HOMEePaper
Chief Editor: , Mobile: +91 98148 05761, Email:
Live KirtanAboutTariffContact usPayment
Category


ਅਮਰੀਕਾ ਦੀ ਜਾਣ ਦੀ ਬਜਾਏ ਪਹੁੰਚਾ 'ਤਾ ਇਕਵਾਡੋਰ ਦੀ ਜੇਲ੍ਹ 'ਚ


Date: May 15, 2011

ਮਾਛੀਵਾੜਾ ਸਾਹਿਬ, (ਸ.ਸ.ਪਾਰ ਬਿਉਰੋ)-ਵਿਦੇਸ਼ ਜਾ ਕੇ ਰੁਜ਼ਗਾਰ ਪ੍ਰਾਪਤ ਕਰਨ ਦੀ ਚਾਹਤ ਵਿਚ ਨੇੜਲੇ ਪਿੰਡ ਗੜ੍ਹੀ ਤਰਖਾਣਾਂ ਦੀ ਪੰਜਾਬਣ ਮੁਟਿਆਰ ਹਰਦੀਪ ਕੌਰ ਜੋ ਕਿ ਟਰੈਵਲ ਏਜੰਟਾਂ ਦੀ ਧੋਖਾਦੇਹੀ ਦਾ ਸ਼ਿਕਾਰ ਹੋ ਕੇ ਅਮਰੀਕਾ ਜਾਣ ਦੀ ਜਗ੍ਹਾ ਇਕਵਾਡੋਰ ਦੀ ਜੇਲ ਵਿਚ ਪਹੁੰਚ ਗਈ, ਅੱਜ ਕਈ ਦੇਸ਼ਾਂ ਵਿਚ ਰੁਲਦੀ ਫਿਰਦੀ ਖਾਲੀ ਪੱਲਾ ਝਾੜ ਕੇ ਵਾਪਸ ਆਪਣੇ ਘਰ ਪਰਤ ਆਈ ਹੈ। ਚਾਰ ਮਹੀਨੇ ੧੨ ਦਿਨ ਵਿਦੇਸ਼ਾਂ ਵਿਚ ਦਰ-ਦਰ ਦੀਆਂ ਠੋਕਰਾਂ ਖਾਂਦੀ ਹਰਦੀਪ ਕੌਰ ਨੇ ਅੱਜ ਆਪਣੇ ਗ੍ਰਹਿ ਪਿੰਡ ਗੜ੍ਹੀ ਤਰਖਾਣਾਂ ਵਿਖੇ ਪੱਤਰਕਾਰਾਂ ਨੂੰ ਆਪਣੀ ਦੁਖਭਰੀ ਵਿੱਥਿਆ ਸੁਣਾਉਂਦੇ ਹੋਏ ਦੱਸਿਆ ਕਿ ਪਟਿਆਲਾ ਦੀ ਇਕ ਏਜੰਟ ਇਸ਼ਪ੍ਰੀਤ ਕੌਰ ਤੇ ਉਸਦੇ ਭਰਾ ਕਮਲ ਨੇ ਉਸਨੂੰ ਵਿਦੇਸ਼ ਜਾ ਕੇ ਡਾਲਰ ਕਮਾਉਣ ਦੇ ਸੁਪਨੇ ਦਿਖਾਏ

ਜਿਸਦੇ ਝਾਂਸੇ ਵਿਚ ਆ ਕੇ ਉਸਨੇ ਆਪਣੇ ਮਾਪਿਆਂ ਦੀ ਸਾਰੀ ਉਮਰ ਦੀ ਕਮਾਈ ੧੦ ਲੱਖ ਤੋਂ ਵੱਧ ਇਸ ਏਜੰਟ ਨੂੰ ਦੇ ਦਿੱਤੀ। ਹਰਦੀਪ ਕੌਰ ਨੇ ਦੱਸਿਆ ਕਿ ੫ ਦਸੰਬਰ ਨੂੰ ਉਹ ਅਮਰੀਕਾ ਜਾਣ ਲਈ ਚਾਈਂ ਚਾਈਂ ਦਿੱਲੀ ਏਰਪੋਰਟ ਤੋਂ ਹਵਾਈ ਜਹਾਜ਼ ਰਾਹੀਂ ਰਵਾਨਾ ਹੋਈ ਅਤੇ ਪਹਿਲੇ ਪੰਜ ਦਿਨ ਉਸ ਨੇ ਬੈਂਕਾਕ ਵਿਖੇ ਜਾ ਕੇ ਗੁਜ਼ਾਰੇ। ਟਰੈਵਲ ਏਜੰਟਾਂ ਦੇ ਇਸ਼ਾਰੇ 'ਤੇ ਉਹ ਬੈਂਕਾਕ ਤੋਂ ਮਲੇਸ਼ੀਆ ਤੇ ਦੁਬਈ ਦੀਆਂ ਠੋਕਰਾਂ ਖਾਂਦੀ ਹੋਈ ਇਕਵਾਡੋਰ ਜਾ ਪਹੁੰਚੀ ਜਿਥੇ ਜਾ ਕੇ ਉਸਦੇ ਕੋਲ ਖਰਚੇ ਲਈ ਘਰੋਂ ਲੈ ਕੇ ਚੱਲੀ ੨੫੦੦ ਡਾਲਰ ਵੀ ਖਰਚ ਹੋ ਗਏ। ਉਸ 'ਤੇ ਦੁੱਖਾਂ ਦਾ ਪਹਾੜ ਉਸ ਵੇਲੇ ਟੁੱਟਿਆ ਜਦੋਂ ਇਕਵਾਡੋਰ ਵਿਚ ਉਸਦਾ ਪਾਸਪੋਰਟ ਤੇ ਮੋਬਾਈਲ ਉਥੋਂ ਦੇ ਏਜੰਟ ਨੇ ਲੈ ਲਿਆ ਅਤੇ ਸ਼ਹਿਰ ਵਿਚ ਅਣਜਾਣ ਹੋਣ ਕਾਰਨ ਉਥੋਂ ਦੀ ਪੁਲਸ ਨੇ ਉਸਨੂੰ

ਗ੍ਰਿਫਤਾਰ ਕਰ ਲਿਆ ਅਤੇ ੨੨ ਦਿਨ ਜੇਲ ਵਿਚ ਡਕ ਕੇ ਰੱਖਿਆ। ਬੜੀ ਮੁਸ਼ਕਿਲ ਨਾਲ ਘਰੋਂ ਪੈਸੇ ਮੰਗਵਾ ਕੇ ਉਸਨੇ ਇਸ ਜੇਲ ਤੋਂ ਛੁਟਕਾਰਾ ਪਾਇਆ ਪਰ ਇੱਥੇ ਹੀ ਉਸਦੇ ਦੁੱਖਾਂ ਦਾ ਅੰਤ ਨਹੀਂ ਹੋਇਆ। ਜੇਲ ਵਿਚੋਂ ਬਾਹਰ ਨਿਕਲਣ ਤੋਂ ਬਾਅਦ ਉਸ ਕੋਲ ਨਾ ਕੋਈ ਪੈਸਾ ਤੇ ਨਾ ਕੋਈ ਪਹਿਚਾਣ ਵਾਲਾ ਵਿਅਕਤੀ ਸੀ ਜਿਸ ਕਾਰਨ ਉਸਨੇ ਕਈ ਦਿਨ ਪਾਣੀ ਪੀ ਕੇ ਹੀ ਗੁਜ਼ਾਰਾ ਕੀਤਾ ਤੇ ਰੋਟੀ ਵੀ ਉਸਨੂੰ ਨਸੀਬ ਨਾ ਹੋਈ। ਵਿਦੇਸ਼ ਵਿਚ ਇਕੱਲੀ ਲੜਕੀ ਨੂੰ ਕੇਵਲ ਉਥੇ ਦੇ ਪਾਕਿਸਤਾਨੀ ਅਤੇ ਭਾਰਤੀ ਪਰਿਵਾਰਾਂ ਨੇ ਹੀ ਸਹਾਇਤਾ ਕੀਤੀ, ਉਸਨੂੰ ਖਾਣ ਨੂੰ ਰੋਟੀ ਦਿੱਤੀ ਤੇ ਆਪਣੇ ਘਰ ਸ਼ਰਨ ਦਿੱਤੀ। ਅਜੇ ਉਹ ਪੰਜਾਬ ਵਿਚ ਆਪਣੇ ਏਜੰਟ ਤੇ ਮਾਪਿਆਂ ਨਾਲ ਸੰਪਰਕ ਕਰ ਕੇ ਵਾਪਸ ਭਾਰਤ ਪਰਤਣ ਦੀ ਤਿਆਰੀ ਕਰ ਹੀ ਰਹੀ ਸੀ ਕਿ ਫਿਰ ਉਸਨੂੰ ਪੇਰੂ ਸ਼ਹਿਰ ਦੀ ਪੁਲਸ ਨੇ ਗ੍ਰਿਫਤਾਰ ਕਰਕੇ ਜੇਲ ਵਿਚ ਰੱਖਿਆ। ਵਿਦੇਸ਼ਾਂ ਵਿਚ ਫਸੀ ਇਸ ਮੁਟਿਆਰ ਨੇ ਦੱਸਿਆ ਕਿ ਉਹ ਇਕੱਲੀ ਹੀ ਨਹੀਂ ਪੰਜਾਬ ਦੇ ਕਈ ਹੋਰ ਨੌਜਵਾਨ ਅਮਰੀਕਾ ਜਾਣ ਦੀ ਚਾਹਤ ਵਿਚ ਇਕਵਾਡੋਰ ਦੇ ਵੱਖ -ਵੱਖ ਸ਼ਹਿਰਾਂ ਵਿਚ ਧੱਕੇ ਖਾ ਰਹੇ ਹਨ ਅਤੇ ਏਜੰਟਾਂ ਨੂੰ ਹਜ਼ਾਰਾਂ ਡਾਲਰ ਦੇ ਕੇ ਗਲਤ ਢੰਗ ਨਾਲ ਸੜਕੀ ਤੇ ਸਮੁੰਦਰੀ ਰਸਤੇ ਰਾਹੀਂ ਅਮਰੀਕਾ ਵਿਚ ਦਾਖ਼ਲ ਹੋਣ ਦੇ ਇੰਤਜ਼ਾਰ ਵਿਚ ਬੈਠੇ ਹਨ। ਉਸਨੇ ਦੱਸਿਆ ਕਿ ਇਕਵਾਡੋਰ ਵਿਚ ਵੀ ਏਜੰਟ ਨੇ ਉਸਨੂੰ ਘਰੋਂ ਹੋਰ ਪੈਸੇ ਮੰਗਵਾ ਕੇ ਅਮਰੀਕਾ ਭੇਜਣ ਦੀ ਪੇਸ਼ਕਸ਼ ਕੀਤੀ ਸੀ ਪਰ ਘਰ ਵਿਚ

ਅੰਤਾਂ ਦੀ ਗਰੀਬੀ ਅਤੇ ਪਹਿਲਾਂ ਹੀ ਦਰ -ਦਰ ਦੀਆਂ ਠੋਕਰਾਂ ਖਾਣ ਤੋਂ ਡਰਦੇ ਹੋਏ ਉਸਨੇ ਇੱਥੋਂ ਵਾਪਸ ਪਰਤਣਾ ਹੀ ਵਾਜਿਬ ਸਮਝਿਆ। ਪੇਰੂ ਸ਼ਹਿਰ ਦੀ ਪੁਲਸ ਨੇ ਉਸਨੂੰ ਭਾਰਤੀ ਅੰਬੇਸੀ ਦੇ ਹਵਾਲੇ ਕਰ ਦਿੱਤਾ ਜਿਥੇ ਉਸਨੂੰ ਕੁਝ ਦਿਨ ਰੱਖਣ ਤੋਂ ਬਾਅਦ ਨਵਾਂ ਪਾਸਪੋਰਟ ਬਣਾ ਕੇ ਦਿੱਤਾ ਗਿਆ ਅਤੇ ਅੱਜ ੧੩੨ ਦਿਨਾਂ ਦਾ ਬਨਵਾਸ ਕੱਟਣ ਤੋਂ ਬਾਅਦ ਮੁੜ ਆਪਣੇ ਘਰ ਪਰਤਣ ਵਿਚ ਸਫਲ ਹੋਈ ਹੈ।

Tags: ਡਾਲਰ ਕਮਾਉਣ ਦੇ ਸੁਪਨੇ ਇਕਵਾਡੋਰ ਦੀ ਜੇਲ੍ਹ