HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਸ਼ੇਖਚਿੱਲੀ ਦੇ ਸੁਪਨੇ ਵਾਂਗਰ ਹੈ ਸਵੱਛ ਭਾਰਤ ਮਿਸ਼ਨ


Date: Dec 09, 2014

ਗੁਰਮੀਤ ਸਿੰਘ ਪਲਾਹੀ, ੨੧੮, ਗੁਰੂ ਹਰਿਗੋਬਿੰਦ ਨਗਰ, ਫਗਵਾੜਾ। ਸੰਪਰਕ ੯੮੧੫੮-੦੨੦੭੦
ਸਵਾ ਅਰਬ ਅਬਾਦੀ ਵਾਲੇ ਉਸ ਦੇਸ਼ ਨੂੰ ਅੰਦਰੋਂ ਬਾਹਰੋਂ ਸਾਫ ਕਰਨ ਦਾ ਕੀ ਸੁਪਨਾ ਵੇਖਿਆ ਜਾ ਸਕਦਾ ਹੈ, ਜਿਸ ਦੇਸ਼ ਦੇ ੫੦ ਪ੍ਰਤੀਸ਼ਤ ਤੋਂ ਵੱਧ ਵਸ਼ਿੰਦੇ ਖੁਲ੍ਹੇ ਖੇਤਾਂ, ਰੇਲਵੇ ਲਾਈਨਾਂ ਦੇ ਆਲੇ ਦੁਆਲੇ , ਸਾਂਝੀਆਂ ਕੰਧਾਂ ਦੇ ਪਿਛਵਾੜੇ ਜੰਗਲ ਪਾਣੀ 'ਟਾਇਲਟ ਕਰਨ' ਲਈ ਜਾਣ ਲਈ ਮਜ਼ਬੂਰ ਹਨ? ਜਿਸਦੇ ਵਸ਼ਿੰਦੇ ਵਹਿਮਾਂ ਭਰਮਾਂ'ਚ ਫਸੇ ਕਰੋੜਾਂ ਅਰਬਾਂ ਟਨ ਮਲਵਾ , ਗੰਦੀ ਪਲਾਸਟਿਕ , ਕਚਰਾ ਖੁਲ੍ਹੈ ਆਮ ਸੁੱਟਦੇ ਹਨ ਅਤੇ ਜਿਸਦਾ ਸੰਭਾਲ ਦਾ ਜ਼ਿੰਮਾ ਨਾ ਕਿਸੇ ਕੌਂਸਲ, ਪੰਚਾਇਤ , ਕਾਰਪੋਰੇਸ਼ਨ ਦਾ ਹੈ, ਨਾ ਸਰਕਾਰ ਦਾ। ਜਿਹੜੇ ਧਾਰਮਿਕ ਆਗੂਆਂ ਦੇ ਆਖੇ ਲੱਗ ਤਿੱਥਾਂ, ਤਿਉਹਾਰਾਂ, ਮਰਗ, ਜਨਮ ਵੇਲੇ ਟਨਾਂ ਦੀ ਟਨ ਖਾਧ ਸਮੱਗਰੀ ਦਰਿਆਵਾਂ ਦੇ ਪਾਣੀਆਂ'ਚ ਸੁੱਟਕੇ ਆਪਣੇ ਕੀਤੇ ਪਾਪ ਧੋਣ ਦਾ ਭਰਮ ਪਾਲਦੇ ਹਨ। ਜਿਸਦੇ ਨਾਗਰਿਕਾਂ ਦਾ ੬੯ ਪ੍ਰਤੀਸ਼ਤ ਪਿੰਡਾਂ'ਚ ਰਹਿਣ ਵਾਲਾ ਹਿੱਸਾ ਹਾਲੀ ਤੱਕ ਉਹ ਕੁਝ ਵੀ ਨਹੀਂ ਪ੍ਰਾਪਤ ਕਰ ਸਕਿਆ, ਜੋ ੩੧% ਸ਼ਹਿਰਾਂ'ਚ ਰਹਿਣ ਵਾਲੇ ੪੦੪੧ ਸ਼ਹਿਰਾਂ ਕਸਬਿਆਂ ਮਹਾਂਨਗਰਾਂ ਦੇ ਲੋਕਾਂ ਕੋਲ ਹੈ ਭਾਂਵੇਂ ਕਿ ਇਹਨਾਂ ਸ਼ਹਿਰਾਂ, ਮਹਾਂਨਗਰਾਂ'ਚ ਗੰਦੀਆਂ ਬਸਤੀਆਂ , ਸਲੱਮ ਖੇਤਰ, ਸੀਵਰੇਜ ਦੇ ਪਾਈਪਾਂ ਆਦਿ ਥਾਵਾਂ'ਚ ਰਹਿਣ ਵਾਲੇ ਲੋਕਾਂ ਦਾ ਜੀਵਨ ਪਿੰਡ ਦੇ ਵਸ਼ਿੰਦਿਆਂ ਦੇ ਜੀਵਨ ਤੋਂ ਵੀ ਵੱਧ ਨਰਕੀ ਹੈ।
ਨਵੀਂ ਸਰਕਾਰ ਨੇ ਨਵੀਂ ਬੋਤਲ'ਚ ਪੁਰਾਣੀ ਸ਼ਰਾਬ ਪਾਕੇ ਸਵੱਛ ਭਾਰਤ ਮਿਸ਼ਨ ਨੂੰ ਇੱਕ ਮੁਹਿੰਮ ਵਜੋਂ ਚਾਲੂ ਕਰਨ ਦਾ ਆਗਾਜ਼ ਕੁਝ ਦਿਨ ਪਹਿਲਾਂ ਜ਼ੋਰ ਸ਼ੋਰ ਨਾਲ ਮਹਾਤਮਾ ਗਾਂਧੀ ਦੇ ੧੫੦ਵੇਂ ਜਨਮ ਦਿਨ ਤੇ ੨ ਅਕਤੂਬਰ ੨੦੧੪ ਨੂੰ ਪ੍ਰਧਾਨਮੰਤਰੀ ਵਲੋਂ ਹੱਥ'ਚ ਝਾੜੂ ਫੜ ਅਤੇ ਹੋਰ ਨੇਤਾਵਾਂ , ਕਰਮਚਾਰੀਆਂ ਹੱਥ ਝਾੜੂ ਫੜਾਕੇ ,ਫੋਟੋਆ ਖਿਚਾਕੇ , ਹੱਥ ਖੜੇ ਕਰਵਾਕੇ ਸਹੁੰ ਖੁਆਕੇ, ਕੀਤਾ ਗਿਆ ਅਤੇ ਦਾਅਵਾ ਕੀਤਾ ਗਿਆ ਕਿ ਇਸ ਮਿਸ਼ਨ ਦੀ ਆਰੰਭੀ ਗਈ ਜਾਗਰੂਕਤਾ ਮੁਹਿੰਮ ਵਿੱਚ ਦੇਸ਼ ਭਰ ਦੇ ਤਿੰਨ ਮਿਲੀਅਨ ਸਰਕਾਰੀ ਕਰਮਚਾਰੀ ਦੇਸ਼ ਦੇ ਸਮੂੰਹ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈਣਗੇ ਅਤੇ ੫ ਸਾਲ ਦੇ ਸਮੇਂ ਭਾਵ ੨੦੧੯ ਤੱਕ ਦੇਸ਼ ਭਾਰਤ ਨੂੰ ਪੂਰੀ ਤਰਾਂ੍ਹ ਲਿਸ਼ਕਾ ਪੁਸ਼ਕਾ ਦੇਣਗੇ ਅਤੇ ਇਸ ਝਾੜ ਪੂੰਝ ਕਰਨ, ਹੱਥੀਂ ਗੰਦ ਚੁੱਕਣ ਦੀ ਪ੍ਰਥਾ ਖਤਮ ਕਰਨ, ਹਰ ਘਰ'ਚ ਲੈਟਰੀਨ ਦੀ ਉਸਾਰੀ ਕਰਨ ਅਤੇ ਸਾਫ ਸੁਥਰਾ ਆਲਾ ਦੁਆਲਾ ਕਰਨ ਲਈ ੬੨੦੦੦ ਕਰੋੜ ਰੁਪਏ ਦੀ ਰਾਸ਼ੀ ਖਰਚੀ ਜਾਏਗੀ। ਜਿਸ ਵਿੱਚ ਕੇਂਦਰ ਸਰਕਾਰ ੧੪੬੨੩ ਕਰੋੜ ਰੁਪਏ ਖਰੇਚਗੀ ਬਾਕੀ ਰਾਜ ਸਰਕਾਰਾਂ ਕਰਨਗੀਆਂ। ਪਰ ਕੀ ਸੜਕਾਂ ਤੇ ਖੜਕੇ ਹੱਥ ਝਾੜੂ ਫੜਕੇ, ਫੋਟੋ ਖਿਚਵਾਕੇ, ਟੈਲੀਵੀਜਨ ਰੇਡੀਓ ਤੇ ਸਵੱਛਤਾ ਦਾ ਪ੍ਰਚਾਰ ਕਰਕੇ ਹੀ ਇਸ ਮੁਹਿੰਮ ਨੂੰ ਮਿਸ਼ਨ ਬਣਾਇਆ ਜਾ ਸਕਦਾ ਹੈ?
ਭਾਰਤ ਦੇ ਸ਼ਹਿਰਾਂ, ਪਿੰਡਾਂ ਦੀ ਹਾਲਤ ਇਸ ਵੇਲੇ ਵੇਖਣ ਯੋਗ ਹੈ। ਦੇਸ਼ ਦੇ ਕੁਝ ਸ਼ਹਿਰਾਂ ਵਿੱਚ ਵੀ ੧੦੦% ਸੀਵਰੇਜ ਦਾ ਪ੍ਰਬੰਧ ਨਹੀਂ। ਪਬਲਿਕ ਲੈਟਰੀਨਾਂ ਦੀ ਤਾਂ ਕਮੀ ਹੈ ਹੀ, ਨਿੱਤ ਪੈਦਾ ਹੋ ਰਹੇ ਕਚਰੇ ਨੂੰ ਸੰਭਾਲਣ ਦਾ ਪ੍ਰਬੰਧ ਕੋਈ ਨਹੀਂ। ਸ਼ਹਿਰਾਂ ਦੇ ਮੁਹੱਲਿਆਂ, ਅਬਾਦੀ ਦੇ ਘਰਾਂ ਚੋਂ ਕੂੜਾ ਚੁੱਕਣ ਦਾ ਪ੍ਰਬੰਧ ਨਹੀਂ, ਕੂੜਾ ਕੜਕਟ ਸੰਭਾਲਣ ਤੇ ਉਸਦੀ ਅੱਗੋਂ ਸਹੀ ਵਰਤੋਂ ਸ਼ਾਇਦ ਹੀ ਦੇਸ਼ ਦੇ ਕੁਝ ਸ਼ਹਿਰਾਂ'ਚ ਕਰਨ ਦਾ ਯਤਨ ਕੀਤਾ ਹੋਏ, ਬਾਕੀ ਥਾਵਾਂ ਉੱਤੇ ਕੂੜਾ ਸੰਭਾਲ ਦੀ ਹਾਲਤ ਬਦਤਰ ਹੈ। ਸਾਲ ੧੯੮੦'ਚ ਪਿੰਡਾਂ'ਚ ਸੈਨੀਟੇਸ਼ਨ ਭਾਵ ਲੈਟਰੀਨਾਂ ਲਗਾਉਣ ਦਾ ਪ੍ਰਬੰਧ ਇੱਕ ਪ੍ਰਤੀਸ਼ਤ ਸੀ ਜੋ ਸਾਲ ੨੦੦੮ ਤੱਕ ੨੧% ਹੋ ਸਕਿਆ, ਉਂਜ ਭਾਰਤ ਭਰ'ਚ ੨੦੧੨ ਤੱਕ ੬੨੬ ਮਿਲੀਅਨ ਲੋਕ ਭਾਵ ਦੇਸ਼ ਦੀ ਅੱਧੀ ਅਬਾਦੀ ਲੈਟਰੀਨ ਲਈ ਖੁਲ੍ਹੇ'ਚ ਜਾਣ ਲਈ ਮਜ਼ਬੂਰ ਸੀ। ਹਾਲਤ ਹੁਣ ਇਹ ਹੈ ਕਿ ਪੇਂਡੂ ਖੇਤਰ ਦੇ ੨੧% ਲੋਕਾਂ ਕੋਲ ਅਤੇ ਸ਼ਹਿਰੀ ਖੇਤਰ ਦੇ ੫੪% ਲੋਕਾਂ ਕੋਲ ਹੀ ਸੈਨੀਟੇਸ਼ਨ ਦੀ ਅਸਲ ਸੁਵਿਧਾ ਹੈ। ਇਸ ਤੋਂ ਵੀ ਤਰਸਯੋਗ ਹਾਲਤ ਇਹ ਕਿ ਦੇਸ਼ ਦੇ ਕੁਲ ਲੋਕਾਂ ਦੇ ਕੁਲ ਮਲਮੂਤਰ ਦਾ ੨੭% ਹੀ ਸੰਭਾਲਿਆ ਜਾ ਸਕਿਆ ਹੈ, ਬਾਕੀ ਦੇਸ਼ ਦੇ ਦਰਿਆਵਾਂ , ਨਹਿਰਾਂ, ਧਰਤੀ ਹੇਠਲੇ ਪਾਣੀ ਅਤੇ ਸਮੁੰਦਰ ਵਿੱਚ ਸੁਟਿਆ ਜਾ ਰਿਹਾ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਇੱਕ ਰਿਪੋਰਟ ਅਨੁਸਾਰ ਦੇਸ਼ ਦੇ ੨੯੦ ਦਰਿਆਵਾਂ ਅਤੇ ੯੪ ਝੀਲਾਂ ਦਾ ਪਾਣੀ ਪੂਰੀ ਤਰਾਂ੍ਹ ਪਲੀਤ ਹੋ ਚੁਕਾ ਹੈ। ਸਿੱਟਾ ਪਾਣੀ ਦੇ ਸੋਮੇ ਪੂਰੀ ਤਰਾਂ੍ਹ ਨਸ਼ਟ ਹੋ ਰਹੇ ਹਨ ਅਤੇ ਭਿਆਨਕ ਬੀਮਾਰੀਆਂ ਦਾ ਕਾਰਨ ਬਣ ਰਹੇ ਹਨ ਅੰਦਾਜਨ ਪੇਂਡੂ ਖੇਤਰ'ਚ ੩੦ ਮਿਲੀਅਨ ਲੋਕ ਭੈੜੇ ਸੇਨੀਟੇਸ਼ਨ ਕਾਰਨ ਬੀਮਾਰੀ ਦਾ ਸ਼ਿਕਾਰ ਹੁੰਦੇ ਹਨ ਅਤੇ ਲਗਭਗ ਹਰ ਸਾਲ ੬ ਤੋਂ ੭ ਲੱਖ ਬੱਚੇ ਖਰਾਬ ਪਾਣੀ ਕਾਰਨ ਫੈਲੇ ਡਾਇਹਰੀਆ ਨਾਲ ਮਰਦੇ ਹਨ। ਭਾਰਤ ਦੀ ਧਾਰਮਿਕ ਸ਼ਰਧਾ ਦੀ ਪਾਤਰ ਨਦੀ ਗੰਗਾ ਦੇ ਕੰਢੇ ੫੦੦ ਮਿਲੀਅਨ ਲੋਕ ਰਹਿੰਦੇ ਹਨ ਅਤੇ ੨੦ ਲੱਖ ਇਸ ਪੁਲੀਤ ਤੇ ਗੰਦੀ ਹੋਈ ਪਵਿੱਤਰ ਨਦੀ'ਚ ਰੋਜ਼ ਇਸ਼ਨਾਨ ਕਰਦੇ ਹਨ, ਜਿਹੜਾ ਕਿ ਮਨੁੱਖੀ ਸਿਹਤ'ਚ ਵਿਗਾੜ ਦਾ ਕਾਰਨ ਬਣ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿਲੀ ਦੇ ਲਾਗਿਉ ਲੰਘਦੀ ਜਮਨਾ ਨਦੀ ਇਸ ਹੱਦ ਤੱਕ ਦੂਸ਼ਿਤ ਹੋ ਚੁੱਕੀ ਹੈ ਕਿ ਦੇਸ਼ ਦੀ ਬਾਬੂਸ਼ਾਹੀ, ਅਫਸਰਸ਼ਾਹੀ ਵਲੋਂ ੧੪੦ ਮਿਲੀਅਨ ਡਾਲਰ ਇਸ ਉੱਤੇ ਖਰਚਣ ਤੋਂ ਬਾਅਦ ਵੀ ਇਸ ਨਦੀ ਨੂੰ ਲੋਕਾਂ ਵਲੋਂ ਦੂਸ਼ਿਤ ਕਰਨ ਤੋਂ ਬਚਾਇਆ ਨਹੀਂ ਜਾ ਸਕਿਆ ਅਤੇ ਸਰਕਾਰ ਇਸ ਸਮੱਸਿਆ ਨੂੰ ਹੱਲ ਕਾਰਨ ਤੋਂ ਹੱਥ ਖੜੇ ਕਰੀ ਬੈਠੀ ਹੈ? ਲੁਧਿਆਣਾ ਲਾਗੇ ਚਲਦਾ ਬੁਢਾ ਨਾਲਾ ਜਿਸ'ਚ ੧੯੬੪ ਤੋਂ ਪਹਿਲਾ ੫੬ ਕਿਸਮ ਦੀਆਂ ਮੱਛੀਆਂ ਪਲਦੀਆਂ ਸਨ , ਇਸ ਵੇਲੇ ਸਚਮੁਚ ਬੁੱਢਾ ਹੋ ਚੁੱਕਾ ਹੈ , ਬਾਵਜੂਦ ਸਰਕਾਰੀ , ਗੈਰ-ਸਰਕਾਰੀ ਯਤਨਾਂ ਦੇ ਇਸ 'ਚ ਪੈਂਦੇ ਕੈਮੀਕਲਾਂ , ਗੰਦ ਮੰਦ ਆਦਿ ਨੂੰ ਰੋਕਿਆ ਹੀ ਨਹੀਂ ਜਾ ਸਕਿਆ ।
ਦੇਸ਼ ਦੇ ਕੁਲ ਸ਼ਹਿਰਾਂ ਵਿਚੋਂ ਚੰਗੇ ੪੨੩ ਸ਼ਹਿਰਾਂ ਵਿਚੋਂ ਸਭ ਤੋਂ ਵੱਧ ਸਾਫ ਸੁਥਰਾ ਸ਼ਹਿਰ ਐਲਾਨ ਕਰਨ ਲਈ ਦੇਸ਼ ਨੂੰ ੫ ਭਾਗਾਂ 'ਚ ਵੰਡਿਆ ਗਿਆ ਅਤੇ ਲਾਲ , ਕਾਲਾ, ਨੀਲਾ ਅਤੇ ਹਰਾ ਰੰਗ ਦੇਕੇ ਚੰਗਾ ਸ਼ਹਿਰ ਚੁਨਣ ਦਾ ਟੀਚਾ ਮਿਥਿਆ ਗਿਆ । ਦੇਸ਼ ਦਾ ਕੋਈ ਵੀ ਸ਼ਹਿਰ ਹਰਾ ਰੰਗ ਪ੍ਰਾਪਤ ਨਾ ਕਰ ਸਕਿਆ । ਹਾਂ ,ਚੰਡੀਗੜ੍ਹ ਨੂੰ ਨੀਲਾ ਰੰਗ ਮਿਲਿਆ ਜੋ ਦੇਸ਼ 'ਚ ਸਭ ਤੋਂ ਪਹਿਲਾ ਨੰਬਰ ਦਾ ਸਾਫ ਸ਼ਹਿਰ ਦਾ ਰੁਤਬਾ ਪ੍ਰਾਪਤ ਕਰ ਸਕਿਆ , ਇਸ ਤੋਂ ਬਾਅਦ ਮੈਸੁਰ , ਸੂਰਤ , ਆਦਿ ਸ਼ਹਿਰ ਚੰਗਾ ਦਰਜ਼ਾ ਪ੍ਰਾਪਤ ਕਰ ਸਕੇ । ਜੇਕਰ ਚੰਡੀਗੜ੍ਹ ਵਰਗਾ ਸ਼ਹਿਰ , ਜਿਥੇ ਹੁਣ ਥਾਂ ਥਾਂ ਝੁੱਗੀਆਂ , ਝੌਂਪੜੀਆਂ ਦੀ ਭਰਮਾਰ ਹੋ ਰਹੀ ਹੈ , ਇਸ ਦੀ ਪੂਰੀ ਸੰਭਾਲ ਲਈ ਪੂਰਾ ਪ੍ਰਬੰਧ ਨਹੀਂ ਤਾਂ ਫਿਰ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਸਾਫ ਸਫਾਈ ਲਈ ਅਸੀਂ ਦੁਨੀਆਂ ਭਰ'ਚ ਕਿਸ ਦਰਜ਼ੇ ਤੇ ਖੜੇ ਹਾਂ ?
ਭਾਰਤ 'ਚ ਭੈੜੇ ਸੈਨੀਟੇਸ਼ਨ ਪ੍ਰਬੰਧ ਅਤੇ ਗੰਦਗੀ ਕਾਰਨ ਹਰ ਸਾਲ ਭਾਰਤ ਦੇ ਲੋਕਾਂ ਨੂੰ ੨.੪੪ ਖਰਬ ਰੁਪਏ ਦਾ ਘਾਟਾ ਪੈਂਦਾ ਹੈ , ਕਿਉਂਕਿ ਭਾਰਤ ਮਨੁੱਖੀ ਪਖਾਨੇ , ਗੰਦ ਮੰਦ ਅਤੇ ਸੀਵਰੇਜ ਦਾ ਪੂਰੀ ਤਰ੍ਹਾਂ ਪ੍ਰਬੰਧ ਨਹੀਂ ਕਰ ਸਕਿਆ ਜਿਸ ਨਾਲ ਗੰਭੀਰ ਬੀਮਾਰੀਆਂ ਫੈਲਦੀਆਂ ਹਨ , ਨਵੇ ਜੰਮੇ ਬੱਚਿਆਂ ਦੀ ਉਮਰੋਂ ਪਹਿਲਾਂ ਮੌਤ ਹੋ ਜਾਂਦੀ ਹੈ , ਵਿਦੇਸ਼ੀ ਲੋਕ ਦੇਸ਼ 'ਚ ਫੈਲੀ ਗੰਦਗੀ ਕਾਰਨ ਸੈਰ ਸਪਾਟੇ ਲਈ ਭਾਰਤ ਆਉਣੋਂ ਗੁਰੇਜ਼ ਕਰਦੇ ਹਨ।
ਸਮੇਂ ਸਮੇਂ 'ਤੇ ਹਿੰਦੋਸਤਾਨ ਦੀ ਸਰਕਾਰ ਨੇ ਨਿਰਮਲ ਭਾਰਤ ਅਭਿਆਂਨ , ਨਿਰਮਲ ਗ੍ਰਾਮ , ਟੋਟਲ ਸੈਨੀਟੇਸ਼ਨ ਮੁਹਿੰਮ, ਇਨਟੈਗਰੇਟਿਡ ਲੋ-ਕਾਸਟ ਸੈਨੀਟੇਸ਼ਨ , ਮੈਗਾ ਸਿਟੀ ਸਕੀਮ ਵਰਗੀਆਂ ਯੋਜਨਾਵਾਂ ਵੀ ਚਾਲੂ ਕੀਤੀਆਂ , ਪਰ ਬਹੁਤੀਆਂ ਯੋਜਨਾਵਾਂ ਭੈੜੇ ਪ੍ਰਬੰਧ, ਘਪਲਿਆਂ, ਘੌਟਾਲਿਆਂ ਦੀ ਭੇਂਟ ਚੜ੍ਹ ਗਈਆਂ, ਸਿੱਟੇ ਵਜੋਂ ਸ਼ਹਿਰ , ਪਿੰਡ , ਸੜਕਾਂ, ਪਬਲਿਕ ਥਾਵਾਂ, ਨਦੀਆਂ ਨਾਲੇ , ਝੀਲਾਂ ਦੇ ਸ਼ੁਧੀਕਰਨ ਅਤੇ ਸਫਾਈ ਲਈ ਕੋਈ ਵਰਨਣ ਯੋਗ ਕੰਮ ਨਹੀਂ ਕੀਤਾ ਜਾ ਸਕਿਆ। ਆਬਾਦੀ ਦੇ ਵਧਣ ਨਾਲ ਗੰਦਗੀ 'ਚ ਹੋਰ ਵਾਧਾ ਹੋਇਆ ਹੈ । ਦੇਸ਼ ਵਿੱਚ ਇਲੈਕਟ੍ਰੋਨਿਕ ਕਚਰੇ ਅਤੇ ਪਲਾਸਟਿਕ ਦੀ ਵਰਤੋਂ 'ਚ ਵਾਧੇ ਨੇ ਗੰਦਗੀ 'ਚ ਵਾਧਾ ਕੀਤਾ ਹੈ , ਪ੍ਰਦੂਸ਼ਨ ਵਧਾਇਆ ਹੈ ਅਤੇ ਜਿਸਦਾ ਮਨੁੱਖੀ ਸਿਹਤ ਉਤੇ ਅਸਰ ਹੋਣਾ ਸੁਭਾਵਕ ਹੈ ।
ਜਿਸ ਗੰਦਗੀ ਦੀ ਭਰਮਾਰ ਦੇ ਭਿਆਨਕ ਮੋੜ ਤੇ ਅੱਜ ਭਾਰਤ ਦੇਸ਼ ਮਹਾਨ ਖੜਾ ਹੈ , ਕੀ ਝਾੜੂ ਨਾਲ ਕੀਤੀ ਸੰਕੇਤਕ ਸਫਾਈ ਭਾਰਤ ਵਾਸੀਆਂ ਨੂੰ ਕੋਈ ਸਾਰਥਕ ਸੁਨੇਹਾ ਦੇ ਸਕੇਗੀ, ਉਸ ਹਾਲਤ ਵਿੱਚ ਜਦ ਦੇਸ਼ ਦੀ "ਹੇਮਾ ਮਾਲਿਨੀ" ਜਿਹੀ ਨੇਤਾ ਹੱਥ 'ਚ ਝਾੜੂ ਫੜਕੇ ਫੋਟੋ ਤਾਂ ਖਿਚਾ ਸਕਦੀ ਹੈ , ਪਰ ਸਫਾਈ ਕਰਨ ਲਈ ਆਪਣੇ ਹੱਥ ਨਾਲ ਝਾੜੂ ਨਹੀਂ ਚਲਾ ਸਕਦੀ ? ਭਾਰਤ ਜਿਸਦੇ ਬੱਸ ਅੱਡਿਆਂ ਰੇਲਵੇ ਸਟੇਸ਼ਨਾਂ 'ਤੇ ਬਣੇ ਪਖਾਨੇ ਬੋਅ ਮਾਰਦੇ ਹਨ, ਜਿਸਦੇ ਸਰਕਾਰੀ ਦਫ਼ਤਰਾਂ ਦੇ ਪਖਾਨਿਆਂ ਦੀ ਸਫਾਈ ਦਾ ਪ੍ਰਬੰਧ ਹੀ ਕੋਈ ਨਹੀ, ਜਿਸਦੇ ਸਕੂਲਾਂ , ਕਾਲਜਾਂ , ਵਿਦਿਅਕ ਅਦਾਰਿਆਂ 'ਚ ਲੋੜੀਂਦੇ ਪਖ਼ਾਨੇ ਹੀ ਨਹੀਂ , ਜਿਸਦੇ ਪਿੰਡਾਂ , ਸ਼ਹਿਰਾਂ ਦੀਆਂ ਗਲੀਆਂ ਨਾਲੀਆਂ ਗੰਦਗੀ ਪਲਾਸਟਿਕ ਨਾਲ ਭਰੀਆਂ ਨਜ਼ਰ ਆਉਂਦੀਆਂ ਹਨ , ਜਿਥੇ ਪਿੰਡਾਂ ਦੇ ਛੱਪੜ ਗੰਦਗੀ ਨਾਲ ਤੂਸੇ ਪਏ ਹਨ , ਬੰਦ ਪਏ ਸੀਵਰੇਜ ਸਫਾਈ ਖੁਣੋਂ ਸ਼ਹਿਰਾਂ ਨੂੰ ਨਰਕ ਬਣਾ ਰਹੇ ਹਨ । ਜਿਥੇ ਅਧੁਨਿਕ ਯੁੱਗ ਵਿੱਚ ਭਾਰਤ ਵਰਗੇ ਦੇਸ਼ ਕੋਲ ਪ੍ਰਤੀ ਜੀਅ ਮੋਬਾਇਲ ਫੋਨ ਤਾਂ ਹਨ ਪਰ ਘਰ 'ਚ ਪਖਾਨਾ ਕੋਈ ਨਹੀਂ , ਜਿਥੇ ਹੁਣ ਤੱਕ ਵੀ ਸ਼ਹਿਰਾਂ ਦੀ ਸਫਾਈ ਲਈ ਅਧੁਨਿਕ ਮਸ਼ੀਨਾਂ ਦੀ ਥਾਂ ਸ਼ਹਿਰੀ ਕਾਰਪੋਰਸ਼ੇਨਾਂ ਕੌਂਸਲਾਂ ਦੇ ਕਰਮਚਾਰੀ ਝਾੜੂ, ਤਸਲੇ , ਹੱਥ ਰੇੜ•ੀਆਂ ਨਾਲ ਗੰਦ ਮੰਦ ਢੋਂਦੇ ਹਨ ।
ਕੀ ਇਹੋ ਜਿਹੀ ਹਾਲਤ ਵਿੱਚ ਸਵੱਛ ਭਾਰਤ ਦਾ ਸੁਪਨਾ ਲੈਣਾ ਸ਼ੇਖਚਿਲੀ ਵਾਂਗਰ ਸੁਪਨਾ ਵੇਖਣ ਸਮਾਨ ਤਾਂ ਨਹੀਂ ਹੈ ? ੯੮੧੫੮੦੨੦੭੦

Tags: ਸ਼ੇਖਚਿੱਲੀ ਦੇ ਸੁਪਨੇ ਵਾਂਗਰ ਹੈ ਸਵੱਛ ਭਾਰਤ ਮਿਸ਼ਨ ਗੁਰਮੀਤ ਸਿੰਘ ਪਲਾਹੀ