HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਗਾਡਮਦਰ ਤੇ ਬਾਗਵਾਨ ਜਿਹੀਆਂ ਫ਼ਿਲਮਾਂ ਕਰਨੀਆਂ ਚਾਹੁੰਦੀ ਹਾਂ–ਅਭਿਨੇਤਰੀ ਦਲਜੀਤ ਕੌਰ


Date: Aug 08, 2011

ਗੁਰਨੈਬ ਸਾਜਨ ਦਿਓਣ
ਪੰਜਾਬੀ ਫ਼ਿਲਮ 'ਦਾਜ਼' ਤੋਂ ਬਤੌਰ ਅਭਿਨੇਤਰੀ ਦਾ ਸਫਰ ਸ਼ੁਰੂ ਕਰਨ ਵਾਲੀ ਦਲਜੀਤ ਕੌਰ ਨੇ ਸੁਪਰ-ਡੁਪਰ ਹਿੱਟ ਫ਼ਿਲਮ 'ਪੁੱਤ ਜੱਟਾਂ ਦੇ' ਵਿਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਕੇ ਹਰ ਨੌਜਵਾਨ ਦੇ ਦਿਲਾਂ 'ਤੇ ਲਗਭਗ ਦੋ ਦਹਾਕੇ ਤੱਕ ਰਾਜ ਕੀਤਾ ਹੈ। ਪਰ ਪਿਛਲੇ ਸਮੇਂ ਦੌਰਾਨ ਦਲਜੀਤ ਕੌਰ ਦੇ ਪਤੀ ਸ੍ਰੀ ਹਰਮਿੰਦਰ ਸਿੰਘ ਦਿਓਲ ਦੀ ਇਕ ਸੜਕ ਹਾਦਸੇ ਦੌਰਾਨ ਹੋਈ ਮੌਤ ਕਾਰਨ ਉਸਨੂੰ ਪੰਜਾਬੀ ਸਿਨੇਮੇ ਤੋਂ ਲੰਮਾ ਸਮਾਂ ਦਰ-ਕਿਨਾਰ ਕਰ ਦਿੱਤਾ। ਪਰ ਆਪਣੇ ਪਤੀ ਦੇ ਗਮ ਨੂੰ ਸੀਨੇ ਨਾਲ ਲਾ ਕੇ ਦਲਜੀਤ ਕੌਰ ਨੇ ਕਾਫੀ ਲੰਮੇ ਅਰਸੇ ਬਾਅਦ ਨਿਰਮਾਤਾ ਨਿਰਦੇਸ਼ਕ ਮਨਮੋਹਨ ਸਿੰਘ ਦੀ ਪੰਜਾਬੀ ਫ਼ਿਲਮ 'ਜੀ ਆਇਆਂ ਨੂੰ' ਵਿਚ ਗਾਇਕ, ਅਦਾਕਾਰ ਹਰਭਜਨ ਮਾਨ ਦੀ ਮਾਂ ਦਾ ਜਾਨਦਾਰ ਰੋਲ ਨਿਭਾਇਆ ਸੀ। ਹਰਭਜਨ ਮਾਨ ਦੀ 'ਹੀਰ ਰਾਂਝਾ' ਵਿਚ ਉਸਨੇ ਨੀਰੂ ਬਾਜਵਾ ਯਾਨਿ ਹੀਰ ਦੀ ਮਾਂ ਦਾ ਯਾਦਗਾਰੀ ਰੋਲ ਕੀਤਾ ਹੈ। ਪੰਜਾਬੀ ਫ਼ਿਲਮ 'ਸੱਜਣਾ ਵੇ ਸੱਜਣਾ' ਵਿਚ ਵੀ ਅਦਾਕਾਰੀ ਕੀਤੀ ਹੈ। ਪੰਜਾਬੀ ਗਾਇਕੀ ਨੂੰ ਬੁਲੰਦੀਆਂ ਉਪਰ ਲੈ ਕੇ ਜਾਣ ਵਾਲੇ ਲੋਕ ਗਾਇਕ ਬਲਕਾਰ ਸਿੱਧੂ ਜੋ ਪਹਿਲੀ ਵਾਰ ਬਤੌਰ ਨਾਇਕ ਸੁਨਹਿਰੀ ਪਰਦੇ ਉਪਰ ਦਸਤਕ ਦੇਣ ਆ ਰਿਹਾ ਹੈ। ਸਤੰਬਰ ਮਹੀਨੇ 'ਚ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫੀਚਰ 'ਦੇਸੀ ਮੁੰਡੇ' ਵਿਚ ਬਲਕਾਰ ਸਿੱਧੂ ਅਤੇ ਮਾਡਲ ਬੰਟੀ ਗਰੇਵਾਲ ਦੀ ਮਾਂ ਦਾ ਰੋਲ ਕਰ ਰਹੀ ਹੈ। ਦੇਸੀ ਮੁੰਡੇ ਦੇ ਸੈੱਟ ਤੇ ਅਭਿਨੇਤਰੀ ਦਲਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਜੰਮੀ ਪਲੀ ਭਾਵੇਂ ਬੰਗਾਲ ਵਿਚ ਹੈ ਅਤੇ ਬੋਰਡਿੰਗ ਸਕੂਲ ਦਾਰਜਲਿੰਗ 'ਚ ਪੜ੍ਹੀ ਪਰ ਨਿੱਕੀ ਹੁੰਦੀ ਉਹ ਆਪਣੇ ਨਾਨਕੇ ਪਿੰਡ ਗੁੰਮਟੀ ਖੁਰਦ (ਬਠਿੰਡਾ) ਆਉਂਦੀ ਰਹੀ ਸੀ ਪਰ ਪੰਜਾਬੀ ਕਲਚਰ ਬਾਰੇ ਮੈਨੂੰ ਜਿਆਦਾ ਪਤਾ ਨਹੀਂ ਚੱਲਦਾ। ਪਰ ਮੈਂ ਇੰਦਰਜੀਤ ਹਸਨਪੁਰੀ ਜੀ ਦੀ ਪੰਜਾਬੀ ਫ਼ਿਲਮ 'ਦਾਜ' ਤੋਂ ਬਤੌਰ ਅਭਿਨੇਤਰੀ ਕਦਮ ਰੱਖਿਆ। ਇਸ ਤੋਂ ਬਾਅਦ 'ਪੁੱਤ ਜੱਟਾਂ ਦੇ', ਮਾਮਲਾ ਗੜਬੜ ਹੈ, ਵੈਰੀ ਜੱਟ, ਸੈਦਾ ਜੋਗਣ, ਬਟਵਾਰਾ, ਕੀ ਬਣੂ ਦੁਨੀਆਂ ਦਾ, ਸਰਪੰਚ, ਪਟੋਲਾ, ਸ਼ੇਰਾਂ ਦੇ ਪੁੱਤ ਸ਼ੇਰ, ਇਸ਼ਕ ਨਿਮਾਣਾ, ਸੁਹਾਗ ਚੂੜਾ, ਨਿੰਮੋ, ਦੂਜਾ ਵਿਆਹ, ਜੱਟ ਪੰਜਾਬ ਦਾ, ਅਣਖ ਜੱਟਾਂ ਦੀ, ਮਾਹੌਲ ਠੀਕ ਹੈ, ਤਕਰੀਬਨ ੬੦ਕੁ ਪੰਜਾਬੀ ਫ਼ਿਲਮਾਂ ਵਿਚ ਅਦਾਕਾਰੀ ਕੀਤੀ ਹੈ। ਦਲਜੀਤ ਕੌਰ ਅੱਗੇ ਦੱਸਦੀ ਹੈ ਕਿ ਉਸਦੀ ਸਭ ਤੋਂ ਵੱਡੀ ਬੇਹਤਰੀਨ ਫ਼ਿਲਮ 'ਪੁੱਤ ਜੱਟਾਂ ਦੇ' ਰਹੀ ਹੈ ਕਿਉਂਕਿ ਇਹ ਫ਼ਿਲਮ ਅੱਜ ਵੀ ਜਿਵੇਂ ਬਾਲੀਵੁੱਡ ਦੀ ਸ਼ੋਲੇ ਦੇਖੀ ਜਾਂਦੀ ਹੈ। ਉਸ ਵਾਂਗ ਹੀ ਪੁੱਤ ਜੱਟਾਂ ਦੇ ਦੇਖੀ ਜਾਂਦੀ ਹੈ। ਇਸ ਫ਼ਿਲਮ ਵਿਚ 'ਧਰਮਿੰਦਰ ਜੀ' ਸ਼ਤਰੂਘਨ ਸਿਨਹਾ ਜੀ ਨੇ ਭਰਵੀਂ ਹਾਜ਼ਰੀ ਲਗਵਾਈ ਸੀ। ਪੰਜਾਬੀ ਦੇ ਲੋਕ ਗਾਇਕ ਮੁਹੰਮਦ ਸਦੀਕ, ਸੁਰਿੰਦਰ ਛਿੰਦਾ ਦੀ ਵੀ ਇਹ ਯਾਦਗਾਰੀ ਫ਼ਿਲਮ ਰਹੀ ਹੈ। ਬਲਦੇਵ ਖੋਸਾ(ਹੀਰੋ) ਪ੍ਰਕਾਸ਼ ਗਿੱਲ(ਖਲਨਾਇਕ) ਦੇ ਦਮਦਾਰ ਰੋਲ ਵਿਚ ਖੂਬ ਪਸੰਦ ਕੀਤੇ ਗਏ। ਇਸ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਪੰਜਾਬ ਦਾ ਪੇਂਡੂ ਕਲਚਰ ਮੇਰੇ ਲਈ ਨਵਾਂ ਸੀ ਜਿਵੇਂ ਊਠਾਂ, ਘੋੜਿਆਂ ਤੇ ਬਰਾਤ ਆਉਦੀ ਹੈ। ਖੇਤ, ਖਾਲ, ਸੂਏ ਮੈਂ ਬੰਗਾਲ ਵਿਚ ਰਹਿਣ ਕਰਕੇ ਪਹਿਲਾਂ ਕਦੇ ਨਹੀਂ ਦੇਖੇ ਸਨ।

ਦਲਜੀਤ ਕੌਰ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਹਿੰਦੀ ਫ਼ਿਲਮਾਂ ਵਿਚ ਅਦਾਕਾਰੀ ਕਰਨ ਬਾਰੇ ਦੱਸਦੀ ਹੈ ਕਿ ਜਦੋਂ ਮੈਂ ਆਪਣੇ ਪਤੀ ਨਾਲ ਮੁੰਬਈ ਰਹਿਣ ਲੱਗੀ ਤਾਂ ਉਥੇ ਅਕਸਰ ਬਾਲੀਵੁੱਡ ਦੇ ਨਿਰਮਾਤਾ, ਨਿਰਦੇਸ਼ਕਾਂ ਨਾਲ ਮੇਲ ਹੋਣ ਲੱਗਿਆ। ਉਸ ਸਮੇਂ ਯਸ਼ ਚੋਪੜਾ ਜੀ ਮੈਨੂੰ ਆਪਣੀ ਹਿੰਦੀ ਫ਼ਿਲਮ ਵਿਚ ਬਰੇਕ ਦੇਣਾ ਚਾਹੁੰਦੇ ਸਨ। ਰਾਜ ਕਪੂਰ ਜੀ 'ਹਿਨਾ' ਦਾ ਮੇਨ ਰੋਲ ਮੈਨੂੰ ਦੇਣਾ ਚਾਹੁੰਦੇ ਸਨ। ਪਰ ਰਾਜ ਕਪੂਰ ਜੀ ਦੀ ਮੌਤ ਹੋਣ ਤੋਂ ਬਾਅਦ ਪਾਕਿਸਤਾਨ ਮੂਲ ਦੀ ਨਾਇਕਾ ਜੇਬਾ ਬਖਤਿਆਰ ਨੂੰ ਉਹ ਰੋਲ ਦੇ ਦਿੱਤਾ ਗਿਆ। ਵੈਸੇ ਮੈਂ ਸਭ ਤੋਂ ਪਹਿਲਾਂ ਸੁਨੀਲ ਦੱਤ ਨਾਲ ਹਿੰਦੀ ਫ਼ਿਲਮ 'ਯਾਰੀ-ਦੁਸ਼ਮਣੀ' ਵਿਚ ਕੰਮ ਕੀਤਾ। ਇਸ ਤੋਂ ਬਾਅਦ ਸੰਨੀ ਦਿਓਲ, ਮੀਨਾਕਸ਼ੀ ਸ਼ੇਸਾਦਰੀ ਦੀ ਫ਼ਿਲਮ 'ਡਕੈਤ' ਅੰਮ੍ਰਿਤ ਵਿਚ ਰਾਜੇਸ਼ ਖੰਨਾ ਦੀ ਨੂੰਹ ਬਣੀ ਸੀ। ੧੯੮੦ 'ਚ ਰਿਸ਼ੀ ਕਪੂਰ ਨਾਲ 'ਧਨ ਦੌਲਤ', 'ਧਰਮਿੰਦਰ, ਸ਼ਤਰੂਘਨ ਸਿਨਹਾ ਨਾਲ 'ਜੀਨੇ ਨਹੀਂਂ ਦੂੰਗਾ' ਅਤੇ ਅਖੀਰ 'ਤੇ ਡੇਵਿਡ ਧਵਨ ਦੀ ਜੈਕੀ ਸ਼ਰਾਫ ਨਾਲ 'ਏਕ ਔਰ ਏਕ ਗਿਆਰਾਂ' ਵਿਚ ਅਦਾਕਾਰੀ ਕੀਤੀ ਹੈ।ਦਲਜੀਤ ਕੌਰ ਦੱਸਦੀ ਹੈ ਕਿ ਉਸਦੇ ਪਿਤਾ ਜੀ ਮੈਨੂੰ ਡਾਕਟਰ ਬਣਾਉਣਾ ਚਾਹੂੰਦੇ ਸਨ ਪਰ ਮੇਰੀ ਕਿਸਮਤ 'ਚ ਅਭਿਨੇਤਰੀ ਬਣਨਾ ਲਿਖਿਆ ਸੀ। ਜ਼ਿੰਦਗੀ 'ਚ ਬੁਰੇ ਵਕਤ ਨੂੰ ਯਾਦ ਕਰਦਿਆਂ ਦਲਜੀਤ ਕੌਰ ਦੱਸਦੀ ਹੈ ਕਿ ਮੇਰੇ ਪਤੀ ਦੀ ਮੌਤ ਮੇਰੇ ਲਈ ਨਾਂ ਭੁੱਲਣ ਵਾਲੀ ਘਟਨਾ ਹੈ। ਦੂਜਾ ਦਰਦ ਪ੍ਰਮਾਤਮਾ ਵਲੋਂ ਗੋਦ ਸੁੰਨੀ ਰੱਖਣਾ ਮੇਰੇ ਲਈ ਅਕਹਿ ਹੈ। ਇਕ ਔਰਤ ਵਾਸਤੇ ਸਭ ਤੋਂ ਵੱਡਾ ਸੁੱਖ ਪਰਿਵਾਰ ਦਾ ਹੁੰਦਾ ਹੈ ਉਸ ਸੁੱਖ ਤੋਂ ਮੈਂ ਮਰਹੂਮ ਹਾਂ। ਪਰ ਮੈਂ ਆਪਣੇ ਚੇਹਰੇ 'ਤੇ ਜਿੰਦਗੀ ਦਾ ਖਾਲੀਪਣ ਨਹੀਂ ਆਉਣ ਦਿੰਦੀ। ਅਸੀਂ ਕਲਾਕਾਰ ਆਪਣਾ ਦਰਦ ਛੁਪਾਕੇ ਲੋਕਾਂ ਦਾ ਮਨੋਰੰਜਨ ਕਰਦੇ ਹਾਂ ਇਹ ਹੀ ਸਾਡਾ ਫਰਜ਼ ਬਣਦਾ ਹੈ। ਆਪਣੇ ਦੌਰ ਦੇ ਸਿਨੇਮਾ ਅਤੇ ਅੱਜ ਦੇ ਦੌਰ ਦੇ ਸਿਨੇਮਾ ਦੇ ਫ਼ਰਕ ਬਾਰੇ ਦਲਜੀਤ ਕੌਰ ਦਾ ਕਹਿਣਾ ਹੈ ਕਿ ਸਾਡੇ ਵੇਲੇ ਮੁਕਾਬਲਾ ਐਨਾ ਜ਼ਿਆਦਾ ਨਹੀਂ ਹੁੰਦਾ ਸੀ। ਹੁਣ ਚੈਨਲ ਦਾ ਯੁੱਗ ਹੈ, ਹੁਣ ਜੇ ਕਲਾਕਾਰ ਨੂੰ ਵੱਡੇ ਪਰਦੇ 'ਤੇ ਕੰਮ ਨਹੀਂ ਮਿਲਦਾ ਤਾਂ ਉਹ ਛੋਟੇ ਪਰਦੇ 'ਤੇ ਆ ਜਾਂਦਾ ਹੈ। ਪਹਿਲਾਂ ਮੈਂ ਹੀਰੋਇਨ ਦੇ ਰੋਲ ਕੀਤੇ ਸਨ, ਹੁਣ ਉਮਰ ਮੁਤਾਬਿਕ ਮਾਂ ਦੇ ਰੋਲ ਕਰਕੇ ਖੁਸ਼ੀ ਮਿਲ ਰਹੀ ਹੈ। ਦਲਜੀਤ ਗਾਡਮਦਰ, ਬਾਗਵਾਨ ਵਰਗੀਆਂ ਫ਼ਿਲਮਾਂ ਕਰਨੀਆਂ ਚਾਹੁੰਦੀ ਹੈ। ਦੇਸੀ ਮੁੰਡੇ ਵਿਚਲੇ ਆਪਣੇ ਰੋਲ ਬਾਰੇ ਦਲਜੀਤ ਦਾ ਕਹਿਣਾ ਹੈ ਕਿ ਇਸ ਫ਼ਿਲਮ ਵਿਚ ਮੈਂ ਬਲਕਾਰ ਸਿੱਧੂ ਅਤੇ ਬੰਟੀ ਗਰੇਵਾਲ ਦੀ ਮਾਂ ਦਾ ਰੋਲ ਕੀਤਾ ਹੈ। ਕਿਵੇਂ ਮਾਂ ਆਪਣੇ ਦੋਨਾਂ ਬੇਟਿਆਂ ਉਪਰੋਂ ਮਮਤਾ ਨਿਛਾਵਰ ਕਰਦੀ ਹੈ।

ਪਿੰਡ ਤੇ ਡਾਕ.-ਦਿਓਣ, ਜਿਲ੍ਹਾ ਬਠਿੰਡਾ ਮੋਬਾਇਲ ੯੮੮੮੯-੫੫੭੫੭

Tags: ਅਭਿਨੇਤਰੀ ਦਲਜੀਤ ਕੌਰ