ਕਿ ਉਹ ਕਿਸੇ ਗੱਠਜੋੜ ਵਿਚ ਰਹਿਣ ਜਾਂ ਨਾ ਰਹਿਣ, ਚੋਣਾ ਇਕੱਠੇ ਲੜਨ ਜਾਂ ਇਕੱਲੇ , ਪਰ ਇਸ ਗੱਲੋਂ ਚੌਕਸ ਰਹਿਣ ਕਿ ਕੋਈ ਵੀ ਅਜਿਹਾ ਕਦਮ ਨਾ ਚੁੱਕਣ ਜਿਸ ਨਾਲ ਪੰਜਾਬ ਜਾਂ ਮੁਲਕ ਦਾ ਕੋਈ ਹਿੱਸਾ ਕਿਸੇ ਤਰ੍ਹਾਂ ਦੇ ਫ਼ਿਰਕੂ ਜਾਂ ਇਲਾਕਾਈ ਟਕਰਾਅ ਜਾਂ ਹਿੰਸਾ ਦੀ ਭੱਠੀ ਵਿਚ ਝੋਕਿਆ ਜਾਵੇ।
ਦਿੱਲੀ ਚੋਣਾਂ ਤੋਂ ਬਾਅਦ ਬਣੇਗੀ ਪੰਜਾਬ ਅਤੇ ੨੦੧੭ ਲਈ ਰਣਨੀਤੀ
ਬੀ ਜੇ ਪੀ ਦੀ ਉਤਲੀ ਲੀਡਰਸ਼ਿਪ ਅਜੇ ਤੱਕ ਇਹੀ ਸਟੈਂਡ ਰੱਖ ਰਹੀ ਹੈ ਕਿ ਅਕਾਲੀ- ਬੀ ਜੇ ਪੀ ਗੱਠਜੋੜ ਚੱਲੇਗਾ।ਦਰਅਸਲ ਬੀ ਜੇ ਪੀ ਨੂਨਿੱਲੀ ਦੀਆਂ ਚੋਣਾ ਵਿਚ ਅਕਾਲੀ ਦਲ ਦੇ ਸਾਥ ਦੀ ਸਖ਼ਤ ਲੋੜ ਹੈ ।ਦਿੱਲੀ ਗੁਰਦੁਆਰਾ ਕਮੇਟੀ ਤੇ ਅਕਾਲੀ ਦਲ ਦਾ ਕਬਜ਼ਾ ਹੋਣ ਅਤੇ ਕੇਜਰੀਵਾਲ ਦੀ ਪਾਰਟੀ ਨਾਲ ਟੱਕਰ ਹੋਣ ਕਾਰਨ ਸਿੱਖ ਵੋਟ ਲੈਣ ਲਈ ਬੀ ਜੇ ਪੀ ਨੂੰ ਅਕਾਲੀਆਂ ਦੀ ਲੋੜ ਹੈ ।
ਬੇਸ਼ੱਕ ਬੀ ਜੇ ਪੀ ਨੇਤਾਵਾਂ ਦੇ ਤਿੱਖੇ ਤੇਵਰ ਜ਼ਰੂਰ ਹੋਏ ਨੇ ਪਰ ਮੇਰੀ ਸੂਚਨਾ ਅਨੁਸਾਰ ਅਜੇ ਤੱਕ ਬੀ ਜੇ ਪੀ ਦੀ ਕੌਮੀ ਅਤੇ ਸਟੇਟ ਲੀਡਰਸ਼ਿਪ ਨੇ ਨਿੱਠ ਬੈਠ ਕੇ ਪੰਜਾਬ ਬਾਰੇ ਕੋਈ ਨਵੀਂ ਠੋਸ ਰਣਨੀਤੀ ਨਹੀਂ ਬਣਾਈ । ਫ਼ੌਰੀ ਤੌਰ ਤੇ ਕੋਈ ਵੱਡੀ ਟੁੱਟ-ਫ਼ੁੱਟ ਵੀ ਨਹੀਂ ਹੋਣੀ ।ਹਾਂ , ਦਿੱਲੀ ਦੀਆਂ ਚੋਣਾਂ ਤੋਂ ਬਾਅਦ ਬੀ ਜੇ ਪੀ ਪੰਜਾਬ ਅਤੇ ਉਨ੍ਹਾ ਸੂਬਿਆਂ ਲਈ ਆਪਣੀ ਰਣਨੀਤੀ ਬਣਾਏਗੀ ਜਿਨ੍ਹਾਂ ਦੀਆਂ ਚੋਣਾਂ ਅਗਲੇ ਸਮੇਂ ਵਿਚ ਜਾਣ ੨੦੧੭ ਵਿਚ ਹੋਣੀਆਂ ਨੇ ।ਇਸ ਰਣਨੀਤੀ ਦੀਆਂ ਪਰਤਾਂ ਖੁੱਲ੍ਹਣ ਤੋਂ ਬਾਅਦ ਹੀ ਅਕਾਲੀ-ਬੀ ਜੇ ਪੀ ਗੱਠਜੋੜ ਦਾ ਭਵਿੱਖ ਤਹਿ ਹੋਵੇਗਾ।

Tags: ਮੁਲਕ ਦੇ ਬਦਲੇ ਸਿਆਸੀ ਹਾਲਾਤ : ਅਕਾਲੀ - ਬੀ ਜੇ ਪੀ ਰਿਸ਼ਤੇ ਤਿੜਕਣੇ ਲਾਜ਼ਮੀ ਬਲਜੀਤ ਬੱਲੀ