HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਮੁੱਢਲੀ ਡਾਕਟਰੀ ਸਹਾਇਤਾ ਬਚਾ ਸਕਦੀ ਹੈ ਕੀਮਤੀ ਜਾਨ!


Date: Dec 09, 2014

ਡਾ: ਹਰਸ਼ਿੰਦਰ ਕੌਰ
ਗੱਲ ਕੁੱਝ ਦੇਰ ਪਹਿਲਾਂ ਦੀ ਹੈ। ਮੇਰੀ ਵੱਡੀ ਭੈਣ ਸ਼ੁਭਚਿੰਤ ਕੌਰ ਬੀਮਾਰੀ ਕਾਰਣ ਪੀ. ਜੀ. ਆਈ., ਚੰਡੀਗੜ੍ਹ ਦਾਖ਼ਲ ਸੀ ਜਿੱਥੇ ਉਸਦਾ ਅਪਰੇਸ਼ਨ ਹੋਇਆ ਸੀ। ਮੈਂ ਤੇ ਮੇਰੇ ਪਤੀ ਡਾ. ਗੁਰਪਾਲ ਸਿੰਘ ਉਸਦਾ ਹਾਲ ਪੁੱਛਣ ਉਸ ਕੋਲ ਗਏ ਹੋਏ ਸੀ। ਵਾਪਸ ਮੁੜਨ ਲੱਗਿਆਂ ਅਸੀਂ ਲੇਟ ਹੋ ਗਏ। ਨਾਲ ਸਾਡੇ ਬੱਚੇ ਨਾਨਕਜੋਤ ਅਤੇ ਸੁਖਮਨੀ ਵੀ ਸਨ। ਅਸੀਂ ਚੰਡੀਗੜ੍ਹੋਂ ਪਟਿਆਲੇ ਫਤਿਹਗੜ੍ਹ ਸਾਹਿਬ ਵੱਲੋਂ ਮੁੜ ਰਹੇ ਸੀ ਕਿ ਅਚਾਨਕ ਪਿੱਛੋਂ ਬੜੀ ਤੇਜ਼ੀ ਨਾਲ ਇਕ ਕਾਰ ਸਾਡੇ ਕੋਲੋਂ ਦੀ ਅਗਾਂਹ ਲੰਘ ਗਈ। ਉਸ ਵਿਚ ਸਵਾਰ ਬੰਦੇ ਕਾਰ ਦੀ ਖਿੜਕੀ ਵਿੱਚੋਂ ਬਾਹਵਾਂ ਬਾਹਰ ਕੱਢ ਕੇ ਸ਼ਰਾਬ ਦੀਆਂ ਬੋਤਲਾਂ ਹਿਲਾ ਹਿਲਾ ਕੇ ਵਿਖਾ ਰਹੇ ਸਨ। ਕਾਰ ਵਿੱਚੋਂ ਉੱਚੀ ਉੱਚੀ ਗਾਣਿਆਂ ਦੀ ਅਵਾਜ਼ ਆ ਰਹੀ ਸੀ।
ਥੋੜ੍ਹੀ ਅੱਗੇ ਜਾ ਕੇ ਉਹ ਕਾਰ ਵਾਲੇ ਰੁਕ ਗਏ। ਅਸੀਂ ਉਨ੍ਹਾਂ ਤੋਂ ਅੱਗੇ ਲੰਘ ਗਏ ਤਾਂ ਉਹ ਪਿੱਛੋਂ ਫੇਰ ਤੇਜ਼ੀ ਨਾਲ ਆਏ ਅਤੇ ਹੋ ਹੱਲਾ ਕਰਦੇ ਹੋਏ ਫੇਰ ਉਸੇ ਤਰ੍ਹਾਂ ਸਾਡੇ ਤੋਂ ਅੱਗੇ ਲੰਘ ਗਏ। ਜਦੋਂ ਤੀਜੀ ਵਾਰ ਵੀ ਇੰਝ ਹੋਇਆ ਤਾਂ ਮੇਰੇ ਪਤੀ ਨੇ ਖਾਲੀ ਸੜਕ ਅਤੇ ਰਾਤ ਦਾ ਵੇਲਾ ਵੇਖਦੇ ਹੋਏ ਕਾਰ ਵਾਪਸ ਮੋੜ ਲਈ ਤੇ ਅਸੀਂ ਖਰੜ ਦੇ ਰਸਤੇ ਵੱਲ ਮੁੜ ਪਏ।
ਅਗਲੇ ਦਿਨ ਸਾਡੇ ਵਾਂਗ ਬਹੁਤਿਆਂ ਨੇ ਸ਼ਾਇਦ ਇਹ ਖ਼ਬਰ ਪੜ੍ਹੀ ਹੋਵੇਗੀ ਕਿ ਉਸੇ ਥਾਂ ਦੇ ਨੇੜੇ ਤੇੜੇ ਇਕ ਕਾਰ ਸਵਾਰ ਨੇ ਖੜੇ ਟਰੱਕ ਵਿਚ ਟੱਕਰ ਮਾਰੀ ਤੇ ਉਸ ਵਿਚਲੇ ਚਾਰੋ ਸਵਾਰ ਥਾਏਂ ਹੀ ਮਰ ਗਏ। ਕਾਰ ਵਿਚ ਸ਼ਰਾਬ ਦੀਆਂ ਟੁੱਟੀਆਂ ਬੋਤਲਾਂ ਵੀ ਸਨ। ਕਾਰ ਏਨੀ ਬੁਰੀ ਤਰ੍ਹਾਂ ਟਰੱਕ ਥੱਲੇ ਵੜ ਗਈ ਸੀ ਕਿ ਕਾਰ ਦਾ ਉੱਪਰਲਾ ਹਿੱਸਾ ਕੱਟ ਕੇ ਲਾਸ਼ਾਂ ਦੇ ਟੋਟੇ ਕੱਢੇ ਗਏ।
ਮੇਰਾ ਦਿਲ ਦਹਿਲ ਗਿਆ ਜਦੋਂ ਇਹ ਖ਼ਬਰ ਪੜ੍ਹੀ ਕਿਉਂਕਿ ਮੇਰੇ ਹਿਸਾਬ ਨਾਲ ਤਾਂ ਸੌ ਪ੍ਰਤੀਸ਼ਤ ਉਹੀ ਬੰਦੇ ਹੀ ਹੋਣਗੇ ਜਿਹੜੇ ਸ਼ਰਾਬ ਦੇ ਨਸ਼ੇ ਵਿਚ ਚੂਰ ਸਨ ਅਤੇ ਬਹੁਤ ਭੈੜੀ ਤਰ੍ਹਾਂ ਕਾਰ ਚਲਾ ਰਹੇ ਸਨ।
ਇਹ ਤਾਂ ਹੋਈ ਐਕਸੀਡੈਂਟ ਵਿਚ ਥਾਏਂ ਹੋਈ ਮੌਤ ਦੀ ਗੱਲ, ਪਰ ਕਈ ਵਾਰ ਸਾਡੀਆਂ ਅੱਖਾਂ ਸਾਹਮਣੇ ਐੇਸੇ ਵਾਕਿਆ ਵਾਪਰ ਜਾਂਦੇ ਹਨ ਜਿਨ੍ਹਾਂ ਵਿਚ ਬੰਦੇ ਦੀ ਉਸ ਵੇਲੇ ਮੌਤ ਨਹੀਂ ਹੁੰਦੀ ਬਲਕਿ ਫੌਰੀ ਡਾਕਟਰੀ ਸਹਾਇਤਾ ਨਾਲ ਜਾਨ ਬਚਾਈ ਜਾ ਸਕਦੀ ਹੈ। ਇਹ ਲਗਭਗ ਨਾਮੁਮਕਿਨ ਹੈ ਕਿ ਹਰ ਥਾਂ ਉੱਤੇ ਇਕ ਡਾਕਟਰ ਹਾਜ਼ਰ ਹੋਵੇ, ਇਸੇ ਲਈ ਬਾਹਰਲੇ ਮੁਲਕਾਂ ਵਿਚ ਮੁੱਢਲੀ ਡਾਕਟਰੀ ਸਹਾਇਤਾ ਦੀ ਜਾਣਕਾਰੀ ਹਰ ਆਮ ਬੰਦੇ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਕੋਈ ਇਨਸਾਨੀ ਜਾਨ ਅਜਾਈਂ ਨਾ ਜਾਏ।
ਇਹ ਇਸਲਈ ਸੰਭਵ ਹੈ ਕਿਉਂਕਿ ਵਤਨੋਂ ਪਾਰ ਲੋਕ ਹਰ ਇਨਸਾਨੀ ਜਾਨ ਨੂੰ ਕੀਮਤੀ ਸਮਝਦੇ ਹਨ ਅਤੇ ਹੈਲੀਕੌਪਟਰ ਵੀ ਸਕਿੰਟਾਂ ਵਿਚ ਅਜਿਹੀ ਘਟਨਾ ਵਾਲੀ ਥਾਂ ਉੱਤੇ ਪਹੁੰਚ ਜਾਂਦਾ ਹੈ ਜਿੱਥੋਂ ਡਾਕਟਰੀ ਸਹਾਇਤਾ ਦੂਰ ਹੋਵੇ।
ਸਾਡੇ ਦੇਸ ਵਿਚ ਬਹੁਤੇ ਲੋਕ ਤਮਾਸ਼ਬੀਨਾਂ ਦੀ ਤਰ੍ਹਾਂ ਆਖ਼ਰੀ ਸਾਹ ਨਿਕਲ ਜਾਣ ਤੱਕ ਭੀੜ ਦਾ ਇਕ ਹਿੱਸਾ ਬਣੇ ਰਹਿੰਦੇ ਹਨ। ਬਹੁਤੇ ਕਾਰਾਂ ਵਾਲੇ ਇਨਸਾਨੀ ਲਹੂ ਦੇ ਧੱਬਿਆਂ ਤੋਂ ਡਰਦੇ ਅਜਿਹੇ ਐਕਸੀਡੈਂਟਾਂ ਤੋਂ ਕਿਨਾਰਾ ਕਰ ਜਾਂਦੇ ਹਨ ਜਾਂ ਪੁਲਿਸ ਵਾਲਿਆਂ ਦੇ ਗੇੜਿਆਂ ਤੋਂ ਡਰ ਜਾਂਦੇ ਹਨ।
ਜਿਹੜੇ ਕੁੱਝ ਇਨਸਾਨਾਂ ਅੰਦਰ ਹਾਲੇ ਇਨਸਾਨੀਅਤ ਜੀਉਂਦੀ ਹੈ, ਉਹ ਮਦਦ ਲਈ ਜ਼ਰੂਰ ਅੱਗੇ ਆਉਂਦੇ ਹਨ ਪਰ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਫੌਰੀ ਡਾਕਟਰੀ ਸਹਾਇਤਾ ਦੇ ਸਕਣ ਦੇ ਸਮਰੱਥ ਹੁੰਦਾ ਹੈ।
ਜਿਸਤਰ੍ਹਾਂ ਦੀ ਫੌਰੀ ਡਾਕਟਰੀ ਸਹਾਇਤਾ ਦੀ ਮੈਂ ਗੱਲ ਕਰ ਰਹੀ ਹਾਂ, ਉਹ ਸਹਾਇਤਾ ਕਿਸੇ ਡਾਕਟਰ ਵੱਲੋਂ ਹੀ ਕਰਨੀ ਜ਼ਰੂਰੀ ਨਹੀਂ ਹੁੰਦੀ ਬਲਕਿ ਇਸ ਤਰ੍ਹਾਂ ਦੀ 'ਫਸਟ ਏਡ' ਹਰ ਆਮ ਇਨਸਾਨ ਨੂੰ ਆਉਣੀ ਚਾਹੀਦੀ ਹੈ।
ਇਸ ਵਾਸਤੇ ਕੁੱਝ ਅਹਿਮ ਗੱਲਾਂ ਹਰ ਕਿਸੇ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਤਾਂ ਹਰ ਉਸ ਇਨਸਾਨ ਨੂੰ ਜਿਸਨੂੰ ਆਪਣੀ ਜ਼ਿੰਦਗੀ ਪਿਆਰੀ ਹੈ, ਆਪਣੇ ਬਾਰੇ ਕੁੱਝ ਖ਼ਾਸ ਨੁਕਤੇ ਆਪਣੇ ਪਰਸ ਵਿਚ ਇਕ ਕਾਰਡ ਉੱਤੇ ਲਿਖ ਕੇ ਰੱਖਣੇ ਚਾਹੀਦੇ ਹਨ। ਮਸਲਨ ਜੇ ਉਸਨੂੰ ਦਿਲ ਦੀ ਬੀਮਾਰੀ, ਬਲੱਡ ਪ੍ਰੈਸ਼ਰ, ਥਾਇਰਾਈਡ, ਲਹੂ ਨਾ ਜੰਮਣ ਦੀ ਬੀਮਾਰੀ, ਦਮਾ, ਮਿਰਗੀ ਜਾਂ ਸ਼ੱਕਰ ਰੋਗ ਦੀ ਬੀਮਾਰੀ ਹੈ ਤਾਂ ਇਹ ਉਸਦੇ ਪਰਸ ਵਿਚਲੇ ਕਾਰਡ ਉੱਤੇ ਜ਼ਰੂਰੀ ਲਿਖਿਆ ਹੋਣਾ ਚਾਹੀਦਾ ਹੈ। ਇਨ੍ਹਾਂ ਤੋਂ ਇਲਾਵਾ ਜਿਹੜੀਆਂ ਦਵਾਈਆਂ ਲੰਬੀ ਦੇਰ ਤੋਂ ਖਾਧੀਆਂ ਜਾ ਰਹੀਆਂ ਹੋਣ ਉਨ੍ਹਾਂ ਬਾਰੇ ਵੀ ਲਿਖਿਆ ਹੋਣਾ ਚਾਹੀਦਾ ਹੈ ਜਿਵੇਂ ਸਟੀਰਾਇਡ, ਡਿਸਪਰਿਨ, ਲਹੂ ਪਤਲਾ ਕਰਨ ਦੀ ਦਵਾਈ (ਵਾਰਫੈਰਿਨ), ਇਨਸੂਲਿਨ, ਸ਼ਕਰ ਰੋਗ ਲਈ ਵਰਤੀਆਂ ਜਾ ਰਹੀਆਂ ਗੋਲੀਆਂ, ਦੌਰੇ ਰੋਕਣ ਵਾਸਤੇ ਖਾਧੀਆਂ ਜਾ ਰਹੀਆਂ ਦਵਾਈਆਂ, ਆਦਿ ਸਭ ਬਾਰੇ ਲਿਖਿਆ ਹੋਣਾ ਚਾਹੀਦਾ ਹੈ।
ਇਸ ਜਾਣਕਾਰੀ ਤੋਂ ਇਲਾਵਾ ਉਮਰ ਅਤੇ ਬਲੱਡ ਗਰੁੱਪ ਦਾ ਲਿਖਿਆ ਹੋਣਾ ਜ਼ਰੂਰੀ ਹੈ। ਜਿਨ੍ਹਾਂ ਦਵਾਈਆਂ ਤੋਂ ਐਲਰਜੀ ਹੋਵੇ, ਵੀ ਕਾਰਡ ਉੱਤੇ ਨੋਟ ਕੀਤੀਆਂ ਹੋਣੀਆਂ ਚਾਹੀਦੀਆਂ ਹਨ।
ਇਸ ਜਾਣਕਾਰੀ ਦੀ ਲੋੜ ਇਸ ਲਈ ਹੈ ਕਿ ਜੇ ਸੜਕ ਉੱਤੇ ਤੁਰਦਾ ਬੰਦਾ ਬੇਹੋਸ਼ ਹੋ ਜਾਵੇ ਜਾਂ ਐਕਸੀਡੈਂਟ ਵਿਚ ਬੇਹੋਸ਼ ਹੋ ਜਾਵੇ ਤਾਂ ਉਸਦੇ ਇਲਾਜ ਵਿਚ ਇਹ ਜਾਣਕਾਰੀ ਬਹੁਤ ਸਹਾਈ ਹੁੰਦੀ ਹੈ।
ਜੇ ਗਲਤੀ ਨਾਲ ਉਹ ਦਵਾਈ ਦੇ ਦਿੱਤੀ ਜਾਵੇ ਜਿਸਤੋਂ ਬੰਦੇ ਨੂੰ ਐਲਰਜੀ ਹੋਵੇ ਤਾਂ ਕਈ ਵਾਰ ਬੇਹੋਸ਼ ਪਏ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ। ਇਸੇ ਤਰ੍ਹਾਂ ਕੋਈ ਜ਼ਰੂਰੀ ਦਵਾਈ ਬੰਦ ਹੋ ਜਾਣ ਨਾਲ ਵੀ ਮੌਤ ਹੋ ਸਕਦੀ ਹੈ।
ਇਸ ਮੈਡੀਕਲ ਕਾਰਡ ਤੋਂ ਇਲਾਵਾ ਕਾਰ ਜਾਂ ਸਕੂਟਰ, ਮੋਟਰਸਾਈਕਲ ਵਿਚ ਮੈਡੀਕਲ ਕਿਟ ਵੀ ਜ਼ਰੂਰ ਹੋਣੀ ਚਾਹੀਦੀ ਹੈ ਜਿਸ ਵਿਚ ਪੱਟੀ, ਰੂੰ , ਸਿਰਿੰਜ, ਸੂਈ, ਦਰਦ ਦਾ ਟੀਕਾ, ਕੈਂਚੀ, ਸਪਿਰਿਟ, ਆਦਿ ਹੋਣ। ਇਹ ਕਿਟ ਸਮੇਂ ਸਮੇਂ ਸਿਰ ਚੈਕ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਮਿਆਦ ਪੂਰੀ ਹੋ ਚੁੱਕੇ ਟੀਕੇ ਬਦਲੇ ਜਾ ਸਕਣ।
ਜਦੋਂ ਵੀ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਵਿਚ ਪਹਿਲੇ ਚਾਰ ਮਿੰਟ ਬੇਸ਼ਕੀਮਤੀ ਹੁੰਦੇ ਹਨ ਕਿਉਂਕਿ ਐਕਸੀਡੈਂਟ ਦੇ ਸ਼ੁਰੂ ਵਿਚ ਹੀ ਸਾਹ ਦੀ ਨਾਲੀ ਬੰਦ ਹੋਣ ਕਾਰਣ ਅਤੇ ਆਕਸੀਜਨ ਦੀ ਕਮੀ ਕਾਰਣ ਮੌਤ ਹੋ ਜਾਂਦੀ ਹੈ। ਇਸੇ ਲਈ ਤਮਾਸ਼ਬੀਨ ਬਣਨ ਦੀ ਬਜਾਏ ਜੇ ਪਹਿਲੇ ਚਾਰ ਮਿੰਟਾਂ ਵਿਚ ਲਹੂ ਵਿਚ ਲਥਪਥ ਇਨਸਾਨ ਦੀ ਸਾਹ ਦੀ ਨਾਲੀ ਵਿਚ ਫਸੀ ਚੀਜ਼ ਬਾਹਰ ਕੱਢ ਦਿੱਤੀ ਜਾਏ ਜਾਂ ਉਸਦਾ ਗਲਾ ਅਤੇ ਸਿਰ ਇੱਕੋ ਲਾਈਨ ਵਿਚ ਸਿੱਧੇ ਕਰ ਦਿੱਤੇ ਜਾਣ ਤਾਂ ਇਕ ਕੀਮਤੀ ਇਨਸਾਨੀ ਜਾਨ ਬਚਾਈ ਜਾ ਸਕਦੀ ਹੈ।
ੀ eਨ੍ਹਾਂ ਪਹਿਲੇ ਚਾਰ ਮਿੰਟਾਂ ਤੋਂ ਬਾਅਦ ਅਗਲਾ ਇਕ ਘੰਟਾ ਇਹ ਸਾਬਤ ਕਰਦਾ ਹੈ ਕਿ ਬਚਣ ਵਾਲਾ ਬੰਦਾ, ਅਪੰਗ ਹੋ ਕੇ ਰਹਿ ਜਾਣਾ ਹੈ, ਮਰ ਜਾਣਾ ਹੈ ਜਾਂ ਕਿਸੇ ਦੀ ਮਦਦ ਨਾਲ ਬਚ ਜਾਣਾ ਹੈ।
ਇਹ ਮਦਦ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ?
੧. ਜੇ ਕਾਰ ਜਾਂ ਗੱਡੀ ਨੂੰ ਅੱਗ ਲੱਗੀ ਹੋਈ ਹੈ ਤਾਂ ਪਹਿਲਾਂ ਅੱਗ ਬੁਝਾਉਣੀ ਜ਼ਰੂਰੀ ਹੈ।
੨. ਜੇ ਕਾਰ ਹਾਲੇ ਚਲ ਰਹੀ ਹੈ ਤਾਂ ਇੰਜਨ ਬੰਦ ਕਰਨਾ ਚਾਹੀਦਾ ਹੈ ਤੇ ਸਿਗਰਟ, ਬੀੜੀ ਇਕਦਮ ਬੁਝਾ ਦੇਣੀ ਚਾਹੀਦੀ ਹੈ।
੩. ਜਿੰਨੀ ਛੇਤੀ ਹੋ ਸਕੇ,ਥਾਣੇ ਅਤੇ ਐਬੂੰਲੈਂਸ ਨੂੰ ਇਤਲਾਹ ਦੇਣੀ ਚਾਹੀਦੀ ਹੈ।
੪. ਕਾਰ ਵਿੱਚੋਂ ਜ਼ਖ਼ਮੀ ਨੂੰ ਬਾਹਰ ਨਹੀਂ ਖਿੱਚਣਾ ਚਾਹੀਦਾ ਖ਼ਾਸਕਰ ਜੇ ਉਹ ਫਸਿਆ ਪਿਆ ਹੋਵੇ।
੫. ਜੇ ਐਕਸੀਡੈਂਟ ਮੋਟਰਸਾਈਕਲ ਸਵਾਰ ਦਾ ਹੋਇਆ ਹੈ ਤਾਂ ਹੈਲਮੇਟ ਵੀ ਖਿੱਚ ਕੇ ਨਹੀਂ ਲਾਹੁਣੀ ਚਾਹੀਦੀ।
੬. ਡਰ ਅਤੇ ਸਹਿਮ ਕਾਰਣ ਜਾਂ ਇਕਦਮ ਕਾਫ਼ੀ ਲਹੂ ਵਹਿ ਜਾਣ ਕਾਰਣ ਕਈ ਬੰਦਿਆਂ ਦਾ ਸਰੀਰ ਠੰਡਾ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਹਾਲਤ ਵਿਚ ਮੂੰਹ ਵਿਚ ਪਾਣੀ ਜਾਂ ਖਾਣ ਨੂੰ ਕੁੱਝ ਨਹੀਂ ਪਾਉਣਾ ਚਾਹੀਦਾ ਬਲਕਿ ਬਿਨ੍ਹਾਂ ਵਾਧੂ ਹਿਲਾਏ ਜੁਲਾਏ ਉਸਨੂੰ ਗਰਮ ਕਪੜੇ ਨਾਲ ਕੱਜ ਕੇ ਨਿੱਘ ਦੇਣਾ ਚਾਹੀਦਾ ਹੈ ਅਤੇ ਲਗਾਤਾਰ ਹਿੰਮਤ ਦਿੰਦੇ ਰਹਿਣਾ ਚਾਹੀਦਾ ਹੈ।
੭. ਜੇ ਜ਼ਖ਼ਮੀ ਬੋਲ ਸਕਣ ਦੀ ਹਾਲਤ ਵਿਚ ਹੋਵੇ ਤਾਂ ਉਸਨੂੰ ਪੁੱਛ ਕੇ ਦਰਦ ਵਾਲੀ ਥਾਂ ਦਾ ਪਤਾ ਲਗਾਉਣਾ ਚਾਹੀਦਾ ਹੈ ਅਤੇ ਮੋਢੇ ਉੱਤੋਂ ਫੜ ਕੇ ਸਹਾਰਾ ਦਿੱਤਾ ਜਾ ਸਕਦਾ ਹੈ ਤਾਂ ਜੋ ਉਸਨੂੰ ਸਾਹ ਲੈਣ ਵਿਚ ਕੋਈ ਤਕਲੀਫ਼ ਨਾ ਹੋਵੇ। ਇੱਕ ਹੱਥ ਨਾਲ ਮੱਥੇ ਨੂੰ ਸਹਾਰਾ ਦੇ ਕੇ, ਦੂਜੇ ਹੱਥ ਦੀਆਂ ਦੋ ਉਗੰਲਾਂ ਨਾਲ ਠੋਡੀ ਨੂੰ ਰਤਾ ਉੱਚਾ ਚੁੱਕ ਕੇ ਸਿਰ ਹਲਕਾ ਜਿਹਾ ਪਿਛਾਂਹ ਕਰ ਦੇਣਾ ਚਾਹੀਦਾ ਹੈ। ਖ਼ਿਆਲ ਰਹੇ ਕਿ ਜੇ ਧੱਕੋ ਜ਼ੋਰੀ ਸਿਰ ਪਿੱਛੇ ਕੀਤਾ ਜਾਏ ਜਾਂ ਜ਼ਿਆਦਾ ਪਿੱਛੇ ਕੀਤਾ ਜਾਏ ਤਾਂ ਸਾਹ ਲੈਣ ਵਿਚ ਵੀ ਦਿੱਕਤ ਆਉਣ ਲਗ ਪੈਂਦੀ ਹੈ ਅਤੇ ਜੇ ਗਲੇ ਦੀ ਰੀੜ ਦੀ ਹੱਡੀ ਵਿਚ ਕੋਈ ਤ੍ਰੇੜ ਪੈ ਚੁੱਕੀ ਹੋਵੇ ਤਾਂ ਸਿਰ ਪਿੱਛੇ ਸੁੱਟਣ ਨਾਲ ਨਸਾਂ ਦੱਬ ਜਾਣ ਦਾ ਖ਼ਤਰਾ ਵਧ ਜਾਂਦਾ ਹੈ ਜਿਸ ਕਾਰਣ ਬੰਦੇ ਨੂੰ ਇਕਦਮ ਲਕਵਾ ਮਾਰ ਸਕਦਾ ਹੈ।
੮. ਇਸਤੋਂ ਬਾਅਦ ਜ਼ਖ਼ਮੀ ਬੰਦੇ ਦਾ ਸਾਹ ਵੇਖਣਾ ਜ਼ਰੂਰੀ ਹੈ ਜੋ ਲਗਾਤਾਰ ੧੦ ਸਕਿੰਟ ਤਕ ਵੇਖਣਾ ਚਾਹੀਦਾ ਹੈ ਕਿ ਬੰਦਾ ਸਾਹ ਠੀਕ ਲੈ ਰਿਹਾ ਹੈ ਜਾਂ ਨਹੀਂ ? ਜੇ ਸਾਹ ਠੀਕ ਲੈ ਰਿਹਾ ਹੋਵੇ ਤਾਂ ਕੋਈ ਡਰ ਨਹੀਂ ਪਰ ਜੇ ਸਾਹ ਰੁਕ ਰਿਹਾ ਹੋਵੇ ਜਾਂ ਖਿੱਚਵਾਂ ਆਉਣਾ ਸ਼ੁਰੂ ਹੋ ਜਾਵੇ ਤਾਂ ਉਸ ਦੀ ਛਾਤੀ ਦੱਬਣੀ ਜ਼ਰੂਰੀ ਹੋ ਜਾਂਦੀ ਹੈ। ਛਾਤੀ ਦੱਬਣ ਦਾ ਤਰੀਕਾ ਅਨੇਕ ਪਿਕਚਰਾਂ ਵਿਚ ਦਿਖਾਇਆ ਜਾ ਚੁੱਕਿਆ ਹੈ ਪਰ ਹਰ ਇਕ ਵਿਚ ਗਲਤ ਦਿਖਾਇਆ ਜਾਂਦਾ ਹੈ ਜਿਹੜਾ ਉੱਕਾ ਹੀ ਕਾਰਗਰ ਸਾਬਤ ਨਹੀਂ ਹੁੰਦਾ।
ਛਾਤੀ ਦੱਬਣ ਲਈ ਬੰਦੇ ਨੂੰ ਜ਼ਮੀਨ ਉੱਤੇ ਸਿੱਧਾ ਲਿਟਾ ਕੇ ਦੋਨੋਂ ਹੱਥਾਂ ਨੂੰ ਛਾਤੀ ਦੇ ਵਿਚਕਾਰ ਇਕ ਦੂਜੇ ਉੱਤੇ ਰੱਖ ਕੇ ਚਾਰ ਤੋਂ ਪੰਜ ਸੈਂਟੀਮੀਟਰ ਹੇਠਾਂ ਦੱਬਣਾ ਚਾਹੀਦਾ ਹੈ ਤਾਂ ਜੋ ਦਿਲ ਅਤੇ ਫੇਫੜਿਆਂ ਉੱਤੇ ਦਬਾਓ ਪੈ ਸਕੇ। ਇਹ ਦੱਬਣ ਦਾ ਕੰਮ ਏਨਾ ਤੇਜ਼ ਹੁੰਦਾ ਹੈ ਕਿ ਮਿੰਟ ਵਿਚ ਘੱਟੋ ਘਟ ਸੌ ਵਾਰ ਹੋਣਾ ਚਾਹੀਦਾ ਹੈ।
ਤੀਹ ਵਾਰ ਛਾਤੀ ਦੱਬ ਲੈਣ ਤੋਂ ਬਾਅਦ ਜ਼ਖ਼ਮੀ ਦਾ ਨੱਕ ਇਕ ਹੱਥ ਦੀਆਂ ਦੋ ਉਗੰਲਾਂ ਅਤੇ ਅੰਗੂਠੇ ਨਾਲ ਬੰਦ ਕਰ ਕੇ ਅਤੇ ਦੂਜੇ ਹੱਥ ਨਾਲ ਠੋਡੀ ਹੇਠਾਂ ਖਿੱਚ ਕੇ ਮੂੰਹ ਖੋਲ੍ਹ ਕੇ ਆਪਣੇ ਮੂੰਹ ਨਾਲ ਦੋ ਲੰਬੇ ਸਾਹ ਉਸ ਅੰਦਰ ਧੱਕਣੇ ਚਾਹੀਦੇ ਹਨ ਜਿਹੜੇ ਇਕ ਸਕਿੰਟ ਵਿਚ ਦੇ ਦਿੱਤੇ ਜਾਣੇ ਚਾਹੀਦੇ ਹਨ।
ਇਸੇ ਤਰ੍ਹਾਂ ਵਾਰੋ ਵਾਰ ਕਰਦੇ ਰਹਿਣਾ ਚਾਹੀਦਾ ਹੈ ਜਦ ਤਕ ਬੰਦਾ ਨਾਰਮਲ ਸਾਹ ਨਾ ਲੈਣਾ ਸ਼ੁਰੂ ਕਰ ਦੇਵੇ।
ਜੇ ਬੰਦਾ ਕਾਰ ਵਿਚ ਹੀ ਫਸਿਆ ਪਿਆ ਹੋਵੇ ਤੇ ਸੌਖਿਆਂ ਕੱਢਿਆ ਨਾ ਜਾ ਸਕ ਰਿਹਾ ਹੋਵੇ ਜਾਂ ਛਾਤੀ ਸਟੀਅਰਿੰਗ ਵੀਲ ਨਾਲ ਦੱਬ ਚੁੱਕੀ ਹੋਵੇ ਤਾਂ ਅਜਿਹਾ ਕਰਨਾ ਨਾਮੁਮਕਿਨ ਹੋ ਜਾਂਦਾ ਹੈ। ਜੇ ਜ਼ਖ਼ਮੀ ਬੰਦਾ ਸਾਹ ਠੀਕ ਲੈ ਰਿਹਾ ਹੋਵੇ ਪਰ ਬੇਹੋਸ਼ ਹੋਵੇ ਤਾਂ ਬਹੁਤੀ ਛੇੜ ਛਾੜ ਨਹੀਂ ਕਰਨੀ ਚਾਹੀਦੀ। ਜੇ ਕਾਰ ਵਿੱਚੋਂ ਕੱਢਿਆ ਜਾ ਸਕੇ ਤਾਂ ਬਾਹਰ ਕੱਢ ਕੇ ਸਿਰਫ਼ ਸਿੱਧਾ ਲਿਟਾ ਦੇਣਾ ਚਾਹੀਦਾ ਹੈ।
ਜੇ ਜ਼ਖ਼ਮੀ ਕੋਈ ਬੱਚਾ ਹੋਵੇ ਤਾਂ ਛਾਤੀ ਇਕ ਹੱਥ ਨਾਲ ਦੱਬਣੀ ਚਾਹੀਦੀ ਹੈ ਅਤੇ ਉਸਦੇ ਮੂੰਹ ਅੰਦਰ ਸਾਹ ਵੀ ਹੌਲੀ ਧੱਕਣਾ ਚਾਹੀਦਾ ਹੈ।
ਬੇਹੋਸ਼ ਪਏ ਬੰਦੇ ਦੇ ਮੂੰਹ ਅੰਦਰ ਜੇ ਨਕਲੀ ਦੰਦ ਹੋਣ ਤਾਂ ਕੱਢ ਦੇਣੇ ਚਾਹੀਦੇ ਹਨ ਤਾਂ ਜੋ ਗਲੇ ਵਿਚ ਫਸ ਨਾ ਜਾਣ। ਏਸੇ ਤਰ੍ਹਾਂ ਜੇ ਜੀਭ ਗਲੇ ਅੰਦਰ ਪਿਛਲੇ ਪਾਸੇ ਡਿਗ ਕੇ ਸਾਹ ਰੋਕ ਰਹੀ ਹੋਵੇ ਤਾਂ ਵੀ ਆਪਣੀ ਉਗੰਲ ਉੱਤੇ ਰੁਮਾਲ ਬੰਨ੍ਹ ਕੇ ਗਲਾ ਸਾਫ਼ ਕਰ ਦੇਣਾ ਚਾਹੀਦਾ ਹੈ।
ਜੇ ਐਕਸੀਡੈਂਟ ਵਿਚ ਲਹੂ ਕਾਫ਼ੀ ਵਹਿ ਰਿਹਾ ਹੋਵੇ ਅਤੇ ਬੰਦੇ ਦੇ ਜ਼ਖ਼ਮ ਵਿਚ ਕੋਈ ਚੀਜ਼ ਨਾ ਫਸੀ ਹੋਵੇ ਤਾਂ ਉਸ ਜ਼ਖ਼ਮ ਨੂੰ ਘੁੱਟ ਕੇ ਬੰਨ੍ਹ ਦੇਣਾ ਚਾਹੀਦਾ ਹੈ। ਜੇ ਜ਼ਖ਼ਮ ਵਿਚ ਕੋਈ ਚੀਜ਼ ਫਸ ਗਈ ਹੋਵੇ ਅਤੇ ਉਹ ਚੀਜ਼ ਸੌਖਿਆਂ ਕੱਢੀ ਜਾ ਸਕਦੀ ਹੋਵੇ ਤਾਂ ਕੱਢ ਕੇ ਘੁੱਟ ਕੇ ਬੰਨ੍ਹ ਦੇਣਾ ਚਾਹੀਦਾ ਹੈ। ਜੇ ਜ਼ਖ਼ਮ ਵਿਚਲੀ ਫਸੀ ਚੀਜ਼ ਕੱਢੀ ਨਾ ਜਾ ਸਕਦੀ ਹੋਵੇ ਤਾਂ ਜ਼ਖ਼ਮ ਦੇ ਦੁਆਲੇ ਸਾਫ਼ ਪੱਟੀਆਂ ਦਾ 'ਪੈਡ' ਬਣਾ ਦੇਣਾ ਚਾਹੀਦਾ ਹੈ ਪਰ ਜ਼ਖ਼ਮ ਘੁੱਟ ਦੇ ਦੱਬਣਾ ਨਹੀਂ ਚਾਹੀਦਾ।
ਜੇ ਕਾਰ ਵਿਚ ਫਸਟ ਏਡ ਕਿੱਟ ਹੋਵੇ ਤਾਂ ਉਸ ਵਿੱਚੋਂ ਸਾਫ਼ ਪੱਟੀ ਲੈ ਕੇ ਬੰਨ੍ਹੀ ਜਾ ਸਕਦੀ ਹੈ। ਕਈ ਵਾਰ ਲੱਤਾਂ ਬਾਹਵਾਂ ਦੇ ਜ਼ਖ਼ਮਾਂ ਵਿੱਚੋਂ ਲਹੂ ਤਾਂ ਵਗ ਰਿਹਾ ਹੁੰਦਾ ਹੈ ਪਰ ਹੱਡੀ ਨਹੀਂ ਟੁੱਟੀ ਹੁੰਦੀ, ਇਸ ਹਾਲਤ ਵਿਚ ਬਾਂਹ ਜਾਂ ਲੱਤ ਨੂੰ ਦਿਲ ਦੀ ਸਿੱੱਧੀ ਲਾਈਨ ਤੋਂ ਉਤਾਂਹ ਚੁੱਕ ਦੇਣਾ ਚਾਹੀਦਾ ਹੈ ਤਾਂ ਜੋ ਲਹੂ ਦਾ ਦੌਰਾ ਘੱਟ ਜਾਏ।
ਕਿਤੇ ਗਲਤੀ ਨਾਲ ਜੇ ਪੂਰੀ ਤਰ੍ਹਾਂ ਘੁੱਟ ਦੇ ਜ਼ਖ਼ਮ ਇਸ ਤਰ੍ਹਾਂ ਬੰਨ੍ਹ ਦਿੱਤਾ ਜਾਏ ਕਿ ਲਹੂ ਦਾ ਦੌਰਾ ਪੂਰੀ ਤਰ੍ਹਂ ਬੰਦ ਹੀ ਹੋ ਜਾਏ ਤਾਂ ਕਈ ਵਾਰ ਉਸ ਅੰਗ ਨੂੰ ਬਾਅਦ ਵਿਚ ਕੱਟਣਾ ਹੀ ਪੈ ਸਕਦਾ ਹੈ ਕਿਉਂਕਿ ਉਹ ਹਿੱਸਾ ਸੁੱਕ ਜਾਂਦਾ ਹੈ। ਇਸੇ ਲਈ ਹਲਕਾ ਲਹੂ ਦਾ ਦੌਰਾ ਚਲਦਾ ਰਹਿਣਾ ਚਾਹੀਦਾ ਹੈ।
ਜੇ ਐਕਸੀਡੈਂਟ ਵਿਚ ਅੱਗ ਲੱਗਣ ਨਾਲ ਜ਼ਖ਼ਮੀ ਬੰਦਾ ਸੜ ਵੀ ਗਿਆ ਹੋਵੇ ਤਾਂ ਸੜੀ ਹੋਈ ਥਾਂ ਉੱਤੋਂ ਕਪੜਾ ਖਿੱਚ ਕੇ ਨਹੀਂ ਲਾਹੁਣਾ ਚਾਹੀਦਾ ਬਲਕਿ ਉਸ ਥਾਂ ਨੂੰ ਠੰਡਾ ਕਰਨ ਵਾਸਤੇ ਦਸ ਮਿੰਟ ਤੱਕ ਠੰਡਾ ਸਾਫ਼ ਪਾਣੀ ਪਾਉਂਦੇ ਰਹਿਣਾ ਚਾਹੀਦਾ ਹੈ, ਪਰ ਬਰਫ਼ ਵਾਲਾ ਪਾਣੀ ਨਹੀਂ।
ਜੇ ਕਾਰ ਜਾਂ ਜੀਪ ਵਾਲੇ ਦੀ 'ਮੈਡੀਕਲ ਕਿਟ' ਕੱਢਣੀ ਨਾਮੁਮਕਿਨ ਹੋਵੇ ਤਾਂ ਆਪਣੀ ਕਾਰ ਜਾਂ ਸਕੂਟਰ ਵਿਚਲੀ ਮੈਡੀਕਲ ਕਿਟ ਵਿੱਚੋਂ ਸੜੇ ਹੋਏ ਜ਼ਖ਼ਮ ਉੱਤੇ ਦਵਾਈ ਲਗਾਈ ਜਾ ਸਕਦੀ ਹੈ।
ਏਨਾ ਸਭ ਕੁੱਝ ਕਰਦੇ ਹੋਏ ਇਹ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਿਰਫ 'ਫਸਟ ਏਡ' ਹੈ ਯਾਨੀ ਮੁੱਢਲੀ ਡਾਕਟਰੀ ਸਹਾਇਤਾ। ਏਸੇ ਲਈ ਅਗਲੇ ਇਲਾਜ ਵਾਸਤੇ ਐਬੂੰਲੈਂਸ ਸੱਦਣੀ ਬਹੁਤ ਜ਼ਰੂਰੀ ਹੈ ਜਾਂ ਜ਼ਖ਼ਮੀ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣਾ। ਹਸਪਤਾਲ ਲਿਜਾਉਣ ਲੱਗਿਆਂ ਵੀ ਜ਼ਖ਼ਮੀ ਦੀ ਗਰਦਨ ਸਿੱਧੀ ਹੀ ਰੱਖਣੀ ਚਾਹੀਦੀ ਹੈ ਤੇ ਟੁੱਟੀ ਹੱਡੀ ਵਾਲੀ ਬਾਂਹ ਜਾਂ ਲੱਤ ਵੀ ਕਿਸੇ ਸਿੱਧੀ ਲੱਕੜ ਨਾਲ ਬੰਨ੍ਹ ਕੇ ਬਿਲਕੁਲ ਸਿੱਧੀ ਹੀ ਰਹੇ ਤਾਂ ਠੀਕ ਹੈ ਨਹੀਂ ਤਾਂ ਦਰਦ ਕਾਰਣ ਹੀ ਬੰਦਾ ਬੇਹੋਸ਼ੀ ਵਿਚ ਚਲਾ ਜਾਂਦਾ ਹੈ।
ਮੈਂ ਇਹ ਸਭ ਕੁੱਝ ਇਸਲਈ ਦੱਸਿਆ ਹੈ ਕਿ ਵਤਨੋਂ ਪਾਰ ਲੋਕ ਜ਼ਖ਼ਮੀਆਂ ਦੀ ਮਦਦ ਲਈ ਭੱਜ ਕੇ ਅੱਗੇ ਆਉਂਦੇ ਹਨ। ਸਾਡੇ ਦੇਸ ਵਿਚਲੇ ਤਮਾਸ਼ਬੀਨਾਂ ਵਿੱਚੋਂ ਕੋਈ ਟਾਵਾਂ ਹੀ ਮਨੁੱਖਤਾ ਲਈ ਦਰਦ ਰਖਦਾ ਹੈ ਅਤੇ ਜਿਹੜਾ ਰਖਦਾ ਹੈ ਉਸਨੂੰ ਬਹੁਤੀ ਵਾਰ 'ਫਸਟ ਏਡ' ਬਾਰੇ ਪਤਾ ਹੀ ਨਹੀਂ ਹੁੰਦਾ ਜਿਸ ਕਾਰਣ ਉਹ ਬੋਰੇ ਵਾਂਗ ਜ਼ਖ਼ਮੀ ਨੂੰ ਲੱਦ ਕੇ ਹਸਪਤਾਲ ਸੁੱਟ ਆਉਂਦਾ ਹੈ, ਇਹ ਜਾਣੇ ਬਗ਼ੈਰ ਕਿ ਇਨ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਖ਼ਿਆਲ ਜੇ ਰਖ ਲਿਆ ਜਾਏ ਤਾਂ ਡਾਕਟਰੀ ਸਹਾਇਤਾ ਪਹੁੰਚਣ ਤੋਂ ਪਹਿਲਾਂ ਖ਼ਤਮ ਹੋ ਜਾਣ ਵਾਲੀਆਂ ਕਿੰਨੀਆਂ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਭਵਿੱਖਬਾਣੀ ਕਰ ਦਿੱਤੀ ਹੈ ਕਿ ਆਉਣ ਵਾਲੇ ਵੀਹ ਸਾਲਾਂ ਵਿਚ ਮੌਤ ਦਾ ਜੇ ਦੂਜਾ ਨਹੀਂ ਤਾਂ ਤੀਜਾ ਵੱਡਾ ਕਾਰਣ ਤਾਂ ਜ਼ਰੂਰ ਸੜਕ ਦੇ ਹਾਦਸੇ ਹੀ ਹੋਣਗੇ। ਪਹਿਲਾ ਵੱਡਾ ਕਾਰਣ ਤਾਂ ਬਲੱਡ ਪ੍ਰੈਸ਼ਰ ਹੀ ਰਹਿਣ ਵਾਲਾ ਹੈ ਕਿਉਂਕਿ ਪੈਸੇ ਕਮਾਉਣ ਦੀ ਹੋੜ ਸਦਕਾ ਤਣਾਓ ਘੇਰ ਹੀ ਲੈਂਦਾ ਹੈ।
ਕੀ ਹੁਣ ਇਹ ਨਹੀਂ ਭਾਸਦਾ ਕਿ ਹਰ ਸਕੂਟਰ, ਕਾਰ, ਜੀਪ, ਵੈਨ, ਸਕੂਲ, ਕਾਲਜ, ਬੈਂਕਾਂ ਵਿਚ ਫਸਟ ਏਡ ਕਿਟ ਤਾਂ ਹੋਣੀ ਹੀ ਚਾਹੀਦੀ ਹੈ ਪਰ ਸਕੂਲਾਂ ਕਾਲਜਾਂ ਵਿਚ ਫਸਟ ਏਡ ਦੀ ਟਰੇਨਿੰਗ ਵੀ ਜ਼ਰੂਰੀ ਦੇਣੀ ਚਾਹੀਦੀ ਹੈ ਅਤੇ ਫੇਰ ਅੱਗੋਂ ਹਰ ਕਿੱਤੇ ਵਿਚ ਰਿਫਰੈਸ਼ਰ ਕੋਰਸ ਹੁੰਦੇ ਰਹਿਣੇ ਚਾਹੀਦੇ ਹਨ ? ਜਿਵੇਂ ਸੀਟ ਬੈਲਟਾਂ ਨਾ ਲਾਉਣ ਉੱਤੇ ਚੈਕਿੰਗ ਕਰਨ ਵਾਲੇ ਚਲਾਨ ਕਟਦੇ ਹਨ, ਉਸੇ ਤਰ੍ਹਾਂ ਅਜਿਹੀਆਂ 'ਮੈਡੀਕਲ ਕਿੱਟਾਂ' ਨਾ ਹੋਣ ਉੱਤੇ ਵੀ ਚਲਾਨ ਹੋਣੇ ਚਾਹੀਦੇ ਹਨ ਤਾਂ ਜੋ ਆਪਣੇ ਆਪ ਨੂੰ ਸਦੀਵੀ ਸਮਝਣ ਵਾਲੇ ਇਨਸਾਨ ਕਾਨੂੰਨ ਦੇ ਡਰ ਤੋਂ ਹੀ ਸਹੀ, ਪਰ ਆਪਣੀ ਅਤੇ ਦੂਜਿਆਂ ਦੀ ਰਾਖੀ ਕਰ ਸਕਣ।
ਤੇਜ਼ ਰਫ਼ਤਾਰੀ ਨੂੰ ਪਿਆਰ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਐਕਸੀਡੈਂਟ ਵਿਚ ਅਪੰਗ ਹੋਏ ਬੰਦਿਆਂ ਨੂੰ ਇਕ ਵਾਰ ਜ਼ਰੂਰ ਮਿਲ ਲੈਣ ਅਤੇ ਉਨ੍ਹਾਂ ਘਰਾਂ ਵਿਚ ਵੀ ਨਜ਼ਰ ਮਾਰਨ ਜਿਨ੍ਹਾਂ ਦੇ ਘਰ ਐਕਸੀਡੈਂਟਾਂ ਨੇ ਵੀਰਾਨ ਕਰ ਦਿੱਤੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਮੇਰਾ ਲੱਖ ਪੜ੍ਹਨ ਤੋਂ ਬਾਅਦ ਤੁਹਾਨੂੰ ਵੀ ਇਹੀ ਠੀਕ ਲੱਗੇਗਾ ਕਿ ਐਕਸੀਡੈਂਟਾਂ ਵਿਚ ਵੱਢੇ ਟੁੱਕੇ ਜਾਣ ਤੋਂ ਬਾਅਦ ਸੜਕਾਂ ਉੱਤੇ ਆਪਣਾ ਲਹੂ ਲੋਕਾਂ ਦੇ ਪੈਰਾਂ ਥੱਲੇ ਰੋਂਦ ਦੇਣ ਨਾਲੋਂ ਜੀਉਂਦੇ ਜੀ ਖ਼ੂਨ ਦਾਨ ਕਰ ਕੇ ਪੁੰਨ ਕਮਾਉਣਾ ਅਤੇ ਕਿਸੇ ਦੂਸਰੇ ਦੀ ਜਾਨ ਬਚਾਉਣਾ ਜ਼ਿਆਦਾ ਵਧੀਆ ਹੈ!

Tags: ਮੁੱਢਲੀ ਡਾਕਟਰੀ ਸਹਾਇਤਾ ਬਚਾ ਸਕਦੀ ਹੈ ਕੀਮਤੀ ਜਾਨ!ਡਾ: ਹਰਸ਼ਿੰਦਰ ਕੌਰ